
ਚੰਡੀਗੜ੍ਹ, 27 ਅਪ੍ਰੈਲ, 2026 (ਬਿੰਦੂ ਸਿੰਘ) ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਲਗਾਤਾਰ ਮਿਲ ਰਹੇ ਰਾਜਨੀਤਿਕ ਝਟਕਿਆਂ ਦੇ ਦਰਮਿਆਨ ਇੱਕ ਹੋਰ ਮਹੱਤਵਪੂਰਨ ਘਟਨਾਕ੍ਰਮ ਸਾਹਮਣੇ ਆਇਆ ਜਦੋਂ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਸੁਖਵੰਤ ਸਿੰਘ ਸਰਾਓ ਨੇ ਪਾਰਟੀ ਨੂੰ ਅਲਵਿਦਾ ਆਖਦਿਆਂ ਆਪਣੇ ਸਮਰਥਕਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਵਿਧੀਵਤ ਸ਼ਾਮਲ ਹੋ ਗਏ। ਚੰਡੀਗੜ੍ਹ ਵਿੱਚ ਬੀਤੇ ਦਿਨ ਹੋਏ ਇੱਕ ਸਮਾਗਮ ਦੌਰਾਨ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਕੁਮਾਰ ਦੀ ਹਾਜ਼ਰੀ ਵਿੱਚ ਉਨ੍ਹਾਂ ਨੇ ਪਾਰਟੀ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ। ਇਸ ਮੌਕੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਵਿੰਦਰ ਸਿੰਘ ਭੁਟਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ।
ਅਕਾਲੀ ਦਲ ਦੀ ਵਿਰਾਸਤ ਵਿੱਚ ਪਲੇ ਤੇ ਜਵਾਨ ਹੋਏ ਸਰਾਓ ਕੋਲ ਲੋਕ ਪ੍ਰਸ਼ਾਸਨ ਦਾ ਵੱਡਾ ਤਜਰਬਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਸਰਾਓ ਨੇ ਪੰਜਾਬ ਸਰਕਾਰ ਵਿੱਚ ਸੰਗਰੂਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਬਤੌਰ ਡਿਪਟੀ ਡਾਇਰੈਕਟਰ (ਪੰਚਾਇਤਾਂ) ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ 30 ਸਤੰਬਰ, 2011 ਨੂੰ ਆਪਣੀ ਇੱਛਾ ਅਨੁਸਾਰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਕੇ ਸਿੱਧੇ ਤੌਰ ਤੇ ਰਾਜਨੀਤੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸੰਗਰੂਰ ਜ਼ਿਲ੍ਹੇ ਦੇ ਲਹਿਰਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੀ ਜਿੱਥੋਂ ਉਹ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਕੋਲੋਂ 3,345 ਵੋਟਾਂ ਦੇ ਥੋੜੇ ਅੰਤਰ ਨਾਲ ਹਾਰ ਗਏ ਜਦਕਿ ਉਸ ਵੇਲੇ ਪੰਜਾਬ ਪੀਪਲਜ ਪਾਰਟੀ ਤੋਂ ਚੋਣ ਲੜਨ ਵਾਲੇ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰੀਬ 15000 ਵੋਟਾਂ ਦੇ ਫ਼ਰਕ ਨਾਲ ਤੀਜੇ ਸਥਾਨ ਉੱਤੇ ਰਹੇ ਸਨ। ਉਪਰੰਤ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਵੀ ਰਹੇ।
ਸਰਾਓ ਦੀ ਰਾਜਨੀਤਿਕ ਯਾਤਰਾ ਸਾਬਕਾ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਬਹੁਤ ਲੰਬਾ ਸਮਾਂ ਜੁੜੀ ਰਹੀ। ਉਨ੍ਹਾਂ ਨੂੰ ਢੀਂਡਸਾ ਦੇ ਸਭ ਤੋਂ ਵਿਸ਼ਵਾਸਪਾਤਰ ਸਾਥੀਆਂ ਵਿੱਚ ਗਿਣਿਆ ਜਾਂਦਾ ਰਿਹਾ ਹੈ। ਜਦੋਂ ਢੀਂਡਸਾ ਨੇ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਥਾਪਨਾ ਕੀਤੀ ਤਾਂ ਸਰਾਓ ਵੀ ਉਨ੍ਹਾਂ ਦੇ ਨਾਲ ਹੀ ਚਲੇ ਗਏ। ਬਾਅਦ ਵਿੱਚ ਜਦੋਂ ਢੀਂਡਸਾ ਦੇ ਪੁੱਤਰ ਅਤੇ ਸਾਬਕਾ ਕੈਬਿਨਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੁਨਾਮ ਹਲਕਾ ਛੱਡ ਕੇ ਲਹਿਰਾ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਤਾਂ ਸਰਾਓ ਨੇ ਆਪਣੀ ਦਾਵੇਦਾਰੀ ਖੁਦ ਹੀ ਵਾਪਸ ਲੈ ਲਈ। ਸਾਲ 2020 ਵਿੱਚ ਸਰਾਓ ਨੇ ਢੀਂਡਸਾ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਸ਼ਾਮਲ ਹੋ ਕੇ ਸੀਨੀਅਰ ਉਪ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਈ ਜਿਸ ਅਹੁਦੇ ‘ਤੇ ਉਹ ਬੀਤੇ ਦਿਨ ਤੱਕ ਕਾਰਜਸ਼ੀਲ ਰਹੇ।
ਸਰਾਓ ਦਾ ਪਾਰਟੀ ਛੱਡਣਾ ਅਕਾਲੀ ਦਲ (ਪੁਨਰ ਸੁਰਜੀਤ) ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜੋ ਆਪਣੇ ਗਠਨ ਤੋਂ ਬਾਅਦ ਸੂਬੇ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਮਾਲਵਾ ਖੇਤਰ ਵਿੱਚ ਸੰਗਠਨਾਤਮਕ ਤਾਕਤ ਵਧਾਉਣ ਲਈ ਸਰਾਓ ਵਰਗੇ ਤਜਰਬੇਕਾਰ ਆਗੂਆਂ ‘ਤੇ ਨਿਰਭਰ ਸੀ। ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ, ਖ਼ਾਸ ਕਰਕੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਦੇ ਨਾਲ, ਪੰਜਾਬ ਵਿੱਚ ਭਾਜਪਾ ਲਈ ਇੱਕ ਅਹਿਮ ਮਜ਼ਬੂਤੀ ਵਜੋਂ ਵੇਖਿਆ ਜਾ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਲਹਿਰਾ ਹਲਕੇ ਵਿੱਚ, ਜਿੱਥੇ ਪਾਰਟੀ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਵੋਟ ਬੈਂਕ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




