Press ReleasePunjabTop News

ਪੰਜਾਬ ਦੇ ਸਿਹਤ ਮੰਤਰੀ ਚੇਤੰਨ ਸਿੰਘ ਜੌੜੇਮਾਜਰਾ ਵੱਲੋਂ ਮੋਰਿੰਡਾ ਦੇ ਹਸਪਤਾਲ ਦਾ ਅਚਨਚੇਤ ਦੌਰਾ

ਗੰਦਗੀ ਦੇਖ ਆਏ ਤੈਸ਼ ਵਿੱਚ , ਹਫਤੇ ਵਿੱਚ ਠੀਕ ਕਰਨ ਦੇ ਦਿੱਤੇ ਆਦੇਸ਼ ਪੱਖੇ ਠੀਕ ਕਰਵਾਉਣ ਲਈ ਜੇਬ ਵਿਚੋਂ ਦਿੱਤੇ ਦਸ ਹਜਾਰ ਰੁਪਏ

ਮੋਰਿੰਡਾ : ਪੰਜਾਬ ਦੇ ਸਿਹਤ ਮੰਤਰੀ ਸ: ਚੇਤੰਨ ਸਿੰਘ ਜੌੜੇਮਾਜਰਾ ਨੇ ਅੱਜ ਮੋਰਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਹਸਪਤਾਲ ਵਿੱਚ ਬਹੁਤ ਸਾਰੀਆਂ ਖਾਮੀਆਂ ਪਾਈਆਂ ਤੇ ਇਨ੍ਹਾਂ ਖਾਮੀਆਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਦੂਰ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।ਇਸ ਮੌਕੇ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਵੀ ਸਿਹਤ ਮੰਤਰੀ ਦੇ ਨਾਲ ਸਨ।

ਬਿਨਾਂ ਕਿਸੇ ਸਵਾਗਤੀ ਰਸਮਾਂ ਦੇ ਸਿਹਤ ਮੰਤਰੀ ਨੇ ਸਭ ਤੋਂ ਪਹਿਲਾਂ ਹਫ਼ਤਾ ਦੇ ਚਾਰ ਚੁਫੇਰੇ ਪਈ ਗੰਦਗੀ ਦਾ ਸਖ਼ਤ ਨੋਟਿਸ ਲੈਂਦਿਆਂ ਮੋਰਿੰਡਾ ਦੇ ਐੱਸਡੀਐੱਮ ਤੇ ਹਸਪਤਾਲ ਦੇ ਐਸਐਮਓ ਨੂੰ ਫਿਟਕਾਰ ਲਾਉਂਦਿਆਂ ਇਸ ਨੂੰ ਤੁਰੰਤ ਦੂਰ ਕਰਵਾਉਣ ਦੇ ਆਦੇਸ਼ ਦਿੱਤੇ । ਉਨ੍ਹਾਂ ਹਸਪਤਾਲ ਦੀ ਪੁਰਾਣੀ ਅਸੁਰੱਖਿਅਤ ਘੋਸ਼ਿਤ ਇਮਾਰਤ ਸਮੇਤ ਹਸਪਤਾਲ ਦੇ ਅਹਾਤੇ ਅੰਦਰ ਕਬਾੜ ਬਣੀਆਂ ਖੜ੍ਹੀਆਂ ਐਂਬੂਲੈਂਸਾਂ, ਹਸਪਤਾਲ ਦੀ ਟੁੱਟੀ ਚਾਰਦੀਵਾਰੀ , ਸੀਵਰੇਜ ਅਤੇ ਬਰਸਾਤੀ ਪਾਣੀ ਦੇ ਹਸਪਤਾਲ ਅੰਦਰ ਜਮ੍ਹਾਂ ਹੋਏ ਗੰਦੇ ਪਾਣੀ, ਹਸਪਤਾਲ ਦੇ ਬਾਥਰੂਮ, ਪੀਣ ਵਾਲੇ ਪਾਣੀ ਸਬੰਧੀ ਪ੍ਰਬੰਧ , ਮਰੀਜ਼ਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ, ਮਰੀਜ਼ਾਂ ਨੂੰ ਮਿਲਦੀਆਂ ਦਵਾਈਆਂ ਅਤੇ ਹੋ ਰਹੇ ਟੈਸਟਾਂ ਬਾਰੇ , ਘੱਟ ਰਫਤਾਰ ਤੇ ਚੱਲਦੇ ਪੱਖੇ , ਡਾਕਟਰਾਂ ਵੱਲੋਂ ਚੈੱਕ ਕੀਤੇ ਜਾਂਦੇ ਮਰੀਜ਼ਾਂ ਨਾਲ ਅਤੇ ਵੱਖ ਵੱਖ ਵਾਰਡਾਂ ਵਿਚ ਦਾਖਲ ਮਰੀਜ਼ਾਂ ਨਾਲ ਗੱਲ ਕਰਕੇ ਹਸਪਤਾਲ ਦੀਆਂ ਖਾਮੀਆਂ ਦਾ ਪਤਾ ਲਗਾਕੇ ਹਸਪਤਾਲ ਦੇ ਐੱਸਐੱਮਓ ਡਾ ਮਨਜੀਤ ਸਿੰਘ ਨੂੰ ਜਿੱਥੇ ਹਸਪਤਾਲ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਆਦੇਸ਼ ਦਿੱਤੇ ਉਥੇ ਹੀ ਆਪਣੀ ਜੇਬ ਵਿੱਚੋਂ ਦੱਸ ਹਜ਼ਾਰ ਰੁਪਏ ਦੇ ਕੇ ਪੱਖੇ ਆਦਿ ਠੀਕ ਕਰਵਾਉਣ ਦੀ ਹਦਾਇਤ ਕੀਤੀ।

ਇਸ ਮੌਕੇ ਤੇ ਸਿਹਤ ਮੰਤਰੀ ਨੇ ਮੋਰਿੰਡਾ ਦੇ ਐੱਸਡੀਐੱਮ ਨੂੰ ਹਦਾਇਤ ਕੀਤੀ ਕਿ ਸਥਾਨਕ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਨਾਲ ਤਾਲਮੇਲ ਕਰਕੇ ਹਸਪਤਾਲ ਦੇ ਅਹਾਤੇ ਵਿੱਚ ਪਈ ਗੰਦਗੀ ਅਤੇ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਤੁਰੰਤ ਹੱਲ ਕਰਵਾਇਆ ਜਾਵੇ । ਇਸ ਮੌਕੇ ਤੇ ਇਕ ਮਰੀਜ਼ ਨੇ 150 ਰੁਪਏ ਪ੍ਰਤੀ ਦਿਨ ਬਿਸਤਰਾ ਚਾਰਜ ਲੈਣ ,ਅਤੇ ਇਕ ਹੋਰ ਨੇ ਇਕ ਡਾਕਟਰ ਵੱਲੋਂ ਮਰੀਜ਼ਾਂ ਦੇ ਬੇਲੋੜੇ ਅਲਟਰਾਸਾਊਂਡ ਕਰਾਉਣ ਅਤੇ ਬਾਹਰੋਂ ਟੈਸਟ ਕਰਵਾਉਣ ,ਬਾਹਰੋਂ ਦਵਾਈਆਂ ਲਿਖਣ ਬਾਰੇ ਵੀ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ । ਜਿਸ ਤੇ ਉਨ੍ਹਾਂ ਤੁਰੰਤ ਜ਼ਿਲ੍ਹੇ ਦੇ ਸੀਐਮਓ ਨੂੰ ਧਿਆਨ ਦੇਣ ਦੀ ਹਦਾਇਤ ਕੀਤੀ ।

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਸ: ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸਿਹਤ ਸਿੱਖਿਆ ਨੂੰ ਪਹਿਲੀ ਤਰਜੀਹ ਵਜੋਂ ਰੱਖਿਆ ਗਿਆ ਹੈ । ਸਰਕਾਰ ਦੀ ਇਸ ਨੀਤੀ ਨੂੰ ਲਾਗੂ ਕਰਨ ਲਈ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਉਹ ਜ਼ਮੀਨੀ ਪੱਧਰ ਤੇ ਹਸਪਤਾਲਾਂ ਵਿੱਚ ਜਾ ਕੇ ਉੱਥੋਂ ਦੀਆਂ ਮੁਸ਼ਕਲਾ ਨੂੰ ਦੇਖ ਰਹੇ ਹਨ ਤੇ ਉਨ੍ਹਾਂ ਨੂੰ ਦੂਰ ਕਰਨ ਦੇ ਯਤਨ ਕਰ ਰਹੇ ਹਨ , ਸਿਹਤ ਮੰਤਰੀ ਨੇ ਕਿਹਾ ਕਿ ਕਈ ਵਾਰੀ ਆਪਸੀ ਤਾਲਮੇਲ ਦੀ ਘਾਟ ਕਾਰਨ ਸਮੱਸਿਆਵਾਂ ਹੱਲ ਕਰਨ ਵਿਚ ਸਮਾਂ ਲੱਗ ਜਾਂਦਾ ਹੈ ਪਰੰਤੂ ਆਉਣ ਵਾਲੇ ਹਫਤੇ ਵਿੱਚ ਮੋਰਿੰਡਾ ਦੇ ਸਿਵਲ ਹਸਪਤਾਲ ਦੀ ਸਾਫ਼ ਸਫ਼ਾਈ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ।

ਸੂਬੇ ਦੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀਆਂ ਤੇ ਹੋਰ ਸਿਹਤ ਕਾਮਿਆਂ ਦੀਆਂ ਖਾਲੀ ਪਈਆਂ ਅਸਾਮੀਆਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਖਾਲੀ ਪਈਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਉੱਥੇ ਹੀ 15 ਅਗਸਤ ਤੋ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਹੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਇਸ ਮੌਕੇ ਤੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਸਿਹਤ ਮੰਤਰੀ ਨੂੰ ਮੰਗ ਪੱਤਰ ਦਿੱਤਾ ।ਜਿਸ ਦਿਨ ਸਿਹਤ ਮੰਤਰੀ ਨੇ ਇਨ੍ਹਾਂ ਕਾਮਿਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਬੜੀ ਜਲਦੀ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਸਰਕਾਰ ਵੱਲੋਂ ਗਠਿਤ ਕੀਤੀ ਕੈਬਨਿਟ ਸਬ ਕਮੇਟੀ ਦੀਆਂ ਮੀਟਿੰਗਾਂ ਨਿਰੰਤਰ ਜਾਰੀ ਹਨ ।
ਇਸ ਮੌਕੇ ਤੇ ਸਿਹਤ ਮੰਤਰੀ ਦੇ ਦੌਰੇ ਸਬੰਧੀ ਗੱਲ ਕਰਦਿਆਂ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਅਤੇ ਦਵਾਈਆਂ ਪੂਰੀਆਂ ਹਨ ਤੇ ਸਾਫ਼ ਸਫ਼ਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਮੌਕੇ ਸਥਾਨਕ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਦੀ ਗ਼ੈਰਹਾਜ਼ਰੀ ਸਬੰਧੀ ਗੱਲ ਕਰਦਿਆਂ ਐਸਡੀਐਮ ਸ੍ਰੀ ਅਮਰੀਕ ਸਿੰਘ ਸਿੱਧੂ ਨੇ ਕਿਹਾ ਕਿ ਸਬੰਧਤ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਜਾਵੇਗੀ।

ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਡਾ ਪਰਮਿੰਦਰ ਕੁਮਾਰ ਸੀਐੱਮਓ ਰੋਪੜ , ਡਾ: ਮਨਜੀਤ ਸਿੰਘ ਐਸਐਮਓ ਮੋਰਿੰਡਾ , ਸ੍ਰੀ ਅਵਤਾਰ ਸਿੰਘ ਸਿੱਧੂ ਐੱਸਡੀਐੱਮ ਮੋਰਿੰਡਾ , ਸ੍ਰੀ ਗੁਰਮਿੰਦਰ ਸਿੰਘ ਤਹਿਸੀਲਦਾਰ ਮੋਰਿੰਡਾ ,ਡਾ ਹਰਕੀਰਤ ਸਿੰਘ ਐਸਐਚਓ ਸਿਟੀ ਮੋਰਿੰਡਾ ,ਸ੍ਰੀ ਐੱਨ ਪੀ ਰਾਣਾ, ਨਿਰਮਲਪ੍ਰੀਤ ਸਿੰਘ ਮਿਹਰਵਾਨ ਕੰਪਲੇਂਟ ਇੰਚਾਰਜ, ਕ੍ਰਿਸ਼ਨ ਕੁਮਾਰ ਰਾਣਾ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਚੈੜੀਆਂ ਬਲਾਕ ਪ੍ਰਧਾਨ,ਕੁਲਦੀਪ ਸਿੰਘ ਮੰਡੇਰ ਬਰਿੰਦਰਜੀਤ ਸਿੰਘ ਪੀ ਏ , ਸਕਿੰਦਰ ਸਿੰਘ ਬਲਾਕ ਪ੍ਰਧਾਨ, ਰਜਿੰਦਰ ਸਿੰਘ ਰਿੰਕੂ ,ਮਾਸਟਰ ਕਮਲ ਗੋਪਾਲਪੁਰ, ਯੂਥ ਆਗੂ ਨਵਦੀਪ ਸਿੰਘ ਟੋਨੀ, ਦਵਿਂਦਰ ਬੇਲਾਸਨ, ਮਨਜੀਤ ਕੌਰ, ਅੰਮ੍ਰਿਤਪਾਲ ਕੌਰ ਨਾਗਰਾ, ਬਲਵਿੰਦਰ ਕੁਮਾਰ ਬਿੱਟੂ, ਮਜੀਦ ਮੋਨੂੰ ਖ਼ਾਨ, ਸੁਖਮਿੰਦਰ ਸਿੰਘ, ਭੂਸ਼ਨ ਰਾਣਾ, ਕੁਲਦੀਪ ਰਾਏ ਸੂਦ, ਜਸਵਿੰਦਰ ਸਿੰਘ ਰਸੂਲਪੁਰ, ਰਵਿੰਦਰ ਸਿੰਘ ਗਿੱਲ ਯੂਥ ਪ੍ਰਧਾਨ, ਫਰਿਆਦ ਅਲੀ, ਗੁਰਵਿੰਦਰ ਸਿੰਘ ਔਲਖ, ਐਡਵੋਕੇਟ ਕੁਲਵਿੰਦਰ ਸਿੰਘ , ਨਿਰਵੈਲ ਸਿੰਘ ਚੈੜੀਆਂ, ਸੁਰਿੰਦਰ ਸਿੰਘ ਚੇਅਰਮੈਨ,ਬਲਬੀਰ ਕੌਰ, ਅਤੇ ਪ੍ਰੇਮ ਸਿੰਘ ਨਾਗਰਾ ਆਦਿ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button