EDITORIAL

ਕਿਸਾਨ ਬਨਾਮ ਮਾਨ

ਅਮਰਜੀਤ ਸਿੰਘ ਵੜੈਚ

(9417801988)

ਪੰਜਾਬ ਦੀ ‘ਆਪ’ ਸਰਕਾਰ 16 ਮਾਰਚ ਭਾਵ ਸੌਂਹ ਚੁੱਕਣ ਤੋਂ ਹੀ ਹਰ ਚੜ੍ਹਦੇ ਸੂਰਜ ਨਾਲ ਇੱਕ ਨਵੀਂ ਸਮੱਸਿਆ ਸੰਗ ਮੱਥਾ ਲਗਾਉਣ ਲਈ ਮਜ਼ਬੂਰ ਹੁੰਦੀ ਆ ਰਹੀ ਹੈ; ਤਾਜ਼ਾ ਹਾਲਾਤ ਇਹ ਹਨ ਕਿ ਝੋਨੇ ਦੀ ਸਿੱਧੀ ਬਿਜਾਈ, ਪਨੀਰੀ ਬੀਜਣ ਅਤੇ ਪਨੀਰੀ ਪੁੱਟਕੇ ਖੇਤਾਂ ਵਿੱਚ ਲਾਉਣ ਲਈ ਜ਼ੋਨ ਨਿਸ਼ਚਿਤ ਕਰਨ ਵਾਲੇ ਪੰਜਾਬ ਸਰਕਾਰ ਦੇ 6 ਮਈ ਦੇ ਨੋਟੀਫ਼ੀਕੇਸ਼ਨ ਨੇ ਪੰਜਾਬ ਦੇ ਕਿਸਾਨਾਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਜਿਸ ਵੀ ਵਿਅਕਤੀ ਨੇ ਇਹ ਜ਼ੋਨ ਬਣਾਏ ਹਨ ਉਸ ਨੂੰ ਖੇਤੀ ਦਾ ਕੁਝ ਵੀ ਪਤਾ ਨਹੀਂ।

ਕਿੰਨੀ ਅਜੀਬ ਗੱਲ ਹੈ ਕਿ ਪੰਜਾਬ ਸਰਕਾਰ ਦਾ ਇਹ ਨੋਟੀਫ਼ੀਕੇਸ਼ਨ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਮਜ਼ਾਕ ਉੱਡਾ ਰਿਹਾ ਹੈ। ਇਸ ਨੋਟੀਫ਼ੀਕੇਸ਼ਨ ਮਗਰੋਂ ਮੁੱਖ-ਮੰਤਰੀ ਭਗਵੰਤ ਮਾਨ ਦੀ ਝੋਨੇ ਦੀ ਸਿੱਧੀ ਬਿਜਾਈ ਲਈ 20 ਮਈ ਤੋਂ ਪੀ.ਆਰ. 126 ਕਿਸਮ ਬੀਜਣ ਦੀ ਮਸ਼ਹੂਰੀ ਨੇ ਕੁੱਝ ਖਾਸ ਟੀ.ਵੀ. ਚੈਨਲਾਂ ‘ਤੇ ਧੂੜਾਂ ਪੁਟੀਆਂ ਪਈਆਂ ਨੇ ਪਰ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਯੂਨੀਵਰਸਿਟੀ ਹਾਲੇ ਵੀ ਪੀ.ਆਰ. 126 ਕਿਸਮ ਦੀ ਸਿੱਧੀ ਬਿਜਾਈ ਲਈ 1 ਜੂਨ ਦੀ ਸਿਫ਼ਾਰਿਸ਼ ਕਰ ਰਹੀ ਹੈ। ਯੂਨੀਵਰਸਿਟੀ ਮਾਹਿਰਾਂ ਦੀ ਰਾਏ ਹੈ ਕਿ ਪੀ.ਆਰ. 126 ਜੇਕਰ 1 ਜੂਨ ਤੋਂ ਪਹਿਲਾਂ ਬੀਜੀ ਜਾਂਦੀ ਹੈ ਤਾਂ ਇਹ ਪਾਣੀ ਵੀ ਜ਼ਿਆਦਾ ਲਵੇਗੀ, ਇਸ ਦਾ ਅਸਰ ਬਿਜਲੀ ਸਪਲਾਈ ‘ਤੇ ਪਵੇਗਾ ਅਤੇ ਇਸਦਾ ਝਾੜ ਵੀ ਘਟੇਗਾ।

ਜੀਰੀ ਦੀ ਇਹ ਕਿਸਮ ਯੂਨੀਵਰਸਿਟੀ ਨੇ ਲੰਮੀ ਖੋਜ ਮਗਰੋਂ ਜਾਰੀ ਕੀਤੀ ਸੀ ਅਤੇ ਇਸ ਦੀ ਸਿੱਧੀ ਬਿਜਾਈ ਅਤੇ ਪਨੀਰੀ ਬੀਜਣ ਦਾ ਸਮਾਂ ਵੀ ਖੋਜ ਅਨੁਸਾਰ ਹੀ ਨਿਸ਼ਚਿਤ ਕੀਤਾ ਸੀ । ਯੂਨੀਵਰਸਿਟੀ ਦੇ ਮਾਹਿਰਾਂ ਅਤੇ ਗ਼ੈਰ-ਅਧਿਕਾਰਤ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਅਤੇ ਪਨੀਰੀ ਦੀ ਲਵਾਈ ਲਈ ਜ਼ੋਨ ਤਿਆਰ ਕਰਨ ਸਮੇਂ ਯੂਨੀਵਰਸਿਟੀ ਨੂੰ ਤਾਂ ਪੁੱਛਿਆ ਹੀ ਨਹੀਂ। ਸਿਰਫ਼ ਖੇਤੀ ਵਿਭਾਗ ਨੇ ਹੀ ਇਸ ਦਾ ਫ਼ੈਸਲਾ ਕੀਤਾ ਹੈ। ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਬਲਦੇਵ ਸਿੰਘ ਸਰਾ ਨੇ ਵੀ ਇਹ ਗੱਲ ਕਹੀ ਕਿ ਇਹ ਨੋਟੀਫ਼ੀਕੇਸ਼ਨ ਪੰਜਾਬ ਸਰਕਾਰ ਨੇ ਆਪ ਹੀ ਜਾਰੀ ਕੀਤਾ ਹੈ ਇਸ ਵਿੱਚ ਕਾਰਪੋਰੇਸ਼ਨ ਦਾ ਕੋਈ ਰੋਲ ਨਹੀ ।

ਕੱਲ੍ਹ ਸ਼ਾਮ ਦੀਆਂ ਕਿਸਾਨ ਯੂਨੀਅਨਾਂ ਮੁਹਾਲੀ ਵਾਲੇ ਪਾਸਿਓ ਚੰਡੀਗੜ੍ਹ ਦੀਆਂ ਦਹਿਲੀਜਾਂ ‘ਤੇ ਡੇਰੇ ਲਾਈ ਬੈਠੀਆਂ ਨੇ ਜੋ ਕਈ ਮੰਗਾਂ ਲੈਕੇ ਗਈਆਂ ਹਨ ਤਾਂਕੇ ਭਗਵੰਤ ਮਾਨ ਹੁਰਾਂ ਨਾਲ਼ ਦੁੱਖ ਫੋਲ਼ਿਆ ਜਾ ਸਕੇ ਪਰ ਮੁੱਖ-ਮੰਤਰੀ ਸਾਹਿਬ ਪਾਰਟੀ ਸੁਪਰੀਮੋ ਨੂੰ ਮਿਲਣ ਲਈ ਉਡਣ-ਖਟੋਲੇ ਵਿੱਚ ਬੈਠ ਕਿਸਾਨਾਂ ਦੇ ਧਰਨੇ ਉਪਰੋ-ਉਪਰੋਂ ਲੰਘ ਦਿੱਲੀ ਲੈਂਡ ਕਰ ਗਏ। ਅੱਗ ਵਾਂਗ ਵਰ੍ਹਦੀ ਧੁੱਪ ‘ਚ ਬੈਠਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ । ਅੱਸੀ-ਅੱਸੀ ਸਾਲਾਂ ਦੇ ਬਜ਼ੁਰਗ ਇਸ ਧਰਨੇ ਵਿੱਚ ਬੈਠੇ ਹਨ ਜਿਨ੍ਹਾਂ ਨੇ ਪਿਛਲੀ ਰਾਤ ਤਪਦੀ ਗਰਮੀ ‘ਚ ਲੰਘਾਈ । ਮਾਨ ਖ਼ੁਦ ਕਿਸਾਨ ਪਰਿਵਾਰ ‘ਚੋਂ ਹਨ ਅਤੇ ਉਨ੍ਹਾਂ ਦੇ ਤਾਜ਼ਾ ਬਿਆਨ ‘ਚੋਂ ਇਹ ਵੀ ਮਹਿਕ ਆਈ ਕਿ ਉਹ ਕਿਸਾਨਾਂ ਦਾ ਦੁੱਖ ਸਮਝਦੇ ਹਨ ਪਰ ਨਾਲ ਦੀ ਨਾਲ ਥੋੜਾ ਜਿਹਾ ਕੁਝ ਜ਼ਿਆਦਾ ਸੇਕ ਹੋਣ ਕਰਕੇ ਭਾਂਡੇ ਦੇ ਥੱਲੇ ਸਬਜ਼ੀ ਲੱਗਣ ਦਾ ਵੀ ਪਤਾ ਲੱਗਿਆ ਹੈ ਜਦੋਂ ਮਾਨ ਨੇ ਕਿਹਾ ਕਿ ਸਭ ਕੁਝ ਮੁਰਦਾਬਾਦ-ਮੁਰਦਾਬਾਦ ਨਾਲ ਨਹੀਂ ਹੁੰਦਾ।

ਉਂਝ ਮਾਨ ਅੱਜ ਕਿਸਾਨਾਂ ਨੂੰ ਮਿਲ ਸਕਦੇ ਹਨ । ਮੌਜੂਦਾ ਸੰਕਟ ਨੂੰ ਪਹਿਲ ਦੇ ਆਧਾਰ ‘ਤੇ ਨਜਿਠਣ ਦੀ ਲੋੜ ਹੈ ਕਿਉਂਕਿ ਖੇਤੀ ਦੇ ਕੰਮ ਵਿੱਚ 1-2 ਦਿਨਾਂ ਦੀ ਦੇਰੀ ਵੀ ਕਿਸਾਨਾਂ ‘ਤੇ ਵੱਡਾ ਭਾਰ ਪਾ ਸਕਦੀ ਹੈ । ਦੋਵਾਂ ਹੀ ਧਿਰਾਂ ਨੂੰ ਸਿਰ ਜੋੜਕੇ ਹੱਲ ਕੱਢਣ ਦੀ ਲੋੜ ਹੈ ਅਤੇ ਇਸ ਵਿੱਚ ਝੋਨੇ ਦੀ ਬਿਜਾਈ ਨਾਲ ਸਬੰਧਿਤ ਮੁੱਦਿਆਂ ‘ਤੇ ਲੁਧਿਆਣਾ ਯੂਨੀਵਰਸਿਟੀ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ । ਜਿਹੜੇ ਮੁੱਦੇ ਪ੍ਰਸਾਸ਼ਨਿਕ ਹਨ ਸਰਕਾਰ ਨੂੰ ਉਨ੍ਹਾਂ ਮੱੁਦਿਆਂ ‘ਤੇ ਵੀ ਜਲਦ ਫ਼ੈਸਲਾ ਕਰਕੇ ਕਿਸਾਨਾਂ ਦਾ ਵਿਸ਼ਵਾਸ਼ ਜਿਤਣ ਦੀ ਸੁਹਿਰਦ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਿਸਾਨ ਜੱਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਦਾ ਵੱਧ ਤੋਂ ਵੱਧ ਸਹਿਯੋਗ ਦੇਣ। ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਸਮੇਂ ਆਪਣੀ ਸਿਔੜੀ ਸਿਆਸਤ ਨੂੰ ਛੱਡਕੇ ਚੰਗਾ ਮਾਹੌਲ ਸਿਰਜਣ ਵਿੱਚ ਮਦਦਗਾਰ ਸਾਬਤ ਹੋਣ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button