ਪੰਜਾਬ ਦੀ ਦੇਗ ਦੇ ਚੌਲ਼ ਹਾਲੇ ਕੱਚੇ
ਅਮਰਜੀਤ ਸਿੰਘ ਵੜੈਚ (94178-01988)
ਪੰਜਾਬ ਨੇ ਦੋ ਮਹੱਤਵਪੂਰਣ ਅਤੇ ਗੰਭੀਰ ਚਿੰਤਾ ਵਾਲੀਆਂ ਦੋ ਖ਼ਬਰਾਂ ਬਿਨ੍ਹਾਂ ਚਰਚਾ ਕੀਤਿਆਂ ਹੀ ਲੰਘਾ ਦਿੱਤੀਆਂ ਹਨ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬੀ ਮੀਡੀਆ ਬੜੀ ‘ਗੰਭੀਰਤਾ’ ਨਾਲ ਪੰਜਾਬ ਵਿਚਲੀ ਕਾਨੂੰਨ ਅਤੇ ਅਮਨ ਦੀ ਸਥਿਤੀ ਬਾਰੇ ‘ਚਰਚਾਵਾਂ’ ਕਰਦਾ ਆ ਰਿਹਾ ਹੈ : ਇਹ ਦੋ ਖ਼ਬਰਾਂ ਸਨ ; ਪਹਿਲੀ ਕਿ ਪੰਜਾਬ ਵਿੱਚ ਲੜਕੀਆਂ ਦੀ ਸਿੱਖਿਆ ਹਾਲੇ ਵੀ ਲੜਕਿਆਂ ਦੇ ਮੁਕਾਬਲੇ ਘੱਟ ਹੈ। ਨੈਸ਼ਨਲ ਫ਼ੈਮਲੀ ਹੈਲਥ ਸਰਵੇ-5(2019-21) ਅਨੁਸਾਰ ਪੰਜਾਬ ਵਿੱਚ ਸਿਰਫ਼ 56 ਫ਼ੀਸਦ ਲੜਕੀਆਂ ਹੀ 10 ਸਾਲਾਂ ਜਾਂ ਇਸ ਤੋਂ ਵੱਧ ਉਮਰ ਤੱਕ ਹੀ ਸਕੂਲ ਜਾਂਦੀਆਂ ਹਨ। ਪੰਜਾਬ ਵਿੱਚ 46 ਫ਼ੀਸਦ ਲੜਕੀਆਂ ਉੱਚ-ਵਿੱਦਿਆ ਤੱਕ ਪਹੁੰਚਦੀਆਂ ਹੀ ਨਹੀਂ – ਅਫ਼ਸੋਸ ! ਪੰਜਾਬ ਵਿੱਚ ਉਂਝ ਹਰ ਸਾਲ ਕੁੜੀਆਂ ਦੀ ਲੋਹੜੀ ਮਨਾਈ ਜਾਂਦੀ ਹੈ !
ਦੂਜੀ ਖ਼ਬਰ ਵੀ ਅਫ਼ਸੋਸ ਵਾਲੀ ਹੀ ਹੈ। ਕੇਂਦਰ ਸਰਕਾਰ ਵੱਲੋਂ 2018 ਵਿੱਚ ‘ਖੇਲੋ ਇੰਡੀਆ’ ਪ੍ਰੋਗਰਾਮ ਤਹਿਤ ਪੰਜਾਬ ਹੁਣ ਤੱਕ ਕਦੇ ਵੀ ਪਹਿਲੇ ਸਥਾਨ ‘ਤੇ ਨਹੀਂ ਆ ਸਕਿਆ। ‘ਖੇਲੋ ਇੰਡੀਆ’ ਦਾ ਚੌਥਾ ‘ਅਡੀਸ਼ਨ 2021’ ਇਸੇ ਮਹੀਨੇ ਹਰਿਆਣੇ ਦੇ ਪੰਚਕੂਲਾ ਵਿੱਚ ਸਮਾਪਤ ਹੋਇਆ ਹੈ ਜਿਸ ਵਿੱਚ ਸਾਡਾ ‘ਰੰਗਲਾ ਪੰਜਾਬ’ ਨੌਵੇਂ ਸਥਾਨ ‘ਤੇ ਰਿਹਾ। ਇਨ੍ਹਾਂ ਖੇਡਾਂ ‘ਚ ਹਰਿਆਣਾ 52 ਸੋਨੇ ਦੇ ਮੈਡਲਾਂ ਨਾਲ ਪਹਿਲੇ, 45 ਸੋਨੇ ਦੇ ਮੈਡਲਾਂ ਨਾਲ ਮਹਾਂਰਾਸ਼ਟਰ ਦੂਜੇ ਅਤੇ 22 ਸੋਨੇ ਦੇ ਮੈਡਲਾਂ ਨਾਲ ਕਰਨਾਟਕਾ ਤੀਜੇ ਸਥਾਨ ‘ਤੇ ਰਿਹਾ। ਮਨੀਪੁਰ 19 ਸੋਨੇ ਦੇ ਮੈਡਲ ਲੈਕੇ ਚੌਥੇ ਅਤੇ ਪੰਜਾਬ 11 ਸੋਨੇ ਦੇ ਮੈਡਲਾਂ ਨਾਲ ਨੌਵੇਂ ਸਥਾਨ ‘ਤੇ ਸੰਤੁਸ਼ਟ ਰਿਹਾ। ਗੁਹਾਟੀ ਵਿੱਚ 2020 ਦੀਆਂ ਇਨ੍ਹਾਂ ਖੇਡਾਂ ਵਿੱਚ ਪੰਜਾਬ 10ਵੇਂ ਸਥਾਨ ‘ਤੇ ਸੀ।
ਇਹ ਦੋਵੇਂ ਖ਼ਬਰਾਂ ਬਹੁਤੇ ਪੱਤਰਕਾਰਾਂ ਨੂੰ ਟੀਆਰਪੀ ਦੇ ਨੁਕਤੇ ਤੋਂ ਚੰਗੀਆਂ ਨਹੀਂ ਲੱਗੀਆਂ ਇਸ ਲਈ ਇਨ੍ਹਾਂ ਦਾ ਜ਼ਿਕਰ ਮੁੱਖ ਪੰਨਿਆਂ ਜਾਂ ‘ ਬਰੇਕਿੰਗ ਨਿਊਜ਼’ ਜਾਂ ‘ਅੱਜ ਦੀ ਸੱਭ ਤੋਂ ਵੱਡੀ ਖ਼ਬਰ’ ਨਹੀਂ ਲੱਗੀ ਹੋਣੀ। ਸਾਡੇ ਕੁਝ ਚੋਣਵੇਂ ਮੀਡੀਆ ਦੀ ਹਾਲਤ ਦੇਖੋ ; ਜਿਸ ਦਿਨ 16 ਮਾਰਚ ਨੂੰ ‘ਆਪ’ ਦੀਆਂ 92 ਸੀਟਾਂ ਨਾਲ ਜ਼ਬਰਦਸਤ ਜਿੱਤ ਹੋਈ ਉਸ ਦਿਨ ਵੀ ਪੰਜਾਬੀ ਟੀਵੀ ਚੈਨਲਾਂ ਦੀ ਬਰੇਕਿੰਗ ਸੀ ‘ਅੱਜ ਦੀ ਸਭ ਤੋਂ ਵੱਡੀ ਖ਼ਬਰ’ ਅਤੇ ਜਿਸ ਦਿਨ ਸਿੱਧੂ ਮੂਸੇਵਾਲੇ ਦੇ ਕਤਲ ਨੇ ਸਾਰਾ ਪੰਜਾਬ ‘ਸੁੰਨ’ ਕਰ ਦਿੱਤਾ ਸੀ ਉਸ ਦਿਨ ਵੀ ਟੀਵੀ ਚੈਨਲਾਂ ਦੀ ਬਰੇਕਿੰਗ ਸੀ ‘ਅੱਜ ਦੀ ਸਭ ਤੋਂ ਵੱਡੀ ਖ਼ਬਰ’। ਮੂਸੇਵਾਲਲੇ ਦੀ ਬਰੇਕਿੰਗ ਨਿਊਜ਼ ਦੇਣ ਲੱਗਿਆਂ ਕਈ ਚੈਨਲਾਂ ਵਾਲਿਆਂ ਨੂੰ ਸ਼ਬਦ ‘ਦੁੱਖ ਵਾਲੀ’ ਜਾਂ ‘ਅਫ਼ਸੋਸ’ ਸ਼ਬਦ ਲਾਉਣੇ ਚੰਗੇ ਨਹੀਂ ਲੱਗੇ।
ਖ਼ੈਰ ! ਪੰਜਾਬ ਦੀ ਧਰਤੀ ਦੇ ਜੰਮੇ-ਜਾਏ ਖੇਡਾਂ ਵਿੱਚ ਕਿਉਂ ਪਿੱਛੇ ਜਾ ਰਹੇ ਹਨ ਅਤੇ ਸਾਡੀਆਂ ਧੀਆਂ ਕਿਉਂ ਉੱਚ ਸਿੱਖਿਆ ਵਿੱਚ ਪਿੱਛੇ ਰਹਿ ਰਹੀਆਂ ਹਨ ਇਹ ਸਮਾਜ ਅਤੇ ਸਰਕਾਰ ਲਈ ਵੱਡੀ ਅਤੇ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਪੰਜਾਬ ਨੇ 2020-21 ‘ਚ ਦੇਸ਼ ਚੋਂ ਰਾਸ਼ਟਰੀ ਪੱਧਰ ਦੇ ਸਰਵੇਖਣ ‘ਚ ਸਕੂਲਾਂ ਵਿੱਚ ਪਹਿਲਾ ਦਰਜਾ ਹਾਸਿਲ ਕੀਤਾ ਸੀ ਪਰ ਹੁਣ ‘ਇੰਡੀਅਨ ਐਕਸਪ੍ਰੈਸ’ (14-6-22) ਵਿੱਚ ਅੰਜੂ ਅਗਨੀਹੋਤਰੀ ਚਾਬਾ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਸਕੂਲਾਂ ਵਿੱਚ ਇੰਗਲਿਸ਼ ਲਈ ਲਿਸਨਿੰਗ ਲੈਬਜ਼ ਸ਼ੁਰੂ ਕੀਤੀਆਂ ਗਈਆਂ ਸਨ ਪਰ ਦੂਜੇ ਪਾਸੇ ਇੰਗਲਿਸ਼ ਵਿੱਚ ਪਾਸ ਦਰ ਡਿੱਗਣੀ ਸ਼ੁਰੂ ਹੋ ਗਈ ਹੈ। ਵਿੱਦਿਅਕ ਖੇਤਰ ਦੇ ਮਾਹਿਰਾਂ ਦਾ ਵਿਚਾਰ ਹੈ ਕਿ ਉਪਰੋਕਤ ਸਰਵੇਖਣ ਸਿਰਫ ਸਰਕਾਰੀ ਚਲਾਕੀ ਦਾ ਹੀ ਨਤੀਜ਼ਾ ਸੀ ਬਾਕੀ ਜ਼ਮੀਨੀ ਸਥਿਤੀ ਤਾਂ ਇਹ ਹੈ ਕਿ ਜਲੰਧਰ ਦੇ ਸ਼ੇਖਪੁਰ ਸਕੂਲ ਨੂੰ 1975 ਤੋਂ ਇਮਾਰਤ ਹੀ ਨਸੀਬ ਨਹੀਂ ਹੋਈ ਜੋ ਇਕ ਧਾਰਮਿਕ ਸਥਾਨ ਦੀ ਇਮਾਰਤ ਵਿੱਚ ਚੱਲ ਰਿਹਾ ਹੈ।
ਮੁੱਖ-ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਬੜੀ ਪਲੈਨਿੰਗ ਨਾਲ ਕੰਮ ਕਰਨਾ ਪੈਣਾ ਹੈ ਕਿਉਂਕਿ ਪੰਜਾਬ ਦਾ ਤਾਣਾ-ਬਾਣਾ ਬਹੁਤ ਬੁਰੀ ਤਰ੍ਹਾਂ ਹਰ ਪਾਸਿਓਂ ਉਲਝਿਆ ਪਿਆ ਹੈ। ਵਿਰੋਧੀ ਪਾਰਟੀਆਂ ਮਾਨ ਨੂੰ ਹਰ ਫਰੰਟ ‘ਤੇ ਘੇਰਨ ਲਈ ‘ਅਸਲਾ’ ਇਕੱਠਾ ਕਰੀ ਫਿਰ ਰਹੀਆਂ ਹਨ। ਇਸ ਵਕਤ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਨੂੰ ਮੁੜ ਨੰਬਰ ਇਕ ਬਣਾਉਣ ਲਈ ਹਰ ਇਕ ਪੰਜਾਬੀ ਸੋਚੇ ਅਤੇ ਸਕਾਰਾਤਮਕ ਯੋਗਦਾਨ ਪਾਵੇ। ‘ਖੇਲੋ ਇੰਡੀਆ” ‘ਚ ਪੰਜਾਬ ਦੀ ਮਾੜੀ ਹਾਲਤ, ਪੰਜਾਬੀ ਕੁੜੀਆਂ ਦੀ ਉੱਚ ਸਿੱਖਿਆ ਤੋਂ ਦੂਰੀ ਅਤੇ ਇੰਗਲਿਸ਼ ਵਿੱਚ ਡਿੱਗਦਾ ਮਿਆਰ ਚੌਲਾਂ ਦੀ ਦੇਗ ‘ਚੋ ਚੌਲ ਟੋਹਕੇ ਵੇਖਣ ਵਾਲੀ ਗੱਲ ਹੈ ਕਿ ਚੌਲ ਰਿਝ ਗਏ ਹਨ ਕਿ ਨਹੀਂ। ਸਿਆਣਿਆਂ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.