D5 specialOpinion

ਪੰਜਾਬ ’ਚ ਸਿਆਸੀ ਪਾਰਟੀਆਂ 2022 ਦੇ ਸਿਆਸੀ ਯੁੱਧ ਲਈ ਲਾਉਣ ਲੱਗੀਆਂ ਕਮਰਕਸੇ

ਜਸਪਾਲ ਸਿੰਘ ਢਿੱਲੋਂ

ਪਟਿਆਲਾ : ਪੰਜਾਬ ’ਚ ਵਿਧਾਨ ਸਭਾ ਚੋਣਾ 2022 ਦੇ ਸ਼ੁਰੂ ’ਚ ਹੋਣ ਜਾ ਰਹੀਆਂ ਹਨ, ਇਸ ਨੂੰ ਲੈਕੇ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਨੇ ਆਪਣੇ ਕਮਰਕਸੇ ਲਗਾ ਲਏ ਹਨ। ਇਸ ਲਈ ਪ੍ਰਮੁੱਖ ਪਾਰਟੀਆਂ ਖਾਸ ਕਰ ਰਾਜ ਕਰਦੀ ਕਾਂਗਰਸ, ਸ੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੋਂ ਇਲਾਵਾ ਕਈ ਹੋਰ ਪਾਰਟੀਆਂ ਜਿਨਾਂ ’ਚ ਅਕਾਲੀ ਦਲ ਡੈਮੋਕ੍ਰੇਟਿਕ, ਬੈਂਸ ਭਰਾ, ਅਕਾਲੀ ਦਲ ਪੰਥਕ , ਬਸਪਾ ਤੇ ਹੋਰਨਾਂ ਨੇ ਵੀ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਦੂਜੇ ਪਾਸੇ ਕੇਂਦਰ ’ਚ ਰਾਜ ਕਰਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਇਕੱਲਿਆਂ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੜੇਗੀ। ਇਸ ਵੇਲੇ ਕਾਗਰਸ ਨੇ ਚਾਰ ਸਾਲਾਂ ਦਾ ਜਿਥੇ ਲੇਖਾ ਜੋਖਾ ਦਿੱਤਾ ਹੈ, ਉਥੇ ਕਈ ਨਵੀਆਂ ਰਿਹਾਇਤਾਂ ਤੇ ਲੋਕਾਂ ਨੂੰ ਲੋਕ ਲੁਭਾਊ ਯੋਜਨਾਵਾਂ ਦਾ ਵੀ ਐਲਾਨ ਕੀਤਾ ਹੈ , ਇਸ ਬਾਰੇ ਇਹ ਨਹੀਂ ਦੱਸਿਆ ਗਿਆ ਕਿ ਖਾਲੀ ਖਜ਼ਾਨੇ ’ਚ ਇਨਾਂ ਲੋਕ ਲੁਭਾਊ ਵਾਅਦਿਆਂ ਲਈ ਪੈਸਾ ਕਿਥੋਂ ਆਏਗਾ।

ਸਰਕਾਰੀ ਖਜ਼ਾਨਾਂ ਇਨਾਂ ਦੀਆਂ ਨੀਤੀਆਂ ਕਾਰਨ ਸੁੰਘੜਦਾ ਜਾ ਰਿਹਾ ਹੈ। ਸਰਕਾਰੀ ਖਜ਼ਾਨੇ ’ਚ ਇਸ ਵੇਲੇ ਕਬੂਤਰ ਬੋਲਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਕੋਈ ਰਾਜਸੀ ਧਿਰ ਹੋਵੇ ਉਹ ਚਾਲ ਸਾਲ ਤਾਂ ਆਪਣੇ ਐਸ਼ੋਅਰਾਮ ’ਚ ਲੰਘਾ ਦਿੰਦੀਆਂ ਹਨ ਅਤੇ ਪੰਜਵੇਂ ਸਾਲ ’ਚ ਜਾਕੇ ਉਨਾਂ ਦੀ ਕੁੰਭਕਰਨੀ ਨੀਂਦ ਖੁੱਲਦੀ ਹੈ। ਪੰਜਾਬ ਦੇ ਸਰਕਾਰੀ ਖ਼ਜਾਲੇ ਨੂੰ ਭਰਨ ਲਈ ਮੌਜੂਦਾ ਕਾਂਗਰਸ ਸਰਕਾਰ ਨੇ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ। ਮੌਜੂਦਾ ਸਰਕਾਰ ਦਾ ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੱਧੂ ਲੰਬੇ ਸਮੇਂ ਤੋਂ ਕੂਕ ਰਿਹਾ ਹੈ ਕਿ ਪੰਜਾਬ ਨਾਲੋਂ ਛੋਟੇ ਨਵੇਂ ਬਣੇ ਰਾਜ ਤੇਲਗਾਂਨਾ ਅੰਦਰ ਆਬਕਾਰੀ ਨੀਤੀ ਤਹਿਤ ਪੰਜਾਬ ਦੇ ਮੁਕਾਬਲੇ ਘੱਟ ਮਾਤਰਾ ’ਚ ਸ਼ਰਾਬ ਵੇਚ ਕੇ ਵੱਧ ਮਾਲੀਆ ਸਰਕਾਰੀ ਖਜਾਨੇ ਲਈ ਇਕੱਤਰ ਕੀਤਾ ਜਾ ਰਿਹਾ ਹੈ। ਖਨਣ ਨੀਤੀ ਉਸ ਰਾਜ ਦੀ ਅਜੇਹੀ ਹੈ ਜੋ ਪੰਜਾਬ ਨਾਲੋਂ ਕਈ ਗੁਣਾ ਵਧ ਮਾਲੀਆ ਇਕੱਤਰ ਕਰਵਾ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਪਿਛਲੇ ਸਰਕਾਰ ਨਾਲ ਖਨਣ ਨੀਤੀ ਤਹਿਤ ਕੁੱਝ ਪੈਸੇ ਵਧਾਕੇ ਹੀ ਆਪਣੀ ਪ੍ਰਾਪਤੀ ਦੱਸਕੇ ਆਪਣੀ ਪਿੱਠ ਥਾਪੜ ਰਹੀ ਹੈ। ਕਾਂਗਰਸ ਵੱਲੋਂ ਸਤਾ ਪ੍ਰਾਪਤੀ ਲਈ ਧਾਰਮਿਕਤਾ ਨੂੰ ਵਰਤ ਕੇ ਜੋ ਐਲਾਨ ਕੀਤੇ ਅੱਜ ਉਸ ਦੀ ਗਲੇ ਦੀ ਹੱਡੀ ਬਣ ਰਹੇ ਹਨ। ਕਾਂਗਰਸ ਵਿਰੋਧੀ ਸਿਆਸੀ ਪਾਰਟੀਆਂ ਅੱਜ ਉਨਾਂ ਕੋਲੋਂ ਜਵਾਬ ਮੰਗ ਰਹੀਆਂ ਹਨ। ਇਸ ਵੇਲੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕੀ ਕਾਂਗਾਰਸ ਦੀ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਚੋਣਾ ਲੜਾਏਗੀ ਜਾਂ ਕਿਸੇ ਹੋਰ ਆਗੂ ਦੀ ਅਗਵਾਈ ’ਚ । ਸਰਕਾਰ ਦਾ ਅਕਸ ਸਰਕਾਰ ਦੀ ਕਾਰਗੁਜਾਰੀ ਨੂੰ ਲੈਕੇ ਕਾਫੀ ਧੁੰਦਲਾ ਬਣਿਆ ਹੋਇਆ ਹੈ , ਜੋ ਅਗਲੀਆਂ ਚੋਣਾਂ ’ਚ ਇਨਾਂ ਫਸੀ ਬੇੜੀ ਪਾਰ ਲਾਉਣ ’ਚ ਅੜਿਕਾ ਬਣ ਸਕਦਾ ਹੈ।

ਪੰਜਾਬ ਅੰਦਰ ਦੂਜੀ ਪ੍ਰਮੁੱਖ ਪਾਰਟੀ ਸ੍ਰੋਮਣੀ ਅਕਾਲੀ ਦਲ ਹੈ , ਜੋ ਸਾਲ 2015 ਦੀਆਂ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਹੋਰ ਵਾਪਰੀਆਂ ਘਟਨਾਵਾਂ ਨੂੰ ਲੈਕੇ ਹਾਸੀਏ ਤੇ ਹੈ ਅਤੇ ਸਤਾ ਪ੍ਰਾਪਤੀ ਲਈ ਤਰਲੋਮੱਛੀ ਹੋ ਰਿਹਾ ਹੈ ਪਰ ਹਾਲ ਦੀ ਘੜੀ ਉਸ ਵੱਲੋਂ ਖੇਡਿਆ ਜਾ ਰਿਹਾ ਹਰ ਦਾਅ ਉਲਟਾ ਪੈ ਰਿਹਾ ਹੈ। ਉਸ ਦਾ ਕਿਸਾਨੀ ਕਾਨੂੰਨਾਂ ਨੂੰ ਲੈਕੇ ਭਾਜਪਾ ਨਾਲੋਂ ਵਕਤੀ ਤੋੜ ਵਿਛੋੜਾ ਵੀ ਹੋ ਗਿਆ ਹੈ, ਹਾਲਾਂ ਕਿ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਅਕਸਰ ਆਖਦੇ ਹੁੰਦੇ ਸਨ ਕਿ ਸਾਡਾ ਤਾਂ ਪਤੀ ਪਤਨੀ ਵਾਲਾ ਰਿਸ਼ਤਾ ਹੈ , ਪਰ ਹਾਲਾਤਾਂ ਨੇ ਤਲਾਕ ਦਿਵਾ ਦਿੱਤਾ , ਭਵਿੱਖ ’ਚ ਕੀ ਹੋਵੇਗਾ ਸਮਾਂ ਹੀ ਦੱਸੇਗਾ। ਅਹਿਮ ਗੱਲ ਇਂਹ ਹੈ ਕਿ ਮਾਲਵਾ ਖੇਤਰ ਦੇ ਵਿਚੋਂ ਅਕਾਲੀ ਦਲ ਦੇ 2007 ਤੋਂ ਉਖੜੇ ਹੋਏ ਪੈਰ ਅਜੇ ਤੱਕ ਮੁੜ ਨਹੀਂ ਲੱਗੇ, ਅਕਾਲੀ ਦਲ ਦੇ ਬਹੁਤ ਸਾਰੇ ਕੱਦਾਵਰ ਆਗੂ ਇਸ ਤੋਂ ਕਿਨਾਰਾ ਕਰਕੇ ਬਾਹਰ ਆਪੋ ਆਪਣੀ ਡਫਲੀ ਵਜਾ ਰਹੇ ਹਨ। ਹੁਣ ਅਕਾਲੀ ਦਲ ਲਈ ਮਾਝਾ ਵੀ ਸੌਖਾ ਸਰ ਕਰਨ ਵਾਲਾ ਦਿਖਾਈ ਨਹੀਂ ਦੇ ਰਿਹਾ । ਕੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਜਿਨਾਂ ਨੇ ਹੁਣੇ ਤੋਂ 2022 ਦੀਆਂ ਟਿਕਟਾਂ ਐਲਾਨਨੀਆਂ ਸ਼ਰੂ ਕਰ ਦਿੱਤੀਆਂ ਹਨ ਦੇ ਉਮੀਦਵਾਰ 2022 ਤੱਕ ਇਕ ਸਾਲ ਆਪਣਾ ਵੇਗ ਕਾਇਮ ਰੱਖ ਸਕਣਗੇ। ਅਕਾਲੀ ਦਲ ਦਾ ਕਿਨਾਂ ਪਾਰਟੀਆਂ ਨਾਲ ਸਮਝੋਤਾ ਹੁੰਦਾ ਹੈ ਇਸ ਤੇ ਵੀ ਨਿਰਭਰ ਕਰੇਗਾ ਕਿ ਲੋਕ ਉਨਾਂ ਨੂੰ ਮੂੰਹ ਲਾਉਦੇ ਹਨ ਜਾਂ ਨਹੀਂ।

ਕਿਸਾਨੀ ਸੰਘਰਸ ਕਾਰਨ ਵੀ ਅਕਾਲੀ ਦਲ ਦੇ ਆਗੂਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾਾ ਹੈ। ਕੀ ਗੁਰੂ ਗਰੰਥ ਸਾਹਿਬ ਦੀਆਂ ਘਟਨਾਵਾਂ ਦੇ ਮਾਮਲਿਆਂ ’ਚ ਅਕਾਲੀ ਦਲ ਮੁਕਤੀ ਪ੍ਰਾਪਤ ਕਰ ਲਵੇਗਾ ਜਾਂ ਲੋਕ ਇਨਾਂ ਨੂੰ ਮਾਫ ਕਰ ਦੇਣਗੇ। ਅਲੱਗ ਹੋਏ ਅਕਾਲੀ ਆਗੂ ਅਕਾਲੀ ਦਲ ਨੂੰ ਸਤਾ ਪ੍ਰਾਪਤੀ ’ਚ ਅੜਿਕੇ ਤਾਂ ਨਹੀਂ ਪੈਦਾ ਕਰਨਗੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਖੇਤੀ ਕਾਨੂੰਨਾਂ ਤੇ ਮਾਮਲੇ ’ਚ ਜਿਵੇਂ ਅਕਾਲੀ ਦਲ ਨੇ ਦੋਗਲਾ ਸਟੈਂਡ ਲਿਆ , ਵੁਹ ਵੀ ਅਹਿਮ ਹੈ । ਅਕਾਲੀ ਦਲ ਵੱਲੋਂ ਕੇਂਦਰੀ ਕੁਰਸੀ ਖਾਤਿਰ ਪਹਿਲਾਂ ਖੇਤੀ ਕਾਨੂੰਨਾਂ ਦੇ ਗਾਏ ਸੋਹਲੇ ਅੱਜ ਵੀ ਲੋਕ ਨਹੀਂ ਭੁਲਾ ਰਹੇ ਭਾਵੇਂ ਹੁਣ ਭਾਜਪਾ ਨੂੰ ਤੋੜ ਵਿਛੋੜਾ ਦੇ ਚੁੱਕੇ ਹਨ, ਪਰ ਲੋਕ ਇਹ ਗੱਲ ਆਖ ਰਹੇ ਹਨ ਪਤਾ ਨਹੀਂ ਕਦੋਂ ਮੁੜ ਜੱਫੀਆਂ ਪੈ ਜਾਣ। ਕਿਸਾਨੀ ਕਾਨੂੰਨ ਵੀ ਅਕਾਲੀ ਦਲ ਲਈ ਗਲੇ ਦੀ ਹੱਡੀ ਬਣੇ ਹੋਏ ਹਨ, ਛੇਤੀ ਕਿਤੇ ਅਕਾਲੀ ਦਲ ਸੁਰਖਰੂ ਨਹੀਂ ਹੋ ਸਕਦਾ । ਜੇਕਰ ਖੇਤੀ ਕਾਨੂੰਨਾਂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੋਂ ਖੇਤੀ ਕਾਨੂੰਨਾਂ ਦੇ ਹੱਕ ’ਚ ਬਿਆਨ ਨਾ ਦਿਵਾਏ ਹੁੰਦੇ ਤਾਂ ਅੱਜ ਸਥਿਤੀ ਹੋਰ ਹੋਣੀ ਸੀ, ਤੇ ਉਹ ਕੋਈ ਠੋਸ ਭੂਮਿਕਾ ਅਦਾ ਕਰ ਸਕਦੇ ਸਨ। ਪੰਜਾਬ ਦੀ ਤੀਜੀ ਧਿਰ ਹੁਣ ਆਮ ਆਦਮੀ ਪਾਰਟੀ ਹੈ ਜਿਸ ਨੇ ਹਾਲ ਹੀ ’ਚ ਬਾਘਾ ਪੁਰਾਣਾ ’ਚ ਵੱਡੀ ਰੈਲੀ ਕਰਕੇ ਦਿਖਾ ਦਿੱਤਾ ਹੈ ਕਿ ਉਹ ਹਾਲੇ ਵੀ ਪੰਜਾਬ ਅੰਦਰ ਅਹਿਮ ਭੂਮਿਕਾ ਅਦਾ ਕਰਨਗੇ।

ਆਮ ਆਦਮੀ ਪਾਰਟੀ ਕੋਲ ਇਕ ਞੱਡਾ ਅਧਾਰ ਦਿੱਤੀ ਦੀ ਸਰਕਾਰ ਹੈ , ਜੋ ਕੁੱਝ ਉਨਾ ਲੋਕਾਂ ਨੂੰ ਰਿਆਇਤਾਂ ਦਿੱਤੀਆਂ ਹਨ ਉਹ ਸਭ ਦੇ ਸਾਹਮਣੇ ਹੈ ਤੇ ਉਨਾਂ ਦੀ ਸਰਕਾਰ ਤੇ ਕੋਈ ਦੋਸ਼ ਵੀ ਨਹੀਂ ਲੱਗਦਾ । ਦਿੱਲੀ ਦਾ ਮਾਡਲ ਹੀ ਉਨਾਂ ਨੂੰ ਹੋਰ ਰਾਜਾਂ ’ਚ ਪੈਰ ਪਸਾਰਨ ਲਈ ਭੂਮਿਕਾ ਅਦਾ ਕਰੇਗਾ। ਇਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲ ਦੀ ਸਰਕਾਰ ਦੀ ਕਾਰਗੁਜਾਰੀ ਦੀ ਲੋਕਾਂ ’ਚ ਚਰਚਾ ਹੈ। ਉਹ ਖੁਦ ਵੀ ਮੇਰਠ ’ਚ ਪਿਛਲੇ ਦਿਨੀ ਐਲਾਨ ਕਰ ਚੁੱਕੇ ਹਨ ਕਿ ਆਪ 6 ਰਾਜਾਂ ’ਚ ਚੋਣਾ ਲੜੇਗੀ । ਦਿੱਲੀ ’ਚ ਲੋਕਾਂ ਨੂੰ ਸਿੱਖਿਆ , ਸਿਹਤ , ਬਿਜਲੀ ਅਤੇ ਕਈ ਸੇਵਾਵਾਂ ਘਰ ਬੈਠਿਆਂ ਤੱਕ ਪਹੁੰਚਾਉਣਾ ਆਪਣੇ ਆਪ ’ਚ ਅਹਿਮ ਹੈ। ਭਾਵੇਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਪ ਆਗੂ ਇਕਜੁਟ ਨਹੀਂ ਰਹਿ ਸਕੇ, ਪਰ ਰਵਾਇਤੀ ਪਾਰਟੀਆਂ ਵੱਲੋਂ ਸਿਰਫ ਸਵੈ ਵਿਕਾਸ ਨੂੰ ਤਰਜੀਹ ਦੇਣੀ ਤੇ ਪ੍ਰਮੁੱਖ ਕਾਰੋਬਾਰਾਂ ਦੇ ਕਾਬਜ਼ ਹੋਕੇ ਮੇਰਾ ਮੇਰਾ ਦੇ ਸਿਧਾਂਤ ਨੂੰ ਅਪਣਾਉਣਾ ਇਕ ਅਜੇਹਾ ਚੱਕਰਵਿਊ ਹੈ ਜਿਸ ਤੋਂ ਰਵਾਇਤੀ ਪਾਰਟੀਆਂ ਦੀ ਮੁਕਤੀ ਸੰਭਵ ਨਹੀਂ । ਇਥੋਂ ਤੱਕ ਕਿ ਸਾਰੇ ਕਾਰੋਬਾਰਾਂ ਤੇ ਇਨਾਂ ਦਾ ਕਬਜ਼ਾ ਬਰਕਰਾਰ ਹੈ ਇਸ ਲਈ ਲੋਕ ਕਿਸੇ ਤੀਜ਼ੇ ਬਦਲ ਦੀ ਤਲਾਸ਼ ’ਚ ਹਨ ਪਰ 1989 ਤੋਂ ਲੈਕੇ ਹੁਣ ਤੱਕ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਦਿੱਲੀ ਦੀ ਸਰਕਾਰ ਦੀ ਕਾਰਗੁਜਾਾਰੀ ਦਾ ਵੀ ਲੋਕਾਂ ਤੇ ਪ੍ਰੀਭਾਵ ਪੈਣਾ ਸੁਭਾਵਕ ਹੈ। ਹਾਲਾਂ ਕਿ ਆਪ ਪਾਰਟੀ ਇਕੱਠੀ ਨਹੀਂ ਰਹਿ ਸਕੀ ਪਰ ਲੋਕ ਤੀਜੇ ਬਦਲ ਦੀ ਉਡੀਕ ’ਚ ਹਨ।

ਹਾਲ ਹੀ ’ਚ ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਜੇ ਕਿਸਾਨੀ ਸੰਘਰਸ ਪੱਛਮੀ ਬੰਗਾਲ ’ਚ ਅਪਣਾ ਪ੍ਰੀਭਾਵ ਦਿਖਾ ਗਿਆ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਿਸਾਨੀ ਸੰਘਰਸ਼ ਦਾ ਡਾਢਾ ਅਸਰ ਪੈਣਾ ਸੁਭਾਵਕ ਹੈ, ਇਸ ਦਾ ਅਸਰ ਉਤਰਪ੍ਰਦੇਸ ਰਾਜ ਤੇ ਵੀ ਪਵੇਗਾ। ਪੰਜਾਬ ’ਚ ਕਿਸ ਕਿਸ ਪਾਰਟੀ ਦਾ ਗਠਜੋੜ ਹੁੰਦਾ ਹੈ , ਇਸ ਤੇ ਨਿਰਭਰ ਕਰੇਗਾ ਕਿ 2022 ’ਚ ਕਿਹੜੀ ਸਿਆਸੀ ਧਿਰ ਬਾਜੀ ਮਾਰਦੀ ਹੈ। ਇਸ ਵੇਲੇ ਸਿਆਸੀ ਘਚੋਲਾ ਬਣਿਆ ਹੋਇਆ ਹੈ । ਕਾਂਗਰਸ ਹਾਲ ਹੀ ’ਚ ਸਥਾਨਿਕ ਸਰਕਾਰਾਂ ਦੀਆਂ ਚੋਣਾਂ ਜਿੱਤਕੇ ਅਪਣੀ ਪਿੱਠ ਖੁਦ ਹੀ ਥਾਪੜ ਰਹੀ ਹੈ ਕੀ ਇਹ ਸਭ 2022 ’ਚ ਬਰਕਰਾਰ ਰਹੇਗਾ। ਕਾਂਗਰਸ ਦੀ ਸਰਕਾਰ ਲੋਕਾਂ ’ਚ ਆਪਣੀ ਭੱਲ ਨਹੀਂ ਬਣਾ ਸਕੀ । ਬਹੁਤ ਸਾਰੇ ਆਗੂ ਹਨ ਜੋ ਚਰਚਾ ’ਚ ਹਨ ਉਨਾਂ ਦਾ ਭਵਿੱਖ ਵੀ ਦਾਅ ਤੇ ਹੈ। ਪੰਜਾਬ ਦੇ ਲੋਕ ਕਿਸ ਆਗੂ ਨੂੰ 2022 ’ਚ ਪੰਜਾਬ ਦੀ ਵਾਗਡੋਰ ਸੌਂਪਦੇ ਹਨ ਹਾਲੇ ਸਪਸ਼ਟ ਨਹੀਂ ਹਾਲ ਦੀ ਘੜੀ ਪੰਜਾਬ ਦੀ ਸਿਆਸੀ ਤਸਵੀਰ ਕਾਫੀ ਧੁੰਦਲੀ ਬਣੀ ਹੋਈ ਜੋ ਇਸ ਸਾਲ ਦੇ ਅੱਧ ਤੋਂ ਬਾਅਦ ਹੀ ਸਾਫ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button