ਨਾਈਜੀਰੀਆ ‘ਚ ਪਾਈਪਲਾਈਨ ਤੋਂ ਤੇਲ ਚੋਰੀ ਦੀ ਕੋਸ਼ਿਸ਼ ਪਈ ਭਾਰੀ, ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕਾਂ ਦੀ ਮੌਤ

ਨਾਈਜੀਰੀਆ ਦੇ ਇੱਕ ਵਾਤਾਵਰਣ ਸਮੂਹ ਨੇ ਦਾਅਵਾ ਕੀਤਾ ਕਿ ਤੇਲ ਪਾਈਪਲਾਈਨ ਤੋਂ ਤੇਲ ਚੁਰਾਉਣ ਦੀ ਕੋਸ਼ਿਸ਼ ਦੌਰਾਨ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ ਆਉਣ ਨਾਲ ਘੱਟੋ-ਘੱਟ 37 ਲੋਕਾਂ ਦੀ ਜਾਨ ਚਲੀ ਗਈ। ਹਾਲਾਂਕਿ, ਪ੍ਰਸ਼ਾਸਨ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਯੂਥਸ ਐਂਡ ਐਨਵਾਇਰਮੈਂਟਲ ਐਡਵੋਕੇਸੀ ਸੈਂਟਰ ਦੇ ਮੁਤਾਬਕ, ਇਹ ਦਰਦਨਾਕ ਹਾਦਸਾ ਵੀਰਵਾਰ ਅੱਧੀ ਰਾਤ ਦੇ ਆਸ-ਪਾਸ ਰਿਵਰਸ ਰਾਜ ਦੇ ਓਕ੍ਰਿਕਾ ਇਲਾਕੇ ’ਚ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਓਕਾਰੀ ਜੈਟੀ ‘ਤੇ ਇੱਕ ਵੱਡੇ ਜਹਾਜ਼ ’ਚ ਤੇਲ ਭਰਿਆ ਜਾ ਰਿਹਾ ਸੀ, ਉਦੋਂ ਹੀ ਕੁਝ ਸ਼ੱਕੀ ਚੋਰ ਪਾਈਪਲਾਈਨ ’ਚੋਂ ਤੇਜ਼ ਦਬਾਅ ਵਾਲੇ ਪੈਟਰੋਲੀਅਮ ਪਦਾਰਥ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਆਪਣੀਆਂ ਬੇੜੀਆਂ ਵਿੱਚ ਭਰਨ ਦੀ ਕੋਸ਼ਿਸ਼ ਕਰਨ ਲੱਗੇ। ਇਸੇ ਦੌਰਾਨ ਉੱਥੇ ਜ਼ਹਿਰੀਲੀ ਗੈਸ ਦਾ ਰਿਸਾਅ (ਲੀਕੇਜ) ਹੋ ਗਿਆ। ਸਮੂਹ ਦਾ ਕਹਿਣਾ ਹੈ ਕਿ ਕਈ ਲੋਕ ਅਜੇ ਵੀ ਲਾਪਤਾ ਹਨ ਅਤੇ ਨਦੀ ਵਿੱਚ ਕੁਝ ਲਾਸ਼ਾਂ ਤੈਰਦੀਆਂ ਹੋਈਆਂ ਦੇਖੀਆਂ ਗਈਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਦੀ ਮੌਤ ਕੱਚਾ ਤੇਲ ਚੁਰਾਉਣ ਦੀ ਕੋਸ਼ਿਸ਼ ਦੌਰਾਨ ਹੋਈ। ਇਹ ਘਟਨਾ ਨਾਈਜਰ ਡੈਲਟਾ ’ਚ ਕੱਚੇ ਤੇਲ ਦੀ ਚੋਰੀ ਅਤੇ ਪਾਈਪਲਾਈਨ ’ਚ ਤੋੜ-ਭੰਨ ਦੀ ਗੰਭੀਰ ਅਤੇ ਲਗਾਤਾਰ ਬਣੀ ਹੋਈ ਸਮੱਸਿਆ ਨੂੰ ਦਰਸਾਉਂਦੀ ਹੈ।ਅਕਤੂਬਰ 2023 ਤੋਂ ਬਾਅਦ ਇਹ ਇਸ ਤਰ੍ਹਾਂ ਦੀ ਸਭ ਤੋਂ ਵੱਡੀ ਘਟਨਾ ਹੈ, ਜਿਸ ’ਚ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਖੇਤਰ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਤੇਲ ਕੱਢਣ ਦੀਆਂ ਘਟਨਾਵਾਂ ਕਾਰਨ ਅਕਸਰ ਜਾਨਲੇਵਾ ਹਾਦਸੇ ਅਤੇ ਭਾਰੀ ਪ੍ਰਦੂਸ਼ਣ ਹੁੰਦਾ ਹੈ, ਜਿਸ ਨਾਲ ਨਾਈਜੀਰੀਆ ਦੇ ਤੇਲ ਉਦਯੋਗ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ।ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ, ਰਿਵਰਸ ਪੁਲਿਸ ਦੇ ਬੁਲਾਰੇ ਏਐੱਸਪੀ ਬਲੇਸਿੰਗ ਕਾਬੋਰਲੋ ਅਗਾਬੇ ਨੇ ਕਿਹਾ ਕਿ ਘਟਨਾ ਨਾਲ ਜੁੜੇ ਹਾਲਾਤਾਂ ਦਾ ਪਤਾ ਲਗਾਉਣ ਅਤੇ ਤੱਥਾਂ ਦੀ ਪੁਸ਼ਟੀ ਲਈ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ। ਉਹ ਘਟਨਾ ਦੇ ਕਾਰਨਾਂ ਅਤੇ ਮਰਨ ਵਾਲਿਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਕਰ ਸਕੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




