
ਨਾਭਾ ਦੇ ਨੇੜਲੇ ਪਿੰਡ ਅੱਚਲ ਵਿੱਚ 23 ਸਾਲਾ ਕਰਨਪ੍ਰੀਤ ਸਿੰਘ ਦੀ ਕਥਿਤ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਰਨਪ੍ਰੀਤ ਤਿੰਨ ਮਹੀਨੇ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਸਿਰਫ਼ ਦੋ ਦਿਨ ਪਹਿਲਾਂ ਹੀ ਘਰ ਪਰਤਿਆ ਸੀ। ਅੱਜ ਸਵੇਰੇ ਉਸ ਦੀ ਲਾਸ਼ ਕਥਿਤ ਤੌਰ ‘ਤੇ ਪਿੰਡ ਦੇ ਇੱਕ ਵਿਅਕਤੀ ਦੇ ਘਰੋਂ ਮਿਲੀ, ਜੋ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ।ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਅਤੇ ਮਾਂ ਜਸਪਾਲ ਕੌਰ ਨੇ ਦੱਸਿਆ ਕਿ ਕਰਨਪ੍ਰੀਤ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਉਹ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ, ਪਰ ਕੁਝ ਮਹੀਨੇ ਪਹਿਲਾਂ ਮਾੜੀ ਸੰਗਤ ਕਾਰਨ ਚਿੱਟੇ ਦੀ ਲਤ ਦਾ ਸ਼ਿਕਾਰ ਹੋ ਗਿਆ। ਪਰਿਵਾਰ ਨੇ ਉਸ ਨੂੰ ਤਿੰਨ ਮਹੀਨੇ ਲਈ ਨਸ਼ਾ ਛੁਡਾਊ ਕੇਂਦਰ ਭੇਜਿਆ ਸੀ ਅਤੇ ਘਰ ਵਾਪਸੀ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਉਹ ਨਸ਼ੇ ਤੋਂ ਦੂਰ ਰਹੇਗਾ। ਪਰ ਉਨ੍ਹਾਂ ਦਾ ਦੋਸ਼ ਹੈ ਕਿ ਪਿੰਡ ਵਿੱਚ ਨਸ਼ਾ ਆਸਾਨੀ ਨਾਲ ਉਪਲਬਧ ਹੋਣ ਕਾਰਨ ਉਹ ਮੁੜ ਇਸ ਦੀ ਲਪੇਟ ਵਿੱਚ ਆ ਗਿਆ।ਰੋਂਦੀ ਹੋਈ ਮਾਂ ਜਸਪਾਲ ਕੌਰ ਨੇ ਦੋਸ਼ ਲਗਾਇਆ ਕਿ ਪਿੰਡ ਵਿੱਚ ਖੁੱਲ੍ਹੇਆਮ ਚਿੱਟਾ ਵੇਚਿਆ ਜਾ ਰਿਹਾ ਹੈ ਅਤੇ ਕਥਿਤ ਨਸ਼ਾ ਤਸਕਰਾਂ ਬਾਰੇ ਪੁਲੀਸ ਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਗਈ ਸੀ, ਪਰ ਕਾਰਵਾਈ ਨਾ ਹੋਣ ਕਾਰਨ ਅੱਜ ਇੱਕ ਹੋਰ ਨੌਜਵਾਨ ਦੀ ਜਾਨ ਚਲੀ ਗਈ।ਸਿਵਲ ਹਸਪਤਾਲ ਨਾਭਾ ਦੇ ਡਾਕਟਰ ਨੇ ਦੱਸਿਆ ਕਿ ਕਰਨਪ੍ਰੀਤ ਸਿੰਘ ਦੀ ਲਾਸ਼ ਹਸਪਤਾਲ ਲਿਆਂਦੀ ਗਈ ਸੀ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਉੱਥੇ ਹੀ ਡੀ ਐੱਸ ਪੀ ਨਾਭਾ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਕੇਸ ਦਰਜ ਕੀਤਾ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




