ਪੀਏਯੂ ਨੂੰ ਕਦੋਂ ਮਿਲ਼ੇਗਾ ਪੱਕਾ ਵੀਸੀ ?
ਅਮਰਜੀਤ ਸਿੰਘ ਵੜੈਚ (94178-01988)
ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ(PAU) ਦਾ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ : ਜੁਲਾਈ 1962 ,ਚ ਬਣੀ ਇਸ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਹ ਸੱਭ ਤੋਂ ਮਾੜਾ ਸਾਲ ਕਿਹਾ ਜਾਵੇਗਾ ਕਿਉਂਕਿ ਇਸ ਯੂਨਵਿਰਸਿਟੀ ਨੂੰ ਜੁਲਾਈ 2021 ਤੋਂ (ਡਾ: ਬਲਦੇਵ ਸਿੰਘ ਢਿਲੋਂ ਦੇ ਅਸਤੀਫ਼ੇ ਮਗਰੋਂ) ਹੁਣ ਤੱਕ ਕੋਈ ਪੱਕਾ ਵਾੲਸਿ ਚਾਂਸਲਰ ਨਹੀਂ ਮਿਲਿਆ ਅਤੇ ਇਸ ਦਾ ਪ੍ਰਸ਼ਾਸਨਿਕ ਕੰਮ ਸੀਨੀਅਰ ਆਈਏਐੱਸ ਅਧਿਕਾਰੀਆਂ ਵੱਲੋਂ ਚਲਾਇਆ ਜਾ ਰਿਹਾ ਹੈ ; ਇਥੇ ਹੀ ਬੱਸ ਨਹੀਂ ਇਹ ਅਫ਼ਸਰ ਵੀ ਇਕ ਸਾਲ ਵਿੱਚ ਤਿੰਨ ਵਾਰ ਬਦਲ ਚੁੱਕੇ ਹਨ ।
ਯੂਨੀਵਰਸਿਟੀ ਦੀਆਂ ਹੋਰ ਮਹੱਤਵਪੂਰਣ ਆਸਾਮੀਆਂ ਜਿਵੇਂ ਡਾਇਰੈਕਟਰ ਖੋਜ ਅਤੇ ਪਾਸਾਰ ਸਿਖਿਆ ਦੀਆਂ ਪੋਸਟਾਂ ਅਤੇ ਰਜਿਸਟਰਾਰ ਦੀ ਪੋਸਟ ਸਮੇਤ 40 ਤੋਂ ਵੱਧ ਹੋਰ ਅਹਿਮ ਪੋਸਟਾਂ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ । ਯੂਨੀਵਰਸਿਟੀ ਦਾ ਕੰਮ ਅਫ਼ਸਰਾਂ ਨੂੰ ‘ਵਾਧੂ ਚਾਰਜ’ ਦੇ ਕੇ ਹੀ ਰੇੜ੍ਹਿਆ ਜਾ ਰਿਹਾ ਹੈ । ਇਥੇ ਇਹ ਵਰਣਨ ਯੋਗ ਹੈ ਕਿ ਪਿਛਲੇ ਵਰ੍ਹੇ ਪੰਜਾਬ ਦੀ ਨਰਮਾਂ ਪੱਟੀ ‘ਗੁਲਾਬੀ ਸੁੰਡੀ’ ਨੇ ਤਬਾਹ ਕਰ ਦਿਤੀ ਸੀ ਜਿਸ ਕਾਰਨ ਕਈ ਕਿਸਾਨ ਖ਼ੁਦਕੁਸ਼ੀਆਂ ਵੀ ਕਰ ਗਏ ਸਨ । ਇਸ ਵਾਰ ਫਿਰ ਇਸ ਸੁੰਡੀ ਨੇ ਕਈ ਥਾਵਾਂ ‘ਤੇ ਹਮਲਾ ਕਰ ਵੀ ਦਿਤਾ ਹੈ ।
ਪੰਜਾਬ ਦੀ ਕਿਸਾਨੀ ਵੱਡੇ ਸੰਕਟ ਅਤੇ ਇਮਤਿਹਾਨ ‘ਚੋਂ ਲੰਘ ਰਹੀ ਹੈ ਅਤੇ ਕਿਸਾਨਾਂ ਲਈ ਇਕ ਵੱਡੀ ਆਸ ਦੀ ਕਿਰਨ ਵਾਲ਼ੀ ਯੂਨੀਵਰਸਿਟੀ ਬਿਨਾ ਵਾਈਸ-ਚਾਂਸਲਰ ਤੋਂ ਹੀ ਚੱਲ ਰਹੀ ਹੈ । ਪਹਿਲਾ ਕੈਪਟਨ ਸਰਕਾਰ ਫਿਰ ‘ਚੰਨੀ ਕਰਦਾ ਮਸਲੇ ਹੱਲ’ ਵਾਲ਼ੀ ਸਰਕਾਰ ਅਤੇ ਹੁਣ ਗਰੰਟੀਆਂ ਵਾਲ਼ੀ ਸਰਕਾਰ,ਜਿਸ ਦੇ 100 ਦਿਨ ਵੀ ਪੂਰੇ ਹੋ ਗਏ ਹਨ, ਚੁੱਪ ਹੈ । ਵੈਸੇ ਇਸ ਸਰਕਾਰ ਨੇ ਤਾਂ ਹਾਲੇ ਖੇਤੀ ਮਹਿਕਮਾਂ ਵੀ ਕਿਸੇ ਮੰਤਰੀ ਨੂੰ ਨਹੀਂ ਦਿਤਾ । ਹੋ ਸਕਦਾ ਹੈ ਕਿ ਕੈਬਨਿਟ ਵਿੱਚ ਹੋਣ ਵਾਲ਼ੇ ਵਾਧੇ ‘ਚ ਇਹ ਮਹਿਕਮਾਂ ਕਿਸੇ ਨੂੰ ਮਿਲ਼ ਜਾਵੇ । ਖੇਤੀ ਪ੍ਰਧਾਨ ਸੂਬੇ ਕੋਲ ਆਪਣਾ ਵੱਖਰਾ ਖੇਤੀ ਮੰਤਰੀ ਨਾ ਹੋਵੇ ਅਤੇ ਖੇਤੀ ਯੂਨੀਵਰਸਿਟੀ ਦਾ ਵੀਸੀ ਨਾ ਹੋਵੇ ਕਿੰਨੀ ਹੈਰਾਨੀ ਵਾਲ਼ੀ ਗੱਲ ਹੈ ।
ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾ: ਕਿਰਪਾਲ ਸਿੰਘ ਔਲਖ ਨੂੰ ਪਿਛਲੇ ਵਰ੍ਹੇ ਕੈਪਟਨ ਦੀ ਸਰਕਾਰ ਨੇ ਡਾ: ਢਿਲੋਂ ਦੇ ਅਸਤੀਫ਼ੇ ਮਗਰੋਂ ਵੀਸੀ ਲਾਉਣ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਡਾ: ਔਲਖ ਨੇ ਉਮਰ(80+) ਦਾ ਤਕਾਜ਼ਾ ਹੋਣ ਕਾਰਨ ਨਾਂਹ ਕਰ ਦਿਤੀ ਸੀ । ਡਾ: ਔਲਖ ਦਾ ਕਹਿਣਾ ਹੈ ਕਿ ਜਿਸ ਫ਼ੋਜ ਦਾ ਕਮਾਂਡਰ ਹੀ ਨਹੀਂ ਹੋਵੇਗਾ ਉਹ ਫ਼ੌਜ ਲੜੇਗੀ ਕਿਵੇਂ ? ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ,ਪਾਸਾਰ ਸਿਖਿਆ ਡਾ; ਸਰਜੀਤ ਸਿੰਘ ਕਹਿੰਦੇ ਹਨ ਕਿ ਸਰਕਾਰ ਵੱਲੋਂ ਆਈਏਐੱਸ ਅਧਿਕਾਰੀ ਲਾਉਣ ਨਾਲ਼ ਯੂਨੀਵਰਸਿਟੀ ਦੀ ਖ਼ੁਦਮੁਖਤਿਆਰੀ ਵਿੱਚ ਰਾਜ ਸਰਕਾਰ ਦਾ ਦਖ਼ਲ ਵਧ ਜਾਂਦਾ ਹੈ ।
ਇਹ ਯੂਨੀਵਰਸਿਟੀ ਸੰਸਾਰ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਇਕ ਵਧੀਆ ਯੂਨੀਵਰਸਿਟੀ ਮੰਨੀ ਜਾਂਦੀ ਹੈ । ਵਿਸ਼ਵ ਦੇ ਹਰੇ ਇਨਕਲਾਬ ਦੇ ਨੇਤਾ ਡਾ: ਨੌਰਮੇਨ ਬੌਰਲੋਗ (Dr. Norman Borlaug-Noble Peace Prize laureate) ਇਸ ਯੂਨੀਵਰਸਿਟੀ ਦੀ ਬਹੁਤ ਤਾਰੀਫ਼ ਕੀਤੀ ਸੀ । ਡਾ: ਗੁਰਦੇਵ ਸਿੰਘ ਖੁਸ਼ ਇਸੇ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਜਿਨ੍ਹਾਂ ਦੁਆਰਾ ਚੌਲ਼ਾਂ ਦੀਆਂ 300 ਤੋਂ ਵੱਧ ਵਿਕਸਿਤ ਕਿਸਮਾਂ ਪੈਦਾ ਕਰਕੇ ਵਿਸ਼ਵ ਦੇ 60 ਫ਼ੀਸਦ ਦੇਸ਼ ਆਨੰਦ ਮਾਣ ਰਹੇ ਹਨ । ਇਸੇ ਤਰ੍ਹਾਂ ਇਸ ਯੂਨੀਵਰਸਿਟੀ ਦੇ ਹੋਰ ਵੀ ਕਈ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨੀ ਹੋਏ ਹਨ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਦੇਸ਼ ਦੀ ਖੇਤੀ ‘ਚ ਬਹੁਤ ਅਹਿਮ ਯੋਗਦਾਨ ਹੈ । ਆਜ਼ਾਦੀ ਮਗਰੋਂ ਜਦੋਂ ਦੇਸ਼ ਮੂਹਰੇ ਆਪਣੀ ਦੈਂਤ-ਕੱਦ ਆਬਾਦੀ ਨੂੰ ਲੋੜੀਂਦੀ ਖੁਰਾਕ ਦੇਣ ਦਾ ਸਵਾਲ ਖੜ੍ਹਾ ਹੋਇਆ ਤਾਂ ਭਾਰਤ ਨੂੰ ਅਮਰੀਕਾ ਤੋਂ ਕਣਕ ਲੈਣ ਲਈ ਹੱਥ ਅੱਡਣੇ ਪੈਂਦੇ ਸੀ ਅਤੇ ਅਮਰੀਕਾ ਵੀ ਨੱਕ-ਮੂੰਹ ਚੜ੍ਹਾਕੇ ਮੰਨਦਾ ਸੀ । ਇਸ ਯੂਨੀਵਰਸਿਟੀ ਨੇ 20ਵੀ ਸਦੀ ਦੇ ਸੱਤਵੇਂ ਦਹਾਕੇ ਵਿੱਚ ਦੇਸ਼ ਦੇ ‘ਹਰੇ ਇਨਕਲਾਬ’ ਵਿੱਚ ਇਤਿਹਾਸਿਕ ਯੋਗਦਾਨ ਪਾਇਆ । ਇਸ ਯੂਨੀਵਰਸਿਟੀ ਦੀ ਹੀ ਦੇਣ ਹੈ ਕਿ ਪੰਜਾਬ ਨੇ ਦੇਸ਼ ਨੂੰ ਖੁਰਾਕ ਵਿੱਚ ਆਤਮ-ਨਿਰਭਰ ਬਣਾਇਆ ਅਤੇ ਦੇਸ਼ ਨੇ ਪੰਜਾਬ ਨੂੰ ‘MOTHER OF GREEN REVOLUTIN OF INDIA’ and ‘INDIA’S BREAD BASKET ‘ ਦਾ ਦਰਜਾ ਦਿਤਾ ।
ਮੁੱਖ-ਮੰਤਰੀ ਭਗਵੰਤ ਮਾਨ ਕੋਲ਼ ਖੇਤੀ ਮਹਿਕਮਾਂ ਵੀ ਇਸ ਲਈ ਉਨ੍ਹਾਂ ਨੂੰ ਇਸ ਪਾਸੇ ‘ਹਿਮਾਚਲ ਅਤੇ ਗੁਜਰਾਤ’ ਵਾਂਗ ਪਹਿਲ ਦੇ ਆਧਾਰ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਜਲਦੀ ਤੋਂ ਜਲਦੀ ਪੀਏਯੂ ਨੂੰ ਨਵਾਂ ਵੀਸੀ ਨਿਯੁਕਤ ਕਰਨ ਲਈ ਕਾਰਵਾਈ ਆਰੰਭ ਕਰਵਾਉਣੀ ਚਾਹੀਦੀ ਹੈ ਤਾਂ ਜੋ ਯੂਨੀਵਰਸਿਟੀ ਆਪਣਾ ਵਿਸ਼ਵ ਵਿੱਚ ਪਹਿਲਾ ਦਰਜਾ ਕਾਇਮ ਰੱਖ ਸਕੇ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.