agriculturePunjabTop News

ਆਪ ਸਰਕਾਰ ਵੱਲੋਂ ਡੀਏ ਸਬੰਧੀ ਹੁਕਮਾਂ ਨੂੰ ਚੁਣੌਤੀ ਦੇਣ ‘ਤੇ ਵੜਿੰਗ ਨੇ ਨਿੰਦਾ ਕੀਤੀ

ਕਿਹਾ: ਇਸ ਨਾਲ ਆਪ ਦੇ ਮਜ਼ਦੂਰ ਹਿਤੈਸ਼ੀ ਹੋਣ ਬਾਰੇ ਦਾਅਵਿਆਂ ਦੀ ਪੋਲ ਖੁੱਲ੍ਹੀ

ਚੰਡੀਗੜ੍ਹ, 2 ਮਈ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦੇਣ ਦੀ ਨਿੰਦਾ ਕੀਤੀ ਹੈ, ਜਿਨ੍ਹਾਂ ਵਿੱਚ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਦੇ ਪੈਟਰਨ ਮੁਤਾਬਿਕ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ ਦੇਣ ਲਈ ਕਿਹਾ ਗਿਆ ਸੀ।

ਵੜਿੰਗ ਨੇ ਸੂਬਾ ਸਰਕਾਰ ਵੱਲੋਂ ਹੁਕਮਾਂ ਨੂੰ ਚੁਣੌਤੀ ਦੇਣ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ, ਕਿਹਾ ਕਿ ਇਸ ਨਾਲ ਆਪ ਦਾ ਦੋਗਲਾਪਣ ਅਤੇ ਪਾਖੰਡ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਨੇ ਮਜ਼ਦੂਰਾਂ ਦੇ ਨਾਮ ‘ਤੇ “ਵਿਸ਼ੇਸ਼ ਸੈਸ਼ਨ” ਬੁਲਾਇਆ ਅਤੇ ਦੂਜੇ ਹੀ ਦਿਨ ਸੂਬੇ ਦੇ ਲਗਭਗ 7 ਲੱਖ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਤੋਂ ਲਾਭ ਖੋਹੁਣ ਲਈ ਕਦਮ ਚੁੱਕ ਲਿਆ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਕਰਮਚਾਰੀਆਂ ਅਤੇ ਪੈਨਸ਼ਨਰਾਂ ਖ਼ਿਲਾਫ਼ ਕੋਈ ਨਕਾਰਾਤਮਕ ਹੁਕਮ ਆਉਂਦਾ ਹੈ, ਤਾਂ ਕਾਂਗਰਸ ਇਸ ਕੇਸ ਵਿੱਚ ਪੱਖਕਾਰ ਬਣੇਗੀ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ।

ਉਨ੍ਹਾਂ ਕਿਹਾ ਕਿ ਨਹੀਂ ਤਾਂ ਕੁਝ ਹੀ ਮਹੀਨਿਆਂ ਦੀ ਗੱਲ ਹੈ, ਜਦੋਂ ਆਪ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਬਣਾਏਗੀ, ਜਿਸ ਤੋਂ ਬਾਅਦ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਦੇ ਪੈਟਰਨ ਅਨੁਸਾਰ ਡੀਏ ਦਾ ਲਾਭ ਦਿੱਤਾ ਜਾਵੇਗਾ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਰਾਹਤ ਨਾ ਦੇਣ ਪਿੱਛੇ ਸਰਕਾਰ ਦਾ ਜ਼ਿੱਦੀ ਰਵੱਈਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਲਈ ਕੇਂਦਰ ਸਰਕਾਰ ਦੇ ਪੈਟਰਨ ਅਨੁਸਾਰ ਡੀਏ ਦੇਣਾ ਕੋਈ ਵੱਡੀ ਗੱਲ ਨਹੀਂ ਹੈ। ਇਸਦੇ ਉਲਟ ਆਪ ਸਰਕਾਰ ਗੈਰ-ਉਤਪਾਦਕ ਕੰਮਾਂ, ਜਿਵੇਂ ਇਸ਼ਤਿਹਾਰਾਂ ‘ਤੇ ਖੁੱਲ੍ਹ ਕੇ ਪੈਸਾ ਖਰਚ ਰਹੀ ਹੈ।

ਵੜਿੰਗ ਨੇ ਜ਼ੋਰ ਦਿੰਦਿਆਂ, ਕਿਹਾ ਕਿ ਆਪ ਸਰਕਾਰ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਤੋਂ ਵੀ ਮੁੱਕਰ ਗਈ ਹੈ। ਇਹ ਪੰਜਾਬ ਦੇ ਮਜ਼ਦੂਰ ਵਰਗ ਅਤੇ ਕਰਮਚਾਰੀਆਂ ਵਾਸਤੇ ਦੂਜਾ ਵੱਡਾ ਝਟਕਾ ਹੈ, ਜਿਹੜੇ ਅਸਲ ਵਿੱਚ ਸੂਬੇ ਦਾ ਪ੍ਰਬੰਧ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਦੇ ਕਰਮਚਾਰੀ ਹੀ ਰੋਜ਼ਾਨਾ ਫਾ ਅਧਾਰ ‘ਤੇ ਸਿਸਟਮ ਚਲਾ ਰਹੇ ਹਨ, ਨਹੀਂ ਤਾਂ ਸਭ ਕੁਝ ਢਹਿ ਜਾਂਦਾ। ਇਸਦੇ ਨਾਲ ਹੀ, ਉਨ੍ਹਾਂ ਨੇ ਮੌਜੂਦਾ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਯੋਗਦਾਨ ਦੀ ਵੀ ਸਰਾਹਨਾ ਕੀਤੀ।

ਇਸ ਦੌਰਾਨ ਆਪ ਦੀ ਕਥਨੀ ਤੇ ਕਰਨੀ ਵਿਚਲੇ ਫਰਕ ਨੂੰ ਉਜਾਗਰ ਕਰਦਿਆਂ, ਉਨ੍ਹਾਂ ਕਿਹਾ ਕਿ 1 ਮਈ ਨੂੰ ਮਜ਼ਦੂਰਾਂ ਦੇ ਸਨਮਾਨ ਵਿੱਚ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ ਅਤੇ 2 ਮਈ ਨੂੰ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦੇ ਦਿੱਤੀ ਗਈ ਹੈ, ਜਿਸ ਨਾਲ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਲਾਭ ਮਿਲਣਾ ਸੀ।

ਵੜਿੰਗ ਨੇ ਖੁਲਾਸਾ ਕੀਤਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਆਪ ਦਾ ਮਜ਼ਦੂਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਵਿਸ਼ੇਸ਼ ਸੈਸ਼ਨ ਸਿਰਫ਼ ਲੋਕਾਂ ਦਾ ਧਿਆਨ ਭਟਕਾਉਣ ਅਤੇ ਆਪਣੇ ਆਪ ਨੂੰ ਇਹ ਦਿਲਾਸਾ ਦੇਣ ਲਈ ਸੀ ਕਿ ਹਾਲਾਤ ਹਾਲੇ ਵੀ ਕਾਬੂ ਵਿੱਚ ਹਨ, ਜਦਕਿ ਇਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button