
ਅਧਿਆਪਕਾਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਤੇ ਐਤਵਾਰ ਵਾਲੇ ਦਿਨ ਐੱਸ ਆਈ ਆਰ, ਜਨ ਗਣਨਾ, ਡਰੱਗ ਸਰਵੇ ਅਤੇ ਹੋਰ ਕੀਤੇ ਗਏ ਕੰਮਾਂ ਬਦਲੇ ਇਵਜੀ (ਕਮਾਈ) ਛੁੱਟੀਆਂ ਉਨ੍ਹਾਂ ਦੇ ਸਰਵਿਸ ਰਿਕਾਰਡ ਵਿੱਚ ਤੁਰੰਤ ਜਮ੍ਹਾਂ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਰੇਸ਼ਮ ਸਿੰਘ ਖੇਮੂਆਣਾ ਦੱਸਿਆ ਕਿ “ਸੂਬਾ ਸਰਕਾਰ ਵੱਲੋਂ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲਏ ਜਾ ਰਹੇ ਹਨ ਭਾਵੇਂ ਉਹ ਵੋਟਾਂ ਬਣਾਉਣ ਭਾਵੇਂ ਉਹ ਵੋਟਾਂ ਕੱਟਣ ਦਾ ਕੰਮ ਹੋਵੇ ਅਤੇ ਹੁਣ ਨਸ਼ੇ ਨਾਲ ਸਬੰਧਿਤ ਸਰਵੇ ਵੀ ਕਰਵਾਇਆ ਜਾ ਰਿਹਾ ਹੈ। ਇੰਨਾਂ ਸਰਵਿਆਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਵੀ ਕੰਮ ਲਿਆ ਜਾ ਰਿਹਾ ਹੈ। ਛੁੱਟੀ ਵਾਲੇ ਦਿਨ ਅਧਿਆਪਕਾਂ ਤੋਂ ਕੰਮ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਅਤੇ ਇਵਜੀ ਛੁੱਟੀ ਨੂੰ ਉਸਦੇ ਸਰਵਿਸ ਰਿਕਾਰਡ ਵਿੱਚ ਜਮ੍ਹਾਂ ਨਹੀਂ ਕੀਤਾ ਜਾ ਰਿਹਾ। ਪਰਸੋਨਲ ਵਿਭਾਗ ਦੇ ਜਾਰੀ ਕੀਤੇ ਪੱਤਰ ਅਨੁਸਾਰ ਜੇ ਕੋਈ ਕਰਮਚਾਰੀ ਛੁੱਟੀਆਂ ਜਾਂ ਐਤਵਾਰ ਵਾਲੇ ਦਿਨ ਕੋਈ ਕੰਮ ਕਰਦਾ ਹੈ ਤਾਂ ਉਸ ਬਦਲੇ ਉਸਨੂੰ ਇਵਜੀ (ਕਮਾਈ) ਛੁੱਟੀ ਮਿਲਣੀ ਹੁੰਦੀ ਹੈ ਜੋ ਕਿ ਉਸਦੇ ਸਰਵਿਸ ਰਿਕਾਰਡ ਵਿੱਚ ਜਮ੍ਹਾਂ ਹੋ ਜਾਂਦੀ ਹੈ।””ਹਜ਼ਾਰਾਂ ਅਧਿਆਪਕ ਨੇ 15 ਮਈ ਤੋਂ 13 ਜੂਨ ਤੱਕ ਜਨ ਗਣਨਾ ਕੀਤੀ, ਅਤੇ 15 ਜੂਨ ਤੋਂ 24 ਜੁਲਾਈ ਤੱਕ ਬੀ ਐਲ ਓ ਅਧਿਆਪਕ ਐੱਸ ਆਈ ਆਰ ਦੀਆਂ ਟੀਮਾਂ ਅਤੇ ਐੱਸ ਆਈ ਆਰ ਦੇ ਕੰਮ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਹਜ਼ਾਰਾਂ ਅਧਿਆਪਕ ਪੰਜਾਬ ਸਰਕਾਰ ਦਾ ਡਰੱਗ ਸਰਵੇ ਕਰ ਰਹੇ ਹਨ। ਉਨ੍ਹਾਂ ਨੂੰ ਛੁੱਟੀਆਂ ਵਿੱਚ ਕੰਮ ਕਰਨ ਬਦਲੇ ਇਵਜੀ (ਕਮਾਈ) ਛੁੱਟੀਆਂ ਨੂੰ ਤੁਰੰਤ ਉਨ੍ਹਾਂ ਦੇ ਸਰਵਿਸ ਰਿਕਾਰਡ ਵਿੱਚ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।”- ਰੇਸ਼ਮ ਸਿੰਘ ਖੇਮੂਆਣਾ,ਨੁਮਾਇੰਦਾ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ
ਈਟੀਟੀ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਦਾ ਕਹਿਣਾ ਹੈ ਕਿ “ਅਧਿਆਪਕ ਵਰਗ ਨੂੰ ਟ੍ਰੇਨਿੰਗ ਬੱਚਿਆਂ ਨੂੰ ਪੜ੍ਹਾਉਣ ਦੀ ਦਿੱਤੀ ਜਾਂਦੀ ਹੈ ਪਰ ਸਮੇਂ-ਸਮੇਂ ਦੀਆਂ ਸੂਬਾ ਸਰਕਾਰਾਂ ਨੇ ਅਧਿਆਪਕਾਂ ਨੂੰ ਗੈਰ-ਵਿਦਿਅਕ ਕੰਮਾਂ ਵਿੱਚ ਉਲਝਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉੱਥੇ ਹੀ ਅਧਿਆਪਕ ਵਰਗ ਮਾਨਸਿਕ ਤੌਰ ’ਤੇ ਵੀ ਬਿਮਾਰ ਹੁੰਦਾ ਜਾ ਰਿਹਾ ਹੈ ਕਿਉਂਕਿ ਅਧਿਆਪਕ ਸਕੂਲ ਵਿੱਚ ਜਾਣ ਦੀ ਬਜਾਏ ਘਰ-ਘਰ ਜਾ ਕੇ ਸਰਵੇ ਕਰ ਰਹੇ ਹਨ ਜਿਸ ਕਾਰਨ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਲਗਾਤਾਰ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਹੁਣ ਸਰਕਾਰ ਵੱਲੋਂ ਛੁੱਟੀ ਵਾਲੇ ਦਿਨ ਵੀ ਅਧਿਆਪਕਾਂ ਨੂੰ ਫ਼ਾਲਤੂ ਦੇ ਕੰਮਾਂ ਵਿੱਚ ਉਲਝਾਇਆ ਜਾ ਰਿਹਾ ਹੈ, ਜਿਸ ਕਰਕੇ ਉਨ੍ਹਾਂ ਦੇ ਆਪਣੇ ਘਰੇਲੂ ਕੰਮਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।”
ਉਨ੍ਹਾਂ ਕਿਹਾ ਕਿ “ਅਧਿਆਪਕਾਂ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਇੱਕ ਮਹੀਨੇ ਵਿੱਚ ਛੁੱਟੀ ਮਿਲਦੀ ਹੈ ਪਰ ਉਸ ਦਿਨ ਵੀ ਗੈਰ ਵਿਦਿਅਕ ਕੰਮ ਲਏ ਜਾ ਰਹੇ ਹਨ। ਸਰਕਾਰ ਵੱਲੋਂ 11 ਤੋਂ 12 ਜੁਲਾਈ ਦੀਆਂ ਛੁੱਟੀਆਂ ਵਾਲੇ ਦਿਨ ਅਧਿਆਪਕਾਂ ਨੂੰ ਸਕੂਲ ਬੁਲਾਉਣ ਦੇ ਫ਼ੈਸਲਾ ਤਰਕਹੀਣ ਹੈ। ਹੁਣ ਬੀਐਲਓਜ ਦੇ ਨਾਲ ਇੱਕ-ਇੱਕ ਵਾਧੂ ਅਧਿਆਪਕ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਨਾਲ ਕਈ ਸਕੂਲਾਂ ਵਿੱਚ ਮਾਤਰ ਇੱਕ ਜਾਂ ਦੋ ਅਧਿਆਪਕ ਹੀ ਬੱਚਿਆਂ ਨੂੰ ਪੜ੍ਹਾਉਣ ਲਈ ਰਹਿ ਗਏ ਹਨ ਜਿਸ ਦਾ ਅਸਰ ਬੱਚਿਆਂ ਦੀ ਪੜ੍ਹਾਈ ਉੱਤੇ ਦੇਖਣ ਨੂੰ ਮਿਲ ਰਿਹਾ ਹੈ।”
ਅਧਿਆਪਕ ਯੂਨੀਅਨ ਦੇ ਆਗੂ ਨੇ ਦੱਸਿਆ ਕਿ “ਹੁਣ ਜਦੋਂ ਅਧਿਆਪਕ ਆਪਣੀ ਛੁੱਟੀ ਦਾ ਸਮਾਂ ਵੀ ਵਾਧੂ ਕੰਮਾਂ ’ਤੇ ਲਗਾ ਰਹੇ ਹਨ ਤਾਂ ਉਨ੍ਹਾਂ ਦਾ ਹੱਕ ਬਣਦਾ ਹੈ ਕਿ ਛੁੱਟੀ ਵਾਲੇ ਦਿਨ ਦੀ ਇਵਜੀ ਛੁੱਟੀ ਸਰਵਿਸ ਰਿਕਾਰਡ ਵਿੱਚ ਜਮ੍ਹਾ ਕਰਵਾਈ ਜਾਵੇ ਪਰ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀ ਇਸ ਮੰਗ ਨੂੰ ਲਗਾਤਾਰ ਠੁਕਰਾਇਆ ਜਾ ਰਿਹਾ ਹੈ ਜਿਸ ਕਾਰਨ ਉਹ ਸੰਘਰਸ਼ ਦੇ ਰਾਹ ਪਏ ਹੋਏ ਹਨ। ਆਉਂਦੇ ਦਿਨਾਂ ਵਿੱਚ ਇਸ ਮੰਗ ਦੀ ਪੂਰਤੀ ਲਈ ਉਹ ਸੜਕਾਂ ਉੱਤੇ ਉਤਰਨਗੇ।”
ਅਧਿਆਪਕ ਵਰਗ ਵੱਲੋਂ ਕੀਤੀ ਜਾ ਰਹੀ ਮੰਗ ਸਬੰਧੀ ਜਦੋਂ ਡੀਓ ਮਨਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ “ਅਧਿਆਪਕਾਂ ਵੱਲੋਂ ਇਸ ਸਬੰਧੀ ਸਾਡੇ ਅੱਗੇ ਕੋਈ ਮੰਗ ਨਹੀਂ ਰੱਖੀ, ਫਿਰ ਵੀ ਅਧਿਆਪਕ ਵਰਗ ਇਸ ਦੀ ਮੰਗ ਕਰ ਰਹੇ ਹਨ ਤਾਂ ਸਰਵਿਸ ਰੂਲ ਦੇ ਅਕੋਰਡਿੰਗ ਅਧਿਆਪਕਾਂ ਦੀ ਇਸ ਮੰਗ ਨੂੰ ਵਿਚਾਰਿਆ ਜਾਵੇਗਾ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




