ਜੱਟ ਪਤੰਗ ਵਰਗਾ – ਜੱਟੀ ਚਾਈਨਾ ਡੋਰ ਵਰਗੀ, ਚਾਈਨਾ ਡੋਰ ‘ਤੇ ਪਾਬੰਦੀ ਪਰ ਵਪਾਰ ਜਾਰੀ
ਭਾਰਤ 'ਚ ਹੀ ਬਣਦੀ ਹੈ ਚਾਈਨਾ ਡੋਰ
ਅਮਰਜੀਤ ਸਿੰਘ ਵੜੈਚ (94178-01988)
ਜਦੋਂ ਕਿਸੇ ਵਸਤੂ ‘ਤੇ ਅਦਾਲਤ ਜਾਂ ਕਿਸੇ ਟ੍ਰਿਬਿਊਨਲ ਵੱਲੋਂ ਪਾਬੰਦੀ ਲਾਈ ਹੋਵੇ ਤਾਂ ਫਿਰ ਉਸ ਚੀਜ਼ ਦਾ ਉਤਪਾਦਨ,ਆਵਾਜਾਈ,ਭੰਡਾਰਨ,ਵਿਕਰੀ ਤੇ ਵਰਤੋਂ ਕਿਉਂ ਹੋ ਰਹੀ ਹੈ ? ਕੀ ਇਸ ਲਈ ਪ੍ਰਸਾਸ਼ਨ ਤੇ ਪੁਲਿਸ ਜ਼ਿੰਮੇਵਾਰ ਨਹੀਂ ? ਇਹ ਸਵਾਲ ਕਰਨੇ ਬਣਦੇ ਹਨ ਕਿਉਂਕਿ ਪਤੰਗਬਾਜ਼ੀ ਲਈ ਵਰਤੀ ਜਾਂਦੀ ‘ਚਾਈਨਾ ਡੋਰ’ ਜਾਂ ‘ਚਾਈਨੀ ਮਾਝਾ’ ਉਪਰ ਪੂਰੇ ਦੇਸ਼ ‘ਚ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਪ੍ਰਿੰਸੀਪਲ ਬੈਂਚ ਵੱਲੋਂ ਰਾਸ਼ਟਰੀ ਪੱਧਰ ‘ਤੇ ਪਾਬੰਦੀ ਲੱਗੀ ਹੋਈ ਹੈ ਤਾਂ ਵੀ ਇਹ ਡੋਰ ਵਰਤੀ ਜਾ ਰਹੀ ਹੈ ਜੋ ਕਈ ਜਾਨਾਂ ਲੈ ਚੁੱਕੀ ਹੈ ਤੇ ਕਈਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਚੁੱਕੀ ਹੈ ।
ਐੱਨਜੀਟੀ ਨੇ ਫਰਵਰੀ 2017 ‘ਚ ਹੀ ਖਾਲਿਦ ਅਸ਼ਰਫ਼ ਤੇ ਹੋਰ ਬਨਾਮ ਕੇਂਦਰ ਸਰਕਾਰ ਅਤੇ ਪੀਪਲ ਫਾਰ ਐਥੀਕਲ ਟਰੀਟਮੈਂਟ ਐਨੀਮਲ () ਬਨਾਮ ਕੇਂਦਰ ਸਰਕਾਰ ਦੇ ਕੇਸਾਂ ਵਿੱਚ ਫ਼ੈਸਲਾ ਸੁਣਾਉਂਦਿਆਂ ਚਾਈਨਾ ਡੋਰ/ਚਾਈਨੀ ਮਾਝਾ/ ਨਾਇਲਨ ਡੋਰ ਨੂੰ ਦੇਸ਼ ਭਰ ‘ਚ ਪਤੰਗਬਾਜ਼ੀ ਲਈ ਵਰਤਣ ‘ਤੇ ਪਾਬੰਦੀ ਲਾ ਦਿਤੀ ਸੀ । ਐੱਨਜੀਟੀ ਨੇ ਇਹ ਵੀ ਸਾਫ਼ ਕਰ ਦਿਤਾ ਸੀ ਕਿ ਇਸ ਤਰ੍ਹਾਂ ਦੀ ਕੋਈ ਵੀ ਡੋਰ/ਧਾਗਾ ਜਿਸ ਉਪਰ ਕੱਚ ਲੱਗਾ ਹੋਵੇ ਜਾਂ ਉਹ ਨਾਇਲਨ ਦੀ ਹੋਵੇ ਉਸ ਦੀ ਵਰਤੋਂ ਪਤੰਗਬਾਜ਼ੀ ਲਈ ਨਹੀਂ ਕੀਤੀ ਜਾ ਸਕਦੀ । ਪਤੰਗਬਾਜ਼ੀ ਲਈ ਸਿਰਫ਼ ਤੇ ਸਿਰਫ਼ ਸੂਤੀ ਧਾਗੇ ਵਾਲ਼ੀ ਡੋਰ ਹੀ ਵਰਤੀ ਜਾ ਸਕਦੀ ਹੈ ।
ਇਸ ਟ੍ਰਿਬਿੂਨਲ ਨੇ ਉਨ੍ਹਾਂ ਹੁਕਮਾਂ ‘ਚ ਕਿਹਾ ਸੀ ਕਿ ਜੋ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਉਸ ਨੂੰ ਇਕ ਲੱਖ ਰੁ: ਜੁਰਮਾਨਾ ਅਤੇ ਪੰਜ ਸਾਲ ਦੀ ਸਜ਼ਾ ਹੋਵੇਗੀ । ਹੁਣ ਤੱਕ ਕਿਨੇ ਲੋਕਾਂ ਨੂੰ ਸਜ਼ਾ ਹੋਈ ਹੈ ਇਹ ਕਦੇ ਪਤਾ ਨਹੀਂ ਲੱਗਾ ਹਾਂ ਇਸ ਪਾਬੰਦੀ ਸ਼ੂਦਾ ਡੋਰ ਦਾ ਵਪਾਰ ਅਤੇ ਵਰਤੋਂ ਧੜਾਧੜ ਹੋ ਰਹੇ ਹਨ । ਨੈੱਟ ‘ਤੇ ਸੁਰਿੰਦਰ ਮਾਨ ਤੇ ਕਰਮਜੀਤ ਕੰਮੋ ਦਾ ਇਕ ਗੀਤ ਵੀ ਸੁਣਿਆ ਜਾ ਸਕਦਾ ਹੈ ” ਜੱਟ ਅੰਬਰੀਂ ਪਤੰਗ ਵਾਂਗੂੰ ਉਡਦਾ, ਜੱਟੀ ਮੈਂ ਵੀ ਚਾਈਨਾ ਡੋਰ ਵਰਗੀ ” ।
ਆਮ ਸੂਤੀ ਡੋਰ ‘ਤੇ ਕੱਚ ਲੱਗਾ ਹੁੰਦਾ ਹੈ ਤੇ ਉਹ ਮਾਮੂਲੀ ਝਟਕੇ ਨਾਲ਼ ਟੁੱਟ ਜਾਂਦੀ ਹੈ ਪਰ ਇਹ ਚਾਈਨਾ ਡੋਰ ਨਾਇਲਨ ਦੀ ਹੁੰਦੀ ਹੈ ਅਤੇ ਇਹ ਬਹੁਤ ਪੱਕੀ ਹੋਣ ਕਰਕੇ ਟੁੱਟਦੀ ਨਹੀਂ ਅਤੇ ਚਮੜੀ ਨੂੰ ਖਤਰਨਾਕ ਕੱਟ ਲਾ ਦਿੰਦੀ ਹੈ । ਇਥੇ ਇਹ ਦੱਸ ਦਈਏ ਕਿ ਚਾਈਨਾ ਡੋਰ ਦੀ ਵਰਤੋਂ ਕੱਪੜਾ ਉਦਯੋਗ ‘ਚ ਕੋਟ ਬਣਾਉਣ ਲਈ ਹੁੰਦੀ ਹੈ ਪਰ ਇਸ ਦੀ ਪਤੰਗਬਾਜ਼ੀ ਲਈ ਦੁਰਵਰਤੋਂ ਕੀਤੀ ਜਾਂਦੀ ਹੈ ।
ਪਿਛਲੇ ਸਮੇਂ ‘ਚ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ‘ਚ ਵੀ ਇਸ ਡੋਰ ਕਾਰਨ ਹਾਦਸੇ ਵਾਪਰੇ ਹਨ । ਪੰਜਾਬ ‘ਚ ਵੀ ਪਤੰਗਬਾਜ਼ੀ ‘ਚ ਇਸ ਦੀ ਦੁਰਵਰਤੋਂ ਹੋ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਵਰ੍ਹੇ ਨਵੰਬਰ ‘ਚ ਪਾਬੰਦੀ ਲਾਉਣ ਦੇ ਬਾਵਜੂਦ ਇਹ ਧੜਾਧੜ ਵਿਕ ਵੀ ਰਹੀ ਹੈ ਅਤੇ ਵਰਤੀ ਵੀ ਜਾ ਰਹੀ ਹੈ । ਹਾਲ ਹੀ ਵਿੱਚ ਰੋਪੜ ‘ਚ ਇਕ 12 ਸਾਲਾਂ ਦਾ ਬੱਚਾ ਇਸ ਡੋਰ ਨਾਲ਼ ਗਲ਼ਾ ਕੱਟ ਹੋਣ ਮਗਰੋਂ ਮਰ ਗਿਆ ਸੀ । ਇਸ ਤਰ੍ਹਾਂ ਦੀਆਂ ਰੋਜ਼ ਹੀ ਖ਼ਬਰਾਂ ਆ ਰਹੀਆਂ ਹਨ । ਇਸ ਦੇ ਨਾਲ਼ ਸਿਰਫ਼ ਮਨੁੱਖਾਂ ਦਾ ਹੀ ਨੁਕਸਾਨ ਨਹੀਂ ਹੋ ਰਿਹਾ ਬਲਕਿ ਪੰਛੀ ਅਤੇ ਪਸ਼ੂ ਵੀ ਨੁਕਸਾਨੇ ਜਾ ਰਹੇ ਹਨ । ਪਿਛਲੇ ਦਿਨੀਂ ਹੀ ਫ਼ਾਜ਼ਿਲਕਾ ਦੇ ਐਸਐੱਸਪੀ ਦੇ ਦਫ਼ਤਰ ਦੀ ਛੱਤ ‘ਤੇ ਚਾਈਨਾ ਡੋਰ ਨਾਲ਼ ਮਰੇ ਕਈ ਪੰਛੀਆਂ ਦੀ ਵੀਡੀਓ ਵਾਇਰਲ ਹੋਈ ਸੀ ।
ਪੰਜਾਬ ‘ਚ ਚਾਈਨਾ ਡੋਰ ਨਾਲ਼ ਸਬੰਧਿਤ ਪੁਲਿਸ ਕੇਸਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਡੋਰ ਭਾਰਤ ‘ਚ ਹੀ ਬਣ ਰਹੀ ਹੈ ਕਿਉਂਕਿ ਇਹ ਡੋਰ 10-12 ਸਾਲ ਪਹਿਲਾਂ ਚੀਨ ਤੋਂ ਦਰਆਮਦ ਕੀਤੀ ਜਾਂਦੀ ਸੀ ਇਸ ਲਈ ਇਸ ਦਾ ਨਾਮ ਹੀ ਚਾਈਨਾ ਡੋਰ ਪੇ ਗਿਆ । ਪੁਲਿਸ ਵੱਲੋਂ ਕਈ ਥਾਂਈਂ ਇਹ ਡੋਰ ਫੜਕੇ ਕੇਸ ਵੀ ਦਰਜ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਇਸ ਦੇ ਉਤਪਾਦਕ ਤੇ ਵਪਾਰੀ ਇਸ ਨੂੰ ਵੇਚਣ ਲਈ ਬੜੀਆਂ ਚਲਾਕੀਆਂ ਕਰ ਰਹੇ ਹਨ । ਜਿਨ੍ਹਾਂ ਡੱਬਿਆਂ ‘ਚ ਇਹ ਡੋਰ ਇਕ ਥਾਂ ਤੋਂ ਦੂਜੀ ਥਾਂ ਭੇਜੀ ਜਾਂਦੀ ਹੈ ਉਨ੍ਹਾਂ ਉਪਰ ਲਿਖਿਆ ਹੁੰਦਾ ਹੈ ਕਿ ਇਸ ਦੀ ਵਰਤੋਂ ਪਤੰਗਬਾਜ਼ੀ ਲਈ ਨਾ ਕੀਤੀ ਜਾਵੇ ਜਾਂ ਇਹ ਡੋਰ ਪਤੰਗਬਾਜ਼ੀ ਲਈ ਨਹੀਂ ਹੈ । ਕਈਆਂ ਡੱਬਿਆਂ ਉਪਰ ਤਾਂ ਉਤਪਾਦਕ ਦਾ ਨਾਂ/ਪਤਾ ਕੁਝ ਵੀ ਨਹੀਂ ਲਿਖਿਆ ਹੁੰਦਾ ।
ਇਹ ਡੋਰ ਦੂਜੇ ਸੂਬਿਆਂ ‘ਚੋਂ ਵੀ ਪੰਜਾਬ ‘ਚ ਆ ਰਹੀ ਹੈ । ਪਿਛਲੇ ਦਿਨੀਂ ਹੀ ਬਠਿੰਡੇ ‘ਚ ਇਕ ਵਿਅਕਤੀ ਇਹ ਡੋਰ ਲਿਜਾਂਦਾ ਫੜਿਆ ਗਿਆ ਜੋ ਇਸ ਨੂੰ ਰਾਜਿਸਥਾਨ ਤੋਂ ਲੈਕੇ ਆ ਰਿਹਾ ਸੀ । ਇਹ ਵੀ ਪਤਾ ਲੱਗਾ ਹੈ ਕਿ ਇਸ ਵਪਾਰ ‘ਚ ਪਏ ਲੋਕ ਬਹੁਤ ਜਲਦੀ ਜ਼ਮਾਨਤ ‘ਤੇ ਛੁੱਟ ਜਾਂਦੇ ਹਨ ਤੇ ਇਥੋਂ ਤੱਕ ਵੀ ਪਤਾ ਲੱਗਾ ਹੈ ਕਿ ਕਈ ਵਪਾਰੀ ਤਾਂ ਕੁਝ ਕਥਿਤ ਰਾਜਸੀ ਲੋਕਾਂ ਦੀ ਛਹਿ ਥੱਲੇ ਵੀ ਇਹ ਵਪਾਰ ਕਰ ਰਹੇ ਹਨ । ਇਸ ਡੋਰ ਦਾ ਵਪਾਰ ਵਟਸਐੱਪ ਫੋਨ ਤੇ ਔਨਲਾਈਨ ਵੀ ਹੋ ਰਿਹਾ ਹੈ ।
ਸਰਕਾਰ ਨੂੰ ਅਜਿਹੇ ਸਮਾਜ ਵਿਰੋਧੀ ਵਪਾਰੀਆਂ ਵਪਾਰੀਆਂ ਤੇ ਇਸ ਧੰਦੇ ਨਾਲ਼ ਜੁੱੜੇ ਲੋਕਾਂ ਨੂੰ ਬਹੁਤ ਕਰੜੇ ਹੱਥੀਂ ਦਬੋਚਣਾ ਚਾਹੀਦਾ ਹੈ ਤਾਂ ਕਿ ਮਨੁੱਖਾਂ, ਪੰਛੀਆਂ ਤੇ ਪਸ਼ੂਆਂ ਦਾ ਹੋਰ ਨੁਕਸਾਨ ਰੋਕਿਆ ਜਾ ਸਕੇ । ਇਸ ਕਾਰਜ ਲਈ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ । ਵਿਦਿਅਕ, ਧਾਰਮਿਕ ਤੇ ਸਮਾਜਿਕ ਸੰਸਥਾਂਵਾਂ ਇਸ ਦਿਸ਼ਾ ‘ਚ ਬਹੁਤ ਹੀ ਕਾਰਗਰ ਰੋਲ ਅਦਾ ਕਰ ਸਕਦੀਆਂ ਹਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.