agricultureBreaking NewsD5 specialNewsPoliticsPress ReleasePunjabTop News

ਪੰਜਾਬ ਵੱਲੋਂ ਕਣਕ ਦੀ ਖਰੀਦ ਦੇ ਮਿੱਥੇ 130 ਲੱਖ ਮੀਟਰਕ ਟਨ ਦੇ ਟੀਚੇ ਵਿੱਚੋਂ 50 ਫੀਸਦ ਖਰੀਦ ਕਾਰਜ ਮੁਕੰਮਲ; ਸੰਗਰੂਰ ਸੂਬਾ ਭਰ ’ਚੋਂ ਮੋਹਰੀ

ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 67.50 ਲੱਖ ਮੀਟਰਕ ਟਨ ਕਣਕ ਦੀ ਆਮਦ, 65.40 ਲੱਖ ਮੀਟਰਕ ਟਨ ਕਣਕ ਖ਼ਰੀਦੀ

ਸਰਕਾਰੀ ਏਜੰਸੀਆਂ ਨੇ 61.95 ਲੱਖ ਮੀਟਰਕ ਟਨ ਜਦਕਿ ਪ੍ਰਾਈਵੇਟ ਏਜੰਸੀਆਂ ਨੇ 3.45 ਲੱਖ ਮੀਟਰਕ ਟਨ ਕਣਕ ਖਰੀਦੀ

ਮੰਡੀ ਫੀਸ ਤੇ ਦਿਹਾਤੀ ਵਿਕਾਸ ਫੰਡ ਦਿੱਤੇ ਬਿਨਾਂ ਕਣਕ ਖਰੀਦਣ ਵਾਲੇ ਵਪਾਰੀਆਂ ਨੂੰ ਤਾੜਨਾ

ਚੰਡੀਗੜ: ਪੰਜਾਬ ਨੇ ਇਕ ਅਪ੍ਰੈਲ, 2022 ਤੋਂ ਸ਼ੁਰੂ ਹੋਈ ਕਣਕ ਦੀ ਖ਼ਰੀਦ ਪ੍ਰਕਿਰਿਆ ਤੋਂ ਬਾਅਦ 20 ਦਿਨਾਂ ਅੰਦਰ ਹੁਣ ਤੱਕ 50 ਫੀਸਦ ਖ਼ਰੀਦ ਕਾਰਜ ਸਫਲਤਾਪੂਰਵਕ ਮੁਕੰਮਲ ਕਰ ਲਏ ਹਨ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਹਾੜ੍ਹੀ ਮੰਡੀਕਰਨ ਸੀਜ਼ਨ ਦੌਰਾਨ ਕਣਕ ਦੀ ਕੁੱਲ ਅਨੁਮਾਨਿਤ ਆਮਦ 130 ਲੱਖ ਮੀਟਰਕ ਟਨ ‘ਚੋਂ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 67.50 ਲੱਖ ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 65.40 ਲੱਖ ਮੀਟਰਕ ਟਨ ਦੀ ਖਰੀਦੀ ਜਾ ਚੁੱਕੀ ਹੈ।

ਪਿਛਲੇ ਸਾਲ ਇਸੇ ਸਮੇਂ ਦੌਰਾਨ ਆਈ ਕਣਕ ਦੇ ਮੁਕਾਬਲਤਨ ਇਸ ਸਾਲ ਮੰਡੀਆਂ ਵਿੱਚ ਲਗਭਗ 27 ਫੀਸਦ ਵੱਧ ਕਣਕ ਦੀ ਆਮਦ ਹੋਈ ਹੈ, ਪਿਛਲੇ ਹਾੜ੍ਹੀ ਦੇ ਸੀਜ਼ਨ ਵਿੱਚ ਹੁਣ ਤੱਕ 53.35 ਲੱਖ ਮੀਟਰਕ ਟਨ ਕਣਕ ਦੀ ਆਮਦ ਮੰਡੀਆਂ ਵਿਚ ਹੋਈ ਸੀ। ਜ਼ਿਕਰਯੋਗ ਹੈ ਕਿ ਸਰਕਾਰੀ ਏਜੰਸੀਆਂ ਵੱਲੋਂ 61.95 ਲੱਖ ਮੀਟਰਕ ਟਨ ਕਣਕ ਖਰੀਦੀ ਗਈ ਜਦਕਿ ਬਾਕੀ 3.45 ਲੱਖ ਮੀਟਰਕ ਟਨ ਦੀ ਖਰੀਦ ਪ੍ਰਾਈਵੇਟ ਏਜੰਸੀਆਂ ਵੱਲੋਂ ਕੀਤੀ ਗਈ। ਇਸੇ ਤਰ੍ਹਾਂ 7.27 ਲੱਖ ਮੀਟਰਕ ਟਨ ਕਣਕ ਦੀ ਆਮਦ ਨਾਲ ਸੰਗਰੂਰ ਜ਼ਿਲਾ ਸੂਬੇ ਵਿੱਚ ਸਭ ਤੋਂ ਅੱਗੇ ਹੈ, ਜਿੱਥੇ 19 ਅਪ੍ਰੈਲ, 2022 ਤੱਕ 7.18 ਲੱਖ ਮੀਟਰਕ ਟਨ ਖਰੀਦੀ ਜਾ ਚੁੱਕੀ ਹੈ।

ਸੰਗਰੂਰ ਤੋਂ ਬਾਅਦ ਫਿਰੋਜ਼ਪੁਰ ਅਤੇ ਪਟਿਆਲਾ ਕ੍ਰਮਵਾਰ 5.40 ਲੱਖ ਮੀਟਰਕ ਟਨ ਅਤੇ 5.31 ਲੱਖ ਮੀਟਰਕ ਟਨ ਕਣਕ ਦੀ ਆਮਦ ਨਾਲ ਦੂਜੇ ਅਤੇ ਤੀਜੇ ਸਥਾਨ ‘ਤੇ ਹਨ। ਦੱਸਣਯੋਗ ਹੈ ਕਿ ਸੂਬੇ ਵਿੱਚ 35.02 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਅਨੁਮਾਨ ਅਨੁਸਾਰ 171 ਲੱਖ ਮੀਟਰਕ ਟਨ ਕਣਕ ਦੀ ਪੈਦਾਵਾਰ ਦਾ ਟੀਚਾ ਮਿੱਥਿਆ ਗਿਆ ਸੀ ਜਿਸ ਵਿੱਚੋਂ 130 ਲੱਖ ਮੀਟਰਕ ਟਨ ਕਣਕ ਦੀ ਫਸਲ ਮੰਡੀਆਂ ਵਿੱਚ ਪਹੁੰਚਣ ਦੀ ਆਸ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਮੰਡੀ ਫੀਸ ਅਤੇ ਦਿਹਾਤੀ ਵਿਕਾਸ ਫੰਡ (ਆਰ.ਡੀ.ਐਫ.) ਦਿੱਤੇ ਬਿਨਾਂ ਕਣਕ ਖਰੀਦਣ ਵਾਲੇ ਵਪਾਰੀਆਂ ਅਤੇ ਫਰਮਾਂ ਨੂੰ ਤਾੜਨਾ ਕਰਦੇ ਹੋਏ ਇਹ ਪ੍ਰਥਾ ਤੁਰੰਤ ਬੰਦ ਕਰਨ ਜਾਂ ਭਾਰੀ ਜੁਰਮਾਨੇ ਲਈ ਤਿਆਰ ਰਹਿਣ ਲਈ ਕਿਹਾ।

ਬੁਲਾਰੇ ਨੇ ਕਿਹਾ ਕਿ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਵਿਅਕਤੀ, ਵਪਾਰੀ ਅਤੇ ਫਰਮਾਂ ਕੋਈ ਮੰਡੀ ਫੀਸ ਅਤੇ ਦਿਹਾਤੀ ਵਿਕਾਸ ਫੰਡ ਦਿੱਤੇ ਬਿਨਾਂ ਕਿਸਾਨਾਂ ਕੋਲੋਂ ਸਿੱਧੇ ਤੌਰ ਉਤੇ ਗੈਰ-ਕਾਨੂੰਨੀ ਤੌਰ ਉਤੇ ਕਣਕ ਖਰੀਦ ਰਹੀਆਂ ਹਨ। ਬੁਲਾਰੇ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ, ਵਪਾਰੀਆਂ ਅਤੇ ਫਰਮਾਂ ਨੂੰ ਇਹ ਪ੍ਰਥਾ ਤੁਰੰਤ ਬੰਦ ਕਰਨ ਦੀ ਤਾੜਨਾ ਕੀਤੀ ਜਾਂਦੀ ਹੈ ਅਤੇ ਜੇਕਰ ਜਾਂਚ ਦੌਰਾਨ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਸ ਪਾਸੋਂ ਅਸਲ ਮਾਰਕੀਟ ਫੀਸ ਅਤੇ ਆਰ.ਡੀ.ਐਫ. ਦੀ ਵਸੂਲੀ ਕਰਨ ਦੇ ਨਾਲ-ਨਾਲ ਮੰਡੀ ਫੀਸ ਦਾ 10 ਗੁਣਾਂ ਜੁਰਮਾਨਾ ਵੀ ਵਸੂਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button