InternationalTop News

ਕੈਨੇਡਾ ’ਚ ਵਾਹਨ ਚੋਰੀ ਦੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼, 4.5 ਮਿਲੀਅਨ ਡਾਲਰ ਦੀਆਂ 96 ਗੱਡੀਆਂ ਬਰਾਮਦ; ਦੋ ਪੰਜਾਬੀ ਨੌਜਵਾਨ ਵੀ ਗ੍ਰਿਫ਼ਤਾਰ

 ਕੈਨੇਡਾ ਦੇ ਬਰੈਂਪਟਨ ’ਚ ਪੀਲ ਰੀਜਨਲ ਪੁਲਿਸ ਨੇ ਚੋਰੀ ਦੀਆਂ ਮਹਿੰਗੀਆਂ ਗੱਡੀਆਂ ਨੂੰ ਵਿਦੇਸ਼ ਭੇਜਣ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਕਾਰਵਾਈ ਦੌਰਾਨ ਕਰੀਬ 45 ਲੱਖ ਕੈਨੇਡੀਅਨ ਡਾਲਰ ਕੀਮਤ ਦੀਆਂ 96 ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ। ਮਾਮਲੇ ਵਿੱਚ 12 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੁੱਲ 231 ਦੋਸ਼ ਲਗਾਏ ਗਏ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਪੰਜਾਬ ਮੂਲ ਦੇ ਦੋ ਨੌਜਵਾਨ ਵੀ ਸ਼ਾਮਲ ਹਨ।
ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗਿਰੋਹ ਚੋਰੀ ਦੀਆਂ ਗੱਡੀਆਂ ਨੂੰ ਸ਼ਿਪਿੰਗ ਕੰਟੇਨਰਾਂ ’ਚ ਲੁਕਾ ਕੇ ਕੈਨੇਡਾ ਦੀਆਂ ਬੰਦਰਗਾਹਾਂ ਦੇ ਰਸਤੇ ਪੱਛਮੀ ਅਫ਼ਰੀਕਾ ਭੇਜਣ ਦੀ ਤਿਆਰੀ ਕਰ ਰਿਹਾ ਸੀ।
ਪੀਲ ਰੀਜਨਲ ਪੁਲਿਸ ਨੇ ਇਸ ਪੂਰੇ ਮੁਹਿੰ ਨੂੰ ‘ਪ੍ਰੋਜੈਕਟ ਕੈਡੇਟਾ’ ਨਾਮ ਦਿੱਤਾ ਸੀ। ਇਸ ਦੀ ਸ਼ੁਰੂਆਤ ਮਾਰਚ 2026 ’ਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਮਿਲ ਕੇ ਕੀਤੀ ਗਈ ਸੀ। ਜਾਂਚ ਦੀ ਸ਼ੁਰੂਆਤ ਬਰੈਂਪਟਨ ਸਥਿਤ ਇੱਕ ਵੇਅਰਹਾਊਸ ਤੋਂ ਹੋਈ, ਜਿਸ ਦੀ ਵਰਤੋਂ ਚੋਰੀ ਦੀਆਂ ਗੱਡੀਆਂ ਨੂੰ ਇਕੱਠਾ ਕਰਨ ਅਤੇ ਵਿਦੇਸ਼ ਭੇਜਣ ਤੋਂ ਪਹਿਲਾਂ ਟਿਕਾਣੇ ਵਜੋਂ ਕੀਤੀ ਜਾ ਰਹੀ ਸੀ। ਜਾਂਚ ਅੱਗੇ ਵਧਣ ‘ਤੇ ਪੁਲਿਸ ਨੂੰ ਗ੍ਰੇਟਰ ਟੋਰਾਂਟੋ ਏਰੀਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਫੈਲੇ ਵੱਡੇ ਨੈੱਟਵਰਕ ਦਾ ਪਤਾ ਲੱਗਾ।
ਪੁਲਿਸ ਮੁਤਾਬਕ, ਗਿਰੋਹ ਦੇ ਪੰਜ ਮੁੱਖ ਮੈਂਬਰ ਚੋਰੀ ਦੀਆਂ ਗੱਡੀਆਂ ਦਾ ਪ੍ਰਬੰਧ, ਉਨ੍ਹਾਂ ਦੀ ਆਵਾਜਾਈ ਅਤੇ ਵਿਦੇਸ਼ਾਂ ਵਿੱਚ ਬਰਾਮਦ (ਐਕਸਪੋਰਟ) ਦਾ ਕੰਮ ਸੰਭਾਲ ਰਹੇ ਸਨ। ਚੋਰੀ ਦੀਆਂ ਗੱਡੀਆਂ ਰਿਹਾਇਸ਼ੀ ਇਲਾਕਿਆਂ ਦੇ ਘਰਾਂ ਦੇ ਬਾਹਰ ਖੜ੍ਹੀਆਂ ਡਰਾਈਵਵੇਅ, ਪਾਰਕਿੰਗ ਥਾਵਾਂ ਅਤੇ ਕਾਰ ਡੀਲਰਸ਼ਿਪਾਂ ਤੋਂ ਚੁੱਕੀਆਂ ਜਾਂਦੀਆਂ ਸਨ।
ਇਸ ਤੋਂ ਬਾਅਦ ਉਨ੍ਹਾਂ ਦੇ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ (ਵੀ.ਆਈ.ਐੱਨ.) ’ਚ ਬਦਲਾਅ ਕਰਕੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ‘ਤੇ ਪਹੁੰਚਾਇਆ ਜਾਂਦਾ ਸੀ। ਬਾਅਦ ’ਚ ਇਨ੍ਹਾਂ ਗੱਡੀਆਂ ਨੂੰ ਸ਼ਿਪਿੰਗ ਕੰਟੇਨਰਾਂ ਵਿੱਚ ਲੋਡ ਕਰ ਦਿੱਤਾ ਜਾਂਦਾ ਸੀ।
ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚ ਬਰੈਂਪਟਨ ਨਿਵਾਸੀ 26 ਸਾਲਾ ਕਰਮਵੀਰ ਸਿੰਘ ਅਤੇ ਬਿਨਾਂ ਸਥਾਈ ਪਤੇ ਦੇ ਰਹਿਣ ਵਾਲਾ 25 ਸਾਲਾ ਜਸਪ੍ਰੀਤ ਸਿੰਘ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਟੋਰਾਂਟੋ ਨਿਵਾਸੀ ਓਡੇਵਾਲੇ ਅਬ੍ਰਾਹਮ, ਤੋਸਿਨ ਓਏਬਾਡੇ, ਓਲੂਏਮੀ ਸੋਡਾਡੇ ਅਤੇ ਓਲੂਵਾਸੇਈ ਬਾਮੇਕੇ ਸਮੇਤ ਹੋਰ ਮੁਲਜ਼ਮਾਂ ਦੇ ਨਾਮ ਵੀ ਸਾਹਮਣੇ ਆਏ ਹਨ। ਪੁਲਿਸ ਨੇ ਗਿਰੋਹ ਦੇ ਪੰਜ ਪ੍ਰਮੁੱਖ ਮੈਂਬਰਾਂ ਦੀ ਪਛਾਣ ਕੀਤੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਨੌਂ ਮੁਲਜ਼ਮਾਂ ਨੂੰ ਭਵਿੱਖ ਵਿੱਚ ਅਦਾਲਤ ’ਚ ਪੇਸ਼ ਹੋਣ ਦੀ ਸ਼ਰਤ ‘ਤੇ ਰਿਹਾਅ ਕਰ ਦਿੱਤਾ ਗਿਆ, ਜਦਕਿ ਤਿੰਨ ਨੂੰ ਜ਼ਮਾਨਤ ਸੁਣਵਾਈ ਲਈ ਹਿਰਾਸਤ ’ਚ ਰੱਖਿਆ ਗਿਆ ਸੀ। ਬਾਅਦ ’ਚ ਉਨ੍ਹਾਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਦੋ ਹੋਰ ਸ਼ੱਕੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਨ੍ਹਾਂ ’ਚ 32 ਸਾਲਾ ਸਟੀਵਨ ਗਿਆਮਫੀ ਅਤੇ 16 ਸਾਲਾ ਇੱਕ ਨਾਬਾਲਗ ਸ਼ਾਮਲ ਹੈ।
ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲਿਨੋਵਿਚ ਅਨੁਸਾਰ, ਸੰਗਠਿਤ ਵਾਹਨ ਚੋਰੀ ਸਿਰਫ਼ ਜਾਇਦਾਦ ਨਾਲ ਜੁੜਿਆ ਅਪਰਾਧ ਨਹੀਂ ਹੈ, ਸਗੋਂ ਇਸ ਦੇ ਪਿੱਛੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀਲ ਖੇਤਰ ਵਿੱਚ 2023 ’ਚ ਵਾਹਨ ਚੋਰੀ ਦੀਆਂ ਘਟਨਾਵਾਂ ਸਿਖਰ ‘ਤੇ ਸਨ। ਇਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਨਾਲ ਇਨ੍ਹਾਂ ਵਿੱਚ 50 ਫ਼ੀਸਦੀ ਤੋਂ ਵੱਧ ਦੀ ਕਮੀ ਆਈ ਹੈ। ਸਾਲ 2026 ਵਿੱਚ ਵੀ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ ਕਰੀਬ 10 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ।ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਦੋਸ਼ ਲਗਾਏ ਜਾ ਸਕਦੇ ਹਨ। ਸਾਰੇ ਮੁਲਜ਼ਮਾਂ ਖ਼ਿਲਾਫ਼ ਲਗਾਏ ਗਏ ਦੋਸ਼ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button