ਕੈਨੇਡਾ ‘ਚ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾਵੇ: ਸੰਸਦ ਮੈਂਬਰ ਬਰੈਡ ਵਿਸ

ਕੈਨੇਡਾ ਵਿਚ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੀਆਂ ਗੋਲੀਬਾਰੀ ਦੀਆਂ ਘਟਨਾਵਾਂ, ਫਿਰੌਤੀ ਅਤੇ ਕਤਲਾਂ ਦੇ ਮਾਮਲਿਆਂ ਨੂੰ ਲੈ ਕੇ ਮਾਮਲਾ ਭਖ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬਰੈਡ ਵਿਸ ਨੇ ਦੋਸ਼ ਲਾਇਆ ਹੈ ਕਿ ਬਿਸ਼ਨੋਈ ਗਰੋਹ ਦੇ ਮੈਂਬਰ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਟੂਡੈਂਟ ਵੀਜ਼ਾ ਸਿਸਟਮ ਦੀ ਦੁਰਵਰਤੋਂ ਕਰਨ ਵਾਲੇ ਦੇਸ਼ ਵਿਚ ਹਿੰਸਕ ਅਪਰਾਧਾਂ ਅਤੇ ਫਿਰੌਤੀ ਦੇ ਮਾਮਲਿਆਂ ਵਿਚ ਵਾਧਾ ਕਰ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਟੂਡੈਂਟ ਵੀਜ਼ਾ ‘ਤੇ ਰਹਿ ਰਹੇ ਜਿਹੜੇ ਵੀ ਲੋਕਾਂ ਦਾ ਸਬੰਧ ਬਿਸ਼ਨੋਈ ਗਰੋਹ ਨਾਲ ਹੈ, ਉਨ੍ਹਾਂ ਨੂੰ ਤੁਰੰਤ ਵਾਪਸ ਭੇਜਿਆ ਜਾਣਾ ਚਾਹੀਦਾ ਹੈ।
ਸੰਸਦ ਮੈਂਬਰ ਬਰੈਡ ਵਿਸ (ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ-ਮੈਟਸਕੁਈ-ਐਬਟਸਫੋਰਡ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ) ਨੇ ਕਿਹਾ ਕਿ ਬਿਸ਼ਨੋਈ ਗਰੋਹ ਕਾਫ਼ੀ ਸਮੇਂ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਗਲਤ ਵਰਤੋਂ ਕਰ ਰਿਹਾ ਹੈ, ਮਾਸੂਮ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਫਿਰੌਤੀਆਂ ਮੰਗ ਰਿਹਾ ਹੈ ਅਤੇ ਦੇਸ਼ ਵਿਚ ਸਹਿਮ ਫੈਲਾ ਰਿਹਾ ਹੈ। ਵਿਸ ਨੇ ਦਾਅਵਾ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਦੇ ਦਬਾਅ ਕਾਰਨ ਹੀ ਫੈਡਰਲ ਸਰਕਾਰ ਇਸ ਸਮੂਹ ਨੂੰ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਲਈ ਮਜਬੂਰ ਹੋਈ ਹੈ ਅਤੇ ਹੁਣ ਇਸ ਖ਼ਿਲਾਫ਼ ਹੋਰ ਵੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
ਸੰਸਦ ਮੈਂਬਰ ਨੇ ਲਿਬਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੀ ਕਥਿਤ ਗਰੋਹ ਮੈਂਬਰ ਅਸਥਾਈ ਵੀਜ਼ਿਆਂ ‘ਤੇ ਕੈਨੇਡਾ ਵਿਚ ਮੌਜੂਦ ਹਨ, ਉਨ੍ਹਾਂ ਨੂੰ ਤੁਰੰਤ ਡਿਪੋਰਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੂੰ ਫੈਡਰਲ ਸਰਕਾਰ ਨਾਲ ਮਿਲ ਕੇ ਇਨ੍ਹਾਂ ਅਪਰਾਧੀਆਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੀਦਾ ਹੈ। ਉਨ੍ਹਾਂ ਇਸ ਨੂੰ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਕੈਨੇਡਾ ਦੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜਿਆ ਇੱਕ ਸਾਂਝਾ ਮੁੱਦਾ ਕਰਾਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




