ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਕਤਲ, ਜਾਂਚ ਕਰ ਰਹੀ ਪੁਲਿਸ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ

ਕੈਨੇਡਾ ਦੀ ਧਰਤੀ ਨੇ ਇਕ ਹੋਰ ਪੰਜਾਬੀ ਨੌਜਵਾਨ ਖੋਹ ਲਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦਾ ਕਤਲ ਕਰ ਕੇ ਲਾਸ਼ ਨਾਲੇ ਵਿਚ ਸੁੱਟ ਦਿਤੀ ਗਈ। ਹੈਮਿਲਟਨ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਮ੍ਰਿਤਕ ਪਾਏ ਗਏ ਟਰੱਕ ਡਰਾਈਵਰ ਦੀ ਸ਼ਨਾਖ਼ਤ ਬਰੈਂਪਟਨ ਦੇ 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਕੀਤੀ ਗਈ ਹੈ, ਜੋ 2022 ਵਿਚ ਪੰਜਾਬ ਤੋਂ ਕੈਨੇਡਾ ਪੁੱਜਾ ਅਤੇ ਬਰੈਂਪਟਨ ਮੂਵ ਹੋਣ ਤੋਂ ਪਹਿਲਾਂ ਕੁਝ ਸਮਾਂ ਹੈਲੀਫ਼ੈਕਸ ਵਿਖੇ ਵੀ ਰਿਹਾ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਤਰਨਪ੍ਰੀਤ ਸਿੰਘ ਦਾ ਕਤਲ ਕਿਸੇ ਹੋਰ ਥਾਂ ਕੀਤਾ ਗਿਆ ਅਤੇ ਸਬੂਤਾਂ ‘ਤੇ ਪਰਦਾ ਪਾਉਣ ਲਈ ਕਾਤਲਾਂ ਨੇ ਲਾਸ਼ ਸਟੋਨੀ ਕ੍ਰੀਕ ਦੇ ਇਕ ਨਾਲੇ ਵਿਚ ਸੁੱਟ ਦਿਤੀ। ਪੁਲਿਸ ਨੇ ਅੱਗੇ ਦੱਸਿਆ ਕਿ ਇਕ ਰਾਹਗੀਰ ਨੇ ਲੇਕ ਓਨਟਾਰੀਓ ਵਿਚ ਡਿਗਦੇ ਸੀਵਰੇਜ ਵਾਲੇ ਨਾਲੇ ਵਿਚ ਲਾਸ਼ ਦੇਖੀ ਤਾਂ 911 ’ਤੇ ਇਤਲਾਹ ਦੇ ਦਿੱਤੀ। ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਤਰਨਪ੍ਰੀਤ ਸਿੰਘ ਪਾਣੀ ਵਿਚ ਅੱਧਾ ਡੁੱਬਿਆ ਮਿਲਿਆ ਅਤੇ ਬਾਹਰ ਕੱਢਣ ਮਗਰੋਂ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਮੁੱਢਲੀ ਪੜਤਾਲ ਮਗਰੋਂ ਹੈਮਿਲਟਨ ਪੁਲਿਸ ਨੇ ਤਰਨਪ੍ਰੀਤ ਸਿੱਧੂ ਦੀ ਮੌਤ ਨੂੰ ਕਤਲ ਐਲਾਨ ਦਿੱਤਾ ਹੈ। ਜਾਂਚਕਰਤਾਵਾਂ ਵੱਲੋਂ ਤਰਨਪ੍ਰੀਤ ਦੇ ਕਤਲ ਲਈ ਜ਼ਿੰਮੇਵਾਰ ਕਾਰਨ ਤਲਾਸ਼ ਕੀਤੇ ਜਾ ਰਹੇ ਹਨ ਅਤੇ ਉਸ ਦੇ ਜਾਣਕਾਰਾਂ ਜਾਂ ਪੇਸ਼ੇਵਰ ਸਾਥੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੈਮਿਲਟਨ ਪੁਲਿਸ ਵੱਲੋਂ ਪੀਲ ਰੀਜਨਲ ਪੁਲਿਸ ਦੇ ਅਧਿਕਾਰੀਆਂ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਤਾਂਕਿ ਤਰਨਪ੍ਰੀਤ ਦੀਆਂ ਬਰੈਂਪਟਨ ਵਿਚਲੀਆਂ ਸਰਗਰਮੀਆਂ ਬਾਰੇ ਪਤਾ ਲੱਗ ਸਕੇ। ਸਭ ਤੋਂ ਅਹਿਮ ਜਾਣਕਾਰੀ ਤਰਨਪ੍ਰੀਤ ਦੇ ਅੰਤਮ ਪਲਾਂ ਨਾਲ ਸਬੰਧਤ ਕੋਈ ਸੀ.ਸੀ.ਟੀ.ਵੀ. ਫੁਟੇਜ ਜਾਂ ਡੈਸ਼ਕੈਮ ਵੀਡੀਓ ਹੋ ਸਕਦੀ ਹੈ, ਜਿਸ ਰਾਹੀਂ ਸ਼ੱਕੀਆਂ ਦੀ ਪੈੜ ਨੱਪਣ ਵਿਚ ਮਦਦ ਮਿਲੇਗੀ।
ਸ਼ੁਰੂ ਵਿੱਚ ਪੁਲਿਸ ਨੇ ਕਿਹਾ ਕਿ ਸਿੱਧੂ ਦੀ ਮੌਤ ਨੂੰ ਸ਼ੱਕੀ ਮੰਨਿਆ ਜਾ ਰਿਹਾ ਸੀ। ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਕਿ ਸਿੱਧੂ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੋਣ ਕਾਰਨ ਉਸਦੀ ਮੌਤ ਦਾ ਕਾਰਨ ਜਾਰੀ ਨਹੀਂ ਕੀਤਾ ਜਾਵੇਗਾ। ਹੈਮਿਲਟਨ ਪੁਲਿਸ ਵੱਲੋਂ ਫ਼ਰੂਟਲੈਂਡ ਰੋਡ ਅਤੇ ਇਸ ਦੇ ਨਾਲ ਲਗਦੇ ਇਲਾਕੇ ਵਿਚ ਲੱਗੇ ਸਰਵੇਲੈਂਸ ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ, ਜਿਥੋਂ ਸ਼ੱਕੀਆਂ ਦੀ ਗੱਡੀ ਲੰਘੀ ਹੋਵੇਗੀ। ਪੁਲਿਸ ਨੇ ਤਰਨਪ੍ਰੀਤ ਸਿੱਧੂ ਦੇ ਜਾਣਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਪਿਛਲੇ ਸਮੇਂ ਦੌਰਾਨ ਤਰਨਪ੍ਰੀਤ ਨਾਲ ਹੋਈ ਗੱਲਬਾਤ ਦੇ ਵੇਰਵੇ ਸਾਂਝੇ ਕਰਨ। ਦੂਜੇ ਪਾਸੇ ਆਮ ਲੋਕਾਂ ਨੂੰ ਵੀ ਗੁਜ਼ਾਰਿਸ਼ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ 905 546 2288 ’ਤੇ ਸੰਪਰਕ ਕਰਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




