PunjabTop News

ਆੜ੍ਹਤੀਆਂ ਦੀ ਹੜਤਾਲ ‘ਤੇ ਸਰਕਾਰ ਸਖ਼ਤ: CM Mann ਨਾਲ ਮੀਟਿੰਗ ਬੇਨਤੀਜਾ

ਪੰਜਾਬ ਵਿੱਚ ਆੜ੍ਹਤੀਆਂ ਦੀ ਚੱਲ ਰਹੀ ਹੜਤਾਲ ਨੂੰ ਖਤਮ ਕਰਨ ਲਈ ਮੁੱਖ ਮੰਤਰੀ Mann ਵੱਲੋਂ ਕੀਤੀ ਗਈ ਅਹਿਮ ਮੀਟਿੰਗ ਬਿਨਾਂ ਕਿਸੇ ਨਤੀਜੇ ‘ਤੇ ਪਹੁੰਚੇ ਸਮਾਪਤ ਹੋ ਗਈ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪਹਿਲਾਂ ਨਰਮ ਰੁਖ ਅਪਣਾਉਂਦੇ ਹੋਏ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਦੇਖਦਿਆਂ ਹੜਤਾਲ ਵਾਪਸ ਲੈਣ, ਤਾਂ ਜੋ ਮੰਡੀਆਂ ‘ਚ ਖਰੀਦ ਪ੍ਰਕਿਰਿਆ ਸੁਚੱਜੀ ਤਰ੍ਹਾਂ ਚੱਲ ਸਕੇ।

 ਗੱਲਬਾਤ ਅੱਗੇ ਵਧਣ ‘ਤੇ ਮੁੱਖ ਮੰਤਰੀ ਨੇ ਸਖ਼ਤ ਰੁਖ ਵੀ ਅਪਣਾਇਆ ਅਤੇ ਇਸ਼ਾਰਾ ਕੀਤਾ ਕਿ ਜੇਕਰ ਹੜਤਾਲ ਜਾਰੀ ਰਹੀ ਤਾਂ ਸਰਕਾਰ ਵੱਲੋਂ ਬਦਲਵੇਂ ਪ੍ਰਬੰਧ ਵੀ ਕੀਤੇ ਜਾ ਸਕਦੇ ਹਨ। ਕਰੀਬ ਡੇਢ ਘੰਟੇ ਚੱਲੀ ਇਸ ਮੀਟਿੰਗ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ।

ਮੁੱਖ ਮੰਤਰੀ ਅਤੇ ਆੜ੍ਹਤੀਆਂ ਦਰਮਿਆਨ ਹੁਣ ਮੁੜ 6 ਅਪਰੈਲ ਨੂੰ ਮੀਟਿੰਗ ਹੋਵੇਗੀ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਢਾਈ ਫ਼ੀਸਦੀ ਆੜ੍ਹਤ ਦਾ ਐਲਾਨ ਕੀਤੇ ਜਾਣ ਮਗਰੋਂ ਹੀ ਹੜਤਾਲ ਵਾਪਸ ਲਈ ਜਾਵੇਗੀ।

ਅਗਲੀ ਮੀਟਿੰਗ ‘ਚ ਜੋ ਫ਼ੈਸਲਾ ਸਾਹਮਣੇ ਆਵੇਗਾ, ਉਸ ਹਿਸਾਬ ਨਾਲ ਆੜ੍ਹਤੀਏ ਆਪਣਾ ਪੋਤੜਾ ਲੈਣਗੇ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਪੰਜਾਬ ਦੇ ਵਿੱਤ ਵਿਭਾਗ ਨਾਲ ਚਰਚਾ ਕਰਨਗੇ।

ਮੁੱਖ ਮੰਤਰੀ ਨੇ ਆੜ੍ਹਤੀਆਂ ਦੀ ਢਾਈ ਫੀਸਦ ਆੜ੍ਹਤ ਦਾ ਮਾਮਲਾ ਕੇਂਦਰ ਸਰਕਾਰ ਕੋਲ ਵੀ ਉਠਾਉਣ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਖ਼ੁਰਾਕ ਮੰਤਰੀ ਤੋਂ ਮਿਲਣ ਲਈ 9 ਅਪਰੈਲ ਜਾਂ 11 ਅਪਰੈਲ ਦਾ ਸਮਾਂ ਮੰਗਿਆ ਹੈ।

ਵੇਰਵਿਆਂ ਅਨੁਸਾਰ ਪੰਜਾਬ ‘ਚ ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਰਾਜਪੁਰਾ, ਪਟਿਆਲਾ ਅਤੇ ਬਨੂੜ ਦੇ ਖ਼ਰੀਦ ਕੇਂਦਰਾਂ ‘ਚ 74 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ। ਪਟਿਆਲਾ ਦੇ ਖ਼ਰੀਦ ਕੇਂਦਰ ‘ਚੋਂ ਅੱਜ 50 ਮੀਟਰਿਕ ਟਨ ਫ਼ਸਲ ਦੀ ਖ਼ਰੀਦ ਵੀ ਕੀਤੀ ਗਈ ਹੈ। ਬਾਕੀ ਜ਼ਿਲ੍ਹਿਆਂ ‘ਚ ਅਜੇ ਫ਼ਸਲ ਨਹੀਂ ਪੁੱਜੀ ਹੈ। ਪੰਜਾਬ ਵਿੱਚ ਵਿਗੜੇ ਮੌਸਮ ਦੇ ਮੱਦੇਨਜ਼ਰ ਕਣਕ ਦੀ ਫ਼ਸਲ ਦੀ ਆਮਦ ਹਫ਼ਤਾ ਪੱਛੜ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button