ਪੰਡਿਤ ਰਾਓ ਧਰੇਨਵਰ ਦੇ ਯਤਨਾਂ ਨੂੰ ਪਿਆ ਬੂਰ, ਗਾਇਕ ਬੱਬੂ ਮਾਨ ਨੇ ਬਦਲੇ ਆਪਣੇ ਗੀਤ ਦੇ ਬੋਲ

ਪੰਡਿਤ ਰਾਓ ਧਰੇਨਵਰ ਵੱਲੋਂ ਹਥਿਆਰਾਂ ਵਾਲੇ ਗੀਤਾਂ ਖ਼ਿਲਾਫ਼ ਚੁੱਕੇ ਬੀੜੇ ਦੇ ਸਾਰਥਿਕ ਨਤੀਜੇ ਦੇਖਣ ਖੰਨਾ ਦੇ ਦੁਸਹਿਰੇ ਮੇਲੇ ਦੌਰਾਨ ਦੇਖਣ ਨੂੰ ਮਿਲੇ, ਜਦੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਨੇ ਮਸ਼ਹੂਰ ਗੀਤ ਦੇ ਬੋਲ ਬਦਲ ਦਿੱਤੇ।
ਬੱਬੂ ਮਾਨ ਨੇ ਆਪਣੇ ਪ੍ਰਸਿੱਧ ਗੀਤ, ’ ਮਿੱਤਰਾਂ ਨੂੰ ਸ਼ੌਕ ਹਥਿਆਰਾਂ’ ਦੀ ਥਾਂ ’ਤੇ ‘ਬੜਾ ਬੁਰਾ ਸ਼ੌਂਕ ਹਥਿਆਰਾਂ ਦਾ’ ਕਰਕੇ ਗੀਤ ਦੇ ਅਰਥ ਹੀ ਬਦਲ ਦਿੱਤੇ ਤੇ ਸਮਾਜ ਨੂੰ ਇੱਕ ਸਾਰਥਿਕ ਸੁਨੇਹਾ ਦੇਣ ਦੀ ਯਤਨ ਕੀਤਾ। ਇਸ ਘਟਨਾਕ੍ਰਮ ਨੇ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੀ ਪਹਿਲਕਦਮੀ ਤੇ ਗਾਇਕ ਦੀ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਉਜਾਗਰ ਕੀਤਾ ਗਿਆ।
ਬੱਬੂ ਮਾਨ ਦੇ ਸ਼ੋਅ ਤੋਂ ਪਹਿਲਾਂ ਹਥਿਆਰਾਂ ਨੂੰ ਉਤਸਾਹਿਤ ਕਰਨ ਤੇ ਲੱਚਰਤਾ ਦੇ ਖ਼ਿਲਾਫ਼ ਲਗਾਤਾਰ ਜੂਝ ਰਹੇ ਪੰਡਿਤ ਰਾਓ ਧਰੇਨਵਰ ਨੇ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ’ਚ ਮੰਗ ਕੀਤੀ ਗਈ ਕਿ ਦੁਸਹਿਰੇ ਸਮਾਗਮ ਦੌਰਾਨ ਸ਼ਰਾਬ, ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਚਲਾਏ ਜਾਣ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸਐੱਸਪੀ ਨੇ ਸ਼ੋਅ ਤੋਂ ਪਹਿਲਾਂ ਬੱਬੂ ਮਾਨ ਨਾਲ ਮੀਟਿੰਗ ਕੀਤੀ ਤੇ ਇਸ ਸ਼ਿਕਾਇਤ ਦੇ ਮੁੱਦੇ ‘ਤੇ ਚਰਚਾ ਕੀਤੀ।
ਇਸ ਪਹਿਲਕਦਮੀ ਦਾ ਪ੍ਰਭਾਵ ਸ਼ੋਅ ਦੌਰਾਨ ਸਪੱਸ਼ਟ ਦੇਖਣ ਨੂੰ ਮਿਲਿਆ। ਬੱਬੂ ਮਾਨ ਨੇ ਨਸ਼ਿਆਂ ਅਤੇ ਹਥਿਆਰਾਂ ਨਾਲ ਸਬੰਧਤ ਗੀਤ ਗਾਉਣ ਤੋਂ ਗੁਰੇਜ਼ ਕੀਤਾ। ਜਦੋਂ ਦਰਸ਼ਕਾਂ ਨੇ ਉਨ੍ਹਾਂ ਤੋਂ ਹਥਿਆਰਾਂ ਬਾਰੇ ਉਸਦੇ ਮਸ਼ਹੂਰ ਗੀਤ ਗਾਉਣ ਦੀ ਮੰਗ ਕੀਤੀ ਤਾਂ ਬੱਬੂ ਮਾਨ ਨੇ ਗੀਤ ਦੇ ਬੋਲ ਹੀ ਬਦਲ ਦਿੱਤੇ ਤੇ ਹਥਿਆਰਾਂ ਦੇ ਸ਼ੌਂਕ ਨੂੰ ਗ਼ਲਤ ਦੱਸਿਆ। ਇਸ ਤਰ੍ਹਾਂ ਬੱਬੂ ਮਾਨ ਨੇ ਆਪਣੇ ਵਿਲੱਖਣ ਤਰੀਕੇ ਨਾਲ ਨੌਜਵਾਨਾਂ ਨੂੰ ਇੱਕ ਸਕਾਰਾਤਮਕ ਸੰਦੇਸ਼ ਦਿੱਤਾ।
ਗੀਤ, ’ ਮਿੱਤਰਾਂ ਨੂੰ ਸ਼ੌਕ ਹਥਿਆਰਾਂ’ ਦੀ ਥਾਂ ’ਤੇ ‘ਬੜਾ ਬੁਰਾ ਸ਼ੌਂਕ ਹਥਿਆਰਾਂ ਦਾ’ ਗਾ ਕੇ ਪ੍ਰਸ਼ੰਸਕਾਂ ਦਾ ਮਾਣ ਰੱਖਿਆ ਤੇ ਸਾਰਥਿਕ ਸੁਨੇਹਾ ਵੀ ਦੇ ਦਿੱਤਾ। ਪੰਡਿਤ ਰਾਓ ਧਰੇਨਵਰ ਵੱਲੋਂ ਕਈ ਸਾਲਾਂ ਦੇ ਅਰੰਭੇ ਸੰਘਰਸ਼ ਨੂੰ ਵੀ ਬੁਰਾ ਪੈਂਦਾ ਦਿਖਾਈ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




