D5 specialOpinion

ਅਜਿਹੇ ਸਨ ਮਰਹੂਮ ਜਸਦੇਵ ਸਿੰਘ ਸੰਧੂ

(ਉਜਾਗਰ ਸਿੰਘ)  :  ਸਿਆਸਤਦਾਨਾ ਦੇ ਸਮਾਜ ਵਿਚ ਵਿਚਰਣ ਦੇ ਆਪੋ ਆਪਣੇ ਮਾਪ ਦੰਡ ਹੁੰਦੇ ਹਨ। ਕੁਝ ਸਿਆਸਤਦਾਨ ਤਾਂ ਲੋਕਾਂ ਦੇ ਵਿਚ ਘੁਲੇ ਮਿਲੇ ਰਹਿੰਦੇ ਪ੍ਰੰਤੂ ਬਹੁਤੇ ਸਿਆਸਤਦਾਨ ਵੋਟਾਂ ਮੌਕੇ ਹੀ ਪ੍ਰਗਟ ਹੁੰਦੇ ਹਨ। ਸਿਆਸਤਦਾਨਾ ਦਾ ਜੀਵਨ ਬਸਰ ਕਰਨ ਦਾ ਆਪੋ ਆਪਣਾ ਨੁਕਤਾ ਨਿਗਾਹ ਹੁੰਦਾ ਹੈ। ਮੈਂ ਇਕ ਅਜਿਹੇ ਵਿਦਵਾਨ ਸਿਆਸਤਦਾਨ ਬਾਰੇ ਦੱਸਣ ਲੱਗਾ ਹਾਂ ਜਿਹੜਾ ਸਿਰਫ ਆਪਣੀ ਕਿਸਮ ਦਾ ਇਕੋ ਇਕ ਸਿਆਸਤਦਾਨ ਹੈ ਜਿਸਨੇ ਆਪਣਾ ਸਾਰਾ ਸਿਆਸੀ ਜੀਵਨ ਸਾਦਗੀ ਦੇ ਨਾਲ ਲੋਕ ਸੇਵਾ ਦੇ ਲੜ ਲਾ ਦਿੱਤਾ। ਉਹ ਹਨ ਟਕਸਾਲੀ ਅਕਾਲੀ ਆਗੂ ਮਰਹੂਮ ਜਸਦੇਵ ਸਿੰਘ ਸੰਧੂ, ਜੋ ਪੰਜਾਬ ਵਿਚ ਮੰਤਰੀ ਰਹੇ ਸਨ। ਜਸਦੇਵ ਸਿੰਘ ਸੰਧੂ ਅਕਸਰ ਮੈਨੂੰ ਮੇਰੇ ਦੋਸਤ ਸਵਰਗਵਾਸੀ ਅਮਰੀਕ ਸਿੰਘ ਛੀਨਾ ਨਾਲ ਮਿਲਦੇ ਰਹੇ ਹਨ। ਫਿਰ ਮੇਰੇ ਉਨ੍ਹਾਂ ਨਾਲ ਨਜ਼ਦੀਕੀ ਸੰਬੰਧ ਹੋ ਗਏ। ਜਾਂ ਇਉਂ ਕਹਿ ਲਓ ਕਿ ਉਹ ਜਿਸ ਵੀ ਵਿਅਕਤੀ ਨੂੰ ਮਿਲਦੇ ਸਨ, ਜੇਕਰ ਉਹ ਵਿਅਕਤੀ ਉਨ੍ਹਾਂ ਦੀ ਨੁਕਤਾ ਨਿਗਾਹ ਵਿਚ ਸਹੀ ਲਗਦਾ ਸੀ ਤਾਂ ਉਹ ਉਸਨੂੰ ਆਪਣਾ ਬਣਾ ਲੈਂਦੇ ਸਨ। ਮੇਰੀ ਵੀ ਖ਼ੁਸ਼ਕਿਸਮਤੀ ਸੀ ਕਿ ਮੈਨੂੰ ਉਨ੍ਹਾਂ ਨਾਲ ਵਿਚਰਣ ਦਾ ਮੌਕਾ ਮਿਲਿਆ।

ਉਨ੍ਹਾਂ ਦੇ ਇਕ ਦੋ ਗੁਣਾ ਦੀ ਗੱਲ ਨਹੀਂ, ਉਹ ਤਾਂ ਗੁਣਾਂ ਦੀ ਗੁਥਲੀ ਸਨ। ਉਹ ਸਾਹਿਤਕਾਰ, ਖੋਜੀ, ਇਤਿਹਾਸਕਾਰ, ਵਕੀਲ, ਨਰਮ ਦਿਲ, ਸੁਹਜਾਤਮਿਕ ਅਤੇ ਦਰਵੇਸ਼ ਪ੍ਰਵਿਰਤੀ ਦੇ ਮਾਲਕ ਸਨ। ਉਨ੍ਹਾਂ ਨੂੰ ਚਲਦਾ ਫਿਰਦਾ ਇਨਸਾਈਕਲੋਪੀਡੀਆ ਵੀ ਕਿਹਾ ਜਾਂਦਾ ਸੀ। ਮੈਂ ਉਨ੍ਹਾਂ ਦੇ ਗੁਣਾ ਦੀਆਂ ਨਿੱਜੀ ਤਜ਼ਰਬੇ ‘ਤੇ ਅਧਾਰਤ ਉਦਾਹਰਨਾ ਦੇ ਕੇ ਲਿਖਾਂਗਾ। ਆਮ ਤੌਰ ਤੇ ਸਿਆਸਤਦਾਨ ਲੋਕਾਂ ਕੋਲੋਂ ਖਾਸ ਦਿਨਾ ‘ਤੇ ਤੋਹਫੇ ਭਾਲਦੇ ਹਨ। ਲੋਕ ਉਨ੍ਹਾਂ ਨੂੰ ਤੋਹਫੇ ਦਿੰਦੇ ਵੀ ਹਨ। ਮੈਂ ਜਸਦੇਵ ਸਿੰਘ ਸੰਧੂ ਨੂੰ ਲੋਕਾਂ ਨੂੰ ਤੋਹਫੇ ਦੇਂਦਿਆਂ ਆਪ ਅੱਖੀਂ ਵੇਖਿਆ ਹੈ। ਇਕ ਵਾਰ ਉਹ ਸ਼ਾਇਦ ਸੁਬਾਰਡੀਨੇਟ ਸਰਵਿਸ ਚੋਣ ਬੋਰਡ ਦੇ ਚੇਅਰਮੈਨ ਬਣੇ ਸਨ ਤਾਂ ਮੇਰੇ ਦਫਤਰ ਲੱਡੂਆਂ ਦੇ ਕਈ ਡੱਬੇ ਆਪ ਚੁੱਕ ਕੇ ਆ ਗਏ। ਮੈਂ ਕਿਹਾ ਇਤਨੇ ਡੱਬੇ ਕਾਹਦੇ ਹਨ ਅਤੇ ਕੀ ਕਰਨੇ ਹਨ ਤਾਂ ਕਹਿਣ ਲੱਗੇ ਇਹ ਮਠਿਆਈ ਦੇ ਡੱਬੇ ਹਨ, ਸਾਰੇ ਸਟਾਫ ਨੂੰ ਖਿਲਾ ਦਿਓ।

ਤੁਹਾਡੇ ਕੋਲ ਬਹੁਤ ਪੱਤਰਕਾਰ ਅਤੇ ਹੋਰ ਲੋਕ ਆਉਂਦੇ ਹਨ, ਉਨ੍ਹਾਂ ਨੂੰ ਖਿਲਾ ਦੇਣਾ। ਸਿਆਸਤਦਾਨ ਕਿਸੇ ਵਸਤੂ ਨੂੰ ਆਪ ਚੁੱਕਣ ਵਿਚ ਹਤਕ ਸਮਝਦੇ ਹਨ। ਕੋਈ ਨਾ ਕੋਈ ਕਰਿੰਦਾ ਨਾਲ ਰੱਖਦੇ ਹਨ। ਮੈਂ ਪਟਿਆਲੇ ਸਹਾਇਕ ਲੋਕ ਸੰਪਰਕ ਅਧਿਕਾਰੀ ਲੱਗਿਆ ਹੋਇਆ ਸੀ। ਪੰਜਾਬ ਵਿਚ ਰਾਸ਼ਟਰਪਤੀ ਰਾਜ ਸੀ। ਪ੍ਰੀਤਮ ਸਿੰਘ ਬਾਲਾ ਡਿਪਟੀ ਕਮਿਸ਼ਨਰ ਸਨ, ਉਨ੍ਹਾਂ ਦਾ ਘਨੌਰ ਦੇ ਨਜ਼ਦੀਕ ਕਿਸੇ ਪਿੰਡ ਵਿਚ ਸਮਾਗਮ ਸੀ। ਉਥੇ ਜਸਦੇਵ ਸਿੰਘ ਸੰਧੂ ਵੀ ਪਹੁੰਚੇ ਹੋਏ ਸਨ। ਸਮਾਗਮ ‘ਤੇ ਮੇਰੀ ਡਿਊਟੀ ਲੱਗੀ ਹੋਈ ਸੀ। ਅਸੀਂ ਜਦੋਂ ਸਰਕਾਰੀ ਦੌਰੇ ਤੇ ਜਾਂਦੇ ਸੀ ਤਾਂ ਸਰਕਾਰੀ ਪ੍ਰਚਾਰ ਸਮਗਰੀ ਲੋਕਾਂ ਵਿਚ ਵੰਡਣ ਲਈ ਲੈ ਕੇ ਜਾਂਦੇ ਸੀ। ਜਦੋਂ ਸਮਾਗਮ ਖ਼ਤਮ ਹੋਇਆ ਤਾਂ ਜਿਹੜੀ ਪ੍ਰਚਾਰ ਸਮਗਰੀ ਬਕਾਇਆ ਪਈ ਰਹਿ ਗਈ, ਜਸਦੇਵ ਸਿੰਘ ਸੰਧੂ ਉਸਨੂੰ ਚੁੱਕਕੇ ਲੋਕਾਂ ਵਿਚ ਵੰਡਣ ਲੱਗ ਗਏ। ਸਮਾਗਮ ਤੋਂ ਬਾਅਦ ਚਾਹ ਪੀਣ ਦਾ ਪ੍ਰੋਗਰਾਮ ਸੀ।

ਮੈਂ ਵੇਖ ਰਿਹਾ ਹਾਂ ਕਿ ਜਸਦੇਵ ਸਿੰਘ ਸੰਧੂ ਇਕ ਹੱਥ ਵਿਚ ਬਰਫੀ ਅਤੇ ਦੂਜੇ ਹੱਥ ਵਿਚ ਨਮਕੀਨ ਵਾਲੀ ਪਲੇਟ ਚੁੱਕ ਕੇ ਲੋਕਾਂ ਨੂੰ ਖਾਣ ਲਈ ਦਿੰਦੇ ਫਿਰਨ। ਆਮ ਤੌਰ ਤੇ ਮੁਖ ਮਹਿਮਾਨ ਦੇ ਆਲੇ ਦੁਆਲੇ ਛੋਟੇ ਅਧਿਕਾਰੀ ਅਜਿਹਾ ਸਾਮਾਨ ਲਈ ਫਿਰਦੇ ਹੁੰਦੇ ਹਨ। ਦਫਤਰ ਉਹ ਆਪਣੀ ਨਿੱਜੀ ਕਾਰ ਵਿਚ ਜਾਂਦੇ ਸਨ। ਉਥੋਂ ਜੇਕਰ ਕਿਸੇ ਸਰਕਾਰੀ ਕੰਮ ਜਾਣਾ ਹੁੰਦਾ ਤਾਂ ਸਰਕਾਰੀ ਕਾਰ ਵਰਤਦੇ ਸਨ। ਚੰਡੀਗੜ੍ਹ ਤੋਂ ਜਦੋਂ ਆਪਣੇ ਘਰ ਪਟਿਆਲਾ ਆਉਂਦੇ ਸਨ ਤਾਂ ਆਪਣੀ ਪ੍ਰਾਈਵੇਟ ਕਾਰ ਵਰਤਦੇ ਸਨ। ਸਰਕਾਰੀ ਕੋਠੀ ਵੀ ਨਹੀਂ ਲੈਂਦੇ ਸਨ, ਸਗੋਂ ਐਮ ਐਲ ਏ ਫਲੈਟ ਵਿਚ ਹੀ ਰਹਿ ਜਾਂਦੇ ਸਨ। ਸਾਧਾਰਨ ਪਹਿਰਾਵਾ ਅਤੇ ਰੁੱਖੀ ਸੁਖੀ ਰੋਟੀ ਖਾਣ ਵਾਲੇ ਇਨਸਾਨ ਸਨ। ਜੇਕਰ ਇਹ ਕਹਿ ਲਈਏ ਕਿ ਉਹ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਸਿਆਸਤਦਾਨ ਸਨ ਤਾਂ ਕੋਈ ਅਤਿ ਕਥਨੀ ਨਹੀਂ। ਉਨ੍ਹਾਂ ਨੂੰ ਕੋਈ ਵਹੀਕਲ ਚਲਾਉਣੀ ਨਹੀਂ ਆਉਂਦੀ ਸੀ। ਉਨ੍ਹਾਂ ਦਾ ਘਰ ਅਦਾਲਤ ਬਾਜ਼ਾਰ ਵਿਚ ਸੀ। ਜੇਕਰ ਕਿਸੇ ਦਫਤਰ ਜਾਣਾ ਹੁੰਦਾ ਤਾਂ ਉਹ ਕਿਸੇ ਦੇ ਮਗਰ ਸਾਈਕਲ ਜਾਂ ਮੋਟਰ ਸਾਈਕਲ ਤੇ ਬੈਠ ਕੇ ਚਲੇ ਜਾਂਦੇ ਸਨ।

ਰਾਹ ਵਿਚ ਜੇਕਰ ਕਿਸੇ ਪਬਲਿਕ ਸਥਾਨ ਤੇ ਲੱਗੀ ਟੂਟੀ ਚਲ ਰਹੀ ਹੁੰਦੀ ਤਾਂ ਰੁਕ ਕੇ ਉਸਨੂੰ ਆਪ ਬੰਦ ਕਰਦੇ ਸਨ। ਜੇਕਰ ਨਾਲੀ ਵਿਚ ਪਾਣੀ ਕਿਸੇ ਚੀਜ਼ ਦੇ ਫਸਣ ਨਾਲ ਰੁਕਿਆ ਹੁੰਦਾ ਤਾਂ ਆਪ ਉਸਨੂੰ ਸਾਫ ਕਰ ਦਿੰਦੇ ਸਨ। ਨਾਲੀਆਂ ਸਾਫ ਕਰਦਾ ਮੈਂ ਸਿਆਸਤਦਾਨ ਤਾਂ ਛੱਡੋ ਕੋਈ ਆਮ ਆਦਮੀ ਵੀ ਨਹੀਂ ਵੇਖਿਆ। ਉਨ੍ਹਾਂ ਦੇ ਘਰ ਦੇ ਬਾਹਰ ਅਦਾਲਤ ਬਾਜ਼ਾਰ ਵਿਚ ਪੁਸਤਕਾਂ ਦੀ ਦੁਕਾਨ ਸੀ। ਉਹ ਹਰ ਰੋਜ਼ ਦੁਕਾਨਦਾਰ ਨੂੰ ਕਿਸੇ ਨਵੀਂ ਪੁਸਤਕ ਦੇ ਆਉਣ ਬਾਰੇ ਪੁਛਦੇ ਅਤੇ ਖ੍ਰੀਦ ਲੈਂਦੇ ਸਨ। ਉਨ੍ਹਾਂ ਦੇ ਘਰ ਇਕ ਕਮਰਾ ਪੁਸਤਕਾਂ ਅਤੇ ਅਖ਼ਬਾਰਾਂ ਨਾਲ ਭਰਿਆ ਪਿਆ ਸੀ। ਵੈਸੇ ਬਹੁਤੀਆਂ ਇਤਿਹਾਸਕ ਘਟਨਾਵਾਂ ਤਾਂ ਉਨ੍ਹਾਂ ਨੂੰ ਮੂੰਹ ਜ਼ੁਬਨੀ ਯਾਦ ਸਨ। ਚੰਡੀਗੜ੍ਹ ਤੋਂ ਪੰਜਾਬ ਸਰਕਾਰ ਵੀ ਕਈ ਵਾਰੀ ਉਨ੍ਹਾਂ ਤੋਂ ਜਾਣਕਾਰੀ ਲੈਂਦੀ ਰਹਿੰਦੀ ਸੀ। ਪਾਣੀਆਂ ਦੀ ਵੰਡ ਬਾਰੇ ਉਨ੍ਹਾਂ ਨੇ ਇਤਿਹਾਸਕ ਤੱਥਾਂ ਸਮੇਤ ਦਸਤਾਵੇਜ਼ ਆਪਣੇ ਕੋਲ ਰੱਖੇ ਹੋਏ ਸਨ। ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਪਤਾ ਨਹੀਂ ਉਨ੍ਹਾਂ ਦੀ ਲਾਇਬਰੇਰੀ ਦਾ ਕੀ ਬਣਿਆਂ।

ਇਕ ਵਾਰ ਗਿਆਨੀ ਜ਼ੈਲ ਸਿੰਘ ਅਦਾਲਤ ਬਾਜ਼ਾਰ ਵਿਚੋਂ ਲੰਘੇ ਜਾ ਰਹੇ ਸਨ। ਜਸਦੇਵ ਸਿੰਘ ਸੰਧੂ ਆਪਣੇ ਘਰ ਦੇ ਬਾਹਰ ਪੁਸਤਕਾਂ ਦੀ ਦੁਕਾਨ ਤੇ ਖੜ੍ਹੇ ਨਵੀਂਆਂ ਆਈਆਂ ਪੁਸਤਕਾਂ ਨੂੰ ਵੇਖ ਰਹੇ ਸਨ। ਗਿਆਨੀ ਜੀ ਨੇ ਉਨ੍ਹਾਂ ਦੇ ਮੋਢੇ ‘ਤੇ ਹੱਥ ਰੱਖਕੇ ਕਿਹਾ ਸੰਧੂ ਸਾਹਿਬ ਤੁਹਾਡੇ ਘਰ ਚਾਹ ਪੀਣ ਨੂੰ ਜੀਅ ਕਰਦਾ ਹੈ। ਅਸਲ ਵਿਚ ਚਾਹ ਦਾ ਤਾਂ ਬਹਾਨਾ ਸੀ। ਗਿਆਨੀ ਜ਼ੈਲ ਸਿੰਘ ਪਟਿਆਲਾ ਵਿਖੇ ਡਾ ਸਤ ਟੰਡਨ ਅਤੇ ਗਾਜੇਵਾਸ ਵਾਲੇ ਸੰਤ ਰਾਮ ਸਿੰਗਲਾ ਦੇ ਪਿਤਾ ਲਾਲਾ ਰੌਸ਼ਨ ਲਾਲ ਕੋਲੋਂ ਵੇਲੇ ਕੁਵੇਲੇ ਔਖੇ ਸਮੇਂ ਪੈਸੇ ਲੈਣ ਆਉਂਦੇ ਸਨ। ਉਸ ਦਿਨ ਦੋਵੇਂ ਨਾ ਮਿਲੇ ਤਾਂ ਉਨ੍ਹਾਂ ਸੰਧੂ ਸਾਹਿਬ ਤੋਂ ਪੰਜਾਹ ਰੁਪਏ ਉਧਾਰੇ ਮੰਗੇ ਕਿਉਂਕਿ ਉਨ੍ਹਾਂ ਦਿੱਲੀ ਕਿਸੇ ਮੀਟਿੰਗ ਵਿਚ ਜਾਣਾ ਸੀ। ਸੰਧੂ ਸਾਹਿਬ ਨੇ ਰੁਪਏ ਦਿੰਦਿਆਂ ਕਿਹਾ ਕਿ ਤੁਸੀਂ ਲੈ ਜਾਓ ਪ੍ਰੰਤੂ ਮੈਂ ਵਾਪਸ ਨਹੀਂ ਲੈਣੇ ਕਿਉਂਕਿ ਤੁਹਾਡੇ ਵਰਗੇ ਇਮਾਨਦਾਰ ਸਿਆਸਤਦਾਨ ਘੱਟ ਹੀ ਮਿਲਦੇ ਹਨ। ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹ ਜਸਦੇਵ ਸਿੰਘ ਸੰਧੂ ਦਾ ਅਹਿਸਾਨ ਚੁਕਾਉਣਾ ਚਾਹੁੰਦੇ ਸਨ।

ਉਨ੍ਹਾਂ ਜਸਦੇਵ ਸਿੰਘ ਸੰਧੂ ਨੂੰ ਕਿਹਾ ਕਿ ਤੁਸੀਂ ਕਾਂਗਰਸ ਪਾਰਟੀ ਵਿਚ ਆ ਜਾ ਜਾਓ, ਮੈਂ ਤੁਹਾਨੂੰ ਉਚਾ ਅਹੁਦਾ ਦੇਣਾ ਚਾਹੁੰਦਾ ਹਾਂ। ਜਸਦੇਵ ਸਿੰਘ ਸੰਧੂ ਅਸੂਲਾਂ ਦੇ ਪੱਕੇ ਅਤੇ ਖ਼ਾਨਦਾਨੀ ਇਮਾਨਦਾਰ ਟਕਸਾਲੀ ਅਕਾਲੀ ਆਗੂ ਸਨ, ਇਸ ਲਈ ਉਨ੍ਹਾਂ ਨੇ ਕੋਰਾ ਜਵਾਬ ਦੇ ਦਿੱਤਾ। ਮੈਂ ਉਨ੍ਹਾਂ ਤੋਂ ਬਿਨਾ ਕੋਈ ਅਜਿਹਾ ਸਿਆਸਤਦਾਨ ਨਹੀਂ ਵੇਖਿਆ, ਜਿਸਨੂੰ ਸਾਰੀਆਂ ਪਾਰਟੀਆਂ ਵਾਲੇ ਇਤਨਾ ਸਤਿਕਾਰ ਦਿੰਦੇ ਹੋਣੇ। ਉਹ ਹਰ ਵਿਅਕਤੀ ਨਾਲ ਪਾਰਟੀ ਪੱਧਰ ਤੋਂ ਉਪਰ ਉਠਕੇ ਵਿਚਰਦੇ ਸਨ। ਉਹ ਪੰਜਾਬ ਸੁਬਾਰਡੀਨੇਟ ਸਰਵਿਸ ਚੋਣ ਬੋਰਡ ਦੇ ਚੇਅਰਮੈਨ ਰਹੇ ਹਨ। ਆਮ ਤੌਰ ਤੇ ਸਿਆਸਤਦਾਨ ਆਪਣੀ ਸਿਆਸੀ ਪਾਰਟੀ ਦੇ ਵਿਅਕਤੀਆਂ ਦੀ ਹੀ ਚੋਣ ਕਰਦੇ ਹਨ ਪ੍ਰੰਤੂ ਉਨ੍ਹਾਂ ਨੇ ਹਮੇਸ਼ ਮੈਰਿਟ ਨੂੰ ਤਰਜ਼ੀਹ ਦਿੱਤੀ। ਮੈਨੂੰ ਬਹੁਤ ਸਾਰੇ ਅਜਿਹੇ ਅਕਾਲੀ ਦਲ ਤੋਂ ਬਿਨਾ ਹੋਰ ਸਿਆਸੀ ਪਾਰਟੀਆਂ ਦੇ ਵਿਅਕਤੀ ਅਜੇ ਵੀ ਮਿਲਦੇ ਹਨ, ਜਿਹੜੇ ਜਸਦੇਵ ਸਿੰਘ ਸੰਧੂ ਦੇ ਗੁਣ ਗਾਉਂਦੇ ਨਹੀਂ ਥੱਕਦੇ।

ਲੋਕ ਸੇਵਾ ਦੀ ਇਕ ਹੋਰ ਘਟਨਾ ਪਟਿਆਲਾ ਵਿਚ ਬਹੁਤ ਚਰਚਾ ਵਿਚ ਰਹੀ। ਇਕ ਵਿਅਕਤੀ ਜਸਦੇਵ ਸਿੰਘ ਸੰਧੂ ਕੋਲ ਆਟਾ ਮੰਗਣ ਆਇਆ ਅਤੇ ਕਹਿਣ ਲੱਗਾ ਕਿ ਉਸਦਾ ਪਰਿਵਾਰ ਦੋ ਦਿਨ ਤੋਂ ਭੁੱਖਾ ਹੈ। ਘਰ ਵਿਚ ਆਟਾ ਨਹੀਂ ਹੈ। ਜਸਦੇਵ ਸਿੰਘ ਸੰਧੂ ਨੇ ਕਿਹਾ ਕਿ ਜਿਹੜਾ ਆਟਾ ਮੈਂ ਦੇਵਾਂਗਾ ਉਸ ਨਾਲ ਕਿਤਨੇ ਕੁ ਦਿਨ ਲੰਘਣਗੇ। ਇਸ ਲਈ ਉਨ੍ਹਾਂ ਨੇ ਰਿਕਸ਼ਾ ਬੁਲਾਇਆ ਅਤੇ ਕਣਕ ਦੀ ਇਕ ਬੋਰੀ ਉਸ ਵਿਚ ਰਖਵਾ ਦਿੱਤੀ। ਉਹ ਆਦਮੀ ਹੱਥ ਜੋੜ ਕੇ ਖੜ੍ਹਾ ਹੋ ਗਿਆ ਕਿ ਮੇਰੇ ਕੋਲ ਤਾਂ ਕਣਕ ਪਿਸਾਉਣ ਲਈ ਵੀ ਪੈਸੇ ਨਹੀਂ, ਤੁਸੀਂ ਮੈਨੂੰ ਆਟਾ ਹੀ ਦੇ ਦਿਓ। ਜਸਦੇਵ ਸਿੰਘ ਸੰਧੂ ਨੇ ਰਿਕਸ਼ੇ ਵਾਲੇ ਨੂੰ ਕਿਰਾਇਆ ਦਿੰਦਿਆਂ ਉਸ ਆਦਮੀ ਨੂੰ ਪੰਜ ਰੁੁਪਏ ਆਟਾ ਪਿਸਵਾਉਣ ਲਈ ਦੇ ਦਿੱਤੇ। ਇਤਿਹਾਸਕ ਘਟਨਾਵਾਂ ਬਾਰੇ ਅਖ਼ਬਾਰਾਂ ਵਿਚ ਕਿਸੇ ਲੇਖਕ ਨੇ ਗ਼ਲਤ ਵੇਰਵਾ ਦੇ ਦਿੱਤਾ ਹੁੰਦਾ ਤਾਂ ਉਹ ਉਸਨੂੰ ਫੋਨ ਕਰਕੇ ਦਰੁਸਤ ਕਰਦੇ ਸਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button