D5 specialOpinion

ਪੰਜਾਬ ਸਿਰ ਚੜੇ ਕਰਜੇ ਦੀ ਪੰਡ, ਚਿੰਤਾਜਨਕ; ਗੱਲ ਜਰਾ ਗੌਰ ਕਰਨ ਵਾਲੀ ਏ !

-ਸੁਬੇਗ ਸਿੰਘ

ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਬੰਦੇ ਨੂੰ ਚਾਦਰ ਵੇਖਕੇ ਹੀ, ਪੈਰ ਪਸਾਰਨੇ ਚਾਹੀਦੇ ਹਨ! ਕਹਿਣ ਤੋਂ ਭਾਵ ਇਹ ਹੈ ਮਨੁੱਖ ਨੂੰ ਹਰ ਕੰਮ ਆਪਣੀ ਵਿੱਤ ਅਨੁਸਾਰ ਹੀ ਕਰਨਾ ਚਾਹੀਦਾ ਹੈ। ਕਿਉਂਕਿ ਆਪਣੀ ਵਿੱਤ ਤੋਂ ਵੱਧਕੇ ਕੀਤਾ ਗਿਆ ਕੋਈ ਵੀ ਕੰਮ, ਘਾਟੇ ਦਾ ਸੌਦਾ ਹੀ ਹੁੰਦਾ ਹੈ ਅਤੇ ਪ੍ਰੇਸ਼ਾਨੀਆਂ ਵਾਧੂ ਦੀਆਂ ਪੱਲੇ ਪਾ ਜਾਂਦਾ ਹੈ। ਜਿਸਦੇ ਨਤੀਜੇ ਅਖੀਰ ‘ਚ ਭਿਆਨਕ ਹੀ ਨਿੱਕਲਦੇ ਹਨ। ਪੁਰਾਣੇ ਸਮਿਆਂ ‘ਚ ਲੋਕ ਕਰਜਾ ਲੈਣ ਨੂੰ ਬੜਾ ਬੁਰਾ ਮੰਨਦੇ ਸਨ। ਪੰਜਾਬ ਦੇ ਅੰਦਰ ਤਾਂ ਇਹ ਰਵਾਇਤ ਪ੍ਰਚੱਲਤ ਸੀ ਕਿ ਅਗਰ ਕਿਸੇ ਨੂੰ ਇਹ ਪਤਾ ਚੱਲ ਜਾਂਦਾ, ਕਿ ਫਲਾਣੇ ਬੰਦੇ ਨੇ ਕਿਸੇ ਸ਼ਾਹੂਕਾਰ ਤੋਂ ਕਰਜਾ ਲਿਆ ਹੋਇਆ ਹੈ ਤਾਂ ਲੋਕ ਇਹਦਾ ਬੜਾ ਬੁਰਾ ਮਨਾਉਂਦੇ ਸਨ।

ਇੱਥੋਂ ਤੱਕ ਕਿ ਲੋਕ ਉਹਦੇ ਪੁੱਤਰ ਨੂੰ ਰਿਸ਼ਤਾ ਤੱਕ ਨਹੀਂ ਸੀ ਕਰਦੇ। ਇਹੋ ਕਾਰਨ ਸੀ ਕਿ ਕਿਸੇ ਮਜ਼ਬੂਰੀ ਵੱਸ, ਕਰਜਾ ਲੈਣ ਵੇਲੇ, ਸ਼ਾਹੂਕਾਰ ਨਾਲ ਕਰਜੇ ਦਾ ਲੈਣ ਦੇਣ, ਬੜੇ ਗੁੱਪਤ ਤਰੀਕੇ ਨਾਲ ਕੀਤਾ ਜਾਂਦਾ ਸੀ। ਕਰਜਾ ਲੈਣ ਵਾਲਾ ਵੀ,ਉਸੇ ਤਰ੍ਹਾਂ ਚੁੱਪ ਚੁਪੀਤੇ,ਸ਼ਾਹੂਕਾਰ ਦਾ ਕਰਜਾ ਤਹਿ ਹੋਈਆਂ ਸ਼ਰਤਾਂ ਦੇ ਅਨੁਸਾਰ ਹੀ ਮੋੜ ਦਿੰਦਾ ਸੀ। ਸ਼ਾਹੂਕਾਰ ਵੀ,ਕਿਸੇ ਨੂੰ ਇਹਦੀ ਭਿਣਕ ਤੱਕ ਨਹੀਂ ਸੀ ਕੱਢਦਾ। ਇਉਂ,ਹਰ ਕਰਜਦਾਰ ਦਾ ਪਰਦਾ ਬਣਿਆ ਰਹਿੰਦਾ ਸੀ ਅਤੇ ਉਹਦੀ ਸਮਾਜ ਚ ਇੱਜਤ ਬਣੀ ਰਹਿੰਦੀ ਸੀ। ਭਾਵੇਂ ਸਮੇਂ ਦੇ ਬਦਲਣ ਦੇ ਨਾਲ,ਲੈਣ ਦੇਣ ਦੇ ਰੰਗ ਢੰਗ ਵੀ ਬਦਲ ਗਏ ਹਨ।ਪੁਰਾਣੇ ਸਮਿਆਂ ਚ,ਲੋਕ ਕਰਜਾ ਲੈਣ ਵੇਲੇ ਸੌ ਵਾਰੀ ਸੋਚਦੇ ਸਨ।ਅਗਰ ਕਿਸੇ ਮਜਬੂਰੀ ਚ ਕਰਜਾ ਲੈ ਵੀ ਲੈਂਦੇ ਸਨ,ਤਾਂ ਉਸਨੂੰ ਤਹਿ ਹੋਈਆਂ ਸ਼ਰਤਾਂ ਦੇ ਤਹਿਤ ਮੋੜ ਵੀ ਦਿੰਦੇ ਹਨ।ਪਰ ਅਜੋਕੇ ਦੌਰ ਚ,ਕਰਜਾ ਲੈਣ ਦੇ ਰੰਗ ਢੰਗ ਵੀ ਬਦਲ ਗਏ ਹਨ।ਹੁਣ ਲੋਕ,ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ ਬਤੀਤ ਕਰਨ ਲਈ, ਸ਼ਾਹੂਕਾਰਾਂ ਤੋਂ ਇਲਾਵਾ, ਬੈਂਕਾਂ ਤੋਂ ਵੀ ਕਰਜਾ ਲੈਣ ਲੱਗ ਪਏ ਹਨ।ਬੈਂਕਾਂ ਵੀ ਧੜਾਧੜ ਲੋਕਾਂ ਨੂੰ ਕਰਜਾ ਦੇਈ ਜਾ ਰਹੀਆਂ ਹਨ।

ਕਿਉਂਕਿ ਕਰਜਾ ਦੇ ਕੇ,ਉਨ੍ਹਾਂ ਤੋਂ ਵਿਆਜ ਕਮਾਉਣਾ ਬੈਂਕਾਂ ਦਾ ਮੁੱਖ ਕਿੱਤਾ ਬਣ ਗਿਆ ਹੈ।ਅੱਜ ਹਾਲਾਤ,ਇਹ ਬਣ ਚੁੱਕੇ ਹਨ,ਕਿ ਤੁਹਾਡੇ ਕਰਜਾ ਲੈਣ ਸਬੰਧੀ,ਇੱਕ ਫੋਨ ਤੇ ਬੈਂਕ ਵਾਲਿਆਂ ਦੇ10 ਫੋਨ ਆ ਜਾਣਗੇ,ਤਾਂ ਕਿ ਉਹ ਤੁਹਾਨੂੰ ਕਰਜਾ ਦੇ ਕੇ,ਤੁਹਾਥੋਂ ਕੁੱਝ ਮੁਨਾਫ਼ਾ ਕਮਾ ਸਕਣ। ਭਾਵੇਂ ਅਜੋਕੇ ਦੌਰ ‘ਚ ਕਰਜਾ ਲੈਣਾ ਤੇ ਦੇਣਾ,ਇੱਕ ਆਮ ਜਿਹੀ ਪ੍ਰਕਿਰਿਆ ਹੋ ਗਈ ਹੈ ਅਤੇ ਇਸ ਨੂੰ ਪਹਿਲਾਂ ਵਾਂਗ ਬੁਰਾ ਵੀ ਨਹੀਂ ਸਮਝਿਆ ਜਾਂਦਾ।ਅੱਜ ਕੱਲ,ਇਕੱਲਾ ਮਨੁੱਖ ਹੀ ਆਪਣੀਆਂ ਲੋੜਾਂ ਲਈ ਕਰਜਾ ਨਹੀਂ ਲੈਂਦਾ,ਸਗੋਂ ਪ੍ਰਾਈਵੇਟ ਕੰਪਨੀਆਂ,ਵੱਡੇ 2 ਘਰਾਣੇ ਅਤੇ ਇੱਥੋਂ ਤੱਕ ਕਿ ਸੂਬੇ ਜਾਂ ਦੇਸ਼ ਦੀਆਂ ਸਰਕਾਰਾਂ ਵੀ ਬੈਂਕਾਂ ਜਾਂ ਸੰਸਾਰ ਬੈਂਕ ਤੋਂ ਕਰਜਾ ਲੈਂਦੀਆਂ ਹਨ ਅਤੇ ਆਪਣੇ ਕਾਰੋਬਾਰ ਨੂੰ ਚਲਾਉਂਦੀਆਂ ਹਨ।ਇਹਦੇ ਵਿੱਚ ਕੋਈ ਬੁਰੀ ਗੱਲ ਵੀ ਨਹੀਂ ਹੈ।ਪਰ ਫੇਰ ਵੀ ਕਰਜਾ ਲੈਣ ਵੇਲੇ,ਇੱਕ ਗੱਲ ਦਾ ਜਰੂਰ ਧਿਆਨ ਰੱਖਣਾ ਚਾਹੀਦਾ ਹੈ,ਕਿ ਇਹ ਕਰਜਾ,ਤਰੱਕੀ,ਸਮਾਜ ਭਲਾਈ ਅਤੇ ਜਿਆਦਾ ਜਰੂਰਤ ਵੇਲੇ ਹੀ ਲਿਆ ਜਾਣਾ ਚਾਹੀਦਾ ਹੈ।ਕਿਉਂਕਿ,ਆਖਰ ਨੂੰ ਇਹ ਕਰਜਾ,ਵਿਆਜ ਸਮੇਤ ਮੋੜ੍ਹਨਾ ਵੀ ਤਾਂ ਹੈ।ਕਿਸੇ ਵੀ ਵਿਅਕਤੀ ਜਾਂ ਸਰਕਾਰ ਨੂੰ ਬਿਨਾਂ ਕਿਸੇ ਲੋੜ ਤੋਂ ਕਿਸੇ ਵੀ ਕਿਸਮ ਦਾ ਕਰਜਾ ਨਹੀਂ ਲੈਣਾ ਚਾਹੀਦਾ।

ਸਿਆਣੇ ਕਹਿੰਦੇ ਹਨ,ਕਿ ਕਰਜਾ, ਬੀਮਾਰੀ ਅਤੇ ਲੜਾਈ ਨੂੰ ਕਦੇ ਛੋਟਾ ਨਹੀਂ ਸਮਝਣਾ ਚਾਹੀਦਾ! ਕਿਉਂਕਿ ਇਹ ਵੇਖਣ ਤੇ ਸੁਣਨ ਨੂੰ ਭਾਵੇਂ ਛੋਟੀਆਂ ਲੱਗਦੀਆਂ ਹਨ,ਪਰ ਬੰਦੇ ਦੀਆਂ ਕਈ 2 ਪੀੜ੍ਹੀਆਂ ਨੂੰ ਕੰਗਾਲ ਕਰ ਦਿੰਦੀਆਂ ਹਨ।ਇਸ ਲਈ,ਇੰਨ੍ਹਾਂ ਤੋਂ ਸੁਚੇਤ ਰਹਿਣ ਦੀ ਜਰੂਰਤ ਹੁੰਦੀ ਹੈ,ਤਾਂ ਕਿ ਜਿੰਦਗੀ ਚੈਨ ਨਾਲ ਗੁਜਰ ਸਕੇ।ਪਰ ਫੇਰ ਵੀ,ਕਈ ਮਨੁੱਖ ਅਤੇ ਸਰਕਾਰਾਂ, ਬਿਨਾਂ ਲੋੜ ਅਤੇ ਫੋਕੀ ਚੌਧਰ ਦੇ ਲਈ ਹੀ ਕਰਜਾ ਲੈ ਲੈਂਦੇ ਹਨ। ਇਹਦਾ ਮੁੱਖ ਕਾਰਨ ਇਹ ਵੀ ਹੈ,ਕਿ ਅਗਰ ਕੋਈ ਵਿਅਕਤੀ ਜਾਂ ਕੋਈ ਵਿਸ਼ੇਸ਼ ਵਰਗ,ਆਪਣਾ ਕਰਜਾ ਨਹੀਂ ਮੋੜਦਾ,ਤਾਂ ਸਮੇਂ ਦੀਆਂ ਸਰਕਾਰਾਂ,ਆਪਣੀ ਰਾਜਸੱਤਾ ਨੂੰ ਕਾਇਮ ਰੱਖਣ ਲਈ ਅਤੇ ਵੋਟਾਂ ਲੈਣ ਲਈ ਲੋਕਾਂ ਦਾ ਕਰਜਾ ਮੁਆਫ ਕਰ ਦਿੰਦੀਆਂ ਹਨ।ਜਿਸਦੀ ਬਦੌਲਤ,ਅਜੋਕੇ ਦੌਰ ਚ,ਹਰ ਕੋਈ ਕਰਜਾ ਲੈਣ ਨੂੰ ਆਪਣੀ ਸਿਆਣਪ ਅਤੇ ਸ਼ਾਨ ਸਮਝਦਾ ਹੈ।ਕਿਉਂਕਿ ਜਿਆਦਾਤਰ ਲੋਕਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ,ਕਿ ਉਨ੍ਹਾਂ ਦੇ ਕਰਜਾ ਨਾ ਮੋੜ੍ਹਨ ਦੀ ਸੂਰਤ ਚ,ਸਰਕਾਰ ਉਨ੍ਹਾਂ ਦਾ ਕਰਜਾ ਮੁਆਫ ਤਾਂ ਕਰ ਹੀ ਦੇਵੇਗੀ।

ਇਸੇ ਕੜੀ ਦੇ ਤਹਿਤ,ਆਪਣੀਆਂ ਲੋੜਾਂ ਅਤੇ ਲੋਕ ਭਲਾਈ ਦੀਆਂ ਸਕੀਮਾਂ ਨੂੰ ਅੱਗੇ ਵਧਾਉਣ ਲਈ,ਪੰਜਾਬ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਵੀ ਕਰਜੇ ਲੈ ਕੇ ਆਪਣੇ ਕੰਮ ਚਲਾ ਰਹੀਆਂ ਸਨ।ਭਾਵੇਂ,ਸੂਬੇ ਦੇ ਕੰਮਾਂ ਨੂੰ ਚਲਾਉਣ ਲਈ,ਕਰਜਾ ਲੈ ਲੈਣਾ ਕੋਈ ਬੁਰੀ ਗੱਲ ਨਹੀਂ ਹੁੰਦੀ,ਪਰ ਉਸ ਕਰਜੇ ਨੂੰ ਮੋੜਨਾ ਵੀ,ਸਰਕਾਰਾਂ ਦਾ ਪਹਿਲ ਦੇ ਅਧਾਰ ਤੇ ਮੁੱਖ ਫਰਜ ਹੀ ਬਣਦਾ ਹੈ।ਅਗਰ ਕੋਈ ਸਰਕਾਰ, ਇਹਦੇ ਵਾਰੇ ਗੰਭੀਰਤਾ ਨਾਲ ਵਿਚਾਰ ਨਹੀਂ ਕਰਦੀ,ਤਾਂ ਇਹ ਲੋਕਾਂ ਨਾਲ ਬੜਾ ਵੱਡਾ ਧੋਖਾ ਤਾਂ ਹੈ ਹੀ,ਸਗੋਂ ਇਹਦੇ ਨਾਲ ਸੂਬੇ ਦੇ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਵੇਗਾ,ਜੋ ਕਿ ਬੜੀ ਹੀ ਚਿੰਤਾ ਵਾਲੀ ਗੱਲ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ,ਮਾਰਚ 2022 ਤੱਕ,ਪੰਜਾਬ ਸਿਰ ਚੜ੍ਹੇ ਕਰਜੇ ਦੀ ਪੰਡ,2.73 ਲੱਖ ਕਰੋੜ ਹੋ ਚੁੱਕੀ ਹੈ।ਇਹਦੇ ਵਿੱਚ,ਪੰਜਾਬ ਚ ਸਮੇਂ 2 ਦੀਆਂ ਸਾਰੀਆਂ ਹੀ ਸਰਕਾਰਾਂ ਦਾ ਪੂਰਾ ਯੋਗਦਾਨ ਰਿਹਾ ਹੈ।ਭਾਵੇਂ,ਦੇਸ਼ ਜਾਂ ਸੂਬੇ ਦੇ ਕੰਮਾਂ ਕਾਰਾਂ ਅਤੇ ਸੂਬੇ ਦੀ ਉੱਨਤੀ ਲਈ,ਕਰਜਾ ਲੈਣਾ ਜਰੂਰੀ ਜਾਂ ਸਰਕਾਰਾਂ ਦੀ ਮਜਬੂਰੀ ਹੁੰਦੀ ਹੈ।ਪਰ ਉਸ ਕਰਜੇ ਨੂੰ ਮੋੜਨ ਲਈ,ਸਰਕਾਰਾਂ ਨੂੰ ਮਾਲੀਏ ਦਾ ਪ੍ਰਬੰਧ ਵੀ ਤਾਂ ਹਰ ਹਾਲਤ ਵਿੱਚ ਕਰਨਾ ਹੀ ਚਾਹੀਦਾ ਹੈ।

ਪੰਜਾਬ ਸਿਰ ਚੜ੍ਹੇ ਕਰਜੇ ਦੇ ਹਾਲਾਤ,ਐਨੇ ਭਿਆਨਕ ਹੋ ਚੁੱਕੇ ਹਨ,ਕਿ ਪੰਜਾਬ ਦੇ ਹਰ ਬਸ਼ਿੰਦੇ ਦੇ ਸਿਰ,ਇੱਕ ਲੱਖ ਰੁਪਏ ਦਾ ਕਰਜਾ ਹੋ ਚੁੱਕਿਆ ਹੈ।ਸਰਕਾਰੀ ਅੰਕੜਿਆਂ ਦੇ ਅਨੁਸਾਰ,ਪੰਜਾਬ ਦੀ ਸਲਾਨਾ ਆਮਦਨ ਦਾ ਲੱਗਭੱਗ 21 ਪ੍ਰਤੀਸ਼ਤ ਪੈਸਾ ਕਰਜੇ ਦੇ ਵਿਆਜ ਚ ਹੀ ਚਲਿਆ ਜਾਂਦਾ ਹੈ,ਜੋ ਕਿ ਬੜੀ ਹੀ ਚਿੰਤਾਜਨਕ ਗੱਲ ਹੈ।ਇਸ ਤੋਂ ਇਲਾਵਾ,ਅਗਰ ਸਰਕਾਰਾਂ ਨੇ ਇਹਦੇ ਵਾਰੇ ਗੰਭੀਰਤਾ ਨਾਲ ਨਾ ਸੋਚਿਆ ਅਤੇ ਕਰਜਾ ਮੋੜ੍ਹਨ ਦੀ ਰਫਤਾਰ ਇਹੋ ਰਹੀ,ਤਾਂ ਪੰਜਾਬ ਦਾ ਇਹ ਕਰਜਾ 2024-25 ਤੱਕ 3.73 ਲੱਖ ਕਰੋੜ ਦੇ ਲੱਗਭੱਗ ਹੋ ਜਾਵੇਗਾ।
ਮੁੱਕਦੀ ਗੱਲ ਤਾਂ ਇਹ ਹੈ,ਕਿ ਪੰਜਾਬ ਸਿਰ ਚੜ੍ਹੀ ਕਰਜੇ ਦੀ,ਇਸ ਐਨੀ ਭਾਰੀ ਪੰਡ ਨੂੰ ਕਿਵੇਂ ਉਤਾਰਿਆ ਜਾਵੇ।

ਇਸ ਗੱਲ ਲਈ,ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ,ਇਸ ਵਿਸ਼ੇ ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਇਹਦੇ ਲਈ,ਕੋਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।ਇਹਦੇ ਨਾਲ ਹੀ,ਸੂਬੇ ਦੇ ਲੋਕਾਂ ਨੂੰ ਵੀ ਇਹਦੇ ਵਾਰੇ ਗੰਭੀਰ ਹੋਣ ਦੀ ਜਰੂਰਤ ਹੈ ਅਤੇ ਸਰਕਾਰ ਨੂੰ ਕੋਈ ਠੋਸ ਉਪਰਾਲਾ ਅਤੇ ਨੀਤੀਆਂ ਬਨਾਉਣ ਲਈ,ਮਜਬੂਰ ਕਰ ਦੇਣਾ ਚਾਹੀਦਾ ਹੈ,ਤਾਂ ਕਿ, ਕੰਗਾਲੀ ਦੀ ਕਗਾਰ ਤੇ ਖੜ੍ਹੇ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।ਕਿਉਂਕਿ,ਇਹ ਰੰਗਲਾ ਪੰਜਾਬ, ਇਕੱਲੀਆਂ ਸਰਕਾਰਾਂ ਦਾ ਹੀ ਨਹੀਂ,ਸਗੋਂ ਸਾਡਾ ਸਾਰਿਆਂ ਦਾ ਹੀ ਹੈ।ਇਸ ਲਈ,ਇਸ ਸ਼ੰਕਟ ਦੀ ਘੜੀ ਚ ਅਤੇ ਪੰਜਾਬ ਦੀ ਬਿਹਤਰੀ ਲਈ,ਸਾਨੂੰ ਸਾਰਿਆਂ ਨੂੰ ਹੀ ਰਲ ਮਿਲਕੇ ਹੰਭਲਾ ਮਾਰਨ ਦੀ ਲੋੜ ਹੈ।ਐਵੇਂ,ਬਿੱਲੀ ਨੂੰ ਵੇਖਕੇ,ਕਬੂਤਰ ਦੇ ਅੱਖਾਂ ਮੀਟ ਲੈਣ ਦੇ ਵਾਂਗ,ਚੁੱਪ ਕਰਕੇ,ਇਹ ਗੰਭੀਰ ਮਸਲਾ ਹੱਲ ਹੋਣ ਵਾਲਾ ਨਹੀਂ ਹੈ।ਸੋ ਇਸ ਗੰਭੀਰ ਵਿਸ਼ੇ ਤੇ,ਸਾਡੇ ਸਾਰਿਆਂ ਲਈ,ਗੱਲ ਜਰਾ ਗੌਰ ਕਰਨ ਵਾਲੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button