Opinion

ਨਵੀਂ ਕਿਸਮ ਦੀ ਅਗਨ ਪ੍ਰੀਖਿਆ

ਡਾ. ਹਰਸ਼ਿੰਦਰ ਕੌਰ, ਐਮ. ਡੀ.

ਭਾਰਤੀ ਇਤਿਹਾਸ ਮੰਨਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਧਰਤੀ ਉੱਤੇ ਉਤਰੇ ਰੱਬੀ ਅਵਤਾਰ ਨੇ ਵੀ ਇੱਕ ਧੋਬੀ ਦੇ ਕਹਿਣ ਉੱਤੇ ਆਪਣੀ ਪਤਨੀ ਨੂੰ ਸਾਵਿਤ੍ਰੀ ਸਾਬਤ ਕਰਨ ਲਈ ਅਗਨ ਪ੍ਰੀਖਿਆ ਵਾਸਤੇ ਮਜਬੂਰ ਕੀਤਾ ਸੀ। ਇਸ ਮਰਦ ਪ੍ਰਧਾਨ ਸਮਾਜ ਵਿਚ ਔਰਤ ਸਿਰਫ਼ ਇੱਕ ਗ਼ੁਲਾਮ ਹੀ ਮੰਨੀ ਗਈ! ਭਾਵੇਂ ਵਿਕਸਿਤ ਮੁਲਕ ਦੀ ਰਾਣੀ ਡਾਇਨਾ ਰਹੀ ਹੋਵੇ ਤੇ ਭਾਵੇਂ ਵਿਕਾਸਸ਼ੀਲ ਦੇਸ ਦੀ ਗ਼ਰੀਬ ਔਰਤ, ਅੱਜ ਤੱਕ ਵੀ ਉਸ ਦੀ ਅਗਨ ਪ੍ਰੀਖਿਆ ਕਦੇ ਮੁੱਕੀ ਨਹੀਂ। ਕੁਆਰਪੁਣੇ ਦੀ ਮਰਦਾਨਾ ਭੁੱਖ ਕਿਸੇ ਸਦੀ ਵਿਚ ਕਦੇ ਤ੍ਰਿਪਤ ਹੋਈ ਹੀ ਨਹੀਂ! ਇੱਕ ਪਾਸੇ ਖ਼ਬਰ ਛਪਦੀ ਹੈ ਕਿ 20 ਜਣਿਆਂ ਨੇ ਰਲ ਕੇ ਇਕ ਨਾਬਾਲਗ ਬੱਚੀ ਦਾ ਕੁਆਰ ਭੰਗ ਕੀਤਾ ਤੇ ਦੂਜੇ ਪਾਸੇ ਇਹ ਸਾਰੇ 20 ਦੇ ਵੀਹ ਜਣੇ ਆਪਣੇ ਵਿਆਹ ਲਈ ‘ਕੁਆਰੀ’ ਬਾਲੜੀ ਦੀ ਭਾਲ ਵਾਸਤੇ ਜੁਟ ਜਾਂਦੇ ਹਨ।

ਇਕ ਵਹਿਮ ਦੀ ਬੀਮਾਰੀ ਨੇ ਵੀ ਲੱਖਾਂ ਔਰਤਾਂ ਦੀ ਜੂਨ ਖ਼ਰਾਬ ਕੀਤੀ ਹੈ। ਇਹ ਵਹਿਮ ‘ਓਥੈਲੋ ਸਿੰਡਰੋਮ’ ਦੀ ਸ਼ਕਲ ਵਿਚ ਮਰਦ ਨੂੰ ਚਿੰਬੜਦਾ ਹੈ। ਮਾਨਸਿਕ ਰੋਗੀ ਮਰਦ ਹਰ ਵੇਲੇ ਇੱਕੋ ਸੋਚ ਦੇ ਦੁਆਲੇ ਘੁੰਮਦਾ ਰਹਿੰਦਾ ਹੈ ਕਿ ਉਸਦੀ ਪਤਨੀ ਦਾ ਕਿਸੇ ਹੋਰ ਮਰਦ ਨਾਲ ਸੰਬੰਧ ਹੈ। ਮਾਨਸਿਕ ਰੋਗ ਦੇ ਵਹਿਮ ਦਾ ਸ਼ਿਕਾਰ ਮਰਦ ਕਦੇ ਆਪਣਾ ਇਲਾਜ ਕਰਵਾਉਂਦਾ ਹੀ ਨਹੀਂ ਤੇ ਬੇਦੋਸੀ ਪਤਨੀ ਦਾ ਕਤਲ ਤੱਕ ਕਰ ਦਿੰਦਾ ਹੈ। ਅਜਿਹੇ ਅਣਗਿਣਤ ਕੇਸ ਮੈਡੀਕਲ ਜਰਨਲਾਂ ਵਿਚ ਲਿਖੇ ਮਿਲਦੇ ਹਨ ਤੇ ਅਨੇਕ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ। ਇਸ ਬੇਬੁਨਿਆਦ ਮਾਨਸਿਕ ਵਹਿਮ ਨੇ ਹੁਣ ਨਵਾਂ ਚੰਨ ਚਾੜ੍ਹਿਆ ਹੈ। ਗੱਲ ਰਾਮਪੁਰ ਪਿੰਡ ਦੀ ਹੈ। ਉੱਥੇ ਵੀ ਓਥੈਲੋ ਸਿੰਡਰੋਮ ਨਾਲ ਪੀੜਤ ਬੰਦਾ ਨਸ਼ੇ ਦੀ ਹਾਲਤ ਵਿਚ ਰੋਜ਼ ਆਪਣੀ ਪਤਨੀ ਉੱਤੇ ਸ਼ੱਕ ਕਰਦਿਆਂ ਉਸਨੂੰ ਕੁੱਟਦਾ ਰਹਿੰਦਾ ਸੀ।

ਗੁਆਂਢੀਆਂ ਨੇ ਬਥੇਰਾ ਸਮਝਾਇਆ ਕਿ ਉਸ ਦੀ ਪਤਨੀ ਸਾਰਾ ਦਿਨ ਘਰ ਹੀ ਹੁੰਦੀ ਹੈ ਤੇ ਘਰ ਦਾ ਕੰਮ ਕਰਦੀ ਰਹਿੰਦੀ ਹੈ। ਕਿਤੇ ਆਉਂਦੀ ਜਾਂਦੀ ਨਹੀਂ, ਇਸ ਲਈ ਉਸ ਉੱਤੇ ਬੇਬੁਨਿਆਦ ਸ਼ੱਕ ਸਦਕਾ ਜ਼ੁਲਮ ਢਾਹੁਣਾ ਠੀਕ ਨਹੀਂ। ਪਰ ਮਾਨਸਿਕ ਰੋਗੀ ਪਤੀ ਕਿੱਥੇ ਮੰਨਣ ਵਾਲਾ ਸੀ! ਹਰ ਰੋਜ਼ ਮਾਰ ਕੁਟਾਈ ਚੱਲਦੀ ਰਹੀ ਤੇ ਗਵਾਂਢੀ ਤੰਗ ਹੁੰਦੇ ਰਹੇ। ਅਖ਼ੀਰ ਇਕ ਦਿਨ ਅਤਿ ਹੋ ਗਈ। ਪਤੀ ਨੇ ਰਾਤ ਘਰ ਮੁੜ ਕੇ ਆਪਣੀ ਪਤਨੀ ਨੂੰ ਮਨਾ ਲਿਆ ਕਿ ਅੱਜ ਤੋਂ ਬਾਅਦ ਕਦੇ ਵੀ ਉਹ ਸ਼ੱਕ ਨਹੀਂ ਕਰੇਗਾ ਜੇ ਪਤਨੀ ਆਪਣੇ ਅੰਦਰੂਨੀ ਅੰਗ ਉਸ ਕੋਲੋਂ ਆਪ ਚੈੱਕ ਕਰਵਾ ਲਵੇ। ਇਸ ਵਾਸਤੇ ਪਤੀ ਉਸ ਦੇ ਹੱਥ ਪੈਰ ਬੰਨ੍ਹ ਕੇ ਚੈੱਕ ਕਰੇਗਾ। ਤੰਗ ਹੋ ਚੁੱਕੀ ਔਰਤ ਮੰਨ ਗਈ। ਪਤੀ ਨੇ ਹੱਥ ਪੈਰ ਬੰਨਣ ਬਾਅਦ ਔਰਤ ਦਾ ਮੂੰਹ ਵੀ ਘੁੱਟ ਕੇ ਬੰਨ੍ਹਣਾ ਸ਼ੁਰੂ ਕਰ ਦਿੱਤਾ। ਔਰਤ ਨੇ ਚੀਕਣਾ ਚਾਹਿਆ ਤਾਂ ਘੁੱਟ ਕੇ ਮੂੰਹ ਦੱਬ ਦਿੱਤਾ।

ਬੰਨਣ ਬਾਅਦ ਪਤੀ ਨੇ ਐਲਮੀਨੀਅਮ ਦੀ ਤਾਰ ਨਾਲ ਪਤਨੀ ਦੀ ਬੱਚੇਦਾਨੀ ਦੇ ਮੂੰਹ ਨੂੰ ਸੀਅ ਦਿੱਤਾ! ਤੜਫਦੀ ਪਤਨੀ ਨੂੰ ਉਂਜ ਹੀ ਲਹੂ ਲੁਹਾਨ ਤੇ ਬੰਨ੍ਹੀ ਹੋਈ ਨੂੰ ਛੱਡ ਕੇ, ਉਸ ਨੂੰ ਗਾਲ੍ਹਾਂ ਕੱਢ ਕੇ, ਪਤੀ ਭੱਜ ਗਿਆ। ਅਗਲੇ ਦਿਨ ਸਵੇਰੇ ਬਹੁਤ ਲਹੂ ਵਹਿ ਜਾਣ ਤੇ ਅੰਤਾਂ ਦੀ ਪੀੜ ਕਾਰਨ ਨੀਮ ਬੇਹੋਸ਼ ਹੋਈ ਪਤਨੀ ਨੂੰ ਗਵਾਂਢਣ ਨੇ ਆ ਕੇ ਵੇਖਿਆ ਤਾਂ ਘਬਰਾ ਗਈ। ਹੋਰ ਔਰਤਾਂ ਨੂੰ ਸੱਦ ਕੇ ਉਸ ਨੂੰ ਖੋਲ੍ਹ ਕੇ ਝੱਟ ਹਸਪਤਾਲ ਲਿਜਾਇਆ ਗਿਆ। ਪਤੀ ਉਸ ਸਮੇਂ ਤੋਂ ਫਰਾਰ ਹੈ। ਰਿਪੋਰਟ ਦਰਜ ਕਰਵਾਈ ਜਾ ਚੁੱਕੀ ਹੈ ਪਰ ਪਤਨੀ ਤਾਂ ਹੁਣ ਅਨੇਕ ਅਪਰੇਸ਼ਨਾਂ ਬਾਅਦ ਵੀ ਨਾਰਮਲ ਨਹੀਂ ਹੋ ਸਕਣ ਲੱਗੀ!

ਓਥੈਲੋ ਸਿੰਡਰੋਮ ਦਾ ਮਰੀਜ਼ ਪਤੀ ਦਰਅਸਲ ਆਪ ਸਰੀਰਕ ਸੰਬੰਧ ਬਣਾਉਣ ਜੋਗਾ ਨਹੀਂ ਹੁੰਦਾ ਤੇ ਆਪਣੀ ਕਮਜ਼ੋਰੀ ਦਾ ਭਾਂਡਾ ਬੇਕਸੂਰ ਪਤਨੀ ਸਿਰ ਭੰਨ੍ਹ ਦਿੰਦਾ ਹੈ। ਔਰਤ ਦੇ ਬੱਚੇਦਾਨੀ ਦੇ ਮੂੰਹ ਦੀ ਕੱਟ ਵੱਢ ਕਰਨੀ ਵੀ ਇਹ ਕੋਈ ਪਹਿਲਾ ਕੇਸ ਨਹੀਂ ਹੈ। ਯੂਨਾਈਟਿਡ ਨੇਸ਼ਨਜ਼ ਨੇ ਇਸ ਤਰ੍ਹਾਂ ਦੀ ਔਰਤਾਂ ਦੇ ਅੰਦਰੂਨੀ ਅੰਗ ਦੀ ਕੱਟ ਵੱਢ ਨੂੰ ਮਨੁੱਖੀ ਅਧਿਕਾਰਾਂ ਦਾ ਸੰਗੀਨ ਜੁਰਮ ਮੰਨ ਲਿਆ ਹੈ। ਅਫਰੀਕਾ ਵਿਚ ਤਾਂ ਸਦੀਆਂ ਤੋਂ ਇਹ ਕੁਕਰਮ ਹੁੰਦਾ ਰਿਹਾ ਹੈ। ਮੁੰਬਈ ਵਿਖੇ ਇਸ ਸੰਗੀਨ ਜੁਰਮ ਦਾ ਪਰਦਾ ਫਾਸ਼ ਹੋਇਆ ਹੈ ਜਿਸ ਬਾਰੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਪੂਰੀ ਰਿਪੋਰਟ ਛਪੀ ਹੈ। ਛੇ ਤੋਂ ਸੱਤ ਵਰਿ੍ਹਆਂ ਦੀਆਂ ਬਾਲੜੀਆਂ ਨੂੰ ਹਨ੍ਹੇਰੇ ਕਮਰੇ ਵਿਚ ਲਿਜਾ ਕੇ, ਉਨ੍ਹਾਂ ਸਾਹਮਣੇ ਗੈਸ ਉੱਤੇ ਚਾਕੂ ਨੂੰ ਲਾਲ ਸੁਰਖ਼ ਗਰਮ ਕਰ ਕੇ, ਉਨ੍ਹਾਂ ਦੇ ਅੰਦਰੂਨੀ ਅੰਗਾਂ ਨੂੰ ਵੱਢ ਦਿੱਤਾ ਜਾਂਦਾ ਹੈ।

ਚੀਕਦੀਆਂ ਕੁਰਲਾਉਂਦੀਆਂ ਬਾਲੜੀਆਂ, ਜੋ ਬੋਹਰਾ ਜਾਤ ਨਾਲ ਸੰਬੰਧਤ ਹਨ, ਦਾ ਮੂੰਹ ਦੱਬ ਕੇ, ‘ਖਤਨਾ’ ਦਾ ਨਾਂ ਦੇ ਕੇ ਜ਼ਿੰਦਗੀ ਭਰ ਲਈ ਦਰਦ ਸਹਿਨ ਕਰਨ ਲਈ ਛੱਡ ਦਿੱਤੀਆਂ ਜਾਂਦੀਆਂ ਹਨ। ਲੱਖਾਂ ਦੀ ਗਿਣਤੀ ਵਿਚ ਹੁਣ ਤੱਕ ਮਨੁੱਖੀ ਅਧਿਕਾਰਾਂ ਦਾ ਘਾਣ ਕਰਵਾ ਚੁੱਕੀਆਂ ਬਾਲੜੀਆਂ ਵਿੱਚੋਂ 18 ਜਣੀਆਂ ਨੇ ਹਿੰਮਤ ਵਿਖਾ ਕੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ। ਦਿੱਲੀ ਦੀ ‘ਮਸੂਮਾ ਰਨਾਲਵੀ’ ਤੇ ਉਸ ਨਾਲ 17 ਹੋਰ ਔਰਤਾਂ ਨੇ ‘ਓਨਲਾਈਨ ਪੈਟੀਸ਼ਨ’ ਰਾਹੀਂ ਸਮਾਜ ਨੂੰ ਸ਼ੀਸ਼ਾ ਵਿਖਾਇਆ ਹੈ। ਇਹ ਸਾਰੀਆਂ ਔਰਤਾਂ 42 ਸਾਲ ਪਹਿਲਾਂ ਸ਼ਿਕਾਰ ਬਣਾਈਆਂ ਗਈਆਂ ਸਨ।

ਆਰੀਫਾ ਜੌਹਰੀ ਵੀ ਮੁੰਬਈ ਦੇ ਭਿੰਡੀ ਬਜ਼ਾਰ ਵਿਚ ਹਨ੍ਹੇਰੇ ਕਮਰੇ ਵਿਚ ਚਾਕਲੇਟ ਦੇ ਲਾਲਚ ਵਿਚ ਆਪਣੇ ਨਾਲ ਹੋਏ ਇਸ ਅਤਿ ਘਿਨਾਉਣੇ ਜੁਰਮ ਨੂੰ ਯਾਦ ਕਰਦਿਆਂ ਕੰਬਣ ਲੱਗ ਪੈਂਦੀ ਹੈ। ਉਸ ਨੇ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਦੀ ਹੈਵਾਨੀਅਤ ਤੋਂ ਬਚਾਇਆ ਤਾਂ ਸਮਾਜ ਦੀਆਂ ਲਾਅਣਤਾਂ ਦਾ ਸ਼ਿਕਾਰ ਬਣ ਗਈ। ਪੂਰਾ ਮਰਦ ਪ੍ਰਧਾਨ ਸਮਾਜ ਉਸ ਉੱਤੇ ਚਿੱਕੜ ਸੁੱਟਣ ਲੱਗ ਪਿਆ ਪਰ ਉਸ ਹਿੰਮਤ ਨਹੀਂ ਹਾਰੀ। ਮਰਦ ਪ੍ਰਧਾਨ ਸਮਾਜ ਇਹ ਮੰਨ ਚੁੱਕਿਆ ਹੈ ਕਿ ਜੇ ਔਰਤ ਦਾ ਖਤਨਾ ਨਹੀਂ ਹੋਇਆ ਤਾਂ ਉਹ ਸਰੀਰਕ ਸੰਬੰਧਾਂ ਦਾ ਆਨੰਦ ਲੈਣ ਲੱਗ ਪਵੇਗੀ। ਔਰਤ ਨੂੰ ਸਰੀਰਕ ਸੰਬੰਧਾਂ ਵਿੱਚੋਂ ਅਤਿ ਦੀ ਪੀੜ ਮਹਿਸੂਸ ਹੋਣੀ ਚਾਹੀਦੀ ਹੈ ਤੇ ਉਸ ਦਾ ਕੰਮ ਸਿਰਫ਼ ਪਤੀ ਦੇ ਬੱਚੇ ਜੰਮ ਕੇ ਮਰ ਮੁੱਕ ਜਾਣਾ ਹੁੰਦਾ ਹੈ। ਹਾਲਾਤ ਇਹ ਹੋ ਚੁੱਕੇ ਹਨ ਕਿ ਔਰਤ ਦੇ ਇਸ ਅੰਗ ਨੂੰ ‘ਹਰਾਮ ਦੀ ਬੋਟੀ’ ਵਰਗਾ ਦਿਲ ਕੰਬਾਊ ਨਾਂ ਦੇ ਕੇ ਉਸ ਉੱਤੇ ਕਹਿਰ ਢਾਹੁਣਾ ਜਾਰੀ ਹੈ ਜੋ ਮਰਦ ਪ੍ਰਧਾਨ ਸਮਾਜ ਅਨਪੜ੍ਹ ਦਾਈਆਂ ਹੱਥੋਂ ਹੀ ਕਰਵਾਉਂਦਾ ਹੈ।

ਅਮਰੀਕਾ ਵਿਚ ਬੈਠੀ ‘ਜ਼ਹਿਰਾ ਪਤਵਾ’ ਨੇ ਵੀ ਮੰਨਿਆ ਕਿ ਉਹ ਇਸ ਜੁਰਮ ਦਾ ਸ਼ਿਕਾਰ ਹੋਈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਕਸੂਰਵਾਰ ਮੰਨਿਆ। ਬਾਅਦ ਵਿਚ ਪਤਾ ਲੱਗਿਆ ਕਿ ਉਸ ਦੀ ਮਾਂ, ਦਾਦੀ, ਪੜਦਾਦੀ, ਸਭ ਮਰਦਾਂ ਦੇ ਹੁਕਮਾਂ ਤਹਿਤ ਚੁੱਪ ਚੁਪੀਤੇ ਇਸ ਰਸਮ ਨੂੰ ਨਿਭਾਈ ਜਾ ਰਹੀਆਂ ਸਨ। ਇਨ੍ਹਾਂ ਵਿੱਚੋਂ ਬਥੇਰੀਆਂ ਕੀਟਾਣੂਆਂ ਦੇ ਹਮਲੇ ਸਦਕਾ ਸਦੀਵੀ ਰੋਗੀ ਬਣ ਜਾਂਦੀਆਂ ਹਨ, ਕੁੱਝ ਦੇ ਬੱਚਾ ਨਹੀਂ ਠਹਿਰ ਸਕਦਾ, ਕੁੱਝ ਬਹੁਤਾ ਲਹੂ ਵਹਿ ਜਾਣ ਕਾਰਨ ਬੀਮਾਰ ਹੋ ਜਾਂਦੀਆਂ ਹਨ। ਇਸ ਪ੍ਰਥਾ ਵਿਰੁੱਧ ਆਵਾਜ਼ ਚੁੱਕਣ ਵਾਲੀਆਂ ਨੂੰ ਸਮਾਜ ਵਿੱਚੋਂ ਛੇਕ ਤੱਕ ਦਿੱਤਾ ਜਾਂਦਾ ਹੈ। ਕਿਸੇ ਇਕੱਠ ਵਿਚ ਜਾਂ ਕਿਸੇ ਸਮਾਗਮ ਵਿਚ ਉਸ ਦਾ ਜਾਣਾ ਵਰਜਿਤ ਕਰ ਦਿੱਤਾ ਜਾਂਦਾ ਹੈ।
ਬੋਹਰਾ ਪ੍ਰਜਾਤੀ ਦਾ ਧਾਰਮਿਕ ਮੁਖੀ ਸਾਈਨੇਡਾ ਇਸ ਪ੍ਰਥਾ ਦਾ ਜ਼ੋਰਦਾਰ ਸਮਰਥਨ ਕਰਦਾ ਹੈ ਤੇ ਹੁਣ ਵੀ ਇਹੋ ਹੁਕਮ ਦੇ ਰਿਹਾ ਹੈ ਕਿ ਪੂਰੇ ਭਾਰਤ ਦੇ ਹਰ ਕੋਨੇ ਵਿਚ ਹਰ ਔਰਤ ਦਾ ਅੰਗ ਵੱਢਣਾ ਜ਼ਰੂਰੀ ਹੈ।

ਭਾਰਤ ਵਿਚ ਅੱਜ ਤੱਕ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਕਤਲ ਲਈ ਕੋਈ ਰੋਕ ਨਹੀਂ ਲੱਗੀ ਹੋਈ। ਅਸਟ੍ਰੇਲੀਆ ਵਿਚ ਵੀ ਇਸ ਕੁਕਰਮ ਵਿਰੁੱਧ ਇੰਸੀਆ ਤੇ ਮਾਰੀਆ, ਦੋ ਔਰਤਾਂ ਨੇ ਮੁਹਿੰਮ ਵਿੱਢੀ ਹੈ। ਬੱਚੀਆਂ ਉੱਤੇ ਪਹਿਲਾਂ ਹੀ ਅਨੇਕ ਤਰ੍ਹਾਂ ਦੇ ਅਣਮਨੁੱਖੀ ਤਸੀਹੇ ਢਾਹੇ ਜਾ ਰਹੇ ਹਨ। ਕੁੱਖ ਵਿਚ ਮਾਰੇ ਜਾਣ ਤੋਂ ਲੈ ਕੇ ਨਾਬਾਲਗ ਬੇਟੀਆਂ ਦੇ ਸਮੂਹਕ ਬਲਾਤਕਾਰਾਂ ਬਾਅਦ ਸਾੜਨ ਦੇ ਅਣਗਿਣਤ ਕਿੱਸੇ ਛੱਪ ਚੁੱਕੇ ਹਨ। ਹੁਣ ਅਨੇਕ ਨੌਜਵਾਨ ਔਰਤਾਂ ਵੀ ਆਪਣੇ ਪਤੀਆਂ ਹੱਥੋਂ ਇਸ ਤਰ੍ਹਾਂ ਦੇ ਅੰਗਾਂ ਦਾ ਕੱਟੇ ਵੱਢੇ ਜਾਣ ਦਾ ਸ਼ਿਕਾਰ ਬਣ ਚੁੱਕੀਆਂ ਹਨ। ਕਿਸੇ ਵੱਲੋਂ ਵੀ ਆਵਾਜ਼ ਕੱਢਣ ਉੱਤੇ ਸਮਾਜ ਔਰਤਾਂ ਵਿਚ ਹੀ ਦੋਸ਼ ਕੱਢ ਕੇ ਉਨ੍ਹਾਂ ਨੂੰ ਚੁੱਪ ਹੋ ਜਾਣ ਉੱਤੇ ਮਜਬੂਰ ਕਰ ਦਿੰਦਾ ਹੈ।
ਅੱਜ ਤੱਕ ਜਿਸ ਵੀ ਔਰਤ ਨੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ, ਸਾਰੇ ਉਹ ਲੋਕ, ਜੋ ਔਰਤ ਉੱਤੇ ਹੋ ਰਹੀ ਹਿੰਸਾ ਨੂੰ ਸਹੀ ਮੰਨਦੇ ਹਨ, ਉੱਚੀ-ਉੱਚੀ ਚੀਕਣ ਲੱਗ ਪੈਂਦੇ ਹਨ। ਹੋ-ਹੱਲਾ ਕਰ ਕੇ ਔਰਤ ਦੀ ਆਵਾਜ਼ ਦੱਬ ਦਿੱਤੀ ਜਾਂਦੀ ਹੈ।

ਯੂਨਾਈਟਿਡ ਨੇਸ਼ਨਜ਼ ਵੱਲੋਂ ਐਲਾਨੇ ਇਸ ਮਨੁੱਖੀ ਅਧਿਕਾਰਾਂ ਦੇ ਕਤਲ ਵਿਰੁੱਧ ਅੱਜ ਲੋੜ ਹੈ ਸੁਹਿਰਦ ਲੋਕਾਂ ਵੱਲੋਂ ਵਿਰੋਧ ਕਰਨ ਦੀ। ਇਸ ਅਤਿ ਦੇ ਘਿਨਾਉਣੇ ਜੁਰਮ ਨੂੰ ਹਰ ਹਾਲ ਠੱਲ ਪਾਉਣ ਦੀ ਲੋੜ ਹੈ। ਇੱਕ ਔਰਤ ਹੁੰਦਿਆਂ, ਆਪਣੀ ਜ਼ਾਤ ਦੀਆਂ ਦੀ ਪੀੜ ਸਮਝਦਿਆਂ ਮੈਂ ਉਨ੍ਹਾਂ ਦੇ ਹੱਕਾਂ ਲਈ ਅੱਜ ਆਵਾਜ਼ ਚੁੱਕੀ ਹੈ, ਇਸ ਉਮੀਦ ਵਿੱਚ ਕਿ ਹੁਣ ਇੱਕੀਵੀਂ ਸਦੀ ਵਿਚ ਤਾਂ ਘੱਟੋ-ਘੱਟ ਔਰਤ ਦੀ ਅਗਨ ਪ੍ਰੀਖਿਆ ਹੋਣੀ ਬੰਦ ਹੋਵੇਗੀ। ਆਖ਼ਰ ਕਿਸੇ ਸਦੀ ਵਿਚ ਤਾਂ ਔਰਤ ਨੂੰ ਸਹੀ ਮਾਅਣਿਆਂ ਵਿਚ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button