Press ReleasePunjabTop News

ਪੀ.ਏ.ਯੂ. ਵਿੱਚ ਦੂਜੀ ਸਰਕਾਰ ਕਿਸਾਨ ਮਿਲਣੀ ਵਿੱਚ ਪੰਜਾਬ ਭਰ ਤੋਂ ਕਿਸਾਨ ਸ਼ਾਮਿਲ ਹੋਏ

ਪੰਜਾਬ ਦੀਆਂ ਚੁਣੌਤੀਆਂ ਦੇ ਹੱਲ ਲਈ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣਾ ਲਾਜ਼ਮੀ : ਖੇਤੀਬਾੜੀ ਮੰਤਰੀ

ਲੁਧਿਆਣਾ 11 ਮਈ,2023 – ਅੱਜ ਪੀ.ਏ.ਯੂ. ਵਿਚ ਦੂਜੀ ਸਰਕਾਰ ਕਿਸਾਨ ਮਿਲਣੀ ਕਰਵਾਈ ਗਈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਹੋਈ ਇਸ ਮਿਲਣੀ ਦੀ ਪ੍ਰਧਾਨਗੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ । ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ ਲਾਲਜੀਤ ਸਿੰਘ ਭੁੱਲਰ ਇਸ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਇਸ ਮਿਲਣੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਸ਼੍ਰੀ ਸੁਮੇਰ ਸਿੰਘ ਗੁਰਜਰ, ਪ੍ਰਮੁੱਖ ਸਕੱਤਰ ਖੇਤੀਬਾੜੀ, ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ ਸੁਖਪਾਲ ਸਿੰਘ, ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਬੀ ਐੱਸ ਘੁੰਮਣ, ਗਡਵਾਸੂ ਦੇ ਵਾਈਸ ਚਾਂਸਲਰ ਡਾ ਇੰਦਰਜੀਤ ਸਿੰਘ, ਸਾਬਕਾ ਨਿਰਦੇਸ਼ਕ ਬਾਗਬਾਨੀ ਡਾ ਗੁਰਕੰਵਲ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।

ਇਸ ਮਿਲਣੀ ਦਾ ਉਦੇਸ਼ ਆਉਂਦੇ ਸਮੇਂ ਖੇਤੀਬਾੜੀ ਨੀਤੀ ਬਣਾਉਣ ਲਈ ਪੰਜਾਬ ਦੇ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕਰਨਾ ਅਤੇ ਉਹਨਾਂ ਦੀਆਂ ਰਾਵਾਂ ਨੂੰ ਜਾਨਣਾ ਸੀ । ਇਸ ਮਿਲਣੀ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ । ਦਰਜਨਾਂ ਸਟਾਲਾਂ ਤੇ ਕਿਸਾਨਾਂ ਨੇ ਆਪਣੀ ਦਿਲਚਸਪੀ ਅਨੁਸਾਰ ਫਸਲ ਦੀ ਬਿਜਾਈ ਅਤੇ ਹੋਰ ਮੁੱਦਿਆਂ ਬਾਰੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ । ਸਲਾਹ-ਮਸ਼ਵਰਾ ਹਾਲ ਵਿੱਚ ਖੇਤੀਬਾੜੀ ਮੰਤਰੀ ਨੇ ਹਰ ਸਟਾਲ ਤੇ ਰੁਕ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਹਨਾਂ ਦੇ ਸੁਝਾਅ ਅਤੇ ਸਮੱਸਿਆਵਾਂ ਦੇ ਹੱਲ ਬਾਰੇ ਕਿਸਾਨਾਂ ਦੇ ਨਜ਼ਰੀਏ ਨੂੰ ਜਾਣਿਆ । ਬਾਅਦ ਵਿੱਚ ਮੁੱਖ ਪੰਡਾਲ ਵਿੱਚ ਪਹੁੰਚ ਕੇ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ।
ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਮਿਲਣੀ ਦੇ ਦੋ ਉਦੇਸ਼ ਹਨ । ਪਹਿਲਾ ਰਵਾਇਤੀ ਫਸਲ ਚੱਕਰ ਚੋਂ ਕਿਸਾਨੀ ਨੂੰ ਬਾਹਰ ਕੱਢਣ ਲਈ ਕਿਸਾਨਾਂ ਦੀਆਂ ਰਾਵਾਂ ਅਤੇ ਸੁਝਾਵਾਂ ਨੂੰ ਜਾਨਣਾ ਅਤੇ ਦੂਸਰਾ ਇਹਨਾਂ ਸੁਝਾਵਾਂ ਦੇ ਅਧਾਰ ਤੇ ਪੰਜਾਬ ਦੀ ਨਵੀਂ ਖੇਤੀ ਨੀਤੀ ਨੂੰ ਬਨਾਉਣਾ । ਖੇਤੀਬਾੜੀ ਮੰਤਰੀ ਨੇ ਪਿਛਲੇ ਸਮੇਂ ਦੌਰਾਨ ਮੌਜੂਦਾ ਸਰਕਾਰ ਵੱਲੋਂ ਖੇਤੀ ਦੀ ਬਿਹਤਰੀ ਲਈ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਫਸਲ ਖਰੀਦ ਦੀ ਫੌਰੀ ਅਤੇ ਪਾਰਦਰਸ਼ੀ ਨੀਤੀ ਬਣਾਈ ਗਈ ਹੈ । ਸਰਕਾਰ ਨੇ ਗੰਨੇ ਦਾ ਬਕਾਇਆ ਕਿਸਾਨਾਂ ਨੂੰ ਅਦਾ ਕਰ ਦਿੱਤਾ ਹੈ ਅਤੇ ਨਾਲ ਗੰਨੇ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਚੁਣੌਤੀਆਂ ਦਾ ਹੀ ਨਹੀਂ ਬਲਕਿ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਆਉਂਦੀ 30 ਜੂਨ ਨੂੰ ਲਾਗੂ ਹੋਣ ਜਾ ਰਹੀ ਖੇਤੀ ਨੀਤੀ ਵਿਚ ਕਿਸਾਨਾਂ ਦੇ ਸੁਝਾਅ ਸ਼ਾਮਿਲ ਕੀਤੇ ਜਾਣਗੇ। ਉਨ੍ਹਾਂ ਨੇ ਵਿਦੇਸ਼ੀ ਕਿਸਾਨਾਂ ਦੇ ਸ਼ਾਮਿਲ ਹੋਣ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਪੰਜਾਬ ਦੇ ਕਿਸਾਨਾਂ ਨਾਲ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪਾਣੀ ਦੇ ਸੁਚਾਰੂ ਹੱਲ ਲਈ ਸਰਕਾਰ ਵਚਨਬੱਧ ਹੈ। 97 ਫੀਸਦੀ ਨਰਮਾ ਪੱਟੀ ਵਿਚ ਨਹਿਰੀ ਪਾਣੀ ਨੂੰ ਠੀਕ ਸਮੇਂ ਤੇ ਪੁੱਜਦਾ ਕੀਤਾ ਗਿਆ ਹੈ। ਉਨ੍ਹਾਂ ਨੇ ਪਾਣੀ, ਬਿਜਲੀ, ਬੀਜਾਂ  ਦੀ ਵੰਡ ਨੂੰ ਪਾਰਦਰਸ਼ੀ ਬਣਾਉਣਾ ਸਰਕਾਰ ਦਾ ਮੁੱਖ ਮੰਤਵ ਹੈ। ਖੇਤੀਬਾੜੀ ਮੰਤਰੀ ਨੇ ਪਰਾਲੀ ਦੇ ਪ੍ਰਬੰਧਨ ਨੂੰ ਪੀ ਏ ਯੂ ਦੀਆਂ ਸਿਫਾਰਿਸ਼ਾਂ ਅਨੁਸਾਰ ਕਰਨ ਦੀ ਅਪੀਲ ਕੀਤੀ। ਸ ਧਾਲੀਵਾਲ ਨੇ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢ ਕੇ ਖੇਤੀ ਵਿਭਿੰਨਤਾ ਵਜੋਂ ਸਬਜ਼ੀਆਂ, ਫਲਾਂ ਤੇ ਮੱਕੀ ਆਦਿ ਦੀ ਕਾਸ਼ਤ,ਮੰਡੀਕਰਨ ਅਤੇ ਪ੍ਰੋਸੈਸਿੰਗ ਲਈ ਯੋਗ ਨੀਤੀ ਬਣਾਉਣ ਵੱਲ ਸਰਕਾਰੀ ਪਹਿਲਕਦਮੀ ਦਾ ਹਵਾਲਾ ਦਿੱਤਾ।ਸ ਧਾਲੀਵਾਲ ਨੇ ਘੱਟ ਪਾਣੀ ਖਪਾਉਣ ਵਾਲੀਆਂ ਝੋਨੇ ਦੀਆਂ ਕਿਸਮਾਂ ਪੀ ਆਰ 126 ਅਤੇ ਬਾਸਮਤੀ ਦੀ ਕਾਸ਼ਤ ਲਈ ਵਿਸ਼ੇਸ਼ ਜ਼ੋਰ ਦਿੱਤਾ।  ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਸੁਪਨਾ ਪੰਜਾਬ ਦੀ ਖੇਤੀ ਨੂੰ ਮੁੜ ਸਿਖਰ ਵੱਲ ਲੈ ਕੇ ਜਾਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਹੈ ।
ਪਸ਼ੂ ਪਾਲਣ ਮੰਤਰੀ ਸ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਦੀ ਇਹ ਪਹਿਲਕਦਮੀ ਕਿਸਾਨਾਂ ਦੇ ਤਜਰਬਿਆਂ ਨੂੰ ਮਾਣ ਦੇਣ ਵਾਲੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨੀਂ ਪਸ਼ੂ ਪਾਲਕਾਂ ਨਾਲ ਵੀ ਅਜਿਹੀ ਮਿਲਣੀ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਬਾਰੇ ਚੰਗੀ ਨੀਤੀ ਬਣਾ ਕੇ ਅਤੇ ਸਹਾਇਕ ਧੰਦੇ ਪ੍ਰਫੁੱਲਿਤ ਕੀਤੇ ਜਾਣਗੇ ਤਾਂ ਜੁ ਵਿਦੇਸ਼ ਜਾਣ ਦੇ ਜਵਾਨੀ ਦੇ ਰੁਝਾਨ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਨੇ ਦੁੱਧ ਦੀ ਘਰੇਲੂ ਲੋੜ ਦੀ ਪੂਰਤੀ ਲਈ ਪਸ਼ੂ ਪਾਲਣ ਤੇ ਜ਼ੋਰ ਦਿੱਤਾ

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਪੀ.ਏ.ਯੂ. ਦੇ ਵਿਹੜੇ ਇਹ ਨਿਵੇਕਲੀ ਮਿਲਣੀ ਦੂਜੀ ਵਾਰ ਹੋ ਰਹੀ ਹੈ ਜਿਸ ਵਿੱਚ ਸਾਰੇ ਪੰਜਾਬ ਤੋਂ ਕਿਸਾਨ ਸ਼ਾਮਿਲ ਹੋ ਰਹੇ ਹਨ। ਡਾ ਗੋਸਲ ਨੇ ਦੱਸਿਆ ਕਿ 12 ਫਰਵਰੀ ਨੂੰ ਹੋਈ ਪਹਿਲੀ ਮਿਲਣੀ ਵਿੱਚ 15 ਹਜ਼ਾਰ ਦੇ ਕਰੀਬ ਕਿਸਾਨ ਸ਼ਾਮਿਲ ਹੋਏ ਸਨ, ਇਸ ਵਾਰ ਇਹ ਗਿਣਤੀ ਪਹਿਲਾਂ ਨਾਲੋਂ ਕਿਤੇ ਵੱਧ ਹੈ। ਪਹਿਲੀ ਮਿਲਣੀ ਤੋਂ ਪ੍ਰਾਪਤ ਕਿਸਾਨਾਂ ਦੇ ਸੁਝਾਵਾਂ ਅਨੁਸਾਰ ਪੀ ਏ ਯੂ ਆਪਣੀ ਖੇਤੀ ਖੋਜ ਅਤੇ ਪਸਾਰ ਨੂੰ ਨਵੇਂ ਦਿਸ਼ਾ ਨਿਰਦੇਸ਼ ਦੇ ਰਹੀ ਹੈ। ਉਨ੍ਹਾਂ ਪਰਵਾਸੀ ਕਿਸਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਪੰਜ ਦੇਸ਼ਾਂ ਤੋਂ ਪੰਦਰਾਂ ਅਗਾਂਹਵਧੂ ਕਿਸਾਨਾਂ ਦਾ ਇਸ ਮਿਲਣੀ ਅਤੇ ਕਿਸਾਨ ਸੰਮੇਲਨ ਵਿਚ ਜੁੜਨਾ ਸਾਡਾ ਹੌਸਲਾ ਵਧਾਉਣ ਲਈ ਕਾਰਗਰ ਕਦਮ ਹੈ। ਡਾ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਆਉਂਦੇ ਸਾਉਣੀ ਸੀਜ਼ਨ ਲਈ ਘੱਟ ਪਾਣੀ ਦੀ ਖਪਤ ਕਰਨ ਵਾਲੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੰਤਵ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਤ ਕਰਨਾ ਹੈ।

ਇਸ ਮੌਕੇ ਪਰਵਾਸੀ ਕਿਸਾਨਾਂ ਕੇਵਲ ਸਿੰਘ ਬਾਸੀ,ਮਿੰਟੂ ਬਰਾੜ, ਆਗਿਆਕਾਰ ਸਿੰਘ ਗਰੇਵਾਲ, ਰਾਜਿੰਦਰ ਸਿੰਘ ਮੰਡ, ਅਮਨਦੀਪ ਸਿੰਘ ਸਿੱਧੂ, ਰੁਮੇਲ ਸਿੰਘ ਤੂਰ, ਡਾ ਬਿਕਰਮ ਸਿੰਘ ਗਿੱਲ, ਗੁਰਰੀਤ ਬਰਾੜ, ਹਰਦੀਪ ਸਿੰਘ, ਗੁਰਰਾਜ ਸਿੰਘ ਢਿੱਲੋਂ, ਡਾ ਇੰਦਰ ਮਾਨ, ਗੁਰਿੰਦਰ ਸਿੰਘ ਔਜਲਾ, ਜਗਬੀਰ ਸਿੰਘ ਸ਼ੇਰਗਿੱਲ ਨੂੰ ਸਨਮਾਨਿਤ ਕੀਤਾ ਗਿਆ ।

ਖੇਤੀਬਾੜੀ ਮੰਤਰੀ ਅਤੇ ਪਸ਼ੂ ਪਾਲਣ ਮੰਤਰੀ ਮੰਤਰੀ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨ੍ਹ ਨਾਲ ਨਿਵਾਜ਼ਿਆ ਗਿਆ ।
ਇਸ ਮੌਕੇ ਦੋ ਕਿਤਾਬਾਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਵਿਚ ਡਾ ਤੇਜਿੰਦਰ ਸਿੰਘ ਰਿਆੜ, ਮਿਸ ਸ਼ੀਤਲ ਚਾਵਲਾ ਅਤੇ ਕੁਲਬੀਰ ਕੌਰ ਦੀ ਕੌਫੀ ਟੇਬਲ ਕਿਤਾਬ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦਾ ਅਟੁੱਟ ਰਿਸ਼ਤਾ ਅਤੇ ਡਾ ਸ਼ੀਤਲ ਥਾਪਰ, ਡਾਨਰਿੰਦਰਪਾਲ ਸਿੰਘ, ਡਾ ਵਿਸ਼ਾਲ ਬੈਕਟਰ ਅਤੇ ਡਾ ਆਸ਼ੂ ਤੂਰ ਦੀ ਕਿਤਾਬ ਦ ਰੂਟਸ ਆਫ ਪ੍ਰਸਪੈਰੇਟੀ ਜਾਰੀ ਕੀਤੀਆਂ ਗਈਆਂ।

 ਅੰਤ ਵਿੱਚ ਧੰਨਵਾਦ ਦੀ ਜ਼ਿੰਮੇਵਾਰੀ ਡਾ. ਗੁਰਵਿੰਦਰ ਸਿੰਘ, ਨਿਰਦੇਸ਼ਕ ਖੇਤੀਬਾੜੀ ਨੇ ਨਿਭਾਈ । ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button