D5 specialOpinion

ਕੀ ਕਾਂਗਰਸ ਦਾ ਕਾਟੋ ਕਲੇਸ਼ 2022 ’ਚ ਇਨਾਂ ਦੀ ਬੇੜੀ ਲਾ ਦੇਵੇਗਾ ਪਾਰ

ਵਿਰੋਧੀਆਂ ਦੀ ਥਾਂ ਖੁਦ ਹੀ ਨਿਭਾ ਰਹੇ ਨੇ ਵਿਰੋਧੀਆਂ ਵਾਲੀ ਭੂਮਿਕਾ

(ਜਸਪਾਲ ਸਿੰਘ ਢਿੱਲੋਂ) :  ਹੁਣ 2022 ਬਹੁਤੀ ਦੂਰ ਨਹੀਂ ਜਾਪਦਾ ਤੇ ਚੋਣਾਂ ਸਿਰ ਤੇ ਹਨ ਪਰ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਸ਼ਿਖਰ ਤੇ ਹੈ। ਇਸ ਵੇਲੇ ਕਿਸੇ ਵਿਰੋਧੀ ਧਿਰ ਦੀ ਜ਼ਰੂਰਤ ਹੀ ਨਹੀਂ ਕਿਉਕਿ ਇਹ ਖੁਦ ਹੀ ਵਿਰੋਧੀਆਂ ਵਾਲੀ ਭੂਮਿਕਾ ਨਿਭਾ ਰਹੇ ਹਨ। ਇਹ ਸਭ ਕੁਝ ਨਵਾਂ ਨਹੀਂ ਹੈ ਪਹਿਲਾਂ ਵੀ ਇਹ ਇਕ ਦੂਜੇ ਵੱਲ ਤੋਪਾਂ ਦੇ ਮੂੰਹ ਕਰਕੇ ਰੱਖਦੇ ਹਨ। ਕੌਣ ਨਹੀਂ ਜਾਣਦਾ ਕਿ ਸਵ: ਗਿਆਨੀ ਜ਼ੈਲ ਸਿੰਘ ਤੇ ਸਵ: ਦਰਬਾਰਾ ਸਿੰਘ ਵਿਚਕਾਰ ਵੀ ਸ਼ਿਖਰ ਯੁੱਧ ਚਲਦਾ ਰਿਹਾ ਸੀ, ਇਹ ਵੀ ਕਿਸੇ ਤੋਂ ਨਹੀਂ ਭੁੱਲਿਆ ਕਿ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰ ਕੇ ਹੀ ਬੀਬੀ ਰਜਿੰਦਰ ਕੌਰ ਭੱਠਲ ਨੇ ਸਾਹ ਲਿਆ ਸੀ ਅਤੇ ਇਹੋ ਆਢਾ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ ਵੀ ਉਨ੍ਹਾਂ ਲੈਕੇ ਰੱਖਿਆ, ਇਸ ਰੇੜਕੇ ‘ਚੋਂ ਉਹ ਉਪ ਮੁੱਖ ਮੰਤਰੀ ਦੀ ਕੁਰਸੀ ਤੱਕ ਜਾ ਪਹੁੰਚੀ ਸੀ।

ਹੁਣ ਇਕ ਖਿਡਾਰੀ ਤਾਂ ਪੁਰਾਣਾ ਹੀ ਪਰ ਇਕ ਨਵਾਂ ਖਿਡਾਰੀ ਜੋ ਹੈ ਵੀ ਅੰਤਰਰਾਸ਼ਟਰੀ ਖਿਡਾਰੀ ਨਵਜੋਤ ਸਿੰਘ ਸਿੱਧੂ ਦੇ ਰੂਪ ’ਚ ਆ ਟੱਕਰਿਆ ਹੈ। ਮੈਦਾਨੀ ਜੰਗ ਪਹਿਲਾਂ ਵਾਲੀ ਹੈ ਕਿ ਇਨਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੇ ਸਵਾਲ ਪਲਿਹਾਂ ਵਾਲਾ ਹੀ ਹੈ। ਇਸ ਵਾਰ ਸਥਿਤੀ ਇਹ ਹੈ ਕਿ ਜਿਸ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ’ਚ ਅਕਾਲੀ ਦਲ ਨੂੰ ਲੋਕਾਂ ਨੇ ਹਾਸ਼ੀਏ ਤੇ ਧੱਕ ਦਿੱਤਾ ਸੀ , ਹੁਣ ਉਸ ਦੀ ਜਵਾਬਦੇਹੀ ਕਾਂਗਰਸ ਤੋਂ ਮੰਗੀ ਜਾ ਰਹੀ ਹੈ ਪਰ ਕਾਂਗਰਸ ਇਸ ਵਿਚੋਂ ਪਾਕ ਹੋ ਕੇ ਨਿਕਲਣ ਦੀ ਥਾਂ ਹੋਰ ਉਲਝਦੀ ਜਾ ਰਹੀ ਹੈ। ਵਿਰੋਧੀ ਧਿਰ ਦੇ ਆਗੂ ਇਸ ਮਸਲੇ ਤੇ ਕੈਪਟਨ ਨੂੰ ਘੇਰਨ ਗੱਲ ਹੋਰ ਹੈ , ਪਰ ਜਦੋਂ ਆਪਣੇ ਹੀ ਕੈਪਟਨ ਵੱਲੋਂ ਤੋਪਾਂ ਬੀੜ ਦੇਣ ਤਾਂ ਸਥਿਤੀ ਹੋਰ ਬਣ ਜਾਂਦੀ ਹੈ , ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸਨ ਜਦੋਂ ਬੁਲਾਇਆ ਗਿਆ ਸੀ ਤਾਂ ਕਿਸੇ ਹੋਰ ਨੇ ਨਹੀਂ ਸਗੋਂ ਕਾਂਗਰਸ ਦੇ ਸੀਨਅਰ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਜਾਂਚ ਸੀਬੀਆਈ ਤੋਂ ਵਾਪਿਸ ਲੈ ਕੇ ਪੰਜਾਬ ਪੁਲਿਸ ਤੋਂ ਕਰਵਾਉਣ ਲਈ ਮੰਗ ਕੀਤੀ ਸੀ।

ਇਸ ਮਾਮਲੇ ’ਚ ਮੁੱਖ ਕਥਿਤ ਦੋਸ਼ੀ ਦਾ ਜਿਸ ਤਰਾਂ ਜੇਲ ਅੰਦਰ ਹੀ ਕਤਲ ਹੋ ਜਾਣਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਸਵਾਲ ਉਠਾਉਦਾ ਹੈ। ਲੋਕ ਰਾਇ ਹੁਣ ਤੱਕ ਇਹ ਬਣ ਚੁੱਕੀ ਹੈ ਕਿ ਇਸ ਮਾਮਲੇ ’ਚ ਅਕਾਲੀ ਦਲ ਭਾਜਪਾ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਹਾਸੋਹੀਣੀ ਬਣ ਚੁੱਕੀ ਹੈ। ਚੰਗਾ ਹੁੰਦਾ ਕਿ ਇਸ ਦੀ ਸਹੀ ਜਾਂਚ ਹੁੰਦੀ ਤੇ ਹੁਣ ਤੱਕ ਅਸਲ ਦੋਸ਼ੀ ਸ਼ਲਾਖਾਂ ਦੇ ਪਿਛੇ ਹੁੰਦੇ , ਪਰ ਅਜਿਹਾ ਕਿਉ ਨਹੀਂ ਹੋ ਰਿਹਾ । ਹਾਲ ਹੀ ’ਚ ਡੇਰਾ ਮੁਖੀ ਨੂੰ ਦੋਸ਼ੀਆਂ ਦੀ ਸੂੁਚੀ ’ਚੋਂ ਗਾਇਬ ਕਰਨਾ ਵੀ ਕਈ ਸਵਾਲ ਖੜੇ ਕਰਦਾ ਹੈ ਭਾਵੇਂ ਜਾਂਚ ਟੀਮ ਦੇ ਮੁਖੀ ਨੇ ਇਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ , ਪਰ ਲੋਕਾਂ ਨੂੰ ਯਕੀਨ ਕੌਣ ਦਿਵਾਏਗਾ। ਇਸ ਸਾਰੇ ਮਾਮਲੇ ਨੇ ਸਥਿਤੀ ਅਜੀਬ ਕਰ ਦਿੱਤੀ ਹੈ ਤੇ ਸਰਕਾਰ ਨੂੰ ਕਟਿਹਰੇ ’ਚ ਖੜਾ ਕਰ ਦਿੱਤਾ ਹੈ। ਇਸ ਮਾਮਲੇ ਨੂੰ ਸਭ ਤੋਂ ਵੱਧ ਗੰਭੀਰਤਾ ਨਾਲ ਉਠਾਇਆ ਹੈ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ। ਉਸ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਸਿਧਾ ਵਿਵਾਦ ਹੈ।

ਉਸ ਨੇ ਸਭ ਤੋਂ ਗੰਭੀਰ ਦੋਸ਼ ਇਹ ਲਾਇਆ ਹੈ ਕਿ ਕੈਪਟਨ ਪ੍ਰੀਵਾਰ ਦੀ ਯਾਰੀ ਬਾਦਲ ਪ੍ਰੀਵਾਰ ਦੇ ਨਾਲ ਹੈ , ਇਹ ਲੋਕ 75:25 ਨਾਲ ਰਲਕੇ ਖੇਡਦੇ ਹਨ , ਇਹੋ ਕਾਰਨ ਹੈ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ’ਚ ਹੁਣ ਤੱਕ ਇਨਸਾਫ ਨਹੀਂ ਮਿਲ ਸਕਿਆ । ਇਸ ਦੇ ਨਾਲ ਹੀ ਉਹ ਆਗੂ ਵੀ ਕੈਪਟਨ ਅਮਰਿੰਦਰ ਸਿੰਘ ਘੇਰ ਰਹੇ ਹਨ , ਜਿਨਾਂ ਨੇ ਬਰਗਾੜੀ ਮੋਰਚੇ ਨੂੰ ਖਤਮ ਕਰਵਾਇਆ ਸੀ। ਇਸ ਮਾਮਲੇ ਨੇ ਕੈਪਟਨ ਸਰਕਾਰ ਦੀ ਸਥਿਤੀ ਕਾਫੀ ਧੁੰਦਲੀ ਕਰ ਦਿੱਤੀ ਹੈ , ਦੂਜਾ ਇਹ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਦੇ ਰਾਜਸੀ ਆਗੂਆਂ ਨੂੰ ਤਰਜੀਹ ਨਾ ਦੇਕੇ ਅਫਸਰਸਾਹੀ ਨੂੰ ਮੂਹਰੇ ਰੱਖਣਾ ਵੀ ਆਗੂਆਂ ਨੂੰ ਕੈਪਟਨ ਤੋਂ ਦੂਰ ਕਰ ਰਿਹਾ ਹੈ। ਇਸ ਵੇਲੇ ਕਾਂਗਰਸ ਦੇ ਇਕ ਵੱਡੇ ਧੜੇ ਅੰਦਰ ਸਰਕਾਰ ਪ੍ਰਤੀ ਨਿਰਾਸ਼ਤਾ ਪਾਈ ਜਾ ਰਹੀ ਹੈ , ਇਹ ਲੋਕ ਕੈਪਟਨ ਦੀ ਕਾਰਜਸ਼ੈਲੀ ਤੋਂ ਨਾ ਖੁਸ਼ ਹਨ। ਇਹ ਲੋਕ ਕਾਂਗਰਸ ਦੇ ਸਿਆਸੀ ਢਾਂਚੇ ‘ਚ ਬਦਲਾਅ ਚਾਹੁੰਦੇ ਹਨ।

ਇਹੋ ਕਾਰਨ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਜਿਨਾਂ ਨੇ ਹਰ ਵਿਆਕਤੀ ਨੂੰ ਸੁਣਿਆ ਤੇ ਬਾਅਦ ’ਚ ਬੀਬੀ ਸੋਨੀਆਂ ਗਾਂਧੀ, ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਨੇ ਵੀ ਪੰਜਾਬ ਦੇ ਕਾਂਗਰਸੀ ਆਗੂਆਂ ਦੇ ਦਿਲ ਦੀਆਂ ਗੱਲਾਂ ਸੁਣੀਆਂ । ਇਸ ਵਿਚੋਂ ਇਕ 18 ਨੁਕਾਤੀ ਪ੍ਰਸ਼ਨ ਪੱਤਰ ਵੀ ਸਾਹਮਣੇ ਆਇਆ ਜਿਸ ਦਾ ਹੱਲ ਕਰਨ ਲਈ ਕੈਪਟਨ ਨੂੰ ਸਮਾਬੱਧ ਕੀਤਾ । ਕੀ ਇਨਾਂ ਰਹਿੰਦੇ ਮਹੀਨਿੀਆਂ ’ਚ ਕੈਪਟਨ ਇਸ ਨੂੰ ਹੱਲ ਕਰ ਲੈਣਗੇ। ਇਸ ਵੇਲੇ ਸਾਰਿਆਂ ਦੀ ਨਿਗਾਹਾਂ ਹਾਈਕਮਾਂਡ ਦੇ ਫੈਸਲੇ ਤੇ ਟਿਕੀਆਂ ਹੋਈਆਂ ਹਨ। ਸੂੁਤਰ ਦੱਸ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੀ ਵਾਂਗਡੋਰ ਸਾਂਭਣ ਲਈ ਮਨ ਬਣਾ ਲਿਆ ਹੈ ਤੇ ਐਲਾਨ ਕਿਸੇ ਵੇਲੇ ਵੀ ਸੰਭਵ ਹੈ ਕਈ ਹੋਰ ਆਗੂਆਂ ਨੂੰ ਵੀ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ, ਇਸ ਗੱਲ ਦੀ ਜਿੰਮੇਵਾਰੀ ਕੌਣ ਲਵੇਗਾ ਕਿ ਨਵੇਂ ਫਾਰਮੂਲੇ ਤਹਿਤ ਇਹ ਆਗੂ ਗਿਲੇ ਸ਼ਿਕਵੇ ਭੁਲਾਕੇ ਨਵੇਂ ਪਾਇਲਟ ਦੀ ਬਸ ’ਚ ਇਕਜੁੱਟਤਾ ਨਾਲ ਚੱਲ ਪੈਣਗੇ ਜਾਂ ਤੁਰੀ ਜਾਂਦੀ ਬਸ ’ਚੋਂ ਛਾਲਾਂ ਮਾਰਕੇ ਚਲਦੀ ਬਸ ਹੀ ਪੈਂਚਰ ਕਰਕੇ ਆਪੋ ਅਪਣੀ ਡਫਲੀ ਵਜਾਉਣ ਦੇ ਰਾਹ ਤੁਰਨਗੇ।

ਇਸ ਵੇਲੇ ਕਾਂਗਰਸ ਦੀ ਹਾਈ ਕਮਾਂਡ ਨੂੰ ਜਿਥੇ ਇਹ ਕਲੇਸ਼ ਮਿਟਾਉਣਾ ਹੋਵੇਗਾ ਨਹੀਂ ਤਾਂ ਆਂਧਰਾ ਜਾਂ ਮੱਧ ਪ੍ਰਦੇਸ ਵਾਂਗ ਇਕ ਹੋਰ ਰਾਜ ਹੱਥੋਂ ਖੋਹਣਾ ਪੈ ਸਕਦਾ ਹੈ ਇਹ ਹਾਈਕਮਾਂਡ ਤੇ ਨਿਰਭਰ ਕਰਦਾ ਹੈ। ਪੰਜਾਬ ਦੀ ਸਥਿਤੀ ਇਹ ਹੈ ਜੋ ਕਾਰਜ ਵਿਰੋਧੀਆਂ ਨੇ ਕਰਨਾ ਸੀ ਉਹ ਕੁੱਝ ਕਾਂਗਰਸ ਖੁਦ ਹੀ ਕਰ ਰਹੀ ਹੈ , ਜੋ ਇਸ ਲਈ ਘਾਤਕ ਹੋ ਸਕਦੀ ਹੈ। ਇਸ ਵੇਲੇ ਪੰਜਾਬ ਕਾਂਗਰਸ ਕਾਫੀ ਮਾੜੀ ਸਥਿਤੀ ’ਚ ਹੈ ਇਕ ਤਾਂ ਜੋ ਵਾਅਦੇ ਕੀਤੇ ਸਨ ਉਨਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ, ਦੂਜਾ ਪੰਜਾਬ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਵੀ ਅੱਖਾਂ ਬੰਦ ਰੱਖੀਆਂ , ਜੋ ਮੁੱਦੇ ਪਿਛਲੀ ਸਰਕਾਰ ਦੇ 10 ਸਾਲਾਂ ’ਚ ਸਨ ਉਹ ਵਧੇ ਹਨ , ਲੋਕਾਂ ਨੂੰ ਰਾਹਤ ਨਹੀਂ ਮਿਲ ਸਕੀ ਸਗੋਂ ਇਸ ਸਰਕਾਰ ਨੇ ਹੋਰ ਬੋਝ ਪਾ ਦਿੱਤੇ ਰਾਜ ਤੇ ਵਿਤੀ ਬੋਝ ਵਧਾ ਦਿੱਤਾ , ਹਰ ਵਰਗ ’ਚ ਨਿਰਾਸ਼ਾ ਦਾ ਆਲਮ ਹੈ , ਕੀ ਅਜਿਹੀ ਸਥਿਤੀ ’ਚ ਕਾਂਗਰਸ ਆਪਣੀ ਬੇੜੀ ਅਗਲੇ ਸਾਲ ਹੋਣ ਵਾਲੀਆਂ ਚੋਣਾਂ ’ਚ ਪਾਰ ਲਾ ਸਕੇਗੀ ਜਾਂ ਆਪਣੀ ਸਰਕਾਰ ਦੀਆਂ ਨਕਾਮੀਆਂ ਹੇਠ ਦਬ ਕੇ ਰਹਿ ਜਾਵੇਗੀ, ਇਹ ਤਾਂ ਸਮਾਂ ਹੀ ਦੱਸੇਗਾ।

ਪੰਜਾਬ ਦੇ ਲੋਕ ਇਨਾਂ ਰਵਾਇਤੀ ਪਾਰਟੀਆਂ ਬਹੁਤ ਔਖੇ ਹਨ। ਇਸ ਵਾਰ 2022 ਦੀਆਂ ਚੋਣਾਂ ’ਚ ਕਿਸਾਨੀ ਸੰਘਰਸ਼ ਵੀ ਅਹਿਮ ਭੂਮਿਕਾ ਅਦਾ ਕਰੇਗਾ। ਲੋਕ ਅੱਜ ਵੀ ਪ੍ਰਤਾਪ ਸਿੰਘ ਕੈਰੋਂ ਵਰਗੇ ਦੂਰ ਅੰਦੇਸ਼ ਆਗੂ ਦੀ ਤਲਾਸ਼ ’ਚ ਹਨ ਜੋ ਸਾਢੇ ਤਿੰਨ ਦਹਾਕਿਆਂ ਤੋਂ ਸਿਆਸੀ ਆਗੂਆਂ ਦੀਆਂ ਖੁਦਗਰਜ਼ ਤੇ ਗਲਤ ਨੀਤੀਆਂ ਦਾ ਸ਼ਿਕਾਰ ਹੋਕੇ ਕਰਜ਼ੇ ਦੀ ਦਲ ਦਲ ’ਚ ਧਸ ਰਹੇ , ਇਨਾਂ ਲੰਬੀਆਂ ਕਾਲੀਆਂ ਬੋਲੀਆਂ ਰਾਤਾਂ ਦਾ ਸਵੇਰ ਕਿਧਰੇ ਨਜ਼ਰ ਨਹੀਂ ਆ ਰਿਹਾ , ਕੀ 2022 ਦੀਆਂ ਚੋਣਾ ਪੰਜਾਬੀਆਂ ਨੂੰ ਆਸ ਦੀ ਕਿਰਨ ਦੇ ਸਕਣੀਆਂ ਸਮਾਂ ਹੀ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button