ਚੰਡੀਗੜ੍ਹ ,15 ਫਰਵਰੀ 2023 : ਜੌਗਰਫ਼ੀ ਵਿਸ਼ੇ ਨੂੰ ਸਮੁੱਚੇ ਵਿਗਿਆਨ ਦੀ ਮਾਂ ਆਖਿਆ ਜਾਂਦਾ ਹੈ ਜਿਸ ਵਿੱਚ ਧਰਤੀ ਤੇ ਮਨੁੱਖੀ ਕਿਰਿਆਵਾਂ, ਕੁਦਰਤੀ ਸਰੋਤਾਂ/ਆਫ਼ਤਾਂ ਬਾਰੇ ਜਾਣਕਾਰੀ ਅਤੇ ਇਸ ਦੀਆਂ ਸ਼ਾਖਾਵਾਂ ਵਿੱਚ ਵੱਖ-ਵੱਖ ਵਿਸ਼ਿਆਂ ਬਾਰੇ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ 30 ਤੋਂ 33 ਫ਼ੀਸਦੀ ਪ੍ਰਸ਼ਨ ਜੌਗਰਫ਼ੀ ਵਿਸ਼ੇ ਦੇ ਹੀ ਪੁੱਛੇ ਜਾਂਦੇ ਹਨ। ਪਰੰਤੂ ਪੰਜਾਬ ਸਕੂਲੀ ਪੱਧਰ ‘ਤੇ ਅਧਿਆਪਕਾਂ/ਲੈਕਚਰਾਰਾਂ ਦੀ ਘਾਟ ਕਾਰਨ ਇਸ ਦੀ ਪੜ੍ਹਾਈ ਤੋਂ ਵਾਂਝੇ ਵਿਦਿਆਰਥੀ ਦੂਜੇ ਸੂਬਿਆਂ ਦੇ ਮੁਕਾਬਲੇ ਕਾਮਯਾਬੀ ਹਾਸਲ ਨਹੀਂ ਕਰ ਪਾਉਂਦੇ। ਮੌਜ਼ੂਦਾ ਸਮੇਂ ਪੰਜਾਬ ਦੇ ਕੁੱਲ 2026 ਸੀਨੀ: ਸੈਕੰ: ਸਕੂਲਾਂ ਵਿੱਚੋਂ 1800 ਸਕੂਲਾਂ ਵਿੱਚ ਇਹ ਵਿਸ਼ਾ ਨਾ ਪੜ੍ਹਾਇਆ ਜਾਣ ਕਾਰਨ ਇੱਥੋਂ ਦੇ ਵਿਦਿਆਰਥੀ ਭੂਗੋਲ (ਜੌਗਰਫ਼ੀ) ਵਿਸ਼ੇ ਦੀ ਪੜ੍ਹਾਈ ਤੋਂ ਵਾਂਝੇ ਚੱਲ ਰਹੇ ਹਨ। ਇਹ ਸਮੱਸਿਆ ਜੌਗਰਫ਼ੀ ਪੋਸਟ ਗਰੈਜੁਏਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ੰਕਰ ਲਾਲ ਅਤੇ ਗੁਰਸੇਵਕ ਸਿੰਘ ਅਨੰਦਪੁਰ ਸਾਹਿਬ (ਰੋਪੜ) ਦੀ ਅਗਵਾਈ ਵਿੱਚ ਮਿਲੇ ਵਫ਼ਦ ਨੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਸਾਂਝੀ ਕੀਤੀ ਅਤੇ ਮੰਗ ਪੱਤਰ ਦਿੱਤੇ।ਅਧਿਆਪਕਾਂ ਆਗੂਆਂ ਵੱਲੋਂ ਸਿੱਖਿਆ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਮੌਜ਼ੂਦਾ ਸਮੇਂ ਸਕੂਲ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰਸ਼ੁਦਾ 13252 ਆਸਾਮੀਆਂ ਵਿੱਚੋਂ ਜੌਗਰਫ਼ੀ ਵਿਸ਼ੇ ਦੀਆਂ ਕੇਵਲ 357 ਆਸਾਮੀਆਂ ਹੀ ਮੰਨਜ਼ੂਰ ਹਨ, ਇਹਨਾਂ ਵਿੱਚੋਂ ਖਾਲੀ ਪਈਆਂ 130 ਆਸਾਮੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਈ-ਪੰਜਾਬ ਪੋਰਟਲ ‘ਤੇ ਨਹੀਂ ਦਰਸਾਇਆ ਜਾਂਦਾ। ਜਿਸ ਕਰਕੇ ਇਹਨਾਂ ਉੱਪਰ ਨਾ ਤਾਂ ਬਦਲੀ ਅਪਲਾਈ ਹੁੰਦੀ ਹੈ ਅਤੇ ਨਾ ਹੀ ਇਹਨਾਂ ਨੂੰ ਪਦਉੱਨਤੀਆਂ ਤੇ ਸਿੱਧੀ ਭਰਤੀ ਰਾਹੀਂ ਭਰਿਆ ਜਾ ਰਿਹਾ ਹੈ। ਵਫ਼ਦ ਵਿੱਚ ਸ਼ਾਮਿਲ ਜੱਥੇਬੰਦੀ ਦੇ ਆਗੂਆਂ ਸ਼ੰਕਰ ਲਾਲ, ਗੁਰਸੇਵਕ ਸਿੰਘ, ਸੁਖਦੀਪ ਸਿੰਘ, ਸੁਨੀਲ ਕੁਮਾਰ, ਮਨਜੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਸਿੱਖਿਆ ਮੰਤਰੀ ਸ. ਬੈਂਸ ਤੋਂ ਮੰਗ ਕੀਤੀ ਕਿ ਪੰਜਾਬ ਦੇ ਸੀਨੀ: ਸੈਕੰ: ਸਕੂਲਾਂ ਵਿੱਚ ਲੈਕਚਰਾਰਾਂ ਦੀ ਕਮੀ ਨੂੰ ਪੂਰਾ ਕਰਨ ਲਈ, ਵਿਸ਼ੇ ਦੀ ਮਹੱਤਤਾ ਨੂੰ ਦੇਖਦੇ ਅਤੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਦਾ ਗਿਆਨ ਦੇਣ ਲਈ ਪੰਜਾਬ ਸਰਕਾਰ ਵੱਲੋਂ ਅਪਗ੍ਰੇਡ ਕੀਤੇ ਜਾ ਰਹੇ 117 ਐਮੀਨੈਂਸ ਸਕੂਲਾਂ ਅਤੇ ਕੇਂਦਰ ਸਰਕਾਰ ਵੱਲੋਂ ਪੀ.ਐੱਮ. ਸ਼੍ਰੀ ਸਕੂਲ ਸਕੀਮ ਤਹਿਤ ਪੰਜਾਬ ਵਿੱਚ ਬਣਾਏ ਜਾ ਰਹੇ 355 ਸਕੂਲਾਂ ਵਿੱਚ ਭੂਗੋਲ (ਜੌਗਰਫ਼ੀ) ਵਿਸ਼ਾ ਸ਼ੁਰੂ ਕਰਨ ਦੇ ਪ੍ਰਬੰਧ ਕੀਤੇ ਜਾਣ। ਜੱਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਖਾਲੀ ਪਈਆਂ 130 ਆਸਾਮੀਆਂ ਨੂੰ ਈ-ਪੰਜਾਬ ਪੋਰਟਲ ‘ਤੇ ਦਰਸਾ ਕੇ ਬਦਲੀ ਨੀਤੀ ਵਿੱਚ ਤਬਦੀਲੀ ਕਰਕੇ ਅਤੇ ਪਦਉੱਨਤੀ ਤੇ ਸਿੱਧੀ ਭਰਤੀ ਰਾਹੀਂ ਭਰਿਆ ਜਾਵੇ। ਸਿੱਖਿਆ ਮੰਤਰੀ ਸ. ਬੈਂਸ ਨੂੰ ਧਿਆਨ ਨਾਲ ਸੁਣਿਆ ਅਤੇ ਮੰਗਾਂ ਪੂਰੀਆਂ ਕਰਨ ਦਾ ਯਕੀਨ ਦੁਆਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.