
ਇੰਡੋਨੇਸ਼ੀਆ ਤੋਂ ਡਿਪੋਰਟ ਕਰਕੇ ਭਾਰਤ ਲਿਆਂਦੇ ਗਏ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਨੂੰ ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਮੁੜ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਅਦਾਲਤ ਕੋਲ ਹੋਰ ਰਿਮਾਂਡ ਦੀ ਮੰਗ ਕੀਤੀ, ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਪੁਲਿਸ ਨੂੰ 6 ਦਿਨਾਂ ਦਾ ਹੋਰ ਰਿਮਾਂਡ ਦੇ ਦਿੱਤਾ।
ਸੁਣਵਾਈ ਤੋਂ ਬਾਅਦ ਬਚਾਅ ਪੱਖ ਦੇ ਵਕੀਲ ਐਡਵੋਕੇਟ ਗੋਬਿੰਦ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਦਾ ਦਾਅਵਾ ਹੈ ਕਿ ਜੋਬਨਜੀਤ ਬਿੱਲਾ ਨੇ ਕਥਿਤ ਤੌਰ ‘ਤੇ ਦੀਪੂ ਨਾਮ ਦੇ ਵਿਅਕਤੀ ਦੇ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਵਿਦੇਸ਼ ਯਾਤਰਾ ਕੀਤੀ ਸੀ। ਇਸ ਮਾਮਲੇ ਵਿੱਚ ਸ਼ਸ਼ੀਕਾਂਤ ਸਮੇਤ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਲ 2023 ਵਿੱਚ ਥਾਣਾ ਬਿਆਸ ਵਿੱਚ ਦਰਜ ਕਤਲ ਮਾਮਲੇ ਦੀ ਐਫਆਈਆਰ ਵਿੱਚ ਨਾਮਜ਼ਦ ਇੱਕ ਹੋਰ ਮੁਲਜ਼ਮ ਵਿੱਕੀ ਦੀ ਭਾਲ ਅਤੇ ਪੁੱਛਗਿੱਛ ਵੀ ਬਾਕੀ ਹੈ।ਵਕੀਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅਦਾਲਤ ਕੋਲ 8 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ 6 ਦਿਨਾਂ ਦਾ ਰਿਮਾਂਡ ਹੀ ਮਨਜ਼ੂਰ ਕੀਤਾ। ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਰਿਮਾਂਡ ਦੌਰਾਨ ਹਰ ਦੂਜੇ ਦਿਨ ਜੋਬਨਜੀਤ ਬਿੱਲਾ ਦਾ ਮੈਡੀਕਲ ਕਰਵਾਇਆ ਜਾਵੇ।
ਐਡਵੋਕੇਟ ਰੰਧਾਵਾ ਨੇ ਇਹ ਵੀ ਕਿਹਾ ਕਿ ਪਹਿਲੇ ਰਿਮਾਂਡ ਦੌਰਾਨ ਪੁਲਿਸ ਨੂੰ ਕੋਈ ਨਵੀਂ ਰਿਕਵਰੀ ਜਾਂ ਅਹਿਮ ਸਬੂਤ ਨਹੀਂ ਮਿਲਿਆ। ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਹੋਏ ਹੋਰ ਮੁਲਜ਼ਮਾਂ ਖ਼ਿਲਾਫ਼ ਚਲਾਨ ਪਹਿਲਾਂ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜੋਬਨਜੀਤ ਬਿੱਲਾ ਦਾ ਨਾਮ ਜਰਨੈਲ ਸਿੰਘ ਦੇ ਕਤਲ ਕੇਸ ਵਿੱਚ ਸਾਹਮਣੇ ਆਇਆ ਸੀ ਅਤੇ ਹੁਣ ਇਸ ਮਾਮਲੇ ਨਾਲ ਜੁੜੇ ਹੋਰ ਫ਼ਰਾਰ ਮੁਲਜ਼ਮਾਂ ਅਤੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।ਵਕੀਲ ਮੁਤਾਬਕ ਪਾਸਪੋਰਟ ਨਾਲ ਸਬੰਧਤ ਮਾਮਲਾ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਦਰਜ ਹੈ, ਜਿੱਥੇ ਜਾਂਚ ਜਾਰੀ ਹੈ ਅਤੇ ਪਾਸਪੋਰਟ ਦੀ ਤਸਦੀਕ ਕਰਨ ਵਾਲੇ ਇੱਕ ਪੁਲਿਸ ਕਰਮਚਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੰਜਾਬ ਪੁਲਿਸ ਹੁਣ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਜਾਅਲੀ ਦਸਤਾਵੇਜ਼ਾਂ ਦੇ ਨੈੱਟਵਰਕ ਦੀ ਜਾਂਚ ਵੀ ਕਰ ਰਹੀ ਹੈ।
ਇਸ ਦੇ ਨਾਲ ਹੀ ਬਚਾਅ ਪੱਖ ਨੇ ਅਦਾਲਤ ਅੱਗੇ ਇਹ ਵੀ ਅਰਜ਼ੀ ਦਿੱਤੀ ਕਿ ਗੈਂਗਵਾਰ ਦੇ ਮੱਦੇਨਜ਼ਰ ਜੋਬਨਜੀਤ ਬਿੱਲਾ ਦੀ ਜਾਨ ਨੂੰ ਖ਼ਤਰਾ ਹੈ। ਇਸ ਲਈ ਪੁਲਿਸ ਹਿਰਾਸਤ ਅਤੇ ਅਦਾਲਤੀ ਪੇਸ਼ੀ ਦੌਰਾਨ ਉਸ ਨੂੰ ਸਖ਼ਤ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




