PunjabTop News

ਗੁਰਦਾਸਪੁਰ ਦੇ ਮਕੋੜਾ ਪੱਤਣ ‘ਤੇ ਵੱਡਾ ਹਾਦਸਾ ਟਲਿਆ, ਰਾਵੀ ਦਰਿਆ ਪਾਰ ਕਰ ਰਹੀ ਕਿਸ਼ਤੀ ‘ਚ ਭਰਿਆ ਪਾਣੀ

ਗੁਰਦਾਸਪੁਰ ਦੇ ਮਕੋੜਾ ਪੱਤਣ ‘ਤੇ ਰਾਵੀ ਦਰਿਆ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਯਾਤਰੀਆਂ ਨੂੰ ਦਰਿਆ ਪਾਰ ਕਰਵਾ ਰਹੀ ਇੱਕ ਕਿਸ਼ਤੀ ਵਿੱਚ ਅਚਾਨਕ ਪਾਣੀ ਭਰ ਗਿਆ, ਜਿਸ ਕਾਰਨ ਕਿਸ਼ਤੀ ਵਿੱਚ ਸਵਾਰ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਗਨੀਮਤ ਰਹੀ ਕਿ ਸਮੇਂ ਸਿਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ।

ਇਲਾਕੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਕੋੜਾ ਪੱਤਣ ‘ਤੇ ਰਾਵੀ ਦਰਿਆ ਉੱਤੇ ਬਣਿਆ ਅਸਥਾਈ ਪੰਟੂਨ ਪੁਲ (ਪੀਪਿਆਂ ਵਾਲਾ ਪੁਲ) ਉਖੜ ਗਿਆ ਹੈ। ਇਸ ਕਾਰਨ ਦਰਿਆ ਦੇ ਪਾਰ ਵੱਸਦੇ 7 ਪਿੰਡਾਂ ਦਾ ਮੁੱਖ ਰਸਤੇ ਨਾਲ ਸੰਪਰਕ ਟੁੱਟ ਗਿਆ ਹੈ।

ਹੁਣ ਇਨ੍ਹਾਂ ਪਿੰਡਾਂ ਦੇ ਲੋਕਾਂ, ਸਕੂਲੀ ਬੱਚਿਆਂ ਅਤੇ ਮਰੀਜ਼ਾਂ ਲਈ ਦਰਿਆ ਪਾਰ ਕਰਨ ਦਾ ਇੱਕੋ ਇੱਕ ਸਹਾਰਾ ਕਿਸ਼ਤੀ ਹੀ ਰਹਿ ਗਈ ਹੈ।

ਕਿਨਾਰੇ ‘ਤੇ ਪਹੁੰਚਦੇ ਹੀ ਕਿਸ਼ਤੀ ‘ਚ ਭਰਿਆ ਪਾਣੀ, ਮਚੀ ਚੀਖ-ਪੁਕਾਰ

ਚਸ਼ਮਦੀਦਾਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀਆਂ ਨਾਲ ਭਰੀ ਕਿਸ਼ਤੀ ਦਰਿਆ ਪਾਰ ਕਰਕੇ ਕਿਨਾਰੇ ‘ਤੇ ਪਹੁੰਚਣ ਵਾਲੀ ਸੀ। ਅਚਾਨਕ ਕਿਸ਼ਤੀ ਦੇ ਹੇਠਲੇ ਹਿੱਸੇ ਤੋਂ ਪਾਣੀ ਅੰਦਰ ਆਉਣਾ ਸ਼ੁਰੂ ਹੋ ਗਿਆ।

ਕਿਸ਼ਤੀ ਵਿੱਚ ਛੋਟੇ ਬੱਚੇ ਅਤੇ ਔਰਤਾਂ ਵੀ ਸਵਾਰ ਸਨ, ਜਿਸ ਕਾਰਨ ਮੌਕੇ ‘ਤੇ ਚੀਖ-ਪੁਕਾਰ ਮਚ ਗਈ ਅਤੇ ਲੋਕ ਘਬਰਾ ਗਏ। ਆਵਾਜ਼ ਸੁਣ ਕੇ ਕਿਨਾਰੇ ‘ਤੇ ਮੌਜੂਦ ਸਥਾਨਕ ਲੋਕਾਂ ਅਤੇ ਹੋਰ ਕਿਸ਼ਤੀ ਚਾਲਕਾਂ ਨੇ ਤੁਰੰਤ ਮਦਦ ਲਈ ਪਹੁੰਚ ਕੇ ਸਾਰੇ ਯਾਤਰੀਆਂ ਨੂੰ ਇੱਕ-ਇੱਕ ਕਰਕੇ ਸੁਰੱਖਿਅਤ ਬਾਹਰ ਕੱਢ ਲਿਆ।

ਹਾਦਸੇ ਤੋਂ ਬਾਅਦ ਡਰੇ ਹੋਏ ਯਾਤਰੀਆਂ ਨੇ ਮੁੜ ਕਿਸ਼ਤੀ ਵਿੱਚ ਸਵਾਰ ਹੋਣ ਦੀ ਬਜਾਏ ਪੈਦਲ ਹੀ ਦਰਿਆ ਪਾਰ ਕਰਨ ਦਾ ਫੈਸਲਾ ਕੀਤਾ। ਬਜ਼ੁਰਗ ਯਾਤਰੀ ਮੋਹਕਮ ਸਿੰਘ ਅਤੇ ਬਿਕਰਮ ਸਿੰਘ ਸਮੇਤ ਕਈ ਲੋਕਾਂ ਨੇ ਪਾਣੀ ਵਿੱਚੋਂ ਪੈਦਲ ਚੱਲ ਕੇ ਰਾਵੀ ਦਰਿਆ ਪਾਰ ਕੀਤਾ ਅਤੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਏ।

ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤੀ ਮੌਸਮ ਦੌਰਾਨ ਦਰਿਆ ਪਾਰ ਕਰਨ ਲਈ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਜਾਣ। ਲੋਕਾਂ ਨੇ ਕਿਸ਼ਤੀਆਂ ਵਿੱਚ ਲਾਈਫ ਜੈਕਟਾਂ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button