Breaking NewsD5 specialInternationalNewsTop News

‘ਮੀਰ ਪੰਜਾਬੀ ਮੇਲਾ’ ਲਾਹੌਰ ‘ਚ ਧੂਮਧਾਮ ਨਾਲ ਮਨਾਇਆ

ਲਾਹੌਰ : (ਜਤਿੰਦਰ ਸਿੰਘ ਔਲਖ) : ਅਲੀ ਅਰਸ਼ਦ ਮੀਰ ਫ਼ਾਊਂਡੇਸ਼ਨ ਅਤੇ ਪੀਲਾਕ, ਲਾਹੌਰ ਦੀ ਰਹਿਨੁਮਾਈ ਹੇਠ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ, ਆਰਟਸ ਐਂਡ ਕਲਚਰ, ਲਾਹੌਰ ਵਿਚ ‘ਮੀਰ ਪੰਜਾਬੀ ਮੇਲਾ 2021’ ਮਨਾਇਆ ਗਿਆ। ਪਿਛਲੇ ਵਰ੍ਹੇ ਦੇ ਆਖ਼ਰੀ ਅਤੇ ਨਵੇਂ ਸਾਲ ਦੇ ਪਹਿਲੇ ਦਿਹਾੜੇ ਨੂੰ ਇਸ ਦੋ ਦਿਨਾਂ ਦੇ ਮੇਲੇ ਨੇ ਖ਼ੂਬ ਰੌਣਕ ਲਾਈ। ਮੀਰ ਪੰਜਾਬੀ ਮੇਲਾ ਇਕ ਅਜਿਹੀ ਰਵਾਇਤ ਬਣ ਗਿਆ ਹੈ ਜੋ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦਾ ਕੇਂਦਰੀ ਮਰਕਜ਼ ਬਣ ਕੇ ਉਭਰ ਰਿਹਾ ਹੈ।ਹਰ ਵਰ੍ਹੇ ਹੋਣ ਵਾਲੇ ਮਾਂ ਬੋਲੀ ਦੇ ਇਸ ਵੱਡੇ ਮੇਲੇ ਵਿਚ ਇਸ ਸਾਲ ਹੁਨਰ ਕਦਾ ਸਕੂਲ ਆਫ਼ ਪ੍ਰਫ਼ਾਰਮਿੰਗ ਆਰਟ, ਲਾਹੌਰ ਨੇ ਫ਼ੋਟੋਗ੍ਰਾਫ਼ੀ, ਪੂਰਨੇਕਾਰੀ ਅਤੇ ਚਿੱਤਰਕਾਰੀ ਰਾਹੀਂ ਮਹਾਨ ਸ਼ਾਇਰ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਹੋਰਾਂ ਦੇ ਕਲਾਮ, ਪੰਜਾਬ ਰਹਿਤਲ ਅਤੇ ਮਿਹਨਤਕਸ਼ ਵਸਨੀਕਾਂ ਦੇ ਯਤਨ ਨੂੰ ਉਜਾਗਰ ਕੀਤਾ।

ਇਸ ਤੋਂ ਇਲਾਵਾ ਮੁਖ਼ਤਲਿਫ਼ ਫ਼ਨਕਾਰਾਂ ਦੇ ਨਮੂਨੇ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਅਬਦੁਲਮਤੀਨ , ਅਕਰਮ ਵੜਾਇਚ, ਨੋਮਾਨ ਹਾਸ਼ਮੀ ਅਤੇ ਉਮਰ ਬੱਟ ਹੋਰਾਂ ਦੇ ਫ਼ਨ ਪਾਰਿਆਂ ਦੀ ਨੁਮਾਇਸ਼ ਕੀਤੀ ਗਈ।ਫ਼ੋਟੋਗ੍ਰਾਫ਼ੀ, ਪੂਰਨੇਕਾਰੀ ਅਤੇ ਚਿੱਤਰਕਾਰੀ ਰਾਹੀਂ ਪੰਜਾਬ ਦੇ ਮਿਹਨਤਕਸ਼ ਵਸਨੀਕਾਂ ਅਤੇ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਹੋਰਾਂ ਦੇ ਫ਼ਨ ਨੂੰ ਉਜਾਗਰ ਕਰਨ ਤੇ ਸੱਯਦ ਫ਼ਸੀਉਰ ਰਹਿਮਾਨ, ਆਲੀ ਜਾਹ ਦੁੱਰਾਨੀ, ਅਲੀਜ਼ਾ, ਅਬਦੁਲਹਫ਼ੀਜ਼, ਜ਼ੈਨਬ, ਇਸਰਾ, ਅਮਾਰਾ, ਅਤੇ ਕਿਰਨ ਅਸਲਮ ਨੂੰ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਮੈਡਲ ਭੇਂਟ ਕੀਤੇ ਗਏ।ਕਿਤਾਬ ਦੋਸਤੀ ਅਤੇ ਮਾਂ ਬੋਲੀ ਦੀ ਪੁਸਤਕਾਂ ਦੇ ਪ੍ਰਚਾਰ ਲਈ ਮਾਂ ਬੋਲੀ ਦੀਆਂ ਕਿਤਾਬਾਂ ਦੇ ਸਟਾਲਜ਼ ਦਾ ਆਹਰ ਵੀ ਕੀਤਾ ਗਿਆ। ਬਾਬਾ ਫ਼ਰੀਦ ਫ਼ਾਊਂਡੇਸ਼ਨ, ਸਾਂਝ ਪਬਲੀਕੇਸ਼ਨਜ਼, ਅਤੇ ਪੰਜਾਬੀ ਬਾਲ ਅਦਬ ਬੋਰਡ, ਲਾਹੌਰ ਦੀ ਕਿਤਾਬਾਂ ਨੁਮਾਇਸ਼ ਲਈ ਪੇਸ਼ ਕੀਤੀਆਂ ਗਈਆਂ।ਪੰਜਾਬੀ ਅਦਬ ਦੀਆਂ ਵੱਖ-ਵੱਖ ਅਸਨਾਫ਼ ਵਿਚ ਲਿਖੀ ਕਿਤਾਬਾਂ ਲਈ ਮਾਂ ਬੋਲੀ ਦੇ ਮੁਸਤਨੱਦ ਐਵਾਰਡ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਪੁਰਸਕਾਰ ਦਾ ਆਹਰ ਕੀਤਾ ਗਿਆ।

2021 ਵਿਚ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਨੂੰ ਏਸ ਪੁਰਸਕਾਰ ਲਈ ਸੱਦਾ ਦਿੱਤਾ ਗਿਆ ਸੀ। ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਲਿਖਾਰੀਆਂ ਨੂੰ ਆਗਾਹ ਕੀਤਾ ਗਿਆ। ਕਿਤਾਬ ਨੂੰ ਤਿੰਨ ਸੂਝਵਾਨਾਂ ਦੇ ਸਲਾਹ ਮਸ਼ਵਰੇ ਬਾਅਦ ਦੂਜੀ ਪੌੜੀ ਵਿਚ ਸ਼ਾਮਿਲ ਕੀਤਾ ਗਿਆ ਅਤੇ ਫ਼ੈਸਲਾ ਆਣ ਮਗਰੋਂ ਸਭੇ ਪੁਸਤਕਾਂ ਨੂੰ ਲਾਇਬ੍ਰੇਰੀਆਂ ਵਿਚ ਭੇਜ ਦਿੱਤਾ ਗਿਆ। ਪੁਸਤਕ ਸਤਿਕਾਰ ਦਾ ਇਸ ਤਰ੍ਹਾਂ ਦਾ ਸਲਾਹੁਣ ਜੋਗ ਆਹਰ ਹੋਰ ਕਿਧਰੇ ਵੀ ਨਜ਼ਰ ਨਹੀਂ ਆਂਦਾ। ਇਸ ਸਾਲ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਪੁਰਸਕਾਰ 2021“ ਵਿਚ ਇਨ੍ਹਾਂ ਲਿਖਾਰੀਆਂ ਦੀਆਂ ਕਿਤਾਬਾਂ ਨੂੰ ਮਾਣ ਦਿੱਤਾ ਗਿਆ। ਪੰਜਾਬੀ ਨਸਰੀ ਅਦਬ ਵਿਚ ਸਾਬਰ ਅਲੀ ਸਾਬਰ ਦੀ ਕਿਤਾਬ ਦੀ ਚੋਣ ਕੀਤੀ ਗਿਆ। ਖੋਜ ਪਰਖ ਖੇਤਰ ਵਿਚ ਸਫ਼ਦਰ ਵਾਮਕ ਅਤੇ ਪੰਜਾਬੀ ਉਲੱਥਾ ਖੇਤਰ

ਵਿਚ ਸ਼ਾਹਿਦ ਸ਼ੱਬੀਰ ਦੀ ਕਿਤਾਬਾਂ ਦੇ ਨਾਂ ਸਾਹਮਣੇ ਆਏ। ਪੰਜਾਬੀ ਸ਼ਿਅਰੀ ਅਦਬ (ਮਜਮੂਆ ਮੁਤਫ਼ਿਰਕ ਅਸਨਾਫ਼) ਵਿਚ ਜ਼ਾਹਿਦ ਜਰ ਪਾਲਵੀ ਅਤੇ ਪੰਜਾਬੀ ਸ਼ਾਇਰੀ (ਗ਼ਜ਼ਲ) ਖੇਤਰ ਲਈ ਰਿਫ਼ਅਤ ਵਹੀਦ ਦੀ ਕਿਤਾਬਾਂ ਚੁਣੀਆਂ ਗਈਆਂ। ਪੰਜਾਬੀ ਬਾਲ ਅਦਬ ਲਈ ਤਜਿੰਦਰ ਹਰਜੀਤ ਹੋਰਾਂ ਦੀ ਪੁਸਤਕ ਦਾ ਇੰਤਖ਼ਾਬ ਹੋਇਆ ਇਸ ਕਿਤਾਬ ਦਾ ਉਲੱਥਾ/ਲਿਪੀ ਅੰਤਰ ਸੁਹੇਲ ਅਸ਼ਰਫ਼ ਹੋਰਾਂ ਨੇ ਕੀਤਾ ਸੀ। ਧਾਰਮਿਕ ਸਾਹਿਤ ਦੇ ਖੇਤਰ ਵਿਚ ਡਾਕਟਰ ਮੁਹੰਮਦ ਅੱਯੂਬ ਦੀ ਰਚਨਾ ਦਾ ਇੰਤਖ਼ਾਬ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਾਇਡ ਆਫ਼ ਪ੍ਰਫ਼ਾਰਮੈਂਸ ਯਾਫ਼ਤਾ ਮਸ਼ਹੂਰ ਗਾਈਕ “ਸ਼ੌਕਤ ਅਲੀ (ਮਰਹੂਮ)” ਹੋਰਾਂ ਦੇ ਫ਼ਨ ਦਾ ਆਦਰ ਕਰਦੇ ਹੋਏ ਉਨ੍ਹਾਂ ਨੂੰ “ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਸੇਵਕ ਪੁਰਸਕਾਰ ਨਾਲ਼ ਨਿਵਾਜ਼ਿਆ ਗਿਆ।

ਦੂਸਰੇ ਦਿਨ ਮੀਰ ਪੰਜਾਬੀ ਮੇਲੇ ਵਿਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਅਤੇ ਸਾਹਿਤ ਦੇ ਹਵਾਲੇ ਨਾਲ਼ ਮੁਖ਼ਤਲਿਫ਼ ਵਿਚਾਰ ਵਟਾਂਦਰਾ ਬੈਠਕਾਂ ਦਾ ਬੰਦੋਬਸਤ ਕੀਤਾ ਗਿਆ। ਪਹਿਲੇ ਦਿਹਾੜ ਹੋਵਣ ਵਾਲੀ ਅਹਿਮ ਅਦਬੀ ਬੈਠਕਾਂ ਵਿਚ ਫ਼ਾਰੂਕ ਨਦੀਮ , ਅਮਾਰ ਸ਼ਾਹ ਕਾਜ਼ਮੀ, ਡਾਕਟਰ ਆਦਿਲ ਅਜ਼ੀਜ਼, ਅਜ਼ਹਰ ਵਿਰਕ ਅਤੇ ਮੁਸ਼ਤਾਕ ਕਮਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਨਿਜ਼ਾਮ ਲੁਹਾਰ ਦੀ ਹਯਾਤੀ ਤੇ ਪਿਛੋਕੜ ਵਿਚ ਅਜ਼ਹਰ ਵਿਰਕ ਹੋਰਾਂ ਨੇ ਗੱਲਬਾਤ ਕੀਤੀ। ਇਸ ਦੇ ਮਗਰੋਂ ਅਮਾਰ ਸ਼ਾਹ ਕਾਜ਼ਮੀ (ਸਦਰ ਪੰਜਾਬ ਨੈਸ਼ਨਲ ਮੂਵਮੈਂਟ) ਨੇ ਪੰਜਾਬੀ ਪਛਾਣ ਉਪਰ ਦੂਜੀ ਭਾਸ਼ਾਵਾਂ ਵਾਲਿਆਂ ਦਾ ਬਿਆਨਿਆ ਅਤੇ ਮਨੁੱਖੀ ਹੱਕਾਂ ਦੀਆਂ ਤੰਜ਼ੀਮਾਂ ਦਾ ਪੰਜਾਬੀ ਨਾਲ਼ ਧ੍ਰੋਹ ਦੇ ਸਿਰਨਾਵੀਆਂ ਨਾਲ਼ ਹੋਵਣ ਵਾਲੇ ਸੈਸ਼ਨ ਵਿਚ ਆਪਣੇ ਵਿਚਾਰ ਸਾਂਝੇ ਕੀਤੇ । ਡਾਕਟਰ ਆਦਿਲ ਅਜ਼ੀਜ਼ ਹੋਰਾਂ ਨੇ ਪੰਜਾਬੀ ਥਿਏਟਰ ਦੀ ਲੋੜਾਂ-ਥੁੜ੍ਹਾਂ ਤੇ ਗੱਲਬਾਤ ਕੀਤੀ।  ਮਰਹੂਮ ਅਵਾਮੀ ਸ਼ਾਇਰ ਔਰ ਅਲੀ ਅਰਸ਼ਦ ਮੀਰ ਬੈਠਕ , ਚਿਸ਼ਤੀਆਂ ਦੇ ਮੋਢੀ ਆਸ਼ਿਕ ਅੰਜੁਮ ਹੋਰਾਂ ਬਾਰੇ ਮੁਸ਼ਤਾਕ ਕਮਰ ਹੋਰਾਂ ਨੇ ਗੱਲਬਾਤ ਕੀਤੀ।

ਜ਼ਿਲ੍ਹਾ ਬਹਾਵਲਨਗਰ ਦੀ ਅਦਬੀ ਖ਼ਿਦਮਾਤ ਤੇ ਸਰਕਾਰੀ ਬੇ ਹਿਸੀ ਦੇ ਨਾਂ ਨਾਲ਼ ਹੋਵਣ ਵਾਲੇ ਸੈਸ਼ਨ ਵਿਚ ਫ਼ਾਰੂਕ ਨਦੀਮ ਅਤੇ ਮੁਸ਼ਤਾਕ ਕਮਰ ਨੇ ਵਿਚਾਰ ਸਾਂਝੇ ਕੀਤੇ।ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਹੋਰਾਂ ਦੀ ਸ਼ਾਇਰੀ ਪਰਤਾਂ ਤੇ ਚਾਨਣ ਪਾਉਣ ਲਈ ਪੇਪਰ ਵੀ ਪੜ੍ਹੇ ਗਏ। ਫ਼ਾਰੂਕ ਨਦੀਮ ਹੋਰਾਂ ਨੇ ਜਾਤੀਵਾਦ ਤੇ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਦੀ ਸ਼ਾਇਰੀ ਜਦ ਕਿ ਰਿਆਜ਼ ਦਾਨਿਸ਼ਵਰ ਹੋਰਾਂ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਦੀ ਸ਼ਾਇਰੀ ਵਿਚ ਤਹਿਜ਼ੀਬੀ ਅਨਾਸਰ ਦਾ ਤਜਜ਼ੀਆਤੀ ਮੁਤਾਲਾ ਦੇ ਨਾਂ ਹੇਠ ਆਪਣੇ ਪੇਪਰ ਪੇਸ਼ ਕੀਤੇ। ਦੂਸਰੇ ਦਿਨ ਹੋਵਣ ਵਾਲੀ ਅਹਿਮ ਅਦਬੀ ਬੈਠਕਾਂ ਵਿਚ ਡਾਕਟਰ ਅਤਾਉੱਲਾ ਆਲੀ, ਮੁਦੱਸਰ ਇਕਬਾਲ ਬੱਟ, ਰਿਆਜ਼ ਦਾਨਿਸ਼ਵਰ, ਫ਼ਾਰੂਕ ਨਦੀਮ, ਹਮੀਦ ਰਾਜ਼ੀ, ਆਇਸ਼ਾ ਨਾਦਰ ਅਤੇ ਅਸ਼ਰਫ਼ ਸੁਹੇਲ ਹੋਰਾਂ ਨੇ ਵਿਚਾਰ ਸਾਂਝੇ ਕੀਤੇ। ਆਲਮੀ ਵਬਾ ਬਾਅਦ ਮੁਕਾਮੀ ਜ਼ਬਾਨਾਂ ਦਾ ਮੁਸਤਕਬਿਲ ਸਿਰਨਾਵੇਂ ਹੇਠ ਅਮਜਦ ਸਲੀਮ ਮਿਨਹਾਸ ਨੇ ਗੱਲਬਾਤ ਕੀਤੀ।

ਜੁਨੈਦ ਅਕਰਮ ਯਾਦ ਵਿਚ ਮਨਾਈ ਗਈ ਇੱਕ ਬੈਠਕ ਵਿਚ ਸੁਹੇਲ ਅਸ਼ਰਫ਼ ਹੋਰਾਂ ਨੇ ਗੱਲਬਾਤ ਕੀਤੀ। ਇਸ ਦੇ ਮਗਰੋਂ ਉਨ੍ਹਾਂ ਬਾਲ ਅਦਬ ਦੀ ਔਕੜਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਪੰਜਾਬੀ ਤਰਜਮੇ ਦੀ ਲੋੜਾਂ ਥੋੜਾਂ ਦੇ ਨਾਂ ਨਾਲ਼ ਹੋਵਣ ਵਾਲੇ ਸੈਸ਼ਨ ਵਿਚ ਹਮੀਦ ਰਾਜ਼ੀ ਹੋਰਾਂ ਨੇ ਆਪਣੀ ਗੱਲ ਸਾਹਮਣੇ ਰੱਖੀ। ਸਰਕਾਰੀ ਅਤੇ ਸਭਿਆਚਾਰਕ ਸੰਸਥਾਵਾਂ ਅਤੇ ਪੰਜਾਬੀ ਦਾ ਮੁਕੱਦਮਾ ਉਪਰ ਮੁਦੱਸਰ ਇਕਬਾਲ ਬੱਟ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮਸ਼ਹੂਰ ਲਿਖਾਰੀ ਡਾਕਟਰ ਅਤਾਉੱਲਾ ਆਲੀ ਹੋਰਾਂ ਨੇ ਪੰਜਾਬੀ ਸਿਨੇਮਾ ਦੀ ਲੋੜਾਂ ਥੋੜਾਂ ਤੇ ਚਾਨਣ ਪਾਇਆ। ਕਰਨਲ ਨਾਦਰ ਦੇ ਨਾਂ ਇਕ ਸ਼ਾਮ ਨਾਂ ਦੇ ਆਖ਼ਰੀ ਸੈਸ਼ਨ ਵਿਚ ਉਨ੍ਹਾਂ ਦੀ ਸਪੁੱਤਰੀ ਆਇਸ਼ਾ ਨਾਦਰ ਹੋਰਾਂ ਨੇ ਆਪਣੇ ਮਹਾਨ ਬਾਪ ਦੇ ਵਿਚਾਰ ਸਾਂਝੇ ਕੀਤੇ। ਪ੍ਰੋਫ਼ੈਸਰ ਡਾਕਟਰ ਸਰਮਦ ਫ਼ਰੋਗ਼ ਅਰਸ਼ਦ, ਰਿਆਜ਼ ਦਾਨਿਸ਼ਵਰ ਅਤੇ ਫ਼ਾਰੂਕ ਨਦੀਮ ਨੇ ਇਨ੍ਹਾਂ ਬੈਠਕਾਂ ਦੀ ਮੇਜ਼ਬਾਨੀ ਕੀਤੀ।

ਉੱਘੇ ਸੂਝਵਾਨ ਅਤੇ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਹੋਰਾਂ ਦੇ ਮਿੱਤਰ ਆਬਿਦ ਅਮੀਕ ਹੋਰਾਂ ਦੇ ਚਲਾਣਾ ਕਰਨ ਖ਼ਬਰ ਉੱਪਰ ਲੋਕਾਂ ਨੇ ਆਪਣੀਆਂ ਸੀਟਾਂ ਤੋਂ ਖੜੇ ਹੋ ਕੇ ਅਫ਼ਸੋਸ ਪ੍ਰਗਟ ਕੀਤਾ ਤੇ ਖ਼ਾਮੋਸ਼ੀ ਇਖ਼ਤਿਆਰ ਕੀਤੀ। ਮੀਰ ਪੰਜਾਬੀ ਮਿਲੇ ਵਿਚ ਕਹਾਣੀ ਦਰਬਾਰ ਦੀਆਂ ਬੈਠਕਾਂ ਦਾ ਵੀ ਪ੍ਰਬੰਧ ਕੀਤਾ ਗਿਆ ਜੋ ਦੋ ਦਿਨ ਜਾਰੀ ਰਿਹਾ। ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਐਵਾਰਡ ਜੇਤੂ ਕਹਾਣੀਕਾਰ ਅਹਿਮਦ ਸ਼ਹਿਬਾਜ਼ ਖ਼ਾਵਰ (ਮਰਹੂਮ) ਦੀ ਕਹਾਣੀ ਡਾਕਟਰ ਸਰਮਦ ਫ਼ਰੋਗ਼ ਅਰਸ਼ਦ ਹੋਰਾਂ ਨੇ ਪੇਸ਼ ਕੀਤੀ। ਇਸ ਤੋਂ ਅੱਡ ਕਹਾਣੀ ਬੈਠਕਾਂ ਵਿਚ ਫ਼ਾਰੂਕ ਨਦੀਮ, ਹਮੀਦ ਰਾਜ਼ੀ, ਜ਼ੁਬੈਰ ਅਹਿਮਦ, ਸਾਬਰ ਅਲੀ ਸਾਬਰ, ਨਸੀਰ ਕਵੀ, ਡਾਕਟਰ ਏਜ਼ਾਜ਼ , ਅਮੀਰ ਵਾਸਕ ਨੇ ਆਪਣੀਆਂ ਕਹਾਣੀਆਂ ਪੇਸ਼ ਕੀਤਾਂ। ਰਾਣਾ ਆਸਿਫ਼ ਅਤੇ ਫ਼ਾਰੂਕ ਨਦੀਮ ਹੋਰਾਂ ਨੇ ਇਸ ਸੈਸ਼ਨ ਦੀ ਮੇਜ਼ਬਾਨੀ ਕੀਤੀ।

ਤ੍ਰਿੰਞਣ ਨਾਟਕ ਮੰਡਲੀ, ਤਨਵੀਰ ਅਤੇ ਨਦੀਮ ਅੱਬਾਸ ਨੇ ਨਾਟਕ, ਲੋਕ ਨਾਚ ਅਤੇ ਸੂਫ਼ੀ ਨਾਚ ਪੇਸ਼ ਕਰ ਕੇ ਹਾਜ਼ਰੀਨ ਕੋਲੋਂ ਢੇਰ ਦਾਦ ਵਸੂਲ ਕੀਤੀ । ਮੇਲੇ ਵਿਚ ਕੁੱਲ ਪੰਜਾਬ ਮੁਸ਼ਾਇਰੇ ਦਾ ਆਹਰ ਵੀ ਕੀਤਾ ਗਿਆ। ਜਿਸਦੀ ਪ੍ਰਧਾਨਗੀ ਮਸ਼ਹੂਰ ਸ਼ਾਇਰ ਬਾਬਾ ਨਜਮੀ ਹੋਰਾਂ ਕੀਤੀ। ਮੁਸ਼ਾਇਰੇ ਵਿਚ ਸਾਬਰ ਅਲੀ ਸਾਬਰ, ਰਾਏ ਨਾਸਿਰ, ਅਰਸ਼ਦ ਮਨਜ਼ੂਰ, ਅਦਲ ਮਿਨਹਾਸ ਲਹੌਰੀ, ਮੁਰਲੀ ਚੌਹਾਨ, ਫ਼ਕੀਰ ਕਾਮਲ, ਯੂਸੁਫ਼ ਪੰਜਾਬੀ, ਸਫ਼ੀਆ ਹਯਾਤ ,ਜ਼ਾਹਿਦ ਜਰ ਪਾਲਵੀ, ਤਾਹਿਰਾ ਸਰਾ, ਨਸੀਰ ਕਵੀ, ਨਸੀਮ ਗੁਲਫ਼ਾਮ, ਸਰਫ਼ਰਾਜ਼ ਸਫ਼ੀ, ਅਤੇ ਪ੍ਰੋਫ਼ੈਸਰ ਡਾਕਟਰ ਸਰਮਦ ਫ਼ਰੋਗ਼ ਅਰਸ਼ਦ ਜਿਹੇ ਨਾਮਵਰ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ਼ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਦੀ ਸ਼ਿਅਰੀ ਰਵਾਇਤ ਨੂੰ ਜ਼ਿੰਦਾ ਕੀਤਾ। ਮੇਲੇ ਦੇ ਦੌਰਾਨ ਮੁਖ਼ਤਲਿਫ਼ ਵੇਲਿਆਂ ਵਿਚ ਚਾਹ , ਸੂਪ , ਉਬਲੇ ਅੰਡੇ ਅਤੇ ਬਿਰਿਆਨੀ ਨਾਲ਼ ਮਹਿਮਾਨਾਂ ਦੇ ਖਾਵਣ-ਪੀਵਣ ਦਾ ਪ੍ਰਬੰਧ ਵੀ ਕੀਤਾ ਗਿਆ।

ਮੇਲੇ ਦੇ ਆਖ਼ਰੀ ਦਿਨ ਕਲਾਮ ਮੀਰ, ਕੱਵਾਲੀ, ਅਤੇ ਲੋਕ ਗਾਈਕੀ ਦਾ ਪ੍ਰਬੰਧ ਕੀਤਾ ਗਿਆ ਜਿਸ ਅੰਦਰ ਮਸ਼ਹੂਰ ਲੋਕ ਕਲਾਕਾਰ ਨੂਰਾਂ ਲਾਅਲ , ਮੁਸਲਿਮ ਸ਼ਗਨ , ਮੁਬੀਨਾ ਅਕਰਮ, ਨੋਮਾਨ ਹੈਦਰ , ਸ਼ੀਰਾਜ਼ ਅਤੇ ਗੋਸ਼ੀ ਤਾਲਿਬ ਨੇ ਹਾਜ਼ਰੀਨ ਕੋਲੋਂ ਢੇਰ ਦਾਦ ਵਸੂਲੀ। ਮੀਰ ਮੇਲੇ ਵਿਚ ਲੋਕਾਈ ਦੀ ਭਰਵੀਂ ਰਲਤ ਨੇ ਸਾਬਤ ਕੀਤਾ ਕਿ ਉਹ ਮਾਂ ਬੋਲੀ ਦੇ ਇਸ ਮਹਾਨ ਸ਼ਾਇਰ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਹੋਰਾਂ ਨੂੰ ਤੇਰ੍ਹਾਂ ਵਰ੍ਹੇ ਪਹਿਲੇ ਚਲਾਣਾ ਕਰਨ ਮਗਰੋਂ ਵੀ ਨਹੀਂ ਭੁੱਲੇ। ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਫ਼ਾਊਂਡੇਸ਼ਨ ਨੇ ਮਾਂ ਬੋਲੀ ਦੇ ਇਸ ਅਜ਼ੀਮ ਵਿਸ਼ਾਲ ਅਤੇ ਵੱਡੇ ਮੇਲੇ ਨੂੰ ਸੋਸ਼ਲ ਮੀਡੀਆ ਤੇ ਲਾਈਵ ਕਰਨ ਦਾ ਆਹਰ ਵੀ ਕੀਤਾ ਜਿਸ ਨੂੰ ਪੰਜਾਬੀ ਪ੍ਰਚਾਰਕਾਂ ਨੇ ਖ਼ੂਬ ਸਲਾਹਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button