PunjabTop News

ਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਹਿੰਸਕ ਧਰਨੇ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ : ਹਰਪਾਲ ਚੀਮਾ

ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਕਾਬੂ ਹੇਠ, ਕਿਸੇ ਨੂੰ ਕਾਨੂੰਨ ਹੱਥ 'ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ-ਵਿੱਤ ਮੰਤਰੀ

ਭਗਵੰਤ ਮਾਨ ਸਰਕਾਰ ਪੰਜਾਬ ਨੂੰ ਓਲੰਪਿਕ ਖੇਡਾਂ ਦੇ ਨਕਸ਼ੇ ‘ਤੇ ਲਿਜਾਵੇਗੀ-ਚੀਮਾ

ਵਿੱਤ ਮੰਤਰੀ ਵੱਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਘੋੜਿਆਂ ਦੇ ਕਰਤੱਬ ਸ਼ੋਅ ਦਾ ਉਦਘਾਟਨ

ਪਟਿਆਲਾ, 25 ਫਰਵਰੀ 2023 : ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਲੈਕੇ ਹਿੰਸਕ ਧਰਨੇ ਮੁਜ਼ਾਹਰੇ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਤੇ ਸਰਕਾਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੀ ਹੈ, ਇਸ ਲਈ ਪੁਲਿਸ ਨੇ ਬਹੁਤ ਹੀ ਸੰਜਮ ਨਾਲ ਕੰਮ ਲਿਆ।
ਐਡਵੋਕੇਟ ਚੀਮਾ ਅੱਜ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਘੋੜਿਆਂ ਦੇ ਕਰਤੱਬਾਂ ਦੇ ਸ਼ੋਅ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਗੁਰਲਾਲ ਘਨੌਰ, ਪੀ.ਆਰ.ਟੀ.ਸੀ. ਚੇਅਰਮੈਨ ਰਣਜੋਧ ਸਿੰਘ ਹਡਾਣਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।
ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੀ ਅਮਨ ਕਾਨੂੰਨ ਸਥਿਤੀ ਬਾਰੇ ਵਿਰੋਧੀ ਧਿਰਾਂ ਦਾ ਬਿਆਨ ਬੇਬੁਨਿਆਦ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਕਾਬੂ ਹੇਠ ਹੈ ਅਤੇ ਪੰਜਾਬ ਸਰਕਾਰ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦਾ ਮਾਹੌਲ ਠੀਕ ਹੈ ਤਾਂ ਹੀ ਇਨਵੈਸਟ ਪੰਜਾਬ ਸਮਿਟ ਹੋਇਆ, ਨਿਵੇਸ਼ ਆ ਰਿਹਾ ਹੈ ਕਰਾਫ਼ਟ ਮੇਲੇ ਤੇ ਹੈਰੀਟੇਜ ਮੇਲਿਆਂ ਵਰਗੇ ਵੱਡੇ ਉਤਸਵ ਹੋ ਰਹੇ ਹਨ।
ਵਿੱਤ ਮੰਤਰੀ ਨੇ ਅਜਨਾਲਾ ਘਟਨਾ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਧਰਨੇ ਦੇਣਾ ਕਿਸੇ ਦਾ ਵੀ ਹੱਕ ਹੈ ਪ੍ਰੰਤੂ ਪਾਲਕੀ ਸਾਹਿਬ ਨੂੰ ਅੱਗੇ ਕਰਕੇ ਹਿੰਸਕ ਧਰਨੇ ਇੱਕ ਮਾੜੀ ਪਿਰਤ ਹੈ, ਅਜਿਹੀ ਕਾਰਵਾਈ ਨਾਲ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਥੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ, ਇਸ ਲਈ ਹਰੇਕ ਸਿੱਖ ਨੂੰ ਇਸ ਦੀ ਵਿਰੋਧਤਾ ਕਰਨੀ ਚਾਹੀਦੀ ਹੈ।
ਕੋਟਕਪੂਰਾ ਗੋਲੀਕਾਂਡ ਬਾਬਤ ਪੁੱਛੇ ਸਵਾਲ ਦੇ ਜਵਾਬ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ‘ਤੇ ਬਣੀ ਸਿਟ ਨੇ ਇਮਾਨਦਾਰੀ ਨਾਲ ਚਲਾਨ ਅਦਾਲਤ ‘ਚ ਪੇਸ਼ ਕੀਤਾ ਹੈ ਅਤੇ ਜਿਹੜੇ ਲੋਕਾਂ ਨੇ ਇਸ ਜੁਰਮ ਨੂੰ ਅੰਜਾਮ ਦਿੱਤਾ, ਉਨ੍ਹਾਂ ਨੂੰ ਅਦਾਲਤ ‘ਚ ਸਜਾਵਾਂ ਜਰੂਰ ਮਿਲਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਹੈ ਕਿ ਇਸ ਮਾਮਲੇ ‘ਚ ਬਹੁਤ ਲੰਮੇ ਅਰਸੇ ਬਾਅਦ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਨੂੰ ਇਨਸਾਫ਼ ਮਿਲੇਗਾ।
ਵਿੱਤ ਮੰਤਰੀ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਜਟ ਮਿਥੇ ਸਮੇਂ ‘ਤੇ ਵਿਧਾਨ ਸਭਾ ‘ਚ ਪੇਸ਼ ਕੀਤਾ ਜਾਵੇਗਾ ਤੇ ਰਾਜਪਾਲ ਵੱਲੋਂ ਪ੍ਰਵਾਨਗੀ ਵੀ ਮਿਲ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮਾਣਯੋਗ ਰਾਜਪਾਲ ਨੂੰ ਆਪਣੇ ਅਹੁਦੇ ਦੀ ਮਾਣ-ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਪੰਜਾਬ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਜਾਂ ਦੂਜੇ ਸੂਬਿਆਂ ਨਾਲ ਸਬੰਧਤ ਮਾਮਲਾ ਹੈ, ਇਸ ਉਪਰ ਵੀ ਪੰਜਾਬ ਸਰਕਾਰ ਵਿਚਾਰ ਕਰ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਨਵਜੀਤ ਸੰਧੂ ਦੀ ਦੇਖ-ਰੇਖ ਹੇਠ ਹੋਏ ਘੋੜਿਆਂ ਦੇ ਕਰਤੱਬਾਂ ਦੇ ਸ਼ੋਅ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਲੋਕਾਂ ਨੂੰ ਆਪਣੀ ਵਿਰਾਸਤ ਤੇ ਨੌਜਵਾਨਾਂ ਨੂੰ ਘੋੜਸਵਾਰ ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ, ਵਿਰਾਸਤ ਤੇ ਖੂਨ ਵਿੱਚ ਮਿਲੀਆਂ ਹਨ, ਜਿਸ ਕਾਰਨ ਪੰਜਾਬ ਦੇ ਨੌਜਵਾਨਾਂ ਵਿੱਚ ਘੋੜਸਵਾਰੀ ਕਰਨ ਦੀ ਪ੍ਰਤਿਭਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਉਲੰਪਿਕ ਖੇਡਾਂ ਦੇ ਨਕਸ਼ੇ ‘ਤੇ ਲਿਜਾਣਾ ਚਾਹੁੰਦੀ ਹੈ ਇਸੇ ਲਈ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਵੱਡੇ ਕਦਮ ਚੁੱਕੇ ਗਏ ਹਨ।
ਘੋੜਿਆਂ ਦੇ ਕਰਤੱਬਾਂ ਦੌਰਾਨ ਆਰ.ਈ.ਐੱਲ, ਵਾਈ.ਪੀ.ਐੱਸ., ਪੀ.ਪੀ.ਐੱਸ. ਨਾਭਾ, ਪੀ.ਏ.ਪੀ. ਜਲੰਧਰ, ਬੀ.ਈ.ਆਰ.ਸੀ., ਚੰਡੀ ਮੰਦਿਰ ਅਤੇ ਫ਼ੌਜ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਲਗਭਗ 80 ਘੋੜਸਵਾਰਾਂ ਨੇ ਸ਼ੋਅ ਜੰਪਿੰਗ, ਜਿਮਖਾਨਾ ਇਵੈਂਟ, ਟੈਂਟ ਪੈਗਿੰਗ ਆਦਿ ਵਿੱਚ ਆਪਣੇ ਕਰਤੱਬ ਦਿਖਾਏ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਗੁਰਲਾਲ ਘਨੌਰ, ਪੀ.ਆਰ.ਟੀ.ਸੀ. ਚੇਅਰਮੈਨ ਰਣਜੋਧ ਸਿੰਘ ਹਡਾਣਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਚੇਅਰਮੈਨ ਇੰਪਰੂਵਮੈਂਟ ਟਰਸਟ ਮੇਘ ਚੰਦ ਸ਼ੇਰਮਾਜਰਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਰਨੈਲ ਸਿੰਘ ਮੰਨੂ, ਇੰਦਰਜੀਤ ਸਿੰਘ ਸੰਧੂ, ਪ੍ਰੀਤੀ ਮਲਹੋਤਰਾ, ਜਗਦੀਪ ਸਿੰਘ ਜੱਗਾ, ਤੇਜਿੰਦਰ ਮਹਿਤਾ, ਵੀਰਪਾਲ ਕੌਰ ਚਹਿਲ, ਅਮਰੀਕ ਸਿੰਘ ਬੰਗੜ, ਪ੍ਰਿੰਸੀਪਲ ਜੇ.ਪੀ. ਸਿੰਘ, ਬਲਵਿੰਦਰ ਸਿੰਘ ਝਾੜਵਾਂ, ਚੇਅਰਮੈਨ ਸੁਰਿੰਦਰਪਾਲ ਸ਼ਰਮਾ, ਸਵਿੰਦਰ ਧਨੰਜੇ, ਅਮਰੀਕ ਸਿੰਘ ਰਾਮਗੜ੍ਹ ਸਮੇਤ ਵੱਡੀ ਗਿਣਤੀ ਵਿਦਿਆਰਥੀ ਤੇ ਖੇਡ ਪ੍ਰੇਮੀਆਂ ਸਮੇਤ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ ਹੋਰ ਪਤਵੰਤੇ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button