Breaking NewsD5 specialNewsPoliticsPunjabUncategorized

ਡੀਐਮ ਨੇ ਲਾਕਡਾਊਨ 4.0 ਦੇ ਮੱਦੇਨਜ਼ਰ ਨਵੀਆਂ ਗਤੀਵਿਧੀਆਂ ਸਬੰਧੀ ਪ੍ਰਵਾਨਗੀ ਦਿੱਤੀ

ਐਸ ਏ ਐਸ ਨਗਰ : ਜ਼ਿਲ੍ਹਾ ਮੈਜਿਸਟਰੇਟ, ਸ੍ਰੀ ਗਿਰੀਸ਼ ਦਿਆਲਨ ਨੇ ਸੀ.ਆਰ.ਪੀ.ਸੀ ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਤਾਲਾਬੰਦੀ 4.0 ਨੂੰ ਵੇਖਦਿਆਂ ਨਵੀਆਂ ਗਤੀਵਿਧੀਆਂ ਸਬੰਧੀ ਪ੍ਰਵਾਨਗੀ ਦਿੱਤੀ ਹੈ। ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਅਤੇ ਕੋਚਿੰਗ ਸੰਸਥਾਵਾਂ ਬੰਦ ਰਹਿਣਗੀਆਂ ਪਰ ਡਿਸਟੈਂਸ ਲਰਨਿੰਗ ਦੀ ਆਗਿਆ ਜਾਰੀ ਰਹੇਗੀ ਅਤੇ ਇਸ ਨੂੰ ਉਤਸ਼ਾਹਤ ਕੀਤਾ ਜਾਵੇਗਾ। ਰਾਜ ਸਰਕਾਰ ਦੁਆਰਾ ਸਿਹਤ, ਪੁਲਿਸ, ਸਰਕਾਰੀ ਅਧਿਕਾਰੀ, ਸਿਹਤ ਸੰਭਾਲ ਕਰਮਚਾਰੀ, ਸੈਲਾਨੀਆਂ ਸਮੇਤ ਫਸੇ ਵਿਅਕਤੀਆਂ ਅਤੇ ਕੁਆਰੰਟੀਨ ਆਦਿ ਲਈ ਵਰਤੀਆਂ ਜਾਂਦੀਆਂ ਸਹੂਲਤਾਂ ਤੋਂ ਛੁੱਟ ਹੋਟਲ, ਰੈਸਟੋਰੈਂਟ (ਬੈਠ ਕੇ ਖਾਣਾ) ਅਤੇ ਹੋਰ ਪਰਾਹੁਣਚਾਰੀ ਸੇਵਾਵਾਂ ਬੰਦ ਰਹਿਣਗੀਆਂ।

ਸਾਰੇ ਸਿਨੇਮਾ ਘਰ, ਸ਼ਾਪਿੰਗ ਮਾਲ, ਸ਼ਾਪਿੰਗ ਕੰਪਲੈਕਸ, ਜਿਮਨੇਜ਼ੀਅਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਇਕੱਠ ਵਾਲੀਆਂ ਥਾਵਾਂ ਵੀ ਬੰਦ ਰਹਿਣਗੀਆਂ। ਇਸੇ ਤਰ੍ਹਾਂ ਸਾਰੇ ਸਮਾਜਿਕ, ਰਾਜਨੀਤਿਕ, ਖੇਡਾਂ, ਸਭਿਆਚਾਰਕ, ਧਾਰਮਿਕ ਕਾਰਜਾਂ ਅਤੇ ਸਮਾਨ ਇਕੱਠਾਂ ‘ਤੇ ਪਾਬੰਦੀ ਹੋਵੇਗੀ ਅਤੇ ਸਾਰੇ ਧਾਰਮਿਕ ਸਥਾਨ ਅਤੇ ਪੂਜਾ ਸਥਾਨ ਜਨਤਾ ਲਈ ਬੰਦ ਰਹਿਣਗੇ। ਧਾਰਮਿਕ ਇਕੱਠਾਂ ‘ਤੇ ਸਖਤੀ ਨਾਲ ਮਨਾਹੀ ਹੈ। ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਦੇ ਵਿਚਕਾਰ ਰਹੇਗਾ ਅਤੇ ਸਾਰੀਆਂ ਗੈਰ ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਵਰਜਿਤ ਰਹੇਗੀ।

ਮਨਜੂਰਸ਼ੁਦਾ ਕੰਮਾਂ ਜਿਵੇਂ ਖਰੀਦਦਾਰੀ, ਦਫਤਰ ਜਾਣ ਅਤੇ ਕੰਮ ਕਰਨ ਵਾਲੀ ਜਗ੍ਹਾ ਲਈ ਬਿਨਾਂ ਪਾਸ ਦੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਆਵਾਜਾਈ ਕੀਤੀ ਜਾਏਗੀ। ਗੈਰ ਜ਼ਰੂਰੀ ਯਾਤਰਾ ਤੋਂ ਪਰਹੇਜ਼ ਕੀਤਾ ਜਾਵੇਗਾ। ਨਾਲ ਹੀ, 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸਹਿ ਰੋਗ ਵਾਲੇ ਵਿਅਕਤੀ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਜ਼ਰੂਰਤਾਂ ਅਤੇ ਸਿਹਤ ਸਬੰਧੀ ਪੱਖ ਨੂੰ ਮੁੱਖ ਰੱਖ ਕੇ ਘਰ ਵਿੱਚ ਰਹਿਣਗੇ। ਖਾਲੀ ਟਰੱਕਾਂ ਅਤੇ ਮੈਡੀਕਲ ਪੇਸ਼ੇਵਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਸੈਨੀਟੇਸ਼ਨ ਸਟਾਫ, ਐਂਬੂਲੈਂਸਾਂ ਅਤੇ ਹੋਰਾਂ ਦੀ ਆਵਾਜਾਈ / ਐਮਰਜੈਂਸੀ ਡਿਊਟੀ / ਕੋਵਿਡ -19 ਡਿਊਟੀ ਸਮੇਤ ਪੁਲਿਸ, ਮੈਜਿਸਟ੍ਰੇਟਜ਼ ਸਮੇਤ ਹਰ ਕਿਸਮ ਦੇ ਮਾਲ / ਕਾਰਗੋ ਕੈਰੀਅਰਾਂ ਨੂੰ ਦਿਨ-ਰਾਤ ਦੀ ਆਗਿਆ ਹੋਵੇਗੀ।

4 ਪਹੀਆ ਵਾਹਨ, 2 ਪਹੀਆ ਵਾਹਨ, ਟੈਕਸੀ, ਕੈਬ ਐਗਰਿਗੇਟਰ, ਸਾਈਕਲ, ਰਿਕਸ਼ਾ ਅਤੇ ਆਟੋ ਰਿਕਸ਼ਾ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਦੀ ਆਗਿਆ ਹੋਵੇਗੀ ਪਰ ਸ਼ਰਤ ਇਹ ਹੈ ਕਿ 4/3 ਪਹੀਆ ਵਾਹਨ ਵਿਚ ਡਰਾਈਵਰ ਦੇ ਨਾਲ ਦੋ ਸਵਾਰ ਅਤੇ ਦੋ ਪਹੀਆ ਵਾਹਨ ‘ਤੇ ਇਕ ਸਵਾਰ ਹੋਣ। ਟੈਕਸੀ / ਕੈਬ ਏਗ੍ਰਿਗੇਟਰ ਦੁਆਰਾ ਕਾਰ ਪੂਲ ਕਰਨ / ਸਾਂਝੇ ਕਰਨ ਦੀ ਆਗਿਆ ਨਹੀਂ ਹੋਵੇਗੀ ਅਤੇ ਰਾਜ ਟ੍ਰਾਂਸਪੋਰਟ ਵਿਭਾਗ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ(ਐਸਓਪੀ) ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੀਆਂ ਰਹਿਣਗੀਆਂ ਪਰ ਇਹ ਗੱਲ ਸ਼ਾਪਿੰਗ ਮਾਲਾਂ, ਸ਼ਾਪਿੰਗ ਕੰਪਲੈਕਸਾਂ ਤੇ ਲਾਗੂ ਨਹੀਂ ਹੋਵੇਗੀ।

ਪੇਂਡੂ ਖੇਤਰਾਂ ਦੀਆਂ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ ਅਤੇ ਸਾਰੇ ਸ਼ਹਿਰੀ ਖੇਤਰਾਂ ਵਿੱਚ, ਪੜਾਅਵਾਰ ਰੋਟੇਸ਼ਨ ਅਧਾਰ (ਓਡ / ਈਵਨ) ਦੇ ਹਿਸਾਬ ਨਾਲ ਖੁੱਲਣਗੀਆਂ ਤਾਂ ਕਿ ਇਕ ਦਿਨ ਵਿਚ 50 ਫੀਸਦੀ ਦੁਕਾਨਾਂ ਖੁੱਲੀਆਂ ਹੋਣ। ਰੈਸਟੋਰੈਂਟ ਅਤੇ ਖਾਣ ਪੀਣ ਵਾਲੇ ਸਿਰਫ ਘਰੇਲੂ ਡਿਲਿਵਰੀ ਲਈ ਖੁੱਲ੍ਹ ਸਕਦੇ ਹਨ ਅਤੇ ਖਾਣਾ ਲੈ ਸਕਦੇ ਹਨ ਪਰ ਉਥੇ ਬੈਠ ਕੇ ਖਾਣਾ ਨਹੀਂ ਖਾ ਸਕਦੇ। ਪ੍ਰਬੰਧਨ ਅਤੇ ਗਾਹਕ ਦੋਵਾਂ ਨੂੰ ਉਲੰਘਣਾ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਸੈਲੂਨ, ਨਾਈ ਦੀਆਂ ਦੁਕਾਨਾਂ, ਸਪਾ ਆਦਿ ਸੇਵਾਵਾਂ ਦੇਣ ਵਾਲੀਆਂ ਦੁਕਾਨਾਂ ਨੂੰ ਰਾਜ ਸਿਹਤ ਵਿਭਾਗ ਦੁਆਰਾ ਜਾਰੀ ਕੀਤੀ ਗਈ ਐਸ.ਓ.ਪੀ. ਦੀ ਪਾਲਣਾ ਅਧੀਨ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ। ਸਵੈ ਰੁਜ਼ਗਾਰ ਵਾਲੇ ਵਿਅਕਤੀਆਂ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਜਿਵੇਂ ਕਿ ਇਲੈਕਟ੍ਰੀਸ਼ੀਅਨ, ਪਲੰਬਰ, ਆਈ ਟੀ ਮੁਰੰਮਤ ਦੀ ਆਗਿਆ ਹੋਵੇਗੀ।

ਘਰਾਂ ਦੀ ਸਪੁਰਦਗੀ ਲਈ ਖਾਣ-ਪੀਣ ਦੀਆਂ ਚੀਜ਼ਾਂ, ਦੁੱਧ, ਦਵਾਈਆਂ, ਰੈਸਟੋਰੈਂਟ / ਖਾਣ-ਪੀਣ ਵਰਗੀਆਂ ਜ਼ਰੂਰੀ ਚੀਜ਼ਾਂ ਵਿਚ ਕੰਮ ਕਰਨ ਵਾਲੀਆਂ ਦੁਕਾਨਾਂ, ਸ਼ਰਾਬ ਦੇ ਠੇਕਿਆਂ ਅਤੇ ਆਟੋਮੋਬਾਇਲ ਦੀਆਂ ਵਰਕਸ਼ਾਪਾਂ / ਸੇਵਾ ਕੇਂਦਰਾਂ ਨੂੰ ਪੜਾਅਵਾਰ ਰੋਟੇਸ਼ਨ ਤੋਂ ਛੋਟ ਦਿੱਤੀ ਜਾਏਗੀ। ਇਸ ਤੋਂ ਇਲਾਵਾ, ਸਾਰੀਆਂ ਵਸਤੂਆਂ, ਉਦਯੋਗਾਂ ਅਤੇ ਉਦਯੋਗਿਕ ਅਦਾਰਿਆਂ ਨੂੰ ਸਾਰੀਆਂ ਸ਼੍ਰੇਣੀਆਂ ਲਈ ਈ-ਕਾਮਰਸ ਨੂੰ ਦਿਹਾਤੀ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਕੰਮ ਕਰਨ ਦੀ ਆਗਿਆ ਦੇ ਨਾਲ ਨਾਲ ਉਸਾਰੀ ਦੀਆਂ ਸਾਰੀਆਂ ਗਤੀਵਿਧੀਆਂ, ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਨੂੰ ਵੀ ਬਿਨਾਂ ਕਿਸੇ ਪਾਬੰਦੀਆਂ ਦੇ ਆਗਿਆ ਹੈ। ਖੇਡ ਕੰਪਲੈਕਸਾਂ ਅਤੇ ਸਟੇਡੀਅਮਾਂ ਨੂੰ ਰਾਜ ਖੇਡ ਵਿਭਾਗ ਦੇ ਐਸ ਓ ਪੀ / ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬਿਨਾਂ ਦਰਸ਼ਕਾਂ ਦੇ ਖੋਲ੍ਹਣ ਦੀ ਆਗਿਆ ਹੈ।

ਸਰਕਾਰੀ ਅਤੇ ਨਿਜੀ ਦਫਤਰਾਂ ਨੂੰ ਬਿਨਾਂ ਕਿਸੇ ਵੱਖਰੀ ਆਗਿਆ ਦੇ ਖੋਲ੍ਹਣ ਦੀ ਆਗਿਆ ਹੈ ਪਰ ਭੀੜ-ਭਾੜ ਤੋਂ ਬਚਣ ਲਈ, ਕਿਸੇ ਵੀ ਸਮੇਂ 50 ਪ੍ਰਤੀਸ਼ਤ ਸਟਾਫ ਨੂੰ ਬੁਲਾਇਆ ਜਾਣਾ ਚਾਹੀਦਾ ਹੈ। ਇਹ ਕੇਂਦਰ ਅਤੇ ਰਾਜ ਸਰਕਾਰ ਦਫਤਰਾਂ ਤੇ ਲਾਗੂ ਨਹੀਂ ਹੋਏਗਾ ਜੋ ਐਮਰਜੈਂਸੀ / ਜ਼ਰੂਰੀ / ਕੋਵਿਡ 19 ਡਿਊਟੀਆਂ ਕਰਦੇ ਹਨ। ਦਫਤਰ ਸਾਰੀਆਂ ਗਤੀਵਿਧੀਆਂ ਲਈ ਸਮਾਜਕ ਦੂਰੀਆਂ ਦੀ ਪਾਲਣ ਕਰਨਗੇ। ਸਾਰੇ ਦਫਤਰਾਂ ਦੇ ਮੁੱਖੀਆਂ ਦੁਆਰਾ ਘਰ ਤੋਂ ਕੰਮ ਕਰਨ ਨੂੰ ਉਤਸ਼ਾਹਤ ਕੀਤਾ ਜਾਵੇਗਾ। ਕੰਮ ਦੇ ਸਥਾਨਾਂ ਸਮੇਤ ਜਨਤਕ ਥਾਵਾਂ ‘ਤੇ ਸਾਰੇ ਵਿਅਕਤੀਆਂ ਦੁਆਰਾ ਸਮਾਜਿਕ ਦੂਰੀ ਲਈ ਘੱਟੋ ਘੱਟ 6 ਫੁੱਟ ਦੀ ਦੂਰੀ ਅਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਇਹ ਹੁਕਮ ਕੰਟੇਨਮੈਂਟ ਖੇਤਰਾਂ ‘ਤੇ ਲਾਗੂ ਨਹੀਂ ਹੋਣਗੇ। ਕੋਈ ਵੀ ਉਲੰਘਣਾ ਕਰਨ ‘ਤੇ ਆਫਤਨ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button