EDITORIAL

ਪੰਜਾਬ ਫਿਰ 1978 ਵਾਂਗ ਲੁੱਟਿਆ ਜਾ ਰਿਹਾ ਹੈ

ਲੀਡਰਾਂ ਨੂੰ ਸੰਗਰੂਰ ਲਈ 'ਏਜੰਡੇ' ਨਹੀਂ ਲੱਭ ਰਹੇ

ਅਮਰਜੀਤ ਸਿੰਘ ਵੜੈਚ (94178-01988)

ਅੱਜ ਕੱਲ੍ਹ ਸਿੱਖ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਕੀਤੇ ‘ਔਪਰੇਸ਼ਨ ਬਲਿਊ ਸਟਾਰ’ ਦੀ 37 ਵੀਂ ਬਰਸੀ ‘ਤੇ ਅੰਮ੍ਰਿਤਸਰ ਸਮੇਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ‘ਚ ਇਕੱਠੇ ਹੋਏ ਹਨ। 6 ਜੂਨ 1984 ‘ਚ ਫੌਜੀ ਹਮਲੇ ਦਾ ਇਹ ਆਖਰੀ ਦਿਨ ਸੀ ਇਸ ਮਗਰੋਂ ਦਰਬਾਰ ਸਾਹਿਬ ‘ਤੇ ਫੌਜ ਦਾ ਹੀ ਪੂਰਾ ਕੰਟਰੋਲ ਹੋ ਗਿਆ ਸੀ। ਲੀਕ ਹੋ ਰਹੀਆਂ ਖ਼ਬਰਾਂ ਦੰਦ ਜੋੜ ਰਹੀਆਂ ਸਨ ਕਿ ਕਿਵੇਂ ਇਸ ਔਪਰੇਸ਼ਨ ਦੌਰਾਨ ਫੋਜ ਨੇ ਅੰਦਰ ਤਬਾਹੀ ਮਚਾਈ ਕਿਵੇਂ ਅੰਦਰੋਂ  ਸੰਤ ਭਿੰਡਰਾਂਵਾਲਿਆਂ ਦੇ ਬੰਦਿਆਂ ਨੇ ਫੌਜ ਨੂੰ ਕਰੜੇ ਹੱਥੀਂ ਲਿਆ ਜਿਸ ਦਾ ਅੰਦਾਜ਼ਾ ਫੌਜ ਨੂੰ ਵੀ ਨਹੀਂ ਸੀ। ਇਹ ਵੀ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਭਾਰਤੀ ਫੌਜ ਦਰਬਾਰ ਸਾਹਿਬ ‘ਤੇ ਇੰਜ ਹਮਲਾ ਕਰ ਸਕਦੀ ਹੈ।

ਪੰਜਾਬ ਵਿੱਚ ਇਕ ਪੀੜ੍ਹੀ ਹੈ ਜਿਸ ਨੇ ਜੂਨ,1984 ਦਾ ਕਹਿਰ ਝੱਲਿਆ ਅਤੇ ਵੇਖਿਆ। ਦੂਜੀ ਪੀੜ੍ਹੀ ਹੈ ਜਿਸ ਨੇ ਸਿਰਫ ਸੁਣਿਆ ਅਤੇ ਪੜ੍ਹਿਆ। ਬਹੁਤ ਕੁਝ ਸੱਚ ਲਿਖਿਆ ਗਿਆ, ਬਹੁਤ ਕੁਝ ਸੱਚ ਝੂਠ ਬਣਾ ਦਿੱਤਾ ਗਿਆ ਅਤੇ ਬਹੁਤ ਕੁਝ ਝੂਠ ਸੱਚ ਸਾਬਿਤ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ।

ਪੰਜਾਬ ਨੇ 1947 ਮਗਰੋਂ ਹੁਣ ਤੱਕ ਕੀ ਖੱਟਿਆ : ਪਹਿਲਾਂ 47 ‘ਚ ਪੰਜਾਬ ਦੋ ਦੇਸ਼ਾਂ ‘ਚ ਵੰਡਿਆ ਅਤੇ ਫਿਰ 1966 ‘ਚ ਭਾਸ਼ਾ ਦੇ ਆਧਾਰ ‘ਤੇ ਪੰਜਾਬ ਨੂੰ ਛੋਟਾ ਕਰ ਦਿੱਤਾ ਗਿਆ ਅਤੇ ਹਰਿਆਣਾ ਬਣਾ ਦਿੱਤਾ। ਇਸ ਮਗਰੋਂ 1966-67 ‘ਚ ਪੰਜਾਬ ‘ਚ ਨੈਕਸਲਾਈਟ ਲਹਿਰ ਆਈ ਜਿਸ ਵਿੱਚ ਪੰਜਾਬੀਆਂ ਦਾ ਘਾਣ ਕੀਤਾ ਗਿਆ (ਜਸਵੰਤ ਸਿੰਘ ਕੰਵਲ ਦਾ ਨਾਵਲ ‘ਲਹੂ ਦੀ ਲੋਅ’)। ਜਦੋਂ ਇਸ ਲਹਿਰ ਨੂੰ ਪੰਜਾਬ ਪੁਲਿਸ ਨੇ ਦਬਾ ਲਿਆ ਤਾਂ ਤਦ ਤੱਕ 1978 ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲ‌ਿਆਂ ਦੀ ਅਗਵਾਈ ‘ਚ ਨਵੀਂ ਸਿੱਖ ਲਹਿਰ ਸ਼ੁਰੂ ਹੋ ਗਈ। ਇਸ ਦਾ ਸਿਖਰ ਉਦੋਂ ਹੋਇਆ ਜਦੋਂ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਦੀਆਂ ਵੱਡੀ ਗਿਣਤੀ ‘ਚ ਹੱਤਿਆਵਾਂ ਹੋਣ ਲੱਗੀਆਂ। ਐਸਵਾਈਐੱਲ ਦੇ ਮੁੱਦੇ ‘ਤੇ ਮੋਰਚੇ ਲੱਗੇ ਅਤੇ ਫਿਰ ਅਕਾਲੀ ਦਲ ਨੇ ‘ਸੰਤ ਹਰਚੰਦ ਸਿੰਘ ਲੌਂਗੋਵਾਲ ਦ‌ੀ ਅਗਵਾਈ ‘ਚ ‘ਧਰਮ-ਯੁਧ ਮੋਰਚਾ’ ਲਾ ਲਿਆ।

‘ਬਲਿਊ ਸਟਾਰ’ ਦਾ ਮਨ ਤਾਂ ਇੰਦਰਾ ਗਾਂਧੀ ਨੇ ਛੇ ਅਕਤੂਬਰ 1983 ਨੂੰ ਹੀ ਬਣਾ ਲਿਆ ਸੀ ਜਦੋਂ ਪੱਛਮੀ ਬੰਗਾਲ ਦੇ ਰਾਜਪਾਲ ਬੀ ਡੀ ਪਾਂਡੇ ਨੂੰ ਪੰਜਾਬ ਦਾ ਰਾਜਪਾਲ ਲਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਪੰਜਾਬ ਦੇ ਰਾਜਪਾਲ ਏ ਸੀ ਸ਼ਰਮਾ ਨੂੰ ਪੱਛਮੀ ਬੰਗਾਲ ਭੇਜ ਦਿੱਤਾ ਸੀ। ਛੇ ਨਵੰਬਰ 1983 ਨੂੰ ਕਪੂਰਥਲਾ ਦੇ ਪਿੰਡ ਢਿੱਲਵਾਂ ਨੇੜੇ ਸਵੇਰੇ ਹੀ ਇਕ ਬੱਸ ‘ਚੋਂ ਛੇ ਹਿੰਦੂ ਯਾਤਰੀ ਉਤਾਰ ਕੇ ਭੁੱਨ ਦਿੱਤੇ ਗਏ ਅਤੇ ਇਕ ਨੂੰ ਇਕ ਨਿਹੰਗ ਸਿੰਘ ਨੇ ਬਚਾ ਲਿਆ। ਇਸਦੇ ਨਾਲ ਹੀ ਪੰਜਾਬ ਵਿੱਚ ਦਰਬਾਰਾ ਸਿੰਘ ਦੀ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾ ਦਿੱਤਾ ਗਿਆ। ਇਸੇ ਮਗਰੋਂ ‘ਔਪਰੇਸ਼ਨ ਬਲਿਊ ਸਟਾਰ’ ਹੋ ਗਿਆ ਜਿਸ ਨੇ ਸਾਰਾ ਕੁਝ ਉਲਟ-ਪੁਲਟ ਕਰ ਦਿੱਤਾ। ਰਾਸ਼ਟਰਪਤੀ ਰਾਜ ਸਿਤੰਬਰ 1985 ਤੱਕ ਚੱਲਿਆ ਜਦੋਂ ਇੰਦਰਾ ਗਾਂਧੀ ਦੇ 1984 ਚ’ ਹੋਏ ਕਤਲ ਮਗਰੋਂ ਪ੍ਰਧਾਨ-ਮੰਤਰੀ ਬਣੇ ਰਾਜੀਵ ਗਾਂਧੀ ਨੇ ਪੰਜਾਬ ਦੇ ਲੀਡਰਾਂ ਨਾਲ 20 ਜੁਲਾਈ 1985 ਨੂੰ ‘ਪੰਜਾਬ ਸਮਝੌਤਾ’ ਕੀਤਾ ਜਿਸ ਦੀ ਇਕ ਸ਼ਰਤ ਵੀ ਹਾਲੇ ਤੱਕ ਲਾਗੂ ਨਹੀਂ ਹੋਈ। ਸੰਤ ਲੌਂਗੋਵਾਲ ਨੂੰ ਪੰਜਾਬ ਸਮਝੌਤੇ ਦੇ ਇਕ ਮਹੀਨੇ ਬਆਦ 20 ਅਗਸਤ 85 ਨੂੰ ਸੰਤ ਨੂੰ ਮਾਰ ਦਿੱਤਾ ਗਿਆ ਜਿਸ ਨਾਲ ‘ਸਮਝੌਤਾ ਤਾਰ-ਤਾਰ ਹੋ ਗਿਆ। ਸਾਲ 1992 ‘ਚ ਬਣੀ ਬੇਅੰਤ ਸਿੰਘ ਦੀ ਸਰਕਾਰ ਨੇ ਅੱਤਵਾਦ ਉਪਰ ਤਾਂ ਕਾਬੂ ਪਾ ਲਿਆ ਸੀ ਪਰ ਸੁੱਕੇ ਦੇ ਨਾਲ-ਨਾਲ ਬਹੁਤਾ ਗਿੱਲਾ ਵੀ ਉਸ ਅੱਗ ਵਿਚ ਸਾੜ ਦਿੱਤਾ ਗਿਆ।

ਇਸੇ ਦੌਰਾਨ ਪੰਜਾਬ ਨੇ ਬਹੁਤ ਸਾਰੇ ਚੰਗੇ ਲੋਕ ਗਵਾ ਲਏ। ਨਾ ਪੰਜਾਬ ਦੇ ਹੱਥ ਚੰਡੀਗੜ੍ਹ ਲੱਗਿਆ ਨਾ ਪੰਜਾਬੀ ਇਲਾਕੇ ਵਾਪਸ ਮਿਲੇ  ਅਤੇ ਨਾ ਹੀ ਪੰਜਾਬ ਦੇ ਪਾਣੀ ਬਚੇ ; 1966 ਵਾਂਗ ਲੀਡਰਾਂ, ਨਸ਼ੇ ਦੇ ਮਾਫੀਏ, ਗੈਂਗਸਟਰਾਂ, ਬੇਰੁਜ਼ਗਾਰੀ, ਰਿਸ਼ਵਤਖੋਰੀ, ਲੁੱਟਾਂ-ਖੋਹਾਂ, ਕਿਸਾਨ-ਖੁਦਕੁਸ਼ੀਆ, ਮਾਫ਼ੀਆ, ਨਸ਼ੇ ਕਾਰਨ ਹੋ ਰਹੀਆਂ ਮੌਤਾਂ, ਧਰਤੀ ਹੇਠਲੇ ਖਤਮ ਹੋ ਰਹੇ ਪਾਣੀ, ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਕਾਰਨ ਜਾ ਰਹੇ ਪੰਜਾਬੀਆਂ ਕਾਰਨ ਖਾਲੀ ਹੋ ਰਹੇ ਘਰਾਂ ਦੇ ਘਰ, ਪੰਜਾਬ ਵਿੱਚ ਲਾਵਾਰਿਸ ਹੋ ਰਿਹਾ ਬੁਢਾਪਾ, ਇਮੀਗਰੇਸ਼ਨ ਏਜੰਟਾ ਹੱਥੋ ਹੋ ਰਹੀ ਪੰਜਾਬੀਆਂ ਦੀ ਲੁੱਟ, ਨਕਲੀ ਵਿਆਹਾਂ ਰਾਹੀਂ ਹੋ ਰਹੀ ਲੱਟ,ਪੰਜਾਬੀਆਂ ਵਿੱਚ ਫੋਕੇ ਵਿਖਾਵੇ ਲਈ ਵੱਧ ਰਹੀ ਫ਼ੁਕਰਾ-ਪੰਥੀ, ਨਿੱਜੀ ਸਿੱਖਿਆ ਸੰਸਥਾਵਾਂ ‘ਚੋਂ ਅੱਧ-ਅਧੂਰੀਆਂ ਡਿਗਰੀਆਂ ਲੈਕੇ ਧੱਕੇ ਖਾਂਦੇ ਫਿਰਦੇ ਇੰਜੀਨੀਅਰ ਅਤੇ ਦੂਜੇ ਨੌਜਵਾਨ ਆਦਿ ਕਾਰਨਾਂ ਕਰਕੇ  ਪੰਜਾਬ ਫਿਰ ਲੁੱਟਿਆਂ-ਪੁੱਟਿਆ ਢੌਰ-ਭੌਰਾ ਹੋਇਆ ਪਿਆ ਹੈ।

ਦੇਸ਼ ਦਾ ਢਿੱਡ ਭਰਨ ਅਤੇ ਦੇਸ਼ ਦੀ ਰਾਖੀ ਲਈ ਸਰਹੱਦਾਂ ‘ਤੇ ਸ਼ਹੀਦ ਹੋਣ ਵਾਲਾ ਪੰਜਾਬ ਹਮੇਸ਼ਾ ਹੀ ਨਿਡਰ ਲੀਡਰਸ਼ਿਪ ਤੋਂ ਬਿਨ੍ਹਾਂ ਹਰ ਪਾਸਿਓਂ ਹੀ ਮਾਰ ਖਾਂਦਾ ਰਿਹਾ ਹੈ। ਅੱਜ ਸਾਡੇ ਲੀਡਰ, ਫਿਰ ਲੋਕਾਂ ਨੂੰ ਉਲੂ ਬਣਾਉਣ ਖਾਤਰ ਸੰਗਰੂਰ ਲੋਕਸਭਾ ਚੋਣ ਲੜਨ ਲਈ ਏਜੰਡੇ ਲੱਭਦੇ ਫਿਰਦੇ ਹਨ। ਕੀ ਉਪਰ ਦੱਸੇ ਏਜੰਡੇ ਲੱਭਣ ਲਈ ਕੋਈ ਐਨਕ ਲਾਉਣੀ ਪਵੇਗੀ  ਜਾਂ ਕਿ ਪੰਜਾਬ ਨੂੰ ਸ਼ਾਂਤੀ ‘ਚ ਨਾ ਰਹਿਣ ਦੀ ਸਾਡੇ ਲੀਡਰਾਂ ਨੇ ਕਸਮ ਖਾਧੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button