ਨਵੇਂ ਅਕਾਲੀ ਦਲ ਦਾ ਐਲਾਨ,ਸੁਣੋ LIVE (ਵੀਡੀਓ)

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚੋਂ ਬਾਹਰ ਕੱਢੇ ਗਏ ਟਕਸਾਲੀ ਆਗੂ ਹੁਣ ਬਾਦਲਾਂ ਖਿਲਾਫ਼ ਪੂਰੀ ਤਰ੍ਹਾਂ ਦੋ-ਦੋ ਹੱਥ ਕਰਨ ਲਈ ਮੈਦਾਨ ਵਿੱਚ ਨਿੱਤਰ ਆਏ ਹਨ। ਅੱਜ ਇੱਥੇ ਇੱਕ ਵੱਡੇ ਪੱਤਰਕਾਰ ਸੰਮੇਲਨ ਦੌਰਾਨ ਬਾਦਲਾਂ ਅਤੇ ਮਜੀਠੀਏ ਖਿਲਾਫ਼ ਦੱਬ ਕੇ ਭੜਾਸ ਕੱਢਦਿਆਂ ਕੱਢੇ ਹੋਏ ਟਕਸਾਲੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਬਹੁਤ ਜਲਦ ਖਹਿਰਾ, ਬੈਂਸ, ਗਾਂਧੀ ਅਤੇ ਹੋਰ ਹਮਖਿਆਲੀ ਆਗੂਆਂ, ਧੜਿਆਂ ਅਤੇ ਪਾਰਟੀਆਂ ਨਾਲ ਮਿਲ ਕੇ ਨਵਾਂ ਅਕਾਲੀ ਦਲ ਬਣਾਉਣ ਜਾ ਰਹੇ ਹਨ ਜੋ ਕਿ ਸੁਖਬੀਰ ਅਤੇ ਮਜੀਠੀਆ ਦੀਆਂ ਬੇਵਕੂਫੀਆਂ ਕਾਰਨ ਹੋ ਰਿਹਾ ਹੈ। ਇਸ ਸਬੰਧ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦਿੰਦਿਆਂ ਟਕਸਾਲੀ ਅਕਾਲੀ ਡਾ. ਰਤਨ ਸਿੰਘ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਨੇ ਇੱਕ ਸੁਰ ਵਿਚ ਕਿਹਾ ਕਿ ਅਕਾਲੀ ਦਲ ਨੂੰ ਤਕੜਾ ਕਰਨ ਲਈ ਇਸ ਵੇਲੇ ਇਸਦੀ ਲੀਡਰਸ਼ਿਪ ਵਿਚ ਤਬਦੀਲੀ ਕਰਨਾ ਬੇਹੱਦ ਜਰੂਰੀ ਹੈ।
Read Also ਹੁਣ ਪੈਣਗੀਆਂ ਕਾਂਗਰਸੀ-ਅਕਾਲੀਆਂ ਨੂੰ ਭਾਜੜਾਂ , ਕਰਤਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਬਾਦਲਾਂ ਨੇ ਨਾ ਸਿਰਫ਼ ਐਸਜੀਪੀਸੀ ਦਾ ਸਿਆਸੀਕਰਨ ਕੀਤਾ ਹੈ ਬਲਕਿ ਸੌਦਾ ਸਾਧ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਘ ਰਚਣ ਵਾਲੇ ਮਾਮਲੇ ਤੇ ਬਿਨਾਂ ਮੰਗਿਆਂ ਹੀ ਉਸਨੂੰ ਪਹਿਲਾਂ ਮਾਫ਼ੀ ਦੇ ਦਿੱਤੀ ਤੇ ਫਿਰ ਉਹ ਮਾਫ਼ੀ ਵਾਪਸ ਲੈ ਲਈ। ਜਿਸ ਤੋਂ ਬਾਅਦ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦੋ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਨ੍ਹਾਂ ਟਕਸਾਲੀਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੀਆਂ ਗਈਆਂ ਬੇਵਕੂਫੀਆਂ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਸਰਮਾਏਦਾਰਾਂ ਦੀ ਪਾਰਟੀ ਹੈ ਜੋ ਕਿ ਸਿਰਫ਼ ਬਾਦਲ ਪਰਿਵਾਰ ਦੀ ਹੀ ਬਣਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਭ ਤੋਂ ਛੁਟਕਾਰਾ ਦਿਵਾਉਣ ਲਈ ਅਸੀਂ ਲੋਕਾਂ ਦਾ ਅਕਾਲੀ ਦਲ ਬਣਾਵਾਂਗੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ 1920 ਵਾਲੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰੇਗਾ ਤੇ ਅੱਜ ਮੁਤਾਬਿਕ ਉਸ ਵਿਚ ਜੋ ਵੀ ਬਦਲਾਅ ਕਰਨੇ ਪਏ ਉਹ ਕੀਤੇ ਜਾਣਗੇ।
ਟਕਸਾਲੀਆਂ ਦੀ ਇਸ ਤਿੱਕੜੀ ਅਨੁਸਾਰ ਨਵੇਂ ਬਣਾਏ ਜਾ ਰਹੇ ਇਸ ਅਕਾਲੀ ਦਲ ਵਿਚ ਗੈਰ ਅਕਾਲੀ ਵੀ ਉਨ੍ਹਾਂ ਨਾਲ ਆ ਕੇ ਖੜ੍ਹੇ ਹੋ ਸਕਦੇ ਹਨ ਬਸ਼ਰਤੇ ਕਿ ਉਹ ਅਕਾਲੀ ਦਲ ਦੀ ਸੋਚ ਅਨੁਸਾਰ ਖਰੇ ਉਤਰਣ। ਉਨ੍ਹਾਂ ਕਿਹਾ ਕਿ ਇਸ ਲਈ ਉਹ ਪੂਰੀ ਦੁਨੀਆਂ ਦੀਆਂ ਸਿੱਖ ਜੱਥੇਬੰਦੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਸਾਡੇ ਨਾਲ ਜੁੜਨ ਕਿਉਂਕਿ ਬਾਦਲਾਂ ਨੇ ਐਸਜੀਪੀਸੀ ਦਾ ਵੀ ਸਿਆਸੀਕਰਨ ਕਰਕੇ ਰੱਖ ਦਿੱਤਾ ਹੈ। ਬ੍ਰਹਮਪੁਰਾ, ਸੇਖਵਾਂ ਅਤੇ ਅਜਨਾਲਾ ਅਨੁਸਾਰ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਹੁੰਦਾ ਹੈ ਤੇ ਉਸੇ ਦਿਨ ਉਹ ਇਸ ਸਬੰਧੀ ਵੱਡਾ ਐਲਾਨ ਕਰਨਗੇ। ਇਸ ਨਵੇਂ ਅਕਾਲੀ ਦਲ ਦਾ ਨਾਮ ਕੀ ਹੋਵੇਗਾ ਇਸ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਹ ਐਲਾਨ ਜਲਦ ਕਰ ਦਿੱਤਾ ਜਾਵੇਗਾ। ਟਕਸਾਲੀ ਅਕਾਲੀਆਂ ਦੀ ਇਸ ਤਿੱਕੜੀ ਦਾ ਕਹਿਣਾ ਹੈ ਕਿ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਲੜਨੀਆਂ ਹਨ ਕਿ ਨਹੀਂ ਇਸ ਸਬੰਧੀ ਫੈਸਲ ਵੀ ਬਹੁਤ ਜਲਦ ਸੋਚ ਕੇ ਦੱਸ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਨਵੀਂ ਬਣਾਈ ਜਾ ਰਹੀ ਇਸ ਪਾਰਟੀ ਸਬੰਧੀ ਉਹ ਹਰ ਉਸ ਵਿਅਕਤੀ, ਧੜੇ ਅਤੇ ਪਾਰਟੀ ਨਾਲ ਵਿਚਾਰ ਵਟਾਂਦਰਾ ਕਰਨਗੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਦਾ ਧਾਰਨੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੁਖਪਾਲ ਖਹਿਰਾ, ਡਾ. ਧਰਮਵੀਰ ਗਾਂਧੀ, ਸਿਮਰਜੀਤ ਸਿੰਘ ਬੈਂਸ ਤੇ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਸੁਖਦੇਵ ਸਿੰਘ ਢੀਂਡਸਾ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤੇ ਇੱਕ ਖਾਲਿਸ ਅਕਾਲੀ ਦਲ ਖੜ੍ਹਾ ਕਰਕੇ ਪੰਜਾਬ ਨੂੰ ਇੱਕ ਚੰਗਾ ਬਦਲ ਦਿੱਤਾ ਜਾਵੇਗਾ। ਇਸ ਗੱਲਬਾਤ ਦੌਰਾਨ ਟਕਸਾਲੀਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਏ ਜਾਣ ਦਾ ਸਿਹਰਾ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.