SportsTop News

ਟੀ-20 ਵਿਸ਼ਵ ਕੱਪ:- ਅੱਜ ਜ਼ਿੰਬਾਬਵੇ ਤੇ ਭਾਰਤ ਦੀ ਹੋਵੇਗੀ ਟੱਕਰ

ਭਾਰਤ ਨੂੰ ਅੱਜ ਮੈਲਬੌਰਨ ਕ੍ਰਿਕਟ ਮੈਦਾਨ (ਐੱਮਸੀਜੀ) ‘ਤੇ ਜ਼ਿੰਬਾਬਵੇ ਨਾਲ ਭਿੜਨਾ ਹੈ। ਜੇ ਟੀਮ ਇਹ ਮੈਚ ਜਿੱਤੇਗੀ ਤਾਂ ਗਰੁੱਪ-2 ਵਿਚ ਸਿਖਰ ‘ਤੇ ਰਹੇਗੀ ਤੇ ਉਸ ਦਾ ਸਾਹਮਣਾ ਸੈਮੀਫਾਈਨਲ ਵਿਚ ਐਡੀਲੈਡ ਵਿਚ ਇੰਗਲੈਂਡ ਨਾਲ ਹੋਵੇਗਾ। ਜ਼ਿੰਬਾਬਵੇ ਤੋਂ ਜਿੱਤਣ ਵਿਚ ਭਾਰਤ ਨੂੰ ਓਨੀ ਮੁਸ਼ਕਲ ਨਹੀਂ ਹੋਵੇਗੀ ਪਰ ਜੇ ਟੀਮ ਇੰਡੀਆ ਨੂੰ ਸੈਮੀਫਾਈਨਲ ਵਿਚ ਇੰਗਲੈਂਡ ਤੇ ਫਾਈਨਲ ਵਿਚ ਨਿਊਜ਼ੀਲੈਂਡ ਜਾਂ ਦੱਖਣੀ ਅਫਰੀਕਾ ਨੂੰ ਹਰਾਉਣਾ ਹੈ ਤਾਂ ਭਾਰਤੀ ਕਪਤਾਨ ਨੂੰ ਦੌੜਾਂ ਬਣਾਉਣੀਆਂ ਪੈਣਗੀਆਂ।ਰੋਹਿਤ ਸੁਪਰ-12 ਦੇ ਪਹਿਲੇ ਮੈਚ ਵਿਚ ਹੈਰਿਸ ਰਾਊਫ ਦੀ ਗੇਂਦ ‘ਤੇ ਸਲਿਪ ‘ਤੇ ਕੈਚ ਦੇ ਕੇ ਆਊਟ ਹੋਏ। ਰਾਊਫ਼ ਦੀ ਆਫ ਸਟੰਪ ਤੋਂ ਬਾਹਰ ਜਾਂਦੀ ਗੇਂਦ ‘ਤੇ ਉਨ੍ਹਾਂ ਦੇ ਪੈਰ ਹਿੱਲੇ ਹੀ ਨਹੀਂ। ਨੀਦਰਲੈਂਡ ਖ਼ਿਲਾਫ਼ ਉਹ ਡੀਪ ਮਿਡ ਵਿਕਟ ‘ਤੇ ਕੈਚ ਦੇ ਬੈਠੇ। ਦੱਖਣੀ ਅਫਰੀਕਾ ਖ਼ਿਲਾਫ਼ ਉਹ 14 ਗੇਂਦਾਂ ‘ਤੇ 15 ਦੌੜਾਂ ਬਣਾ ਕੇ ਆਊਟ ਹੋਏ। ਲੁੰਗੀ ਨਗੀਦੀ ਦੀ ਸ਼ਾਰਟ ਬਾਲ ‘ਤੇ ਪੁਲ ਕਰਨ ਦੇ ਚੱਕਰ ਵਿਚ ਉਨ੍ਹਾਂ ਨੇ ਵਿਕਟ ਗੁਆਈ। ਬੰਗਲਾਦੇਸ਼ ਖ਼ਿਲਾਫ਼ ਉਹ ਅੱਠ ਗੇਂਦਾਂ ‘ਤੇ ਦੋ ਦੌੜਾਂ ਹੀ ਬਣਾ ਸਕੇ। ਤਸਕੀਨ ਅਹਿਮਦ ਦੀ ਗੇਂਦ ‘ਤੇ ਕੈਚ ਛੁੱਟਣ ਤੋਂ ਬਾਅਦ ਉਹ ਹਸਨ ਮਹਿਮੂਦ ਦੀ ਉਛਾਲ ਵਾਲੀ ਗੇਂਦ ‘ਤੇ ਸ਼ਾਟ ਲਾਉਣ ਦੇ ਚੱਕਰ ਵਿਚ ਗਲੀ ਵਿਚ ਕੈਚ ਦੇ ਬੈਠੇ। ਭਾਰਤ ਨੂੰ ਸੈਮੀਫਾਈਨਲ ਵਿਚ ਥਾਂ ਬਣਾਉਣ ਲਈ ਜ਼ਿੰਬਾਬਵੇ ਖ਼ਿਲਾਫ਼ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਰੋਹਿਤ ਸ਼ਨਿਚਰਵਾਰ ਨੂੰ ਅਭਿਆਸ ਸੈਸ਼ਨ ਵਿਚ ਕਈ ਵਾਰ ਖੁੰਝੇ। ਐਡੀਲੇਡ ਵਿਚ ਸਕੁਆਇਰ ਬਾਊਂਡਰੀ ਛੋਟੀ ਹੈ। ਜੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸੈਮੀਫਾਈਨਲ ਵਿਚ ਉਨ੍ਹਾਂ ਨੂੰ ਸ਼ਾਰਟ ਬਾਲ ਨਾਲ ਟਾਰਗੈਟ ਕਰਦੇ ਹਨ ਤਾਂ ਉਹ ਆਫ ਤੇ ਲੈੱਗ ਸਟੰਪ ਦੀ ਛੋਟੀ ਬਾਊਂਡਰੀ ਦਾ ਫ਼ਾਇਦਾ ਉਠਾ ਸਕਦੇ ਹਨ। ਸਿਖਰਲੇ ਨੰਬਰ ਦੇ ਬੱਲੇਬਾਜ਼ਾਂ ਵਿਚ ਵਿਰਾਟ ਕੋਹਲੀ ਬਿਹਤਰੀਨ ਲੈਅ ਵਿਚ ਹਨ ਜਦਕਿ ਕੇਐੱਲ ਰਾਹੁਲ ਤੇ ਸੂਰਿਆ ਕੁਮਾਰ ਯਾਦਵ ਨੇ ਕੁਝ ਚੰਗੀਆਂ ਪਾਰੀਆਂ ਖੇਡੀਆਂ ਹਨ।ਭਾਰਤੀ ਟੀਮ ਨੇ ਅਜੇ ਤਕ ਜ਼ਿਆਦਾ ਤਬਦੀਲੀ ਨਹੀਂ ਕੀਤੀ ਹੈ ਪਰ ਜ਼ਿੰਬਾਬਵੇ ਖ਼ਿਲਾਫ਼ ਟੀਮ ਦੋ ਤਬਦੀਲੀਆਂ ਕਰ ਸਕਦੀ ਹੈ। ਯੁਜਵਿੰਦਰ ਸਿੰਘ ਚਹਿਲ ਤੇ ਹਰਸ਼ਲ ਪਟੇਲ ਸ਼ਨਿਚਰਵਾਰ ਨੂੰ ਨੈੱਟ ‘ਤੇ ਅਭਿਆਸ ਕਰਦੇ ਹੋਏ ਨਜ਼ਰ ਆਏ। ਭਾਰਤ ਨੇ ਹੁਣ ਤਕ ਚਾਰ ਮੈਚਾਂ ਵਿਚ ਭੁਨਵੇਸ਼ਵਰ ਕੁਮਾਰ, ਅਰਸ਼ਦੀਪ ਸਿੰਘ ਤੇ ਮੁਹੰਮਦ ਸ਼ਮੀ ਨੂੰ ਖਿਡਾਇਆ ਹੈ। ਇਨ੍ਹਾਂ ਵਿਚੋਂ ਕਿਸੇ ਇਕ ਗੇਂਦਬਾਜ਼ ਦੀ ਥਾਂ ਹਰਸ਼ਲ ਖੇਡ ਸਕਦੇ ਹਨ। ਸਪਿੰਨਰ ਰਵੀਚੰਦਰਨ ਅਸ਼ਵਿਨ ਤੇ ਅਕਸ਼ਰ ਪਟੇਲ ਵਿਚੋਂ ਕਿਸੇ ਇਕ ਦੀ ਥਾਂ ਚਹਿਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਅਸ਼ਵਿਨ ਦਾ ਪ੍ਰਦਰਸ਼ਨ ਇਸ ਟੂਰਨਾਮੈਂਟ ਵਿਚ ਖ਼ਾਸ ਨਹੀਂ ਰਿਹਾ ਤੇ ਅਕਸ਼ਰ ਨੇ ਤਿੰਨ ਮੈਚਾਂ ਵਿਚ ਛੇ ਓਵਰ ਸੁੱਟ ਕੇ ਦੋ ਵਿਕਟਾਂ ਲਈਆਂ ਹਨ। ਅਕਸ਼ਰ ਨੇ ਬੱਲੇਬਾਜ਼ੀ ਕਰਦੇ ਹੋਏ ਸਿਰਫ਼ ਨੌਂ ਦੌੜਾਂ ਬਣਾਈਆਂ ਹਨ। ਪਾਕਿਸਤਾਨ ਖ਼ਿਲਾਫ਼ ਉਹ ਸਿਰਫ਼ ਇਕ ਓਵਰ ਕਰ ਸਕੇ ਸਨ ਜਿਸ ਵਿਚ ਇਫਤਿਖਾਰ ਨੇ ਤਿੰਨ ਛੱਕੇ ਮਾਰੇ ਸਨ। ਉਹ ਸਿਰਫ਼ ਨੀਦਰਲੈਂਡ ਖ਼ਿਲਾਫ਼ ਚਾਰ ਓਵਰਾਂ ਦਾ ਕੋਟਾ ਪੂਰਾ ਕਰ ਸਕੇ ਸਨ। ਬੰਗਲਾਦੇਸ਼ ਖ਼ਿਲਾਫ਼ ਵੀ ਉਨ੍ਹਾਂ ਤੋਂ ਸਿਰਫ਼ ਇਕ ਓਵਰ ਕਰਵਾਇਆ ਗਿਆ। ਉਥੇ ਚਹਿਲ ਦਾ ਇੰਗਲੈਂਡ ਖ਼ਿਲਾਫ਼ ਰਿਕਾਰਡ ਸ਼ਾਨਦਾਰ ਹੈ। ਉਹ ਬੇਨ ਸਟੋਕਸ ਤੇ ਡੇਵਿਡ ਮਲਾਨ ਖ਼ਿਲਾਫ਼ ਚੰਗੀ ਗੇਂਦਬਾਜ਼ੀ ਕਰਦੇ ਹਨ। ਉਹ ਰਾਜਸਥਾਨ ਰਾਇਲਜ਼ ਵਿਚ ਜੋਸ ਬਟਲਰ ਦੇ ਨਾਲ ਖੇਡਦੇ ਹਨ ਤੇ ਉਨ੍ਹਾਂ ਦੀਆਂ ਕਮੀਆਂ ਬਾਰੇ ਜਾਣਦੇ ਹਨ। ਉਨ੍ਹਾਂ ਨੂੰ ਸੈਮੀਫਾਈਨਲ ਵਿਚ ਸਿੱਧਾ ਨਹੀਂ ਉਤਾਰ ਸਕਦੇ ਇਸ ਕਾਰਨ ਉਨ੍ਹਾਂ ਨੂੰ ਉਸ ਤੋਂ ਪਹਿਲਾਂ ਇਕ ਮੈਚ ਖਿਡਾਉਣਾ ਪਵੇਗਾ।ਜ਼ਿੰਬਾਬਵੇ ਨੇ ਪਾਕਿਸਤਾਨ ਨੂੰ ਹਰਾ ਕੇ ਇਸ ਟੂਰਨਾਮੈਂਟ ਵਿਚ ਵੱਡਾ ਉਲਟਫੇਰ ਕੀਤਾ ਸੀ। ਇਸ ਤੋਂ ਬਾਅਦ ਜ਼ਿੰਬਾਬਵੇ ਦੇ ਬੱਲੇਬਾਜ਼ ਹੁਣ ਤਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਨ੍ਹਾਂ ਕੋਲ ਬੱਲੇਬਾਜ਼ ਵਜੋਂ ਕ੍ਰੇਗ ਏਰਵਿਨ, ਸੀਨ ਏਰਵਿਨ, ਰੇਆਨ ਬਰਲ, ਸੀਨ ਵਿਲੀਅਮਜ਼ ਤੇ ਪਾਕਿਸਤਾਨ ਵਿਚ ਜਨਮੇ ਸਿਕੰਦਰ ਰਜ਼ਾ ਹਨ। ਰਜ਼ਾ ਬਿਹਤਰੀਨ ਲੈਅ ਵਿਚ ਚੱਲ ਰਹੇ ਹਨ। ਉਨ੍ਹਾਂ ਤੋਂ ਟੀਮ ਇੰਡੀਆ ਨੂੰ ਬਚ ਕੇ ਰਹਿਣਾ ਪਵੇਗਾ। ਭਾਰਤ ਨੇ ਇਸ ਸਾਲ ਜ਼ਿੰਬਾਬਵੇ ਵਿਚ ਤਿੰਨ ਵਨ ਡੇ ਦੀ ਸੀਰੀਜ਼ ਖੇਡੀ ਸੀ ਤੇ ਉਸ ਨੂੰ 3-0 ਨਾਲ ਹਰਾਇਆ ਸੀ। ਉਹ ਪਿਛਲੇ ਦਿਨੀ ਤਦ ਸੀ ਜਦ ਉਸ ਭਾਰਤੀ ਟੀਮ ਵਿਚ ਸਟਾਰ ਖਿਡਾਰੀ ਸ਼ਾਮਲ ਨਹੀਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button