InternationalTop News

ਕੈਨੇਡਾ ਵੱਲੋਂ ਕੱਚੇ ਵਿਦੇਸ਼ੀਆਂ ਦੇ ਦੇਸ਼ ਨਿਕਾਲੇ ‘ਚ ਲਿਆਂਦੀ ਜਾ ਰਹੀ ਹੈ ਤੇਜ਼ੀ

ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਸਖ਼ਤ ਕਰਨ ਦੇ ਨਾਲ-ਨਾਲ ਕੱਚੇ ਵਿਦੇਸ਼ੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ (ਦੇਸ਼ ਨਿਕਾਲਾ) ਵਿਚ ਹਰ ਸਾਲ ਤੇਜ਼ੀ ਲਿਆਂਦੀ ਜਾ ਰਹੀ ਹੈ, ਜਿਸ ਦਾ ਦਰਦ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤੀਆਂ ਨੂੰ ਵੱਧ ਸਹਿਣਾ ਪੈ ਰਿਹਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਦੇ ਅੰਕੜਿਆਂ ‘ਤੇ ਝਾਤ ਮਾਰੀਏ, ਤਾਂ 2021 ਤੋਂ ਬਾਅਦ ਹਰੇਕ ਸਾਲ ਦੇਸ਼ ਨਿਕਾਲੇ ਵਿਚ ਤੇਜ਼ੀ ਆਈ ਹੈ। ਇਹ ਸਖ਼ਤੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ‘ਚ ਸ਼ੁਰੂ ਹੋਈ ਸੀ।
ਅੰਕੜੇ ਦੱਸਦੇ ਹਨ ਕਿ ਸੀ.ਬੀ.ਐੱਸ.ਏ. ਦੀ ਕਾਰਵਾਈ ਤਹਿਤ ਕੱਚੇ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਪਿੱਤਰੀ ਦੇਸ਼ ਭੇਜਣ ਦੀ ਗਿਣਤੀ ਇਸ ਤਰ੍ਹਾਂ ਹੈ:
2020 ‘ਚ 12,858,
2021 ‘ਚ 7,523,
2022 ‘ਚ 8,335
2023 ‘ਚ 15,231
2024 ‘ਚ 17,397 ਅਤੇ
2025 ‘ਚ 23,160
ਚਾਲੂ ਸਾਲ ਦੀ ਪਹਿਲੀ ਤਿਮਾਹੀ ਵਿਚ 5,260 ਦੇ ਅੰਕੜੇ ਨਾਲ ਚਾਲ ਕੁਝ ਸੁਸਤ ਰਹੀ, ਪਰ ਦੂਜੀ ਤਿਮਾਹੀ ਦੌਰਾਨ 9,532 ਲੋਕਾਂ ਦਾ ਦੇਸ਼ ਨਿਕਾਲਾ ਅੱਗੇ ਹੋਰ ਵੀ ਜ਼ਿਆਦਾ ਤੇਜ਼ੀ ਦੇ ਸੰਕੇਤ ਨਾਲ 2026 ਦੇ ਨਵੇਂ ਰਿਕਾਰਡ ਵੱਲ ਇਸ਼ਾਰਾ ਕਰਦਾ ਹੈ।
ਕੁਝ ਹਫ਼ਤੇ ਪਹਿਲਾਂ ਡਿਪੋਰਟੇਸ਼ਨ ਵਿਚ ਤੇਜ਼ੀ ਦੇ ਸੰਕੇਤ ਵਰਕ ਪਰਮਿਟ ਨਵਿਆਉਣ ਦੀ ਨਾਂਹ ਤੋਂ ਲੱਗਣੇ ਸ਼ੁਰੂ ਹੋਏ ਹਨ। ਪਤਾ ਲੱਗਾ ਹੈ ਕਿ ਜੁਲਾਈ ਵਿਚ 76,327 ਵਰਕ ਪਰਮਿਟ ਨਵਿਆਏ ਜਾਣੇ ਸਨ, ਪਰ ਇਮੀਗ੍ਰੇਸ਼ਨ ਵਿਭਾਗ ਨੇ ਪ੍ਰਾਰਥੀਆਂ ਨੂੰ ਮਿਆਦ ਵਾਧੇ ਤੋਂ ਕੋਰੀ ਨਾਂਹ ਕਰ ਦਿੱਤੀ, ਜਿਸ ਕਰਕੇ ਉਹ ਦੇਸ਼ ਦੇ ਕੁਝ ਪ੍ਰਮੁੱਖ ਸ਼ਹਿਰਾਂ ਵਿਚ ਧਰਨਿਆਂ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸ਼ਰਨਾਰਥੀ ਅਰਜ਼ੀਆਂ, ਜਿਨ੍ਹਾਂ ਦੀ ਸਫ਼ਲਤਾ ਦਰ ਦੋ ਕੁ ਸਾਲ ਪਹਿਲਾਂ 87 ਫ਼ੀਸਦੀ ਸੀ, ਸਖ਼ਤ ਸ਼ਰਤਾਂ ਕਰਕੇ 2025 ਵਿਚ ਸਿਰਫ਼ 17 ਫ਼ੀਸਦ ਰਹਿ ਗਈ ਸੀ। ਇਸ ਸਾਲ ਇਹ ਦਰ ਹੋਰ ਘਟਣ ਦੇ ਸੰਕੇਤ ਮਿਲਣ ਲੱਗੇ ਹਨ।
ਇਮੀਗ੍ਰੇਸ਼ਨ ਵਿਭਾਗ ਵੱਲੋਂ ਕਰਵਾਏ ਗੁਪਤ ਸਰਵੇਖਣਾਂ ਵਿਚ ਠੋਸ ਸਬੂਤ ਮਿਲੇ ਹਨ ਕਿ ਪੱਕੇ ਹੋਣ ਦੇ ਹੋਰ ਰਾਹ ਬੰਦ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਕੱਚੇ ਲੋਕਾਂ ਨੂੰ ਸ਼ਰਨਾਰਥੀ ਪ੍ਰਾਰਥੀ ਬਣਾ ਕੇ ਕਿਸਮਤ ਅਜ਼ਮਾਉਣ ਵਾਲੀ ਆਖ਼ਰੀ ਕਾਨੂੰਨੀ ਚੋਰ-ਮੋਰੀ ਦੇ ਰਸਤੇ ਪਾ ਕੇ ਆਪਣੀ ਦੁਕਾਨਦਾਰੀ ਚਲਾਈ ਜਾਂਦੀ ਹੈ।
ਵਰਕ ਪਰਮਿਟ ਨਵਿਆਉਣ ਤੋਂ ਹੋਈ ਨਾਂਹ ਵਾਲਿਆਂ, ਜਿਨ੍ਹਾਂ ਵਿਚ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ ਦੀ ਹੈ, ਦਾ ਸੰਘਰਸ਼ ਕੀ ਰੰਗ ਲਿਆਉਂਦਾ ਹੈ, ਇਸ ਬਾਰੇ ਤਾਂ ਅਜੇ ਕੁਝ ਮੰਨਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ। ਪਰ ਵਿਭਾਗੀ ਸੂਤਰਾਂ ਮੁਤਾਬਕ ਇਨ੍ਹਾਂ ਵਿਚੋਂ ਬਹੁਤਿਆਂ ਦੇ ਦੇਸ਼ ਨਿਕਾਲੇ ਵਾਲੇ ਵਾਰੰਟ ਇਸੇ ਮਹੀਨੇ ਜਾਰੀ ਹੋਣ ਜਾ ਰਹੇ ਹਨ। ਇੱਕ ਵਾਰ ਦੇਸ਼ ਨਿਕਾਲਾ (ਡਿਪੋਰਟੇਸ਼ਨ) ਵਾਰੰਟ ਜਾਰੀ ਹੋਣ ਤੋਂ ਬਾਅਦ ਦਲੀਲ-ਅਪੀਲ ਦੇ ਕਾਨੂੰਨੀ ਰਸਤੇ ਬੰਦ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿਚ ਇਸ ਸਾਲ ਦਾ ਦੇਸ਼ ਨਿਕਾਲੇ ਵਾਲਾ ਅੰਕੜਾ ਬਹੁਤ ਉੱਪਰ ਜਾ ਸਕਦਾ ਹੈ। ਡਿਪੋਰਟੇਸ਼ਨ ਵਾਰੰਟ ਵਾਲਾ ਵਿਅਕਤੀ ਜੇਕਰ ਖ਼ੁਦ ਟਿਕਟ ਲੈ ਕੇ ਵਾਪਸ ਆਪਣੇ ਦੇਸ਼ ਮੁੜ ਜਾਂਦਾ ਹੈ, ਤਾਂ ਉਹ 5 ਸਾਲ ਬਾਅਦ ਫਿਰ ਕੈਨੇਡਾ ਵੀਜ਼ੇ ਦਾ ਪ੍ਰਾਰਥੀ ਬਣ ਸਕਦਾ ਹੈ। ਵਿਭਾਗ ਵੱਲੋਂ ਖ਼ੁਦ ਜਹਾਜ਼ੇ ਚਾੜ੍ਹਿਆ ਵਿਅਕਤੀ ਕੈਨੇਡਾ ਦੇ ਵੀਜ਼ੇ ਲਈ ਪ੍ਰਾਰਥੀ ਹੋਣ ਦਾ ਹੱਕ ਉਮਰ ਭਰ ਲਈ ਗੁਆ ਲੈਂਦਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button