
ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ਼ 32 ਵਿਚ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਦੱਖਣੀ ਅਮਰੀਕੀ ਦੇਸ਼ ਪੈਰਾਗੁਏ ਨੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਜਰਮਨੀ ਨੂੰ ਪੈਨਲਟੀ ਸ਼ੂਟਆਊਟ ਵਿਚ 4-3 ਨਾਲ ਹਰਾ ਕੇ ਰਾਊਂਡ ਆਫ਼ 16 ਵਿਚ ਥਾਂ ਬਣਾ ਲਈ।ਮੈਚ ਦੀ ਸ਼ੁਰੂਆਤ ਤੋਂ ਹੀ ਜਰਮਨੀ ਨੇ ਫੁੱਟਬਾਲ ‘ਤੇ ਕਬਜ਼ਾ ਬਣਾਈ ਰੱਖਿਆ ਪਰ ਪੈਰਾਗੁਏ ਦੀ ਮਜ਼ਬੂਤ ਰੱਖਿਆ ਨੇ ਉਸ ਨੂੰ ਸਫਲ ਨਹੀਂ ਹੋਣ ਦਿੱਤਾ। ਪਹਿਲੇ ਅੱਧ ਦੇ 40ਵੇਂ ਮਿੰਟ ਵਿਚ ਮਾਤੀਆਸ ਗਾਲਾਰਜ਼ਾ ਦੇ ਅਸਿਸਟ ‘ਤੇ ਜੂਲੀਓ ਐਨਸੀਸੋ ਨੇ ਹੈਡਰ ਰਾਹੀਂ ਗੋਲ ਕਰਕੇ ਪੈਰਾਗੁਏ ਨੂੰ 1-0 ਦੀ ਬੜ੍ਹਤ ਦਿਵਾਈ। ਦੂਜੇ ਅੱਧ ਵਿਚ ਜਰਮਨੀ ਨੇ ਵਾਪਸੀ ਕਰਦਿਆਂ 54ਵੇਂ ਮਿੰਟ ਵਿਚ ਫਲੋਰਿਆਨ ਵਿਰਟਜ਼ ਦੇ ਸ਼ਾਨਦਾਰ ਕਰਾਸ ‘ਤੇ ਕਾਈ ਹਾਵਰਟਜ਼ ਨੇ ਹੈਡਰ ਨਾਲ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਇਸ ਤੋਂ ਬਾਅਦ ਜਰਮਨੀ ਨੇ ਲਗਾਤਾਰ ਹਮਲੇ ਕੀਤੇ ਪਰ ਪੈਰਾਗੁਏ ਦੇ ਗੋਲਕੀਪਰ ਓਰਲੈਂਡੋ ਗਿੱਲ ਨੇ ਇਕ ਤੋਂ ਬਾਅਦ ਇਕ ਸ਼ਾਨਦਾਰ ਬਚਾਅ ਕਰਕੇ ਟੀਮ ਨੂੰ ਮੈਚ ਵਿਚ ਬਣਾਈ ਰੱਖਿਆ। 90 ਮਿੰਟਾਂ ਅਤੇ ਵਾਧੂ 30 ਮਿੰਟਾਂ ਦੌਰਾਨ ਵੀ ਕੋਈ ਨਤੀਜਾ ਨਾ ਨਿਕਲਿਆ। ਵਾਧੂ ਸਮੇਂ ਵਿਚ ਜੋਨਾਥਨ ਟਾਹ ਦਾ ਗੋਲ ਵੀ.ਏ.ਆਰ. ਜਾਂਚ ਤੋਂ ਬਾਅਦ ਫਾਊਲ ਕਰਾਰ ਦਿੱਤੇ ਜਾਣ ਕਾਰਨ ਰੱਦ ਕਰ ਦਿੱਤਾ ਗਿਆ। ਫੈਸਲਾ ਪੈਨਲਟੀ ਸ਼ੂਟਆਊਟ ਵਿਚ ਹੋਇਆ, ਜਿਥੇ ਓਰਲੈਂਡੋ ਗਿਲ ਨੇ ਜਰਮਨੀ ਦੇ ਕਾਈ ਹਾਵਰਟਜ਼ ਅਤੇ ਨਿਕ ਵੋਲਟੇਮਾਡੇ ਦੀਆਂ ਪੈਨਲਟੀਆਂ ਰੋਕ ਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ। ਹਾਲਾਂਕਿ, ਜਰਮਨੀ ਦੇ ਗੋਲਕੀਪਰ ਮੈਨੂਅਲ ਨੌਇਰ ਨੇ ਵੀ ਇਕ ਪੈਨਲਟੀ ਬਚਾਈ ਪਰ ਆਖ਼ਰ ਵਿਚ ਜੋਨਾਥਨ ਟਾਹ ਦੀ ਪੈਨਲਟੀ ਗੋਲ ਤੋਂ ਉੱਪਰ ਨਿਕਲ ਗਈ। ਇਸ ਮੌਕੇ ਦਾ ਫਾਇਦਾ ਚੁੱਕਦਿਆਂ ਜੋਸੇ ਕੈਨਾਲੇ ਨੇ ਫੈਸਲਾਕੁਨ ਪੈਨਲਟੀ ਗੋਲ ਵਿਚ ਬਦਲ ਕੇ ਪੈਰਾਗੁਏ ਨੂੰ ਇਤਿਹਾਸਕ ਜਿੱਤ ਦਿਵਾ ਦਿੱਤੀ।ਇਸ ਨਤੀਜੇ ਨਾਲ ਪੈਰਾਗੁਏ ਨੇ ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ਼ 16 ਵਿਚ ਆਪਣੀ ਜਗ੍ਹਾ ਪੱਕੀ ਕਰ ਲਈ, ਜਦਕਿ ਟੂਰਨਾਮੈਂਟ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਜਰਮਨੀ ਦਾ ਸਫ਼ਰ 4-3 ਦੀ ਹਾਰ ਨਾਲ ਸਮਾਪਤ ਹੋ ਗਿਆ। ਪੈਰਾਗੁਏ ਦੀ ਇਸ ਜਿੱਤ ਨੂੰ ਵਿਸ਼ਵ ਕੱਪ 2026 ਦੇ ਸਭ ਤੋਂ ਵੱਡੇ ਉਲਟਫੇਰਾਂ ਵਿਚੋਂ ਇੱਕ ਮੰਨਿਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




