InternationalTop News

ਪ੍ਰਿੰਸ ਜਾਰਜ ‘ਚ ਛੋਟੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਵੇਲੇ ਵਾਪਰਿਆ ਹਾਦਸਾ

 ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ ਸ਼ਹਿਰ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਛੋਟੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਉਸ ਵੇਲੇ ਹਾਦਸੇ ਵਿਚ ਬਦਲ ਗਈ, ਜਦੋਂ ਜਹਾਜ਼ ਫੁਟਹਿਲਜ਼ ਬੁਲੇਵਾਰਡ ‘ਤੇ ਚੱਲ ਰਹੇ ਵਾਹਨਾਂ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ ਹਨ।
ਘਟਨਾ ਦੁਪਹਿਰ ਕਰੀਬ 2:20 ਵਜੇ ਵਾਪਰੀ। ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਆਫ਼ ਕੈਨੇਡਾ (ਟੀ.ਐੱਸ.ਬੀ.) ਮੁਤਾਬਕ ਹਾਦਸੇ ਵਿਚ ਬੀਚਕ੍ਰਾਫਟ 200 ਸੁਪਰ ਕਿੰਗ ਏਅਰ ਜਹਾਜ਼ ਸ਼ਾਮਲ ਸੀ। ਜਹਾਜ਼ ਐਮਰਜੈਂਸੀ ਹਾਲਾਤ ਵਿਚ ਸੜਕ ‘ਤੇ ਉੱਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਲੈਂਡਿੰਗ ਦੌਰਾਨ ਇਹ ਦੋ ਵਾਹਨਾਂ ਨਾਲ ਟਕਰਾ ਗਿਆ। ਇਸ ਦੌਰਾਨ ਇੱਕ ਵਾਹਨ ਵਿਚ ਸਵਾਰ ਵਿਅਕਤੀ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਇਲਾਕੇ ਵਿਚ ਤੁਰੰਤ ਐਮਰਜੈਂਸੀ ਸੇਵਾਵਾਂ ਪਹੁੰਚੀਆਂ। ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਕਰਮਚਾਰੀਆਂ ਨੇ ਮੌਕੇ ‘ਤੇ ਲਗਪਗ 10 ਲੋਕਾਂ ਦੀ ਜਾਂਚ ਕੀਤੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਜਾਂਚ ਦੌਰਾਨ ਫੁਟਹਿਲਜ਼ ਬੁਲੇਵਾਰਡ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਅਤੇ ਲੋਕਾਂ ਨੂੰ ਹਾਦਸੇ ਵਾਲੇ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਘਟਨਾ ਦੇ ਚਸ਼ਮਦੀਦ ਮੋਹਿਤ ਅਰੋੜਾ, ਜਿਨ੍ਹਾਂ ਦੀ ਗੱਡੀ ਜਹਾਜ਼ ਤੋਂ ਕੁਝ ਹੀ ਫੁੱਟ ਦੀ ਦੂਰੀ ‘ਤੇ ਰੁਕੀ, ਨੇ ਦੱਸਿਆ ਕਿ ਸਭ ਕੁਝ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਮੁਤਾਬਕ ਜਹਾਜ਼ ਦਾ ਖੱਬਾ ਖੰਭ ਇੱਕ ਪਿਕ-ਅੱਪ ਟਰੱਕ ਨਾਲ ਟਕਰਾਇਆ। ਟੱਕਰ ਤੋਂ ਬਾਅਦ ਜਹਾਜ਼ ਦਾ ਪ੍ਰੋਪੈਲਰ ਟੁੱਟ ਕੇ ਸੜਕ ਦੇ ਵਿਚਕਾਰ ਜਾ ਡਿੱਗਿਆ ਅਤੇ ਟਰੱਕ ਦੀ ਵਿੰਡਸ਼ੀਲਡ ਚਕਨਾਚੂਰ ਹੋ ਗਈ।
ਹਾਦਸੇ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋਇਆ। ਇਹ ਵੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਕਿ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਲਈ ਕਿਸ ਤਕਨੀਕੀ ਸਮੱਸਿਆ ਕਾਰਨ ਮਜਬੂਰ ਹੋਣਾ ਪਿਆ।
ਟੀ.ਐੱਸ.ਬੀ. ਨੇ ਜਾਂਚ ਲਈ ਆਪਣੀ ਟੀਮ ਪ੍ਰਿੰਸ ਜਾਰਜ ਭੇਜ ਦਿੱਤੀ ਹੈ। ਜਾਂਚਕਰਤਾ ਜਹਾਜ਼ ਦੀ ਤਕਨੀਕੀ ਹਾਲਤ, ਉਡਾਣ ਦੇ ਵੇਰਵਿਆਂ, ਮੌਸਮ ਅਤੇ ਪਾਇਲਟ ਵੱਲੋਂ ਕੀਤੀ ਐਮਰਜੈਂਸੀ ਲੈਂਡਿੰਗ ਸਮੇਤ ਕਈ ਪਹਿਲੂਆਂ ਦੀ ਜਾਂਚ ਕਰਨਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦਾ ਅੰਤਿਮ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button