Press ReleaseBreaking NewsD5 specialNewsPunjab

ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਜਲਦ, ਭਰਤੀ ਹੋਣ ਦੇ ਚਾਹਵਾਨ ਤਿਆਰੀਆਂ ਸ਼ੁਰੂ ਕਰਨ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚਾਹਵਾਨ ਉਮੀਦਵਾਰਾਂ ਨੂੰ ਤਿਆਰੀ ਲਈ ਜਨਤਕ ਥਾਵਾਂ, ਪਾਰਕ, ਸਟੇਡੀਅਮ ਅਤੇ ਪੁਲਿਸ ਲਾਈਨਜ਼ ਦੇ ਗਰਾਊਂਡ ਵਰਤਣ ਦੀ ਆਗਿਆ
ਡੀ.ਜੀ.ਪੀ. ਦਿਨਕਰ ਗੁਪਤਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਮੌਕੇ ਦਾ ਪੂਰਾ ਲਾਹਾ ਲੈਣ ਲਈ ਕੀਤਾ ਪ੍ਰੇਰਿਤ
ਚੰਡੀਗੜ੍ਹ:ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਪੁਲਿਸ ਵਿਚ ਕਾਂਸਟੇਬਲਾਂ, ਹੈੱਡ ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਲਈ ਪ੍ਰਵਾਨਗੀ ਦਿੱਤੇ ਜਾਣ ਨਾਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਚਾਹਵਾਨ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਅਤੇ ਸਰੀਰਕ ਜਾਂਚ ਟੈਸਟਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਭਰਤੀ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ।
ਪੰਜਾਬ ਦੇ ਮੁੱਖ ਮੰਤਰੀ ਨੇ 20 ਮਾਰਚ, 2021 ਨੂੰ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ 10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਸਬ-ਇੰਸਪੈਕਟਰ, ਹੈਡ ਕਾਂਸਟੇਬਲ ਅਤੇ ਕਾਂਸਟੇਬਲ ਪੱਧਰ ‘ਤੇ ਵੱਖ-ਵੱਖ ਕਾਡਰਾਂ ਵਿੱਚ ਕੀਤੀ ਜਾਵੇਗੀ ਜਿਸ ਵਿੱਚ 33 ਫੀਸਦੀ ਮਹਿਲਾਵਾਂ ਹੋਣਗੀਆਂ, ਤਾਂ ਜੋ ਪੁਲਿਸ ਦੀ ਤਾਇਨਾਤੀ ਨੂੰ ਮਜ਼ਬੂਤੀ ਦੇਣ ਦੇ ਨਾਲ ਨਾਲ ਪ੍ਰਭਾਵਸ਼ਾਲੀ ਪੁਲਿਸਿੰਗ ਨੂੰ ਵੀ ਯਕੀਨੀ ਬਣਾਇਆ ਜਾ ਸਕੇ। ਇਹਨਾਂ ਕਾਡਰਾਂ ਵਿਚ ਜ਼ਿਲ੍ਹਾ, ਆਰਮਡ, ਇਨਵੈਸਟੀਗੇਸ਼ਨ, ਇੰਟੈਲੀਜੈਂਸ ਅਤੇ ਤਕਨੀਕੀ ਸਹਾਇਤਾ ਸੇਵਾਵਾਂ ਸ਼ਾਮਲ ਹਨ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਆਉਂਦੇ 2-3 ਮਹੀਨਿਆਂ ਵਿੱਚ ਵੱਖ ਵੱਖ ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜੋ ਕਿ ਇਸ ਮੰਤਵ ਲਈ ਗਠਿਤ ਕੀਤੇ ਗਏ ਵੱਖ ਵੱਖ ਰਾਜ ਪੱਧਰੀ ਭਰਤੀ ਬੋਰਡਾਂ ਦੁਆਰਾ ਕੀਤੀ ਜਾਵੇਗੀ।ਸਬ-ਇੰਸਪੈਕਟਰਾਂ ਅਤੇ ਹੈੱਡ ਕਾਂਸਟੇਬਲਾਂ ਦੀ ਭਰਤੀ ਨਾਲ ਸਬੰਧਤ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਚਾਹਵਾਨ ਉਮੀਦਵਾਰਾਂ (ਪੁਰਸ਼ ਜਾਂ ਮਹਿਲਾਵਾਂ ਦੋਵੇਂ) ਕੋਲ ਘੱਟੋ ਘੱਟ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਅਤੇ 1 ਜਨਵਰੀ, 2021 ਤੱਕ 28 ਸਾਲ ਤੱਕ ਦੀ ਉਮਰ ਹੋਣੀ ਚਾਹੀਦੀ ਹੈ (ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਸ਼੍ਰੇਣੀਆਂ ਲਈ ਢਿੱਲ ਦਿੱਤੀ ਜਾਵੇਗੀ)।
ਇਸੇ ਤਰ੍ਹਾਂ ਕਾਂਸਟੇਬਲ ਦੇ ਅਹੁਦੇ ਲਈ ਚਾਹਵਾਨ ਉਮੀਦਵਾਰਾਂ (ਪੁਰਸ਼ ਜਾਂ ਮਹਿਲਾਵਾਂ ਦੋਵੇਂ) ਜਿਨ੍ਹਾਂ ਦੀ ਉਮਰ 1 ਜਨਵਰੀ, 2021 ਤੱਕ 18-28 ਸਾਲ ਉਮਰ ਵਰਗ ਵਿੱਚ ਆਉਂਦੀ ਹੈ (ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਸ਼੍ਰੇਣੀਆਂ ਲਈ ਢਿੱਲ ਦਿੱਤੀ ਜਾਵੇਗੀ) ਅਤੇ ਬਾਰ੍ਹਵੀਂ ਤੱਕ ਦੀ ਵਿੱਦਿਅਕ ਯੋਗਤਾ ਹੋਵੇ, ਉਹ ਪੰਜਾਬ ਪੁਲਿਸ ਵਿਚ ਕਾਂਸਟੇਬਲਾਂ ਦੀਆਂ ਅਸਾਮੀਆਂ ਲਈ ਯੋਗ ਹੋਣਗੇ।ਡੀਜੀਪੀ ਨੇ ਅੱਗੇ ਕਿਹਾ ਕਿ ਸਿਰਫ ਘੱਟੋ ਘੱਟ ਸਰੀਰਕ ਮਾਪ ਸਬੰਧੀ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ, ਜਿਸ ਵਿੱਚ ਪੁਰਸ਼ ਉਮੀਦਵਾਰਾਂ ਲਈ 5 ਫੁੱਟ 7 ਇੰਚ ਕੱਦ ਅਤੇ ਮਹਿਲਾ ਉਮੀਦਵਾਰਾਂ ਲਈ 5 ਫੁੱਟ 2 ਇੰਚ ਕੱਦ, ਸ਼ਾਮਲ ਹੈ, ਨੂੰ ਸਰੀਰਕ ਜਾਂਚ ਟੈਸਟ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਸ ਟੈਸਟ ਵਿੱਚ ਦੌੜ (ਪੁਰਸ਼ਾਂ ਲਈ 1600 ਮੀਟਰ ਅਤੇ ਮਹਿਲਾਵਾਂ ਲਈ 800 ਮੀਟਰ), ਉੱਚੀ ਛਾਲ ਅਤੇ ਲੰਮੀ ਛਾਲ ਸ਼ਾਮਲ ਹੋਵੇਗੀ। ਇਸ ਦੌਰਾਨ, ਸਰੀਰਕ ਜਾਂਚ ਸਬੰਧੀ ਟੈਸਟ ਦੇ ਮਾਪਦੰਡ ਮਹਿਲਾ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਲਈ ਵੱਖਰੇ ਹੋਣਗੇ ਅਤੇ ਵੇਰਵੇ ਵੱਖਰੇ ਤੌਰ ‘ਤੇ ਦਿੱਤੇ ਜਾਣਗੇ।
ਕਾਂਸਟੇਬਲਾਂ, ਹੈਡ ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਲਈ ਓਬਜੈਕਟਿਵ ਟਾਇਪ ਲਿਖਤੀ ਟੈਸਟਾਂ ਵਿੱਚ ਆਮ ਗਿਆਨ ਦੇ ਅਧਾਰ ‘ਤੇ ਬਹੁ-ਵਿਕਲਪੀ ਪ੍ਰਸ਼ਨ ਸ਼ਾਮਲ ਹੋਣੇਗੇ ਜਿਹਨਾਂ ਵਿੱਚ ਭਾਰਤੀ ਸੰਵਿਧਾਨ, ਭਾਰਤ ਅਤੇ ਪੰਜਾਬ ਦਾ ਇਤਿਹਾਸ, ਸਭਿਆਚਾਰ ਅਤੇ ਰਾਜਨੀਤੀ, ਵਿਗਿਆਨ ਅਤੇ ਤਕਨਾਲੋਜੀ, ਭਾਰਤੀ ਅਰਥਵਿਵਸਥਾ, ਭੂਗੋਲ ਅਤੇ ਵਾਤਾਵਰਣ, ਕੰਪਿਊਟਰ ਸਬੰਧੀ ਜਾਣਕਾਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚਲੰਤ ਮਾਮਲੇ ਆਦਿ ਸ਼ਾਮਲ ਹੋਣਗੇ।
ਉਮੀਦਵਾਰਾਂ ਨੂੰ ਕੁਆਂਟੀਟੇਟਿਵ ਅਤੇ ਨੁਮੈਰੀਸੀ ਸਕਿੱਲਜ਼ ਦਾ ਅਭਿਆਸ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ, ਜਿਸ ਵਿਚ ਅੰਸ਼, ਅਨੁਪਾਤ, ਪ੍ਰਤਿਸ਼ਤਤਾ, ਸਮੀਕਰਣਾਂ ਆਦਿ ਤੋਂ ਇਲਾਵਾ ਐਨਾਲੀਟੀਕਲ ਰੀਜ਼ਨਿੰਗ ਅਤੇ ਪ੍ਰਾਬਲਮ ਸਾਲਵਿੰਗ ਵੀ ਸ਼ਾਮਲ ਹਨ ਜੋ ਇਸ ਦੇ ਨਾਲ ਆਉਣਗੇ ਅਤੇ ਇਹਨਾਂ ਵਿੱਚ ਸਟੇਟਮੈਂਟ ਅਤੇ ਕਨਕਲੂਸ਼ਨ, ਸੀਕਵੈਂਸਿੰਗ, ਕਲਾਸੀਫਿਕੇਸ਼ਨ ਆਦਿ ਸ਼ਾਮਲ ਹੋਣਗੇ। ਇਸੇ ਤਰ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਆਪਣੀ ਭਾਸ਼ਾ ਅਤੇ ਕੰਪਰੀਹੈਂਸ਼ਨ ਦੀਆਂ ਮੁਹਾਰਤਾਂ ਦਾ ਵੀ ਅਭਿਆਸ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਵਿਚ ਸਟਰੱਕਚਰਿੰਗ, ਸ਼ਬਦਾਵਲੀ, ਪੈਰ੍ਹਾ ਅਧਾਰਤ ਪ੍ਰਸ਼ਨ ਆਦਿ ਸ਼ਾਮਲ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਇੱਕ ਵਾਰ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈਣ ਅਤੇ ਲਿਖਤੀ ਤੇ ਸਰੀਰਕ ਜਾਂਚ ਸਬੰਧੀ ਟੈਸਟ ਦੀਆਂ ਤਿਆਰੀਆਂ ਨੂੰ ਪੂਰੀ ਸ਼ਿੱਦਤ ਨਾਲ ਸ਼ੁਰੂ ਕਰਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਨੌਜਵਾਨਾਂ ਨੂੰ ਅਭਿਆਸ/ਤਿਆਰੀ ਲਈ ਜਨਤਕ ਥਾਵਾਂ, ਜਨਤਕ ਪਾਰਕ, ਸਟੇਡੀਅਮ ਅਤੇ ਪੁਲਿਸ ਲਾਈਨ ਮੈਦਾਨਾਂ ਆਦਿ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button