InternationalTop News

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਰਿਲੀਜ਼ ਕੀਤੀ ਡਾ. ਬਲਕਾਰ ਸਿੰਘ ਦੀ ਪੁਸਤਕ ‘ਸਿੱਖ ਪੁਰਖਿਆਂ ਦਾ ਵਿਰਾਸਤੀ ਪ੍ਰਸੰਗ’

ਪੜ੍ਹਨਯੋਗ ਤੇ ਸਾਂਭਣਯੋਗ ਇਹ ਪੁਸਤਕ ਹਰ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ- ਜੈਤੇਗ ਸਿੰਘ ਅਨੰਤ

ਸਰੀ : ਵਰਲਡ ਪੰਜਾਬੀ ਸੈਂਟਰ ਪਟਿਆਲਾ ਦੇ ਡਾਇਰੈਕਟਰ ਅਤੇ ਪੰਜਾਬੀ ਯੂਨੀਵਰਸਿਟੀ, ਧਾਰਮਿਕ ਵਿਭਾਗ ਦੇ ਸਾਬਕਾ ਮੁਖੀ ਡਾ. ਬਲਕਾਰ ਸਿੰਘ ਦੀ ਪੁਸਤਕ ‘ਸਿੱਖ ਪੁਰਖਿਆਂ ਦਾ ਵਿਰਾਸਤੀ ਪ੍ਰਸੰਗ’ ਅੱਜ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਰਿਲੀਜ਼ ਕੀਤੀ ਗਈ।

ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸੈਕਟਰੀ ਸੁਰਿੰਦਰ ਸਿੰਘ ਜੱਬਲ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਡਾ. ਬਲਕਾਰ ਸਿੰਘ ਅਤੇ ਸਭਨਾਂ ਸ਼ਖ਼ਸੀਅਤਾਂ, ਮਹਿਮਾਨਾਂ ਦਾ ਸਵਾਗਤ ਕਰਦਿਆਂ ਰਿਲੀਜ਼ ਕੀਤੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਗੁਰੂ ਸਾਹਿਬਾਨ ਵੱਲੋਂ ਦਰਸਾਈ ਸਿੱਖੀ ਨੂੰ ਕਮਾਉਣ ਵਾਲੇ 20 ਪੁਰਖਿਆਂ ਦੇ ਸਮੁੱਚੇ ਜੀਵਨ ਕਾਰਨਾਮਿਆਂ ਨੂੰ ਕਲਮਬੰਦ ਕੀਤਾ ਗਿਆ ਹੈ। ਇਨ੍ਹਾਂ 20 ਜੀਵਨੀਆਂ ਰਾਹੀਂ ਡਾ. ਬਲਕਾਰ ਸਿੰਘ ਨੇ ਵਿਦੇਸ਼ਾਂ ਵਿਚ ਵਸਣ ਵਾਲੇ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਵੰਗਾਰਾਂ ਨੂੰ ਨਜਿੱਠਣ ਲਈ ਇਨ੍ਹਾਂ ਰੋਲ ਮਾਡਲ ਵਿਰਾਸਤੀ ਪੁਰਖਿਆਂ ਸੰਬੰਧੀ ਦਸਤਾਵੇਜ਼ ਸਿਰਜਿਆ ਹੈ।

ਪ੍ਰਸਿੱਧ ਚਿੰਤਕ ਅਤੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਇਸ ਕਿਤਾਬ ਵਿਚ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਦੀਆਂ 20 ਸ਼ਖ਼ਸੀਅਤਾਂ ਬਾਰੇ ਬਹੁਤ ਹੀ ਅਧਿਐਨ ਅਤੇ ਖੋਜ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਇਸ ਦਾ ਆਰੰਭ ਬਾਬਾ ਬੁੱਢਾ ਜੀ ਤੇ ਮਨੀ ਸਿੰਘ ਤੋਂ ਕੀਤਾ ਹੈ ਅਤੇ ਅੰਤ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਜਾਣਕਾਰੀ ਉਪਲਬਧ ਹੈ। ਇਸ ਵਿਚ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਭਾਈ ਰਣਧੀਰ ਸਿੰਘ, ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਭਾਈ ਕਾਨ੍ਹ ਸਿੰਘ, ਨੰਦ ਲਾਲ ਗੋਆ, ਭਾਈ ਘਨੱਈਆ ਜੀ, ਭਾਈ ਗੁਰਦਾਸ ਦੀ ਚੋਣ ਕੀਤੀ ਗਈ ਹੈ। ਇਹ ਕਿਤਾਬ ਪੜ੍ਹਨਯੋਗ ਤੇ ਸਾਂਭਣਯੋਗ ਹੈ ਅਤੇ ਪੰਜਾਬੀ ਭਾਈਚਾਰੇ ਦੇ ਹਰ ਘਰ ਵਿਚ ਇਹ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈ।

ਡਾ. ਮਨਰੀਤ ਕੌਰ ਨੇ ਕਿਹਾ ਕਿ ਡਾ. ਬਲਕਾਰ ਸਿੰਘ ਸਿੱਖ ਦਰਸ਼ਨ ਦੀ ਨਿਵੇਕਲੀ ਪਛਾਣ ਨੂੰ ਸਥਾਪਿਤ ਕਰਨ ਲਈ ਪੂਰਨ ਨਿਸ਼ਠਾ ਅਤੇ ਸਿਦਕਦਿਲੀ ਨਾਲ ਕੰਮ ਕਰ ਰਹੇ ਹਨ। ਇਸ ਪੁਸਤਕ ਵਿਚ ਗੁਰੂ ਕਾਲ, ਸੰਘਰਸ਼ ਕਾਲ ਅਤੇ ਆਧੁਨਿਕ ਕਾਲ ਦੇ ਸਿੱਖ ਪੁਰਖਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਗੁਰੂ ਕਾਲ ਵਿਚ ਬਾਬਾ ਬੁੱਢਾ ਜੀ, ਭਾਈ ਮਨੀ ਸਿੰਘ, ਭਾਈ ਗੁਰਦਾਸ, ਭਾਈ ਘਨੱਈਆ, ਭਾਈ ਮੋਤੀ ਰਾਮ ਮਹਿਰਾ, ਭਾਈ ਨੰਦ ਲਾਲ, ਮਾਤਾ ਸਾਹਿਬ ਕੌਰ, ਸੰਘਰਸ਼ ਕਾਲ ਵਿਚ ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਅਕਾਲੀ ਫੂਲਾ ਸਿੰਘ ਅਤੇ ਆਧੁਨਿਕ ਕਾਲ ਵਿਚ ਭਾਈ ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਰਣਧੀਰ ਸਿੰਘ, ਪ੍ਰੋ. ਸਾਹਿਬ ਸਿੰਘ, ਬਾਬਾ ਨਿਧਾਨ ਸਿੰਘ (ਹਜ਼ੂਰ ਸਾਹਿਬ ਵਾਲੇ) ਅਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੂੰ ਲਿਆ ਗਿਆ ਹੈ। ਉਨ੍ਹਾਂ ਇਸ ਪੁਸਤਕ ਦੇ ਲੋਕ ਅਰਪਣ ਨੂੰ ਇਕ ਨਿੱਗਰ ਕਦਮ ਦਸਦਿਆਂ ਕਿਹਾ ਕਿ ਲੋੜ ਇਹ ਸਮਝਣ ਦੀ ਹੈ ਕਿ ਸਿੱਖ ਕੌਮ ਆਪਣੀ ਵਿਰਾਸਤ ਨੂੰ ਕਿਵੇਂ ਸੰਭਾਲ ਕੇ ਲੋੜਵੰਦਾਂ ਤੱਕ ਲੈ ਕੇ ਜਾਵੇ।

ਅੰਤ ਵਿਚ ਗੁਰਦੁਆਰਾ ਬਰੁੱਕਸਾਈਡ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਨੇ ਡਾ. ਬਲਕਾਰ ਸਿੰਘ ਅਤੇ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਪੁਸਤਕ ਰਿਲੀਜ਼ ਕਰਨ ਦੀ ਰਸਮ ਵਿਚ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸਮੂਹ ਡਾਇਰੈਕਟਰਾਂ ਤੋਂ ਇਲਾਵਾ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਾਨੀ ਪ੍ਰਧਾਨ ਗਿਆਨ ਸਿੰਘ ਸੰਧੂ, ਜੈਤੇਗ ਸਿੰਘ ਅਨੰਤ, ਮੋਤਾ ਸਿੰਘ ਝੀਤਾ, ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਰਛਪਾਲ ਸਿੰਘ ਗਿੱਲ, ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰਧਾਨ ਧਰਮ ਸਿੰਘ ਪਨੇਸਰ, ਸੁਰਿੰਦਰ ਸਿੰਘ ਜੱਬਲ, ਡਾ. ਬਲਕਾਰ ਸਿੰਘ, ਡਾ. ਮਨਰੀਤ ਕੌਰ, ਮਨਜੀਤ ਸਿੰਘ ਵਾਹਰਾ, ਬਲਿੰਦਰ ਸਿੰਘ, ਸੁਰਿੰਦਰ ਸਿੰਘ ਗਹੀਰ, ਸੁਰਿੰਦਰ ਸਿੰਘ ਸੀਹਰਾ, ਬਲਬੀਰ ਸਿੰਘ ਨੰਨੜਾ, ਗਿਆਨੀ ਸਤਵਿੰਦਰ ਪਾਲ ਸਿੰਘ, ਇੰਦਰਜੀਤ ਸਿੰਘ ਪਨੇਸਰ ਸ਼ਾਮਲ ਹੋਏ। ਇਸ ਮੌਕੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਡਾ. ਬਲਕਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਧਰਮ ਪਤਨੀ ਕਰਮਜੀਤ ਕੌਰ ਦਾ ਸਨਮਾਨ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿਚ ਡਾ. ਮਨਰੀਤ ਕੌਰ ਨੇ ਹਾਸਲ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button