PunjabTop News

ਕਿਸਾਨ ਜਥੇਬੰਦੀਆਂ ਦੇ ਟੌਲ ਕਾਰਡਾਂ ਬਾਰੇ ਖਬਰ ਲਾਉਣ ਵਾਲੇ ਪੱਤਰਕਾਰ ਨੂੰ ਧਮਕੀਆਂ ਦੀ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿੰਦਾ

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਦੇ ਵੱਖ ਵੱਖ ਕਿਸਾਨ ਆਗੂਆਂ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਕਈ ਜਥੇਬੰਦੀਆਂ ਦੇ ਨਾਂ ਥੱਲੇ ਟੌਲ ਕਾਰਡਾਂ ਬਾਰੇ ਖ਼ਬਰ ਲਵਾਉਣ ਵਾਲੇ ਰਾਏਕੋਟ ਦੇ ਨਿਰਪੱਖ ਪੱਤਰਕਾਰ ਸੰਤੋਖ ਸਿੰਘ ਗਿੱਲ ਨੂੰ ਕਿਸੇ ਵਿਅਕਤੀ ਦੁਆਰਾ ਆਪਣੇ ਆਪ ਨੂੰ ਕਿਸੇ ਕਿਸਾਨ ਆਗੂ ਦਾ ਭਰਾ ਦੱਸ ਕੇ ਕੈਨੇਡਾ ਤੋਂ ਟੈਲੀਫੋਨ ਰਾਹੀਂ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਇਸ ਧਮਕੀ ਦੀ ਸਖ਼ਤ ਨਿੰਦਾ ਕੀਤੀ ਗਈ ਹੈ।

ਇਸ ਸਬੰਧੀ ਅੱਜ ਇੱਥੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਮੰਗ ਕੀਤੀ ਹੈ ਕਿ ਫੋਨ ਕਾਲ ਨੰਬਰ ਤੋਂ ਇਸ ਦਹਿਸ਼ਤਗਰਦ ਵਿਅਕਤੀ ਦੀ ਸ਼ਨਾਖਤ ਕਰਕੇ ਉਸਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੋ ਸਕਦਾ ਹੈ ਉਸ ਵਿਅਕਤੀ ਨੇ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਇਹ ਧਮਕੀ ਦਿੱਤੀ ਹੋਵੇ। ਉਨ੍ਹਾਂ ਨੇ ਪੱਤਰਕਾਰ ਐਸੋਸ਼ੀਏਸ਼ਨ ਵੱਲੋਂ ਇਸ ਦਹਿਸ਼ਤਗਰਦੀ ਵਿਰੁੱਧ ਕੀਤੀ ਜਾਣ ਵਾਲੀ ਜਨਤਕ ਕਾਰਵਾਈ ਦੀ ਵੀ ਹਮਾਇਤ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਕਿਸਾਨ ਨੂੰ ਜਥੇਬੰਦੀ ਦਾ ਕੋਈ ਪਛਾਣ ਪੱਤਰ ਜਾਰੀ ਨਹੀਂ ਕੀਤਾ ਜਾਂਦਾ।

ਪਰ ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਾਰੇ ਦੇਸ਼ ਦੇ ਟੌਲ ਪਲਾਜੇ ਬੰਦ ਕੀਤੇ ਜਾਣ, ਕਿਉਂਕਿ ਟੌਲ ਟੈਕਸ ਵਸੂਲਣਾ ਸਰਾਸਰ ਨਜਾਇਜ਼ ਹੈ। ਹਰ ਵਾਹਨ ਚਾਲਕ ਵੱਲੋਂ ਸਰਕਾਰੀ ਖਜ਼ਾਨੇ ਵਿੱਚ ਭਾਰੀ ਰੋਡ ਟੈਕਸ ਭਰ ਕੇ ਹੀ ਰਜਿਸਟ੍ਰੇਸ਼ਨ ਹਾਸਲ ਕੀਤੀ ਜਾਂਦੀ ਹੈ। ਇਹ ਟੌਲ ਟੈਕਸ ਤਾਂ ਸੜਕਾਂ ਦੇ ਨਿੱਜੀਕਰਨ ਦੀ ਸਾਮਰਾਜੀ ਨੀਤੀ ਤਹਿਤ ਕਾਰਪੋਰੇਟ ਘਰਾਣਿਆਂ ਦੇ ਖਜ਼ਾਨੇ ਭਰਨ ਲਈ ਹੀ ਵਸੂਲੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button