
ਸਥਾਨਕ ਮਿਨੀ ਸਕੱਤਰੇਤ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਮੰਗਲਵਾਰ ਦੁਪਹਿਰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਜ਼ਿਲ੍ਹਾ ਪੁਲਿਸ ਨੂੰ ਭਾਜੜਾ ਪੈ ਗਈਆਂ। ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀਐੱਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤੁਰੰਤ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ‘ਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ।
ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਕਥਿਤ ਤੌਰ ‘ਤੇ ਖ਼ਾਲਿਸਤਾਨ ਨੈਸ਼ਨਲ ਆਰਮੀ ਦੇ ਨਾਂ ਤੋਂ ਈਮੇਲ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਈਮੇਲ ਮਿਲਣ ਦੇ ਤੁਰੰਤ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਇਹਤੀਆਤ ਦੇ ਤੌਰ ‘ਤੇ ਪੁਲਿਸ ਨੇ ਦਫ਼ਤਰ ‘ਚ ਮੌਜੂਦ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਬਾਹਰ ਕੱਢ ਕੇ ਪੂਰੇ ਕੰਪਲੈਕਸ ਦੀ ਜਾਂਚ ਸ਼ੁਰੂ ਕਰ ਦਿੱਤੀ। ਸਰਚ ਆਪ੍ਰੇਸ਼ਨ ਦੌਰਾਨ ਐਂਟੀ-ਸੈਬੋਟਾਜ ਟੀਮ ਅਤੇ ਡੌਗ ਸਕੁਐਡ ਦੀ ਮਦਦ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਦੀ ਇਮਾਰਤ, ਆਲੇ-ਦੁਆਲੇ ਦੇ ਖੇਤਰ ਤੇ ਹੋਰ ਥਾਵਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਹਾਲਾਂਕਿ, ਤਲਾਸ਼ੀ ਦੌਰਾਨ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਜਾਂ ਆਪੱਤੀਜਨਕ ਵਸਤੂ ਬਰਾਮਦ ਨਹੀਂ ਹੋਈ।
ਇਸ ਸਬੰਧ ‘ਚ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਈਮੇਲ ਰਾਹੀਂ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੂਰੇ ਕੰਪਲੈਕਸ ਦੀ ਗੰਭੀਰਤਾ ਨਾਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਾਜ ਦੇ ਵੱਖ-ਵੱਖ ਹਿੱਸਿਆਂ ਤੇ ਫ਼ਰੀਦਕੋਟ ‘ਚ ਅਜਿਹੀਆਂ ਝੂਠੀਆਂ ਧਮਕੀਆਂ ਮਿਲ ਚੁੱਕੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਹਰੇਕ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੁਰੱਖਿਆ ਦੇ ਸਾਰੇ ਜ਼ਰੂਰੀ ਕਦਮ ਚੁੱਕਦਾ ਹੈ।
ਡੀਐੱਸਪੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਆਲੇ-ਦੁਆਲੇ ਦੇ ਖੇਤਰ ‘ਚ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ ਹੈ। ਫਿਲਹਾਲ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਹੈ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਵਿਵਸਥਾ ਨੂੰ ਅਲਰਟ ਰੱਖਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




