Breaking NewsD5 specialIndiaNewsPoliticsPunjab

ਕੇਜਰੀਵਾਲ ਨੇ ਕੈਪਟਨ ਨਾਲ ਲਿਆ ਪੁੱਠਾ ਪੰਗਾ!

ਟਵੀਟਰ ‘ਤੇ ਕੇਜਰੀਵਾਲ ਨਾਲ ਕੈਪਟਨ ਦੀ ਚੱਲੀ ਗੁਰੀਲਾ ਸ਼ਬਦੀ ਜੰਗ ਨੇ ਖੋਲ੍ਹ ਦਿੱਤਾ ਰਾਜ਼

ਚੰਡੀਗੜ੍ਹ : ਇਕ ਪਾਸੇ ਜਿਥੇ ਸਿੱਖ ਸੰਗਤ ਨੇ ਬੇਅਦਬੀ ਕਾਂਡ ਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਦੀਆਂ ਘਟਨਾਵਾਂ ਲਈ ਜਿੰਮੇਵਾਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਹਾਹਾਕਾਰ ਮਚਾਈ ਹੋਈ ਹੈ ਤੇ ਅੱਜ ਹਰ ਕੋਈ ਇੱਕੋ ਸਵਾਲ ਪੁੱਛ ਰਿਹਾ ਹੈ ਕਿ ਆਖਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਸਟੀਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਦੋਸ਼ੀ ਠਹਿਰਾਏ ਗਏ ਅਧਿਕਾਰੀਆਂ ਅਤੇ ਸਿਆਸਤਦਾਨਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰ ਰਹੇ ਉਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਸਰਕਾਰ ਨੂੰ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਲਈ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਵਿੱਚ ਫੇਲ੍ਹ ਕਰਾਰ ਦੇਣ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਵੇਂ ਕਿ ਕੈਪਟਨ ਵੱਲੋਂ ਇਸ ਸਬੰਧ ਵਿੱਚ ਆਪਣੇ ਟਵੀਟਰ ਹੈਡਲ ‘ਤੇ ਦਿੱਤਾ ਗਿਆ ਬਿਆਨ ਕੇਜਰੀਵਾਲ ਨੂੰ ਇਕ ਕਰਾਰਾ ਜਵਾਬ ਸੀ ਪਰ ਮਾਹਰਾਂ ਅਨੁਸਾਰ ਇਸ ਗਰਮ ਬਿਆਨ ਰਾਹੀ ਕੈਪਟਨ ਸਰਕਾਰ ਵੱਲੋਂ, ਦੋਸ਼ੀ ਮੰਨੇ ਜਾ ਰਹੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦੀ ਢਿੱਲ ਦਾ ਕਾਰਨ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਮਾਹਰਾਂ ਦੀ ਇਹ ਰਾਏ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਮੰਨੇ ਜਾ ਰਹੇ ਲੋਕਾਂ ਖਿਲਾਫ ਕਾਰਵਾਈ ਇਸ ਲਈ ਨਹੀਂ ਕਰ ਰਹੇ ਕਿਉਂਕਿ ਕੈਪਟਨ ਨੂੰ ਇਹ ਡਰ ਹੈ ਕਿ ਜੇਕਰ ਉਨ੍ਹਾਂ ਨੇ ਕੋਈ ਕਾਰਵਾਈ ਜਲਦਬਾਜ਼ੀ ਵਿੱਚ ਕੀਤੀ ਤਾਂ ਕਿਤੇ ਉਨ੍ਹਾਂ ਨੂੰ ਵੀ ਕੇਜਰੀਵਾਲ ਵਾਂਗੂੰ ਸ਼ਰੇਆਮ ਲਿਖਤੀ ਮੁਆਫ਼ੀ ਨਾ ਮੰਗਣੀ ਪੈ ਜਾਵੇ।

Read Also ਪੰਜਾਬ ਦੀ ਇਹ ਬੱਚੀ, ਕੈਪਟਨ ਸਰਕਾਰ ਲਈ ਖ਼ਤਰੇ ਦੀ ਘੰਟੀ!

ਇਥੇ ਦੱਸਣਯੋਗ ਹੈ ਕਿ ਬੀਤੀ ਕੱਲ੍ਹ ਬਹਿਬਲ ਕਲਾਂ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਸ਼ਹਾਦਤ ਨੂੰ ਤਿੰਨ ਵਰ੍ਹੇ ਬੀਤਣ ਤੋਂ ਬਾਅਦ ਬਰਗਾੜੀ ਵਿੱਖੇ ਸ਼ਰਧਾਂਜਲੀ ਸਮਾਗਮ ਕੀਤੇ ਗਏ ਸਨ। ਜਿਥੇ ਲੱਖਾਂ ਦੀ ਤਦਾਦ ਵਿੱਚ ਸਿੱਖ ਸੰਗਤਾਂ ਨੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅਜਿਹੇ ਵਿੱਚ ਇਸ ਸਮਾਗਮ ਅੰਦਰ ਜਿਥੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਲੱਗਭੱਗ ਪੰਜਾਬ ਦੀਆਂ ਸਾਰੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਹਾਜ਼ਰੀ ਲਵਾਈ ਉਥੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟਰ ਹੈਡਲ ‘ਤੇ ਇੱਕ ਟਵੀਟ ਕਰਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਦੱਬ ਕੇ ਕੋਸਿਆ। ਕੇਜਰੀਵਾਲ ਅਨੁਸਾਰ ਅਮਰਿੰਦਰ ਸਰਕਾਰ ਬੇਅਦਬੀ ਕਾਂਡ ਅਤੇ ਉਕਤ ਦੋਵਾਂ ਸਿੰਘਾਂ ਦੀ ਸ਼ਹਾਦਤ ਲਈ ਜਿੰਮੇਵਾਰ ਲੋਕਾਂ ਨੂੰ ਸਜ਼ਾ ਦਵਾਉਣ ‘ਚ ਨਾਕਾਮ ਰਹੀ ਹੈ।

13 ਅਕਤੂਬਰ 2018 ਨੂੰ ਰਾਤ 11:30 ਵਜੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਇਸ ਟਵੀਟ ‘ਤੇ ਕੈਪਟਨ ਅਮਰਿੰਦਰ ਸਿੰਘ ਇੰਨੇ ਭੜਕ ਗਏ ਕਿ ਉਨ੍ਹਾਂ ਨੇ ਅਗਲੀ ਸਵੇਰ ਹੋਣ ਦਾ ਵੀ ਇੰਤਜਾਰ ਵੀ ਨਹੀਂ ਕੀਤਾ ਤੇ 14 ਅਕਤੂਬਰ 2018 ਨੂੰ ਸਵੇਰੇ ਮੂੰਹ ਹਨੇਰੇ ਹੀ 04:20 ਤੇ ਕੇਜਰੀਵਾਲ ਨੂੰ ਆਪਣੇ ਟਵੀਟਰ ਹੈਡਲ ਤੇ ਜ਼ਵਾਬ ਦਿੰਦਿਆਂ ਕਿਹਾ ਕਿ, “ਅਰਵਿੰਦ ਕੇਜਰੀਵਾਲ ਰਾਜਨੀਤੀ ਕਰਨੀ ਬੰਦ ਕਰੋ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਹਾਡੇ ਵਰਗੇ ਅਹੁਦੇ ‘ਤੇ ਬੈਠਾ ਹੋਇਆ ਸਖ਼ਸ ਐਸ.ਐਈ.ਟੀ. ਦੇ ਨਤੀਜ਼ਿਆਂ ਦਾ ਇੰਤਜਾਰ ਕਰਨ ਦੀ ਬਜਾਏ ਕਾਨੂੰਨ ਦੇ ਉਲਟ ਗੱਲ ਕਰ ਰਿਹਾ ਹੈ। ਅਸੀਂ ਅਰਾਜਕਤਾ ਵਿੱਚ ਨਹੀਂ ਰਹਿ ਰਹੇ। ਇਸਨੂੰ ਤੁਹਾਡੇ ਤੋਂ ਵੱਧ ਹੋਰ ਕੋਣ ਜਾਣ ਸਕਦਾ ਹੈ ਕਿ ਉਸ ਵੇਲੇ ਕੀ ਹੁੰਦਾ ਹੈ ਕਿ ਜਦੋਂ ਕੋਈ ਸਖ਼ਸ ਕਾਨੂੰਨ ਅਨੁਸਾਰ ਨਹੀਂ ਚੱਲਦਾ। ਤੁਹਾਡੇ ਵੱਲੋਂ ਬਾਦਲ ਵੰਸ਼ੀਆਂ ਤੋਂ ਮੰਗੀ ਗਈ ਮੁਆਫ਼ੀ ਯਾਦ ਹੈ ? ”

ਇਹ ਤਾਂ ਸੀ ਕੈਪਟਨ ਅਤੇ ਕੇਜਰੀਵਾਲ ਵਿਚਕਾਰ ਟਵੀਟਰ ‘ਤੇ ਚੱਲੀ ਗੁਰੀਲਾ ਸ਼ਬਦੀ ਜੰਗ ਜੋ ਸਾਰਿਆਂ ਨੇ ਪੜ੍ਹੀ। ਜਿਸ ਵਿੱਚ ਸਾਨੂੰ ਦਿੱਸਿਆ ਇੱਕ-ਇੱਕ ਟਵੀਟ ਕਰਕੇ ਦੋਵੇਂ ਆਗੂ ਆਪੋ-ਆਪਣੇ ਕੰਮਾ ਵਿਚ ਲੱਗ ਗਏ, ਪਰ ਅਜਿਹੇ ਮਾਮਲਿਆਂ ਦਾ ਢੁੰਘਾਈ ਨਾਲ ਵਿਸ਼ਲੇਸ਼ਨ ਕਰਨ ਵਾਲੇ ਮਾਹਰਾਂ ਅਨੁਸਾਰ ਇੰਨ੍ਹਾਂ ਦੋਵਾਂ ਆਗੂਆਂ ਦੀ ਸ਼ਬਦੀ ਜੰਗ ਵਿੱਚ ਇਹ ਗੱਲ ਖੁੱਲ੍ਹ ਕੇ ਸਾਹਮਣੇ ਆ ਰਹੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਡਰ ਹੈ ਕਿ ਜੇਕਰ ਉਨ੍ਹਾਂ ਨੇ ਵੀ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ‘ਤੇ ਜਲਦਬਾਜ਼ੀ ਵਿੱਚ ਕੋਈ ਕਾਰਵਾਈ ਕਰ ਦਿੱਤੀ ਤਾਂ ਭਵਿੱਖ ਵਿੱਚ ਦੋਸ਼ ਸਾਬਿਤ ਨਾ ਹੋਣ ‘ਤੇ ਉਨ੍ਹਾਂ ਨੂੰ ਵੀ ਕੇਜਰੀਵਾਲ ਵਾਂਗ ਮੁਆਫ਼ੀ ਮੰਗ ਕੇ ਸ਼ਰਮਿੰਦਾ ਹੋਣਾ ਪੈ ਸਕਦਾ ਹੈ।

ਪਰ ਸਵਾਲ ਇਹ ਹੈ ਕਿ ਜਿਸ ਐਸਆਈਟੀ ਦੇ ਨਤੀਜ਼ਿਆਂ ਦਾ ਇੰਤਜਾਰ ਕਰਨ ਦੀਆਂ ਨਸੀਹਤਾਂ ਕੈਪਟਨ ਅਮਰਿੰਦਰ ਸਿੰਘ ਕੇਜਰੀਵਾਲ ਨੂੰ ਦੇ ਰਹੇ ਹਨ ਉਸ ਤੋਂ ਪਹਿਲਾਂ ਕੈਪਟਨ ਦੇ ਹੱਥ ‘ਚ ਇੰਨਾਂ ਮਾਮਲਿਆਂ ਦੇ ਦੋ ਕਮਿਸ਼ਨਾ ਤੇ ਇਕ ਐਸਆਈਟੀ ਦੀ ਰਿਪੋਰਟ ਪਹਿਲਾਂ ਹੀ ਆ ਚੁੱਕੀ ਹੈ ਇਸ ਤੋਂ ਇਲਾਵਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ਤੋਂ ਬਾਅਦ ਮੌਕੇ ਤੇ ਮੌਜੂਦ ਵਿਧਾਇਕਾਂ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੇ ਅਧਿਕਾਰ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਦਿੱਤੇ ਜਾ ਚੁੱਕੇ ਹਨ। ਅਜਿਹੇ ਵਿੱਚ ਨਵੀਂ ਐਸਆਈਟੀ ਦੇ ਕਿਹੜੇ ਨਤੀਜ਼ਿਆਂ ਰਾਹੀ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੇ ਜਾਣ ਦਾ ਕੋਈ ਫਾਰਮੂਲਾਂ ਕੈਪਟਨ ਸਰਕਾਰ ਲੱਭ ਰਹੀ ਹੈ ਇਹ ਸਿੱਖ ਸੰਗਤ ਦੀ ਸਮਝ ਤੋਂ ਪਰੇ ਅਜੇ ਭਵਿੱਖ ਦੇ ਗਰਭ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button