
ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਸਰਕਾਰ ‘ਤੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾ ਦਿਖਾਉਣ ਅਤੇ ਗੱਲਬਾਤ ਨੂੰ ਲਗਾਤਾਰ ਟਾਲਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਮੋਰਚੇ ਵੱਲੋਂ ਸਰਕਾਰ ਨੂੰ 17 ਸਤੰਬਰ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਇਸ ਸਮੇਂ ਤੱਕ ਸਰਕਾਰ ਨੇ ਕਿਸਾਨ ਆਗੂਆਂ ਨਾਲ ਰਸਮੀ ਗੱਲਬਾਤ ਕਰਕੇ ਮੰਗਾਂ ਦੇ ਹੱਲ ਲਈ ਕਦਮ ਨਾ ਚੁੱਕਿਆ ਤਾਂ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਪੰਧੇਰ ਨੇ ਕਿਹਾ ਕਿ ਰੇਲਾਂ ਰੋਕਣਾ ਕਿਸੇ ਤਰ੍ਹਾਂ ਦਾ ਹੰਕਾਰ ਜਾਂ ਜ਼ਿੱਦ ਦਾ ਮਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਆਮ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਤੇ ਮੋਰਚੇ ਨੂੰ ਇਸ ਗੱਲ ਦਾ ਅਹਿਸਾਸ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਰੇਲਾਂ ‘ਚ ਸਫ਼ਰ ਕਰਨ ਵਾਲੇ ਲੋਕ ਵੀ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸਬੰਧਤ ਹਨ ਤੇ ਮੌਜੂਦਾ ਮਸਲੇ ਸਿੱਧੇ ਤੌਰ ‘ਤੇ ਕੰਮਕਾਜੀ ਵਰਗ ਦੇ ਹੱਕਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਯਾਤਰੀਆਂ ਨੂੰ ਸਰਕਾਰ ਤੋਂ ਆਪਣੀਆਂ ਮੁਸ਼ਕਲਾਂ ਬਾਰੇ ਸਵਾਲ ਕਰਨ ਦੀ ਅਪੀਲ ਕੀਤੀ।ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ‘ਚ ਮੱਕੀ, ਮੂੰਗੀ, ਬਾਸਮਤੀ, ਸਰ੍ਹੋਂ ਤੇ ਆਲੂ ਸਮੇਤ ਹੋਰ ਫਸਲਾਂ ਦੀ ਯਕੀਨੀ MSP ‘ਤੇ ਖਰੀਦ ਸ਼ਾਮਲ ਹੈ। ਇਸ ਦੇ ਨਾਲ ਹੀ ਗੰਨੇ ਦੀ ਲੰਬੇ ਸਮੇਂ ਤੋਂ ਬਕਾਇਆ ਅਦਾਇਗੀ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਗੰਨੇ ਦੇ ਭਾਅ ‘ਚ ਲੋੜੀਂਦਾ ਵਾਧਾ ਨਹੀਂ ਹੋਇਆ, ਜਦਕਿ ਬਾਜ਼ਾਰ ‘ਚ ਚੀਨੀ ਦੀਆਂ ਕੀਮਤਾਂ ਵਧ ਰਹੀਆਂ ਹਨ।
ਕਿਸਾਨ ਆਗੂ ਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦੀ ਮੰਗ ਵੀ ਦੁਹਰਾਈ। ਇਸ ਤੋਂ ਇਲਾਵਾ ਉਨ੍ਹਾਂ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਮੋਰਚੇ ਮੁਤਾਬਕ ਇਸ ਦਾ ਪ੍ਰਭਾਵ ਕਿਸਾਨਾਂ ਦੇ ਨਾਲ-ਨਾਲ ਦੁਕਾਨਦਾਰਾਂ ਅਤੇ ਛੋਟੇ ਉਦਯੋਗਾਂ ਤੇ ਵੀ ਪੈ ਸਕਦਾ ਹੈ।
ਪੰਧੇਰ ਨੇ ਨਸ਼ਿਆਂ ਦੇ ਮੁੱਦੇ ਤੇ ਪਹਿਲਾਂ ਦਿੱਤੇ ਗਏ ਮੰਗ-ਪੱਤਰਾਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਤੇ ਮੁੱਖ ਮੰਤਰੀ ਨੂੰ ਦਿੱਤੇ ਗਏ ਮੰਗ-ਪੱਤਰਾਂ ਤੇ ਸਰਕਾਰ ਨੂੰ ਜਵਾਬਦੇਹੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ 17 ਸਤੰਬਰ ਨੂੰ ਰੇਲ ਰੋਕੋ ਸ਼ੁਰੂ ਹੁੰਦਾ ਹੈ ਤਾਂ 18 ਸਤੰਬਰ ਨੂੰ ਮੋਰਚੇ ਦੀ ਜਥੇਬੰਦਕ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




