Breaking NewsIndiaNewsPunjabUncategorized

ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਕੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸੰਦੇਸ਼

ਜਿਉਂ-ਜਿਉਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਨਜ਼ਦੀਕ ਆਉਂਦਾ ਜਾ ਰਿਹਾ ਹੈ। ਤਿਉਂ-ਤਿਉਂ ਇਸ ਨੂੰ ਲੈ ਕੇ ਪੰਜਾਬ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਜਿੱਥੇ ਇਕ ਪਾਸੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ-ਪਾਕਿ ਸਰਹੱਦ `ਤੇ ਲਾਂਘਾ ਖੋਲ੍ਹੇ ਜਾਣ ਸੰਬੰਧੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਰਾਜਨੀਤੀ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ `ਤੇ ਦਬਾਅ ਪਾ ਰਹੀਆਂ ਹਨ, ਉੱਥੇ ਦੁਨੀਆ ਭਰ ਵਿਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਸਿੱਖ ਧਰਮ ਦੀ ਦਹਾਕਿਆਂ ਦੀ ਚੱਲੀ ਆ ਰਹੀ ਇਸ ਅਰਦਾਸ ਨੂੰ ਜਲਦ ਪੂਰਿਆਂ ਹੋਣਾ ਲੋਚਦੀ ਐ। ਅਜਿਹੇ ਵਿਚ ਸਵਾਲ ਇਹ ਉਠਦਾ ਹੈ, ਕੀ ਸਿਰਫ਼ ਇਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹੇ ਜਾਣ ਨਾਲ ਗੁਰੂ ਸਾਹਿਬ ਦੀਆਂ ਉਨ੍ਹਾਂ ਸਿਖਿਆਵਾਂ `ਤੇ ਅਮਲ ਹੋਣਾ ਸ਼ੁਰੂ ਹੋ ਜਾਵੇਗਾ? ਜਿਨ੍ਹਾਂ ਲਈ ਪਹਿਲੀ ਪਾਤਸ਼ਾਹੀ ਨੇ ਚਾਰ ਉਦਾਸੀਆਂ ਰਾਹੀ ਆਪਣੇ ਜੀਵਨ ਦੇ ਕਈ ਦਹਾਕੇ ਮਾਨਵਤਾ ਦੇ ਭਲੇ ਲਈ ਆਪਣਾ ਸਭ ਕੁਝ ਤਿਆਗ ਦਿੱਤਾ ਸੀ? ਜਾਂ ਲੋੜ ਹੈ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਤ ਕੀਤੀ ਗਈ ਬਾਣੀ ਦੇ ਫਲਸਫ਼ੇ ਨੂੰ ਆਪਣੇ ਰੋਜ਼ਮਰ੍ਹਾ ਜ਼ਿੰਦਗੀ ਵਿਚ ਉਤਾਰਨ ਦੀ ਜੇਕਰ ਅਜਿਹਾ ਹੋ ਜਾਵੇ, ਤਾਂ ਨਾ ਸਿਰਫ਼ ਸਾਨੂੰ ਗੁਰੂ ਸਾਹਿਬ ਦੀ ਚਰਨ-ਛੂਹ ਪ੍ਰਾਪਤ ਧਰਤੀ ਨੂੰ ਨਮਸਕਾਰ ਕਰਨ ਦਾ ਮੌਕਾ ਮਿਲਣ ਜਾ ਰਿਹਾ ਹੈ ਬਲਕਿ ਮਾਨਵਤਾ ਦਾ ਸੰਦੇਸ਼ ਜੋ ਗੁਰੂ ਸਾਹਿਬ ਨੇ ਦਿੱਤਾ ਹੈ।ਉਸ ਨਾਲ ਦੋਵਾਂ ਦੇਸ਼ਾਂ ਦੇ ਉਨ੍ਹਾਂ ਲੋਕਾਂ ਦੇ ਮਨਾ ਵਿਚੋਂ ਕੁੜਾਤਣ ਖ਼ਤਮ ਕਰਨ ਲਈ ਸਹਾਈ ਹੋਵੇਗਾ। ਜਿਨ੍ਹਾਂ ਕਾਰਨ ਹਾਲਾਤ ਇੱਥੋਂ ਤਕ ਪਹੁੰਚ ਗਏ ਅੱਜ ਅਸੀਂ ਆਪਣੇ ਹੀ ਆਸਥਾ ਦੇ ਕੇਂਦਰਾਂ ਦੇ ਦਰਸ਼ਨਾਂ ਤਕ ਨੂੰ ਤਰਸ ਗਏ ਹਾਂ। ਗੱਲ ਜੇਕਰ ਗੁਰੂ ਨਾਨਕ ਦੇਵ ਜੀ ਦੀ ਕਰੀਏ, ਤਾਂ ਗੁਰੂ ਸਾਹਿਬ ਸਿੱਖ ਧਰਮ ਦੇ ਬਾਨੀ ਤੇ ਸਿੱਖਾਂ ਦੇ ਪਹਿਲੇ ਗੁਰੂ ਸਨ।ਗੁਰੂ ਸਾਹਿਬ ਦੇ ਜਨਮ ਬਾਰੇ ਦੋ ਮਤ ਪ੍ਰਚਲਿਤ ਹਨ। ਇਕ ਮਤ ਦਾ ਆਧਾਰ ‘ਪੁਰਤਾਨ ਜਨਮਸਾਖੀ` ਹੈ ਜਿਸ ਅਨੁਸਾਰ 15 ਅਪ੍ਰੈਲ 1469 ਈ. (ਵਿਸਾਖ ਸੁਦੀ 3, ਸੰਮਤ 1526 ਬਿ.) ਨੂੰ ਹੋਇਆ। ਦੂਜੇ ਮਤ ਦਾ ਆਧਾਰ ‘ਬਾਲੇ ਵਾਲੀ ਜਨਮਸਾਖੀ` ਹੈ ਜਿਸ ਵਿਚ ਜਨਮ ਕਤਕ ਸੁਦੀ 15, 1526 ਬਿ. ਵਾਲੇ ਦਿਨ ਹੋਇਆ, ਪਰ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਵਿਸ਼ਵ-ਭਰ ਵਿਚ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਹੈ, ਜੋ ਕਿ ਹਰ ਸਾਲ ਕੱਤਕ (ਅਕਤੂਬਰ-ਨਵੰਬਰ) ਵਿਚ ਅਲੱਗ-ਅਲੱਗ ਮਿਤੀ `ਤੇ ਆਉਂਦਾ ਹੈ।

ਜਨਮ ਸਥਾਨ :

ਗੁਰੂ ਸਾਹਿਬ ਦਾ ਜਨਮ, ਪਿਤਾ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ ਵਿਖੇ ਹੋਇਆ। ਇਹ ਸਥਾਨ ਅੱਜ-ਕੱਲ੍ਹ ਪਾਕਿਸਤਾਨ ਦੀ ਧਰਤੀ `ਤੇ ਸਥਿਤ ਹੈ।

ਬਚਪਨ ਤੇ ਵਿੱਦਿਆ :

ਆਪ ਜੀ ਬਚਪਨ ਤੋਂ ਹੀ ਸੰਤੋਂਖੀ ਅਤੇ ਵਿਚਾਰਵਾਨ ਬਿਰਤੀ ਵਾਲੇ ਸਨ। ਆਪ ਜੀ ਨੂੰ ਮੁੱਢਲੀ ਵਿਦਿਆ ਹਾਸਿਲ ਕਰਨ ਲਈ ਲਗਪਗ 7 ਸਾਲ ਦੀ ਉਮਰ ਵਿਚ ਗੋਪਾਲ ਨਾਂ ਦੇ ਪਾਂਧੇ ਕੋਲ ਪੜ੍ਹਨ ਲਈ 1475 ਈ. ਵਿਚ ਭੇਜਿਆ ਗਿਆ। ਸੰਨ 1478 ਈ. ਨੂੰ ਵਿਚ ਸੰਸਕ੍ਰਿਤ ਪੜ੍ਹਨ ਲਈ ਪੰਡਿਤ ਬ੍ਰਿਜ ਲਾਲ ਕੋਲ ਤੇ ਸੰਨ 1482 ਈ. ਵਿਚ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤੁਬੁੱਦੀਨ ਪਾਸ ਭੇਜਿਆ ਗਿਆ। ਆਪ ਦੇ ਪਿਤਾ ਖੇਤੀ ਤੇ ਵਪਾਰ ਦੇ ਨਾਲ ਪਟਵਾਰੀ ਦਾ ਕੰਮ ਵੀ ਕਰਦੇ ਸਨ, ਪਰ ਆਪ ਜੀ ਨੂੰ ਪਿਤਾ ਪੁਰਖੀ ਕੰਮ-ਧੰਧੇ ਵਿਚ ਆਪ ਜੀ ਦੇ ਮਾਤ-ਪਿਤਾ ਲਗਾਉਂਣ ਵਿਚ ਅਸਫ਼ਲ ਰਹੇ।

ਜਨੇਊ ਦੀ ਰਸਮ :

ਆਪ ਜੀ ਜਦੋਂ 11 ਸਾਲ ਦੇ ਹੋਏ, ਤਾਂ ਆਪ ਜੀ ਦੇ ਪਿਤਾ ਮਹਿਤਾ ਕਾਲੂ ਨੇ ਆਪ ਜੀ ਦੇ ਜਨੇਊ ਪਹਿਨਾਉਣ ਲਈ ਪੁਰੋਹਿਤ ਹਰਦਿਆਲ ਨੂੰ ਰਸਮ ਕਰਨ ਲਈ ਆਪਣੇ ਘਰ ਬੁਲਾਇਆ, ਤਾਂ ਆਪ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਪੁਰੋਹਿਤ ਨੇ ਆਪ ਜੀ ਨੂੰ ਕਿਹਾ,“ਕਿ ਜਨੇਊ ਉੱਚੀ ਕੁਲ ਦੀ ਨਿਸ਼ਾਨੀ ਹੈ। ਇਸ ਤੋਂ ਬਿਨਾਂ ਵਿਅਕਤੀ ਸ਼ੂਦਰ ਮੰਨਿਆ ਜਾਂਦਾ ਹੈ।” ਪੁਰੋਹਿਤ ਦੀ ਗੱਲ ਸੁਣ ਕੇ ਆਪ ਨੇ ਪੁਰੋਹਿਤ ਨੂੰ ਸਵਾਲ ਕੀਤਾ, ਕੀ ਇਹ ਜਨੇਊ ਸਾਰੀ ਉਮਰ ਉਨ੍ਹਾਂ ਦਾ ਸਾਥ ਨਿਭਾਏਗਾ? ਕਦੇ ਟੁੱਟੇਗਾ ਤਾਂ ਨਹੀਂ? ਕਦੇ ਮੈਲਾ ਤਾਂ ਨਹੀਂ ਹੋਵੇਗਾ? ਪੁਰੋਹਿਤ ਨੇ ਜਵਾਬ ਦਿੰਦਿਆ ਕਿਹਾ,“ਕਿ ਜੇਕਰ ਜਨੇਊ ਪੁਰਾਣਾ ਹੋਵੇ, ਤਾਂ ਨਵਾਂ ਜਨੇਊ ਪਾ ਲੈਣਾ ਚਾਹੀਦਾ ਹੈ।” ਆਪ ਨੇ ਕਿਹਾ,“ਕਿ ਮਨੁੱਖ ਨੂੰ ਅਜਿਹਾ ਜਨੇਊ ਪਾਉਣਾ ਚਾਹੀਦਾ ਹੈ ਜਿਹੜਾ ਨਾ ਕਦੇ ਮੈਲਾ ਹੋਵੇ, ਨਾ ਕਦੇ ਟੁੱਟੇ, ਨਾ ਹੀ ਕਦੇ ਸੜੇ। ਅਜਿਹਾ ਜਨੇਊ ਰੂਪੀ ਕਪਾਹ, ਸੰਤੋਖ ਰੂਪੀ ਸੂਤ, ਜਤ ਰੂਪੀ ਗੰਢ ਅਤੇ ਸਤ ਰੂਪੀ ਵਟ ਦਾ ਬਣਿਆ ਹੋਵੇ। ਆਪ ਜੀ ਦਾ ਜਨੇਊ ਸੰਬੰਧੀ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗ ਆਸਾ ਵਿਚ ਆਸਾ ਦੀ ਵਾਰ ਵਿਚ ਇਉਂ ਦਰਜ ਹੈ :

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨਾ ਜਾਇ॥
ਧੰਨ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥

ਵਿਆਹ ਅਤੇ ਸੰਤਾਨ :

ਆਪ ਜੀ ਦਾ ਵਿਆਹ ਸੁਲਤਾਨਪੁਰ ਰਹਿੰਦੇ ਸਮੇਂ 18 ਸਾਲ ਦੀ ਉਮਰ ਵਿਚ 21 ਮਈ 1487 (24 ਜੇਠ, 1544 ਸੰਮਤ) ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲੇ ਪਿੰਡ ਦੇ ਵਸਨੀਕ ਬਾਬਾ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਵਿਆਹ ਹੋਇਆ। ਆਪ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀਦਾਸ ਜੀ। ਆਪ ਨੇ ਗ੍ਰਹਿਸਥੀ ਜੀਵਨ ਬਤੀਤ ਕਰਦਿਆਂ ਆਪਣੇ ਜੀਵਨ ਦਾ ਕਾਫ਼ੀ ਸਮਾਂ ਸੁਲਤਾਨਪੁਰ ਵਿਖੇ ਬਿਤਾਇਆ।

ਕਾਰਜ :
ਆਪ ਪੰਜਾਬੀ, ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾ ਵਿਚ ਮਾਹਰ ਸਨ। ਆਪ ਨੇ ਜਨੇਊ, ਜਾਤ-ਪਾਤ, ਪਖੰਡ ਅਤੇ ਮੂਰਤੀ-ਪੂਜਾ ਵਰਗੀਆਂ ਫ਼ੋਕੀਆਂ ਰਸਮਾਂ ਦਾ ਜ਼ੋਰਦਾਰ ਖੰਡਨ ਕੀਤਾ। ਆਪ ਨੇ ਮਾਨਵਤਾ ਨੂੰ ਕਰਮ-ਕਾਂਡ ਅਤੇ ਪਖੰਡ ਚੋਂ ਕੱਢਣ ਅਤੇ ਇੱਕੋ-ਇਕ ਪਰਮਾਤਮਾ ਨਾਲ ਜੋੜਨ ਲਈ ਸੰਸਾਰ ਭਰ ਵਿਚ ਪੂਰਬ, ਪੱਛਮ, ਉੱਤਰ ਤੇ ਦੱਖਣ ਚਾਰੇ ਦਿਸ਼ਾਵਾਂ ਵਿਚ ਯਾਤਰਾਵਾਂ ਕੀਤੀਆਂ। ਇਨ੍ਹਾਂ ਯਾਤਰਾਵਾਂ `ਤੇ ਪੈਂਦੇ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨਾਂ `ਤੇ ਜਾ ਕੇ ਵਿਦਵਾਨਾਂ, ਧਾਰਮਿਕ ਮੁਖੀਆਂ, ਪੁਜਾਰੀਆਂ, ਪੀਰਾਂ-ਫ਼ਕੀਰਾਂ ਆਦਿ ਨਾਲ ਸੰਵਾਦ ਰਚਾ ਕੇ ਸਹੀ ਮਾਰਗ ਅਪਨਾਉਣ ਦਾ ਉਪਦੇਸ਼ ਦਿੱਤਾ।

ਆਪ 1504 ਈ. ਵਿਚ ਰਾਵੀ ਨਦੀ ਦੇ ਕੰਢੇ `ਤੇ ਵਸਾਏ ਕਰਤਾਪੁਰ ਵਿਖੇ ਰਹਿਣ ਲੱਗੇ ਇੱਥੇ ਆਪ ਖ਼ੁਦ ਖੇਤੀ ਕਰਦੇ ਤੇ ਅਤੇ ਹੋਰਾਂ ਨੂੰ ਮਿਹਨਤ ਕਰਕੇ ਵੰਡ ਖਾਣ ਦਾ ਉਪਦੇਸ਼ ਦਿੱਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੁਖ 31 ਰਾਗਾਂ ਵਿਚੋਂ 20 ਰਾਗਾਂ ਵਿਚ ਬਾਣੀ ਦਰਜ ਹੈ 20 ਮੁਖ ਰਾਗ ਇਸ ਪ੍ਰਕਾਰ ਹਨ :
ਰਾਗ ਸਿਰੀ,ਰਾਗ ਮਾਝ,ਰਾਗ ਗਉੜੀ,ਰਾਗ ਆਸਾ,ਰਾਗ ਗੂਜਰੀ,ਰਾਗ ਬਿਹਾਗੜਾ,ਰਾਗ ਵਡਹੰਸ,ਰਾਗ ਸੋਰਠਿ,ਰਾਗ ਧਨਾਸਰੀ,ਰਾਗ ਤਿਲੰਗ,ਰਾਗ ਸੂਹੀ,ਰਾਗ ਬਿਲਾਵਲ,ਰਾਗ ਰਾਮਕਲੀ,ਰਾਗ ਮਾਰੂ,ਰਾਗ ਤੁਖਾਰੀ,ਰਾਗ ਭੈਰਉ,ਰਾਗ ਬਸੰਤ,ਰਾਗ ਸਾਰੰਗ,ਰਾਗ ਮਲਾਰ,ਰਾਗ ਪ੍ਰਭਾਤੀ

ਉਪਰੋਕਤ ਰਾਗਾਂ ਵਿਚ ਆਪ ਜੀ ਦੀਆਂ ਜਪੁ, ਮਾਝ ਦੀ ਵਾਰ, ਆਸਾ ਦੀ ਵਾਰ, ਸਿਧ ਗੋਸਟਿ, ਬਾਰਾ ਮਾਹ, ਮਾਲਰ ਦੀ ਵਾਰ, ਅਲਾਹੁਣੀ ਆਦਿ ਬਾਣੀਆਂ ਦਰਜ ਹਨ। ਜਦੋਂ ਅੱਜ ਅਸੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾ, ਤਾਂ ਸਮੂਹ ਸ੍ਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਆਪਣੇ ਅੰਦਰ ਝਾਤ ਮਾਰ ਕੇ ਵੇਖਣਾ ਹੋਵੇਗਾ ਕਿ, ਕੀ ਅਸੀਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ `ਤੇ ਅਮਲ ਕਰ ਰਹੇ ਹਾਂ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਜੋ ਉਪਦੇਸ਼ ਦਿੱਤਾ ਉਹ ਸ਼ੁੱਧ ਰੂਪ ਵਿਚ ਉਨ੍ਹਾਂ ਦੀ ਪੱਵਿੱਤਰ ਬਾਣੀ ਵਿੱਚੋਂ ਹੀ ਸਮਝਿਆ ਜਾ ਸਕਦਾ ਹੈ, ਕਿਉਂਕਿ ਪੁਰਾਤਨ ਗ੍ਰੰਥਾਂ, ਜਨਮ ਸਾਖੀਆਂ, ਹੋਰ ਬ੍ਰਹਮਣਵਾਦੀ-ਕਰਮਕਾਂਡੀ ਹਿੰਦੂ ਅਤੇ ਮੁਸਲਿਮ ਲਿਖਾਰੀਆਂ ਅਤੇ ਅਜੋਕੇ ਡੇਰਾਵਾਦੀ ਸਾਧਾਂ ਨੇ ਗੁਰ ਉਪਦੇਸ਼ ਨੂੰ ਆਪੋ ਆਪਣੇ ਨਜ਼ਰੀਏ, ਢੰਗ-ਤਰੀਕੇ ਵਿਸ਼ਵਾਸ਼ ਨਾਲ ਲਿਖਿਆ ਹੈ, ਪਰ ਗੁਰੂ ਜੀ ਦੀ ਪਵਿੱਤਰ ਬਾਣੀ ਦੀ ਫਿਲਾਸਫੀ ਅਨੁਸਾਰ ਨਹੀਂ। ਆਓ! ਗੁਰੂ ਨਾਨਕ ਦੇਵ ਜੀ ਦੇ 549 ਵੇਂ ਪ੍ਰਕਾਸ਼ ਦਿਹਾੜੇ `ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਲੋਕਾਂ ਨੂੰ ਗੁਰਮਤਿ ਮਾਰਗ `ਤੇ ਪ੍ਰਪੱਕ ਰੂਪ ਵਿਚ ਤੋਰਨ ਲਈ ਹੰਭਲਾ ਮਾਰੀਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button