D5 specialOpinion

ਪੁੱਤਰਾਂ ਵਾਲਿਓ! ਵਾਰਨਾ ਤਾਂ, ਇੱਕ ਔਖਾ….!

ਦੁਨੀਆਂ ਦਾ ਕੋਈ ਵੀ ਮਨੁੱਖ ਭਾਵੇਂ ਜਿੰਨਾ ਮਰਜੀ ਅਮੀਰ ਹੋਵੇ,ਪਰ ਦਾਨ ਦੇਣ ਲਈ ਦਿਲ ਤੇ ਜਿਗਰਾ ਵੀ ਚਾਹੀਦਾ ਹੈ।ਕੋਈ ਵਿਅਕਤੀ ਜਿੰਨਾ ਮਰਜੀ ਤਾਕਤਵਰ ਹੋਵੇ,ਪਰ ਕਿਸੇ ਦੂਸਰੇ ਦੀ ਮੱਦਦ ਕਰਨ ਲਈ ਉਹਦੇ ਕੋਲ ਬੜਾ ਵੱਡਾ ਦਿਲ ਚਾਹੀਦਾ ਹੈ।ਜਦੋਂ ਆਪਣੀ ਕੁਰਬਾਨੀ ਦੇਣ ਦਾ ਵਕਤ ਹੋਵੇ,ਤਾਂ ਵੱਡੇ 2 ਯੋਧਿਆਂ ਦਾ ਦਿਲ ਵੀ ਕੰਬ ਜਾਂਦਾ ਹੈ ਅਤੇ ਐਨ ਆਖਰੀ ਮੌਕੇ ਤੇ ਬੰਦੇ ਦਾ ਮਨ ਬਦਲ ਜਾਂਦਾ ਹੈ।ਕਿਉਂਕਿ ਮਨੁੱਖ ਸਿਰਫ,ਇਸ ਦੁਨੀਆਂ ਚ ਇੱਕ ਵਾਰ ਹੀ ਜਨਮ ਲੈਂਦਾ ਹੈ।ਇਸੇ ਲਈ ਤਾਂ ਹਰ ਕੋਈ ਚਾਹੁੰਦਾ ਹੈ,ਕਿ ਉਹ ਵੀ ਇਸ ਰੰਗਲੀ ਦੁਨੀਆਂ ਦੇ ਰੰਗ ਤਮਾਸ਼ੇ ਵੇਖੇ ਅਤੇ ਦੁਨੀਆਂ ਦਾ ਹਰ ਸੁੱਖ ਮਾਣੇ।ਇਸ ਸਵੰਧ ਚ ਇੱਕ ਲੋਕ ਬੋਲੀ ਬੜੀ ਮਸ਼ਹੂਰ ਹੈ,ਕਿ,

ਰੰਗਲੀ ਦੁਨੀਆਂ ਤੋਂ,ਚਿੱਤ ਨਹੀਂ ਜਾਣ ਨੂੰ ਕਰਦਾ!

ਜੋ ਕਿ ਸੌ ਫੀ ਸਦੀ ਸੱਚ ਵੀ ਤਾਂ ਹੈ।ਕਿਉਂਕਿ ਆਪਣਿਆਂ ਦੇ ਮੋਹ ਦੇ ਕਾਰਨ ਹੀ,ਬੰਦੇ ਦਾ ਬੁਢਾਪੇ ਚ ਵੀ ਇਸ ਦੁਨੀਆਂ ਤੋਂ ਜਾਣ ਨੂੰ ਦਿਲ ਨਹੀਂ ਕਰਦਾ। ਇਸੇ ਲਈ ਤਾਂ ਆਖਦੇ ਹਨ,ਕਿ ਕਿਸੇ ਵੀ ਚੰਗੇ ਭਲੇ ਬੰਦੇ ਦਾ,ਇਸ ਦੁਨੀਆਂ ਤੋਂ ਜਾਣ ਨੂੰ ਉੱਕਾ ਹੀ ਦਿਲ ਨਹੀਂ ਕਰਦਾ।ਉਸ ਵਕਤ ਤਾਂ,ਮਨੁੱਖ ਹਜਾਰ ਵਾਰ ਸੋਚਦਾ ਹੈ,ਜਦੋਂ ਮਨੁੱਖ ਆਪਣੇ ਦੇਸ਼ ਤੇ ਕੌਮ ਲਈ ਕੁਰਬਾਨ ਹੋਣ ਜਾ ਰਿਹਾ ਹੋਵੇ।ਉਹ ਵੀ ਉਸ ਵਕਤ,ਜਦੋਂ ਉਹਦਾ ਬੜਾ ਵੱਡਾ ਤੇ ਖੁਸ਼ਹਾਲ ਪਰਿਵਾਰ ਵੀ ਹੋਵੇ ਅਤੇ ਉਸਨੂੰ ਅਜਿਹੀ ਕਿਸੇ ਕੁਰਬਾਨੀ ਦੀ ਕੋਈ ਜਰੂਰਤ ਵੀ ਨਾ ਹੋਵੇ।ਇਸੇ ਲਈ ਤਾਂ ਦੇਸ਼ ਭਗਤਾਂ ਲਈ ਕਿਸੇ ਸ਼ਾਇਰ ਨੇ ਬਿਆਨ ਕੀਤਾ ਹੈ,ਕਿ,

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ!

ਸੱਚਮੁੱਚ,ਇਹ ਕਾਰਨਾਮਾ ਕਰ ਵਿਖਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।ਕਿਉਂਕਿ ਇਹ ਕਾਰਜ ਸੱਚਮੁੱਚ ਹੀ ਬੜਾ ਔਖਾ ਹੈ। ਭਾਵੇਂ ਆਪਣੇ ਆਪਨੂੰ ਦੇਸ਼ ਤੇ ਕੌਮ ਤੋਂ ਵਾਰ ਦੇਣਾ ਵੀ ਕੋਈ ਸੌਖਾ ਕੰਮ ਨਹੀਂ ਹੁੰਦਾ।ਪਰ,ਅਗਰ,ਆਪਣੀ ਵਜਾਏ, ਆਪਣੇ ਪੁੱਤਰਾਂ ਨੂੰ ਦੇਸ਼ ਅਤੇ ਕੌਮ ਤੋਂ ਵਾਰਨਾ ਪੈ ਜਾਵੇ ਅਤੇ ਉਹ ਵੀ ਚਾਰ 2 ਪੁੱਤਰਾਂ ਨੂੰ ਵਾਰਨਾ ਪੈ ਜਾਵੇ,ਤਾਂ ਇਹ ਕੋਈ ਸਧਾਰਨ ਜਿਹੀ ਗੱਲ ਨਹੀਂ ਹੈ।ਕਿਉਂਕਿ ਦੁਨੀਆਂ ਚ ਪੁੱਤਰ ਹੀ ਦੁਨੀਆਂ ਦੀ ਸਭ ਦੌਲਤ ਤੋਂ ਪਿਆਰੇ ਹੁੰਦੇ ਹਨ।

ਇਸ ਤੋਂ ਇਲਾਵਾ,ਇਹ ਕੁਰਬਾਨੀ ਸਭ ਕੁੱਝ ਜਾਣਦੇ ਹੋਏ ਅਤੇ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਕਰਨੀ ਪੈ ਜਾਵੇ,ਤਾਂ ਇਹਦੇ ਲਈ ਤਾਂ ਸ਼ੇਰ ਜਿੱਡਾ ਦਿਲ ਚਾਹੀਦਾ ਹੈ।ਇਸੇ ਲਈ ਤਾਂ, ਅਜਿਹਾ ਜੇਰਾ ਸਿਰਫ ਤੇ ਸਿਰਫ ਦਸ਼ਮ ਪਿਤਾ, ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਹੀ ਆਇਆ ਹੈ।ਇਸੇ ਲਈ ਤਾਂ ਦੁਨੀਆਂ ਉਨ੍ਹਾਂ ਨੂੰ ਪੁੱਤਰਾਂ ਦੇ ਦਾਨੀ ਕਹਿਕੇ ਵੀ ਯਾਦ ਕਰਦੀ ਹੈ।

ਦੇਸ਼ ਤੇ ਕੌਮ ਲਈ ਅਤੇ ਹੱਕ ਤੇ ਸੱਚ ਦੀ ਲੜਾਈ ਲਈ, ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ,ਹਿੰਦੂ ਕੌਮ ਦੀ ਰੱਖਿਆ ਦੀ ਖਾਤਰ ਆਪਣੇ ਪਿਤਾ ਅਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਿੱਤੀ।ਫੇਰ ਆਪਣੇ ਦੋ ਵੱਡੇ ਪੁੱਤਰਾਂ ਨੂੰ ਧਰਮ ਦੀ ਖਾਤਰ,ਚਮਕੌਰ ਦੀ ਗੜ੍ਹੀ ਦੀ ਜੰਗ ਚ ਸ਼ਹੀਦ ਕਰਵਾਇਆ ਅਤੇ ਦੋ ਛੋਟੇ ਸਾਹਿਬਜਾਦਿਆਂ ਨੂੰ ਸਰਹੰਦ ਦੀਆਂ ਖੂਨੀ ਦੀਵਾਰਾਂ ਚ ਸ਼ਹੀਦ ਕਰਵਾਇਆ।ਉਸ ਤੋਂ ਬਾਅਦ ਮਾਤਾ ਗੁਜਰੀ ਜੀ ਨੂੰ ਧਰਮ ਲਈ ਕੁਰਬਾਨ ਕਰ ਦਿੱਤਾ ਅਤੇ ਅਖੀਰ ਆਪਣੇ ਆਪਨੂੰ ਵੀ ਧਰਮ ਅਤੇ ਕੌਮ ਲਈ ਕੁਰਬਾਨ ਕਰ ਦਿੱਤਾ।

ਅਜਿਹੀ ਲਾ ਮਿਸਾਲ ਕੁਰਬਾਨੀ ਤਾਂ,ਦੁਨੀਆਂ ਚ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਹੀ ਆਈ ਹੈ।ਇਹੋ ਕਾਰਨ ਹੈ,ਕਿ ਦੁਨੀਆਂ ਉਨ੍ਹਾਂ ਨੂੰ ਸਰਬੰਸ ਦਾਨੀ ਕਹਿਕੇ ਵੀ ਸਿਜਦਾ ਕਰਦੀ ਹੈ। ਹੁਣ ਵੇਖਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਕੋਈ ਮਾਈ ਦਾ ਲਾਲ ਦੇਸ਼ ਜਾਂ ਕੌਮ ਤੋਂ ਆਪਣਾ ਇੱਕ ਪੁੱਤਰ ਜਾਂ ਕੋਈ ਇੱਕ ਜੀਅ ਵਾਰਕੇ ਹੀ ਦੇਸ਼ ਤੇ ਕੌਮ ਲਈ ਮਹਾਨ ਬਣ ਜਾਂਦਾ ਹੈ।

ਪਰ ਉਸ ਸਰਬੰਸ ਦਾਨੀ ਨੂੰ ਕੀ ਕਿਹਾ ਜਾਵੇ,ਜਿਸਨੇ ਆਪਣੇ ਧਰਮ ਤੇ ਕੌਮ ਦੀ ਖਾਤਰ,ਆਪਣੇ ਚਾਰੇ ਪੁੱਤਰਾਂ ਦੇ ਨਾਲ 2,ਆਪਣਾ ਸਾਰਾ ਸਰਬੰਸ ਹੀ ਕੁਰਬਾਨ ਕਰ ਦਿੱਤਾ ਹੋਵੇ ਅਤੇ ਉਸ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਭੋਰਾ ਵੀ ਗਿਲਾ ਨਾ ਕੀਤਾ ਹੋਵੇ,ਸਗੋਂ ਉਹਦੀ ਅਮਾਨਤ ਉਹਨੂੰ ਮੋੜਕੇ,ਉਲਟਾ ਉਹਦਾ ਸ਼ੁਕਰਾਨਾ ਹੀ ਕੀਤਾ ਹੋਵੇ,ਤਾਂ ਕਿ ਦੁਨੀਆਂ ਤੇ ਹੱਕ ਅਤੇ ਸੱਚ ਅਤੇ ਇਨਸਾਫ਼ ਦਾ ਪ੍ਰਚਮ ਝੂਲਦਾ ਰਹੇ।

ਬੇਸੱਕ, ਅੱਜ ਅਸੀਂ ਹਰ ਤਰ੍ਹਾਂ ਦੀ ਆਜਾਦੀ ਦਾ ਨਿੱਘ ਮਾਣ ਰਹੇ ਹਾਂ।ਪਰ ਅਫਸੋਸ,ਕਿ ਅਸੀਂ ਇਸ ਆਜਾਦੀ ਨੂੰ ਪ੍ਰਾਪਤ ਕਰਨ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਹਾਂ।ਅੱਜ ਸਿੱਖ ਕੌਮ ਦੇ ਅਨੁਆਈਆਂ ਨੇ ਸਿੱਖ ਗੁਰੂਆਂ ਦੇ ਸਾਰੇ ਹੀ ਸਿਧਾਂਤਾਂ ਨੂੰ ਉੱਕਾ ਹੀ ਭੁਲਾ ਦਿੱਤਾ ਹੈ,ਜਿੰਨ੍ਹਾਂ ਦੇ ਸਦਕਾ ਅਸੀਂ ਹਰ ਤਰ੍ਹਾਂ ਦੀ ਆਜਾਦੀ ਅਤੇ ਖੁਸ਼ਹਾਲ ਜੀਵਨ ਜਿਉਂ ਰਹੇ ਹਾਂ।

ਪਰ ਇਹ ਗੱਲ ਤਾਂ ਚਿੱਟੇ ਦੁੱਧ ਵਾਂਗ ਸਾਫ ਹੈ,ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ,ਉਹ ਕੌਮਾਂ ਇੱਕ ਦਿਨ ਗੁਲਾਮ ਹੋ ਹੀ ਜਾਂਦੀਆਂ ਹਨ।ਇਸ ਗੱਲ ਤੇ ਅਸੀਂ ਸਾਰਿਆਂ ਨੇ ਵਿਚਾਰ ਕਰਨਾ ਹੈ,ਕਿ ਕੀ ਅਸੀਂ ਅਜਿਹਾ ਕਰਕੇ ਦੁਬਾਰਾ ਫੇਰ ਗੁਲਾਮ ਹੋਣ ਦੇ ਚਾਹਵਾਨ ਹਾਂ ਜਾਂ ਫਿਰ ਇੱਜਤ ਅਤੇ ਅਣਖ ਦੇ ਨਾਲ ਆਪਣੀ ਜਿੰਦਗੀ ਜਿਉਣ ਨੂੰ ਪਹਿਲ ਦਿੰਦੇ ਹਾਂ।

ਸੁਬੇਗ ਸਿੰਘ, ਸੰਗਰੂਰ
93169 10402

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button