Press ReleasePunjabTop News

ਜਲ ਸਰੋਤ ਮੰਤਰੀ ਵੱਲੋਂ ਪੇਂਡੂ ਖੇਤਰਾਂ ਨੂੰ ਜੋਗਾ ਡਿਸਟ੍ਰੀਬਿਊਟਰੀ ਦੇ 26.91 ਕਰੋੜ ਦੇ ਪ੍ਰਾਜੈਕਟ ਦਾ ਤੋਹਫਾ

ਕੰਕਰੀਟ ਲਾਈਨਿੰਗ ਤੋਂ ਇਲਾਵਾ 20 ਫੀਸਦੀ ਸਮਰੱਥਾ ਵਧਾਈ, ਕਰੀਬ 108000 ਏਕੜ ਰਕਰੇ ਨੂੰ ਮਿਲੇਗਾ ਲਾਹਾ
ਦਾਨਗੜ੍ਹ ਮਾਈਨਰ ਦਾ 85 ਲੱਖ ਦਾ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ
ਕੋਠੇ ਰਜਿੰਦਰਪੁਰਾ ਵਿਖੇ ਅੰਡਰ ਗਰਾਊਂਡ ਪਾਈਪਲਾਈਨ ਦਾ, ਖ਼ਾਲ ਪੱਕੇ ਕਰਨ ਦਾ ਰੱਖਿਆ ਨੀਂਹ ਪੱਥਰ
ਬਰਨਾਲਾ, 21 ਜਨਵਰੀ
ਜਲ ਸਰੋਤ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਜ਼ਿਲ੍ਹਾ ਬਰਨਾਲਾ ਅੰਦਰ ਕਰੋੜਾਂ ਦੇ ਨਹਿਰੀ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਿੰਜਾਈ ਪ੍ਰਾਜੈਕਟਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵਚਨਬੱਧ ਹੈ ਅਤੇ ਕਿਸਾਨੀ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਮੰਤਰੀ ਮੀਤ ਹੇਅਰ ਨੇ ਪਿੰਡ ਕੋਠੇ ਰਾਜਿੰਦਰ ਪੁਰਾ ਵਿਖੇ ਜ਼ਮੀਨਦੋਜ ਪਾਈਪਲਾਈਨ ਵਿਛਾਉਣ ਦੇ ਕੰਮ ਅਤੇ ਖ਼ਾਲ ਪੱਕੇ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਲਾਗਤ  ਕਰੀਬ 43 ਲੱਖ ਰੁਪਏ ਹੈ ਅਤੇ ਇਸ ਦੇ ਮੁਕੰਮਲ ਹੋਣ ਨਾਲ 174 ਹੈਕਟੇਅਰ ਰਕਬੇ ਨੂੰ ਖੇਤੀ ਲਈ ਨਹਿਰੀ ਪਾਣੀ ਮਿਲੇਗਾ। ਇਸ 2511 ਮੀਟਰ ਲੰਬੇ ਪਾਈਪਲਾਈਨ ਨੈਟਵਰਕ ਦੀ ਲਾਈਨਿੰਗ ਕਰਨ ਨਾਲ ਟੇਲਾਂ ‘ਤੇ ਪਾਣੀ ਨਾਲ ਇਨ੍ਹਾਂ ਪਿੰਡਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਹੈ।
ਇਸ ਮਗਰੋਂ ਜਲ ਸਰੋਤ ਮੰਤਰੀ ਵੱਲੋਂ ਪਿੰਡ ਉੱਪਲੀ ਨੇੜੇ ਦਾਨਗੜ੍ਹ ਮਾਈਨਰ ਦੇ 85 ਲੱਖ ਦੀ ਲਾਗਤ ਵਾਲੇ ਪ੍ਰਾਜੈਕਟ (7.70 ਕਿਲੋਮੀਟਰ ਲਾਈਨਿੰਗ) ਦਾ ਉਦਘਾਟਨ ਕੀਤਾ ਗਿਆ, ਜਿਸ ਦੀ 20 ਫੀਸਦੀ ਸਮਰੱਥਾ ਵਧਾਉਣ ਦੇ ਨਾਲ ਨਾਲ ਕੰਕਰੀਟ ਲਾਈਨਿੰਗ ਕੀਤੀ ਗਈ ਹੈ। ਇਸ ਮੌਕੇ ਸ੍ਰੀ ਮੀਤ ਹੇਅਰ ਨੇ ਆਖਿਆ ਕਿ ਇਸ ਪ੍ਰਾਜੈਕਟ ਨਾਲ ਪਿੰਡ ਕੱਟੂ, ਦਾਨਗੜ੍ਹ, ਉਪਲੀ ਤੇ ਧਨੌਲਾ ਆਦਿ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਹੋਵੇਗਾ। ਇਸ ਮਾਈਨਰ ਦੀ 7.70 ਤੋਂ 8.43 ਕਿਊਸਕ ਪਾਣੀ ਦੀ ਸਮਰੱਥਾ ਹੈ, ਜੋ ਕਰੀਬ 2800 ਏਕੜ ਰਕਬੇ ਨੂੰ ਸਿੰਜੇਗਾ।
ਉਨ੍ਹਾਂ ਅੱਜ ਪਿੰਡ ਹਰੀਗੜ੍ਹ ਨੇੜੇ ਧਨੌਲਾ-ਬਡਬਰ ਮੁੱਖ ਸੜਕ ’ਤੇ ਜੋਗਾ ਡਿਸਟ੍ਰੀਬਿਊਟਰੀ ਦੇ 26.91 ਕਰੋੜ ਦੇ ਨਵੀਨੀਕਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ, ਜਿਸ ਦੀ 4.75 ਕਿਲੋਮੀਟਰ ਕੰਕਰੀਟ ਲਾਈਨਿੰਗ ਦਾ ਕੰਮ ਮੁਕੰਮਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਡਿਸਟ੍ਰੀਬਿਊਟਰੀ ਦੀ ਸਮਰੱਥਾ 301.32 ਕਿਊਕਿ ਤੋਂ 327.74 ਕਿਊਸਕ ਦੀ ਹੈ, ਜਿਸ ਨਾਲ ਕਰੀਬ 108000 ਏਕੜ ਰਕਬੇ ਨੂੰ ਨਹਿਰੀ ਪਾਣੀ ਮੁਹੱਈਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਡਿਸਟ੍ਰੀਬਿਊਟਰੀ ਨਾਲ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ, ਅਤਰ ਸਿੰਘ ਵਾਲਾ, ਧਨੌਲਾ ਕਲਾਂ , ਭੂਰੇ, ਕੁੱਬੇ, ਅਸਪਾਲ ਕਲਾਂ, ਅਸਪਾਲ ਖੁਰਦ, ਬਦਰਾ, ਭੈਣੀ ਫੱਤਾ ਤੇ ਧੂਰਕੋਟ ਆਦਿ ਪਿੰਡਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿੱਥੇ ਕੰਕਰੀਟ ਲਾਈਨਿੰਗ ਨਾਲ ਸੀਪੇਜ ਘਟਣ ਨਾਲ ਪਿੰਡਾਂ ਨੂੰ ਵੱਧ ਪਾਣੀ ਸਿੰਜਾਈ ਲਈ ਮਿਲੇਗਾ, ਉਥੇ ਇਸ ਡਿਸਟ੍ਰੀਬਿਊਟਰੀ ਦੀ 20 ਫੀਸਦੀ ਸਮਰੱਥਾ ਵੀ ਵਧਾਈ ਗਈ ਹੈ।
ਇਸ ਮਗਰੋਂ ਜਲ ਸਰੋਤ ਮੰਤਰੀ ਸ੍ਰੀ ਮੀਤ ਹੇਅਰ ਵੱਲੋਂ ਪਿੰਡ ਭੂਰੇ ਵਿਖੇ ਨਹਿਰੀ ਮੋਘੇ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ 1104 ਏਕੜ ਰਕਬੇ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਹ ਮੋਗਾ ਭੂਰੇ ਪਿੰਡ ਦੇ ਖੇਤਾਂ ‘ਚ ਸਿੰਜਾਈ ਲਈ ਪਾਣੀ ਪਹੁੰਚਾਉਣ ਦਾ ਕੰਮ ਕਰੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਨਿਯੁਕਤ ਸ੍ਰੀ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਿਯੁਕਤ ਰਾਮ ਤੀਰਥ ਮੰਨਾ, ਪੀਜੀਓ ਸੁਖਪਾਲ ਸਿੰਘ, ਓ. ਐੱਸ. ਡੀ ਹਸਨਪ੍ਰੀਤ, ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button