PunjabTop News

ਕ੍ਰਿਪਾਨ ਨਾਲ ਹਮਲਾ ਕਰਨ ਵਾਲੇ ’ਤੇ ਆਰਮਜ਼ ਐਕਟ ਤਹਿਤ ਚੱਲੇਗਾ ਕੇਸ : ਹਾਈਕੋਰਟ

ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਦਾ ਜੋ ਅਧਿਕਾਰ ਮਿਲਿਆ ਹੈ, ਉਸ ਦੀ ਵਰਤੋਂ ਅਪਰਾਧ ਲਈ ਨਹੀਂ ਕੀਤੀ ਜਾ ਸਕਦੀ’
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਤਹਿਤ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਦਾ ਜੋ ਅਧਿਕਾਰ ਮਿਲਿਆ ਹੈ, ਉਸ ਦੀ ਵਰਤੋਂ ਕਿਸੇ ਅਪਰਾਧ ਲਈ ਨਹੀਂ ਕੀਤੀ ਜਾ ਸਕਦੀ । ਅਦਾਲਤ ਨੇ ਸਾਫ਼ ਕਿਹਾ ਕਿ ਜੇਕਰ ਕ੍ਰਿਪਾਨ ਦੀ ਵਰਤੋਂ ਕਿਸੇ ‘ਤੇ ਹਮਲਾ ਕਰਨ ਲਈ ਕੀਤੀ ਜਾਂਦੀ ਹੈ, ਤਾਂ ਦੋਸ਼ੀ ਇਸ ਨੂੰ ਧਾਰਮਿਕ ਅਧਿਕਾਰ ਦੱਸ ਕੇ ਆਰਮਜ਼ ਐਕਟ ਦੀਆਂ ਧਾਰਾਵਾਂ ਤੋਂ ਬਚ ਨਹੀਂ ਸਕਦਾ।
ਇਹ ਮਾਮਲਾ ਕੁਰੂਕਸ਼ੇਤਰ ਨਾਲ ਸਬੰਧਤ ਹੈ, ਜਿੱਥੇ ਇੱਕ ਅਪਰਾਧਿਕ ਮਾਮਲੇ ਦੇ ਦੋਸ਼ੀ ‘ਤੇ ਕ੍ਰਿਪਾਨ ਨਾਲ ਹਮਲਾ ਕਰਨ ਦਾ ਦੋਸ਼ ਸੀ । ਹੇਠਲੀ ਅਦਾਲਤ ਨੇ ਇਹ ਤਰਕ ਦਿੰਦਿਆਂ ਮਾਮਲੇ ‘ਚੋਂ ਆਰਮਜ਼ ਐਕਟ ਦੀਆਂ ਧਾਰਾਵਾਂ ਹਟਾ ਦਿੱਤੀਆਂ ਸਨ ਕਿ ਕ੍ਰਿਪਾਨ ਸਿੱਖ ਧਰਮ ਦਾ ਧਾਰਮਿਕ ਪ੍ਰਤੀਕ ਹੈ । ਇਸ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਹਾਈਕੋਰਟ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਧਾਰਾ 25 ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਅਤੇ ਆਪਣੇ ਧਰਮ ਦਾ ਪਾਲਣ ਕਰਨ ਦਾ ਪੂਰਾ ਸਤਿਕਾਰ ਤੇ ਅਧਿਕਾਰ ਦਿੰਦਾ ਹੈ, ਇਸ ਲਈ ਆਮ ਹਾਲਾਤਾਂ ਵਿੱਚ ਕ੍ਰਿਪਾਨ ‘ਤੇ ਆਰਮਜ਼ ਐਕਟ ਲਾਗੂ ਨਹੀਂ ਹੁੰਦਾ। ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਮਕਸਦ ਕਿਸੇ ਵੀ ਵਿਅਕਤੀ ਨੂੰ ਅਪਰਾਧ ਕਰਨ ਦੀ ਖੁੱਲ੍ਹ ਦੇਣਾ ਨਹੀਂ ਹੈ । ਟ੍ਰਾਇਲ ਕੋਰਟ ਨੇ ਕਾਨੂੰਨ ਦੀ ਗਲਤ ਵਿਆਖਿਆ ਕੀਤੀ ਸੀ, ਜਿਸ ਨੇ ਇਸ ਨੂੰ ਸਿਰਫ਼ ਧਾਰਮਿਕ ਪ੍ਰਤੀਕ ਮੰਨਿਆ ਪਰ ਇਹ ਅਣਦੇਖਾ ਕਰ ਦਿੱਤਾ ਕਿ ਦੋਸ਼ ਕ੍ਰਿਪਾਨ ਨਾਲ ਹਮਲਾ ਕਰਨ ਦਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button