EDITORIAL

ਆਪਣੇ ਹੀ ਬਣੇ ਦੁਸ਼ਮਣ, ਪੰਜਾਬੀਆਂ ਵੱਲੋਂ ਪੰਜਾਬੀਆਂ ਦੀ ਲੁੱਟ

ਅਮਰਜੀਤ ਸਿੰਘ ਵੜੈਚ (94178-01988)

ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਵਿਦੇਸ਼ ਭੇਜਣ ਦੀਆਂ ਠੱਗੀਆਂ ਦੇ ਪੁਲਿਸ ਕੇਸ ਦਰਜ ਹੋ ਚੁੱਕੇ ਹਨ ਪਰ ਇਹ  ‘ਲੋਕ-ਲੋਟੂ’ ਧੰਦਾ ਦਹਾਕਿਆਂ ਤੋਂ ਸਰਕਾਰਾਂ ਦੀ ਨੱਕ ਹੇਠ ਸ਼ਰੇਆਮ ਫਿਰ ਵੀ ਚੱਲ ਰਿਹਾ ਹੈ । ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਏ(ਅੰਗ 141)  ਦੀ ਜੀਵਨ ਜਾਚ ਦੇਣ ਵਾਲ਼ੇ ਗੁਰੂ ਨਾਨਕ ਦੇ ‘ਪੈਰੋਕਾਰ’ ਪੰਜਾਬੀ ਆਪਣੇ ਹੀ ਲੋਕਾਂ ਨੂੰ ਲੁੱਟਣ ਲੱਗੇ ਹੋਏ ਹਨ ।

ਕੱਲ੍ਹ ਮੋਗਾ ਪੁਲਿਸ ਵੱਲੋਂ  ‘ਆਪ’ ਦੇ ਸਾਬਕਾ ਆਗੂ ਅਤੇ ਕਾਂਗਰਸ ਦੇ ਮੌਜੂਦਾ ਨੇਤਾ ਡਾ: ਆਸ਼ੂ ਬੰਗੜ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਕਥਿਤ ਜਾਅਲੀ ਦਸਤਾਵੇਜ਼ ਬਣਾਉਣ ਦੇ ਮਾਮਲੇ ਵਿੱਚ ਫੜਨ ਦੇ ਨਾਲ਼ ਜਿਥੇ ਇਸ ਧੰਦੇ ਵਿੱਚ ਰਾਜਨੀਤਕ ਪੁਸ਼ਤਪਨਾਹੀ ਦੇ ਸ਼ੱਕ ਪੱਕੇ ਹੋ ਰਹੇ ਹਨ ਉਥੇ ਨਾਲ ਦੀ ਨਾਲ ਇਹ ਵੀ ਚਿੰਤਾ ਦਾ ਵਿਸ਼ਾ ਗੰਭੀਰ ਹੋ ਰਿਹਾ ਹੈ ਕਿ ਪੰਜਾਬੀ, ਪੰਜਾਬੀਆਂ ਨੂੰ ਹੀ ਲੁੱਟਣ ਲੱਗੇ ਹੋਏ ਹਨ । ਆਸੂ ‘ਆਪ’ ਦੀ ਟਿਕਟ ਛੱਡਕੇ ਪਿਛਲੀਆਂ ਚੋਣਾਂ ‘ਚ ਕਾਂਗਰਸ ਦੀ ਟਿਕਟ ਤੋਂ ਫ਼ਿਰੋਜ਼ਪੁਰ(ਦਿਹਾਤੀ) ਤੋਂ ਅਸਫ਼ਲ ਚੋਣ ਲੜੇ ਸਨ । ਇਸ ਫੜੋ-ਫੜੀ ਦੇ ਰਾਜਨੀਤਿਕ ਅਰਥ ਵ‌ੀ ਹਨ ।

ਪੰਜਾਬ ਦੀ ਵਰਤਮਾਨ ਸਥਿਤੀ ਤੋਂ ਤੰਗ ਹੋਕੇ ਮਾਪੇ ਆਪਣੇ ਬੱਚਿਆਂ ਦੇ ‘ਸੁਪਨਮਈ ਸੁਨਿਹਰੇ’ ਭਵਿਖ ਲਈ ਅੱਕੀਂ-ਪਲ਼ਾਂਹੀ ਹੱਥ ਮਾਰ-ਮਾਰ ਕੇ ਪੈਸੇ ਇਕੱਠੇ ਕਰਦੇ ਹਨ ਤਾਂ ਕਿ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈੱਟ ਕੀਤਾ ਜਾ ਸਕੇ । ਉਨ੍ਹਾਂ ਮਾਪਿਆਂ ਦੇ ਸੁਪਨੇ ਉਦੋਂ ਚੂਰ-ਚੁਰ ਹੋ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਹ ਕਿਸੇ ਠੱਗ ਦੇ ਚੁੰਗਲ਼ ਵਿੱਚ ਫਸ ਗਏ ਹਨ ।

ਇਸੇ ਮਹੀਨੇ ਜਲੰਧਰ ਵਿੱਚ ਚਾਰ ਨਕਲੀ ਏਜੰਟਾਂ ਦੇ ਛਾਪੇ ਪਏ,ਪਿਛਲੇ ਵਰ੍ਹੇ ਲੁਧਿਆਣੇ ਵਿੱਚ ਕਈ ਕੇਸ ਹੋਏ ਅਤੇ ਪਿਛਲੇ ਮਹੀਨੇ ਚੰਡੀਗੜ੍ਹ ਵਿੱਚ 18 ਕੇਸ ਦਰਜ ਕੀਤੇ ਗਏ । ਸਾਲ 2003 ਵਿੱਚ ਪਟਿਆਲੇ ਦੇ ਪਿੰਡ ਨੂਰਖੇੜੀਆਂ ਦੇ ਕਿਸਾਨ ਬਲਬੀਰ ਸਿੰਘ ਨੇ ਗਾਇਕ ਦਲੇਰ ਮਹਿੰਦੀ ਅਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ ਵਿਰੁਧ ਇਸੇ ਤਰ੍ਹਾਂ ਦੇ ਕਥਿਤ ਧੋਖੇ ਦਾ ਕੇਸ ਦਰਜ ਕਰਵਾਇਆ ਸੀ ਜਿਸ ਵਿੱਚ ਪਟਿਆਲਾ ਪੁਲਿਸ ਨੇ ਗਾਇਕ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਅਤੇ 2018 ਵਿੱਚ ਪਟਿਆਲ਼ਾ ਦੀ ਕੋਰਟ ਨੇ ਉਸ ਨੂੰ ਦੋ ਸਾਲ ਦੀ ਸਜ਼ਾ ਵੀ ਸੁਣਾਈ ਸੀ । ਉਹ ਕੇਸ ਹੁਣ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਅਪੀਲ ਅਧੀਨ ਹੈ । ਇਸੇ ਤਰ੍ਹਾਂ ਪੰਜਾਬੀ ਗਾਇਕ ਪ੍ਰੀਤ ਬਰਾੜ  ‘ਤੇ ਵੀ 2018 ਵਿੱਚ ਕਥਿਤ ਧੋਖਾਧੜੀ ਦਾ ਮੁਹਾਲੀ ਪੁਲਿਸ ਨੇ ਕੇਸ ਦਰਜ ਕੀਤਾ ਸੀ ।

ਲੋਕਾਂ ਨਾਲ ਹੋ ਰਹੇ ਅਜਿਹੇ ਧੋਖਿਆਂ ਨੂੰ ਰੋਕਣ ਵਿੱਚ ਹੁਣ ਤੱਕ ਦੀ ਸਾਰੀਆਂ ਸਰਕਾਰਾਂ ਬੁਰੀ ਤਰ੍ਹਾਂ ਫ਼ੇਲ ਹੋਈਆਂ ਹਨ । ਪਹਿਲਾਂ ਸਿਰਫ਼ ਬਾਹਰ ਭੇਜਣ ਦੇ ਨਾਂ ‘ਤੇ ਧੋਖਾਧੜੀਆਂ ਹੁੰਦੀਆਂ ਸਨ ਤੇ ਹੁਣ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਦਾਖਲਿਆਂ ਦੇ ਨਾਂ ‘ਤੇ ਠੱਗੀਆਂ ਵੱਜ ਰਹੀਆਂ ਹਨ । ਵਿਦੇਸ਼ਾਂ ਵਿੱਚ ਦਾਖਲੇ ਲੈਣ ਲਈ ਇੰਗਲਿਸ਼ ਦੇ ‘IELTS’ ਆਈਐਲਟਸ ਦੇ ਇਮਤਿਹਾਨ ਲਈ ਵੀ ਹੁਣ ਲੱਖਾਂ ਰੁਪੱਈਏ ਹੜੱਪੇ ਜਾ ਰਹੇ ਹਨ । ਇਥੇ ਹੀ ਬੱਸ ਨਹੀਂ ਕਈ ‘ਪੰਜਾਬੀ’ ਕਨੇਡਾ,ਅਮਰੀਕਾ ਅਤੇ ਆਸਟਰੇਲੀਆ ਵਿੱਚ ਖ਼ੁਦ ਜਾਂ ਫਿਰ ਉਥੋਂ ਦੇ ਠੱਗਾਂ ਨਾਲ਼ ਮਿਲ਼ਕੇ ਨਕਲੀ ਕਾਲਜ ਚਲਾ ਰਹੇ ਹਨ ਅਤੇ ਭੋਲ਼ੇ-ਭਾਲ਼ੇ ਪੰਜਾਬੀਆਂ ਨੂੰ ਫ਼ਸਾਕੇ ਲੁੱਟਣ ਲੱਗੇ ਹੋਏ ਹਨ । ਜਦੋਂ ਇਸ ਤਰ੍ਹਾਂ ਦੇ ਮਾਮਲੇ ਅਦਾਲਤਾਂ ਦੀਆਂ  ਪੌੜੀਆਂ ਚੜ੍ਹ ਜਾਂਦੇ ਹਨ ਤਾਂ ਫਿਰ ਇਹ ਪੌੜੀਆਂ ਕਦੇ ਮੁਕਦੀਆਂ ਨਹੀਂ ।

ਹਰ ਇਸ ਤਰ੍ਹਾਂ ਦੇ ਵਿਦੇਸ਼ਾਂ ‘ਚ ਭੇਜਣ ਵਾਲ਼ੇ ੲਜੰਟਾਂ ਲਈ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਕੋਲ ਰਜਿਸਟਰ ਹੋਣਾ ਲਾਜ਼ਮੀ ਹੈ ਅਤੇ ਇਸ ਦੀ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਵੀ ਹੁੰਦ‌ੀ ਹੈ । ਕਿਸੇ ਨੇ ਵੀ ਜਦੋਂ ਏਜੰਟ ਰਾਹੀਂ ਵਿਦੇਸ਼ ਜਾਣਾ ਹੋਵੇ ਤਾ ਸੱਭ ਤੋਂ ਪਹਿਲਾਂ ਉਸ ਏਜੰਟ ਦੀ ਪੂਰੀ ਜਾਣਕਾਰੀ ਡਿਪਟੀ ਕਮਿਸ਼ਨਰ ਦੇ ਦਫ਼ਤਰ ‘ਚੋਂ ਹਾਸਿਲ ਕਰ ਲੈਣੀ ਚਾਹੀਦੀ ਹੈ । ਅੱਜ ਕੱਲ ਬਹੁਤੇ ਏਜੰਟ ਲੋਕਾਂ ਨੂੰ ਇਹ ਕਹਿਕੇ ਫ਼ਸਾ ਲੈਂਦੇ ਹਨ ਕਿ ਪੂਰੀ ਫ਼ੀਸ ਵੀਜ਼ਾ ਲੱਗਣ ਮਗਰੋਂ ਲਈ ਜਾਵੇਗੀ : ਲੋਕ ਇਸ ਝਾਂਸੇ ਵਿੱਚ ਆ ਜਾਂਦੇ ਹਨ ਪਰ ਉਨ੍ਹਾਂ ਨੂੰਇਹ ਪਤਾ ਨਹੀਂ ਹੁੰਦਾ ਕਿ ਇਹੋ ਜਿਹੇ ਕੁਝ ਠੱਗ ਏਜੰਟ ਤੁਹਾਡੇ ਪਾਸਪੋਰਟ ਸਮੇਤ ਸਾਰੇ ਦਸਤਾਵੇਜ਼ ਤਾਂਆਪਣੇ ਕਬਜ਼ੇ ‌ਵਿੱਚ ਪਹਿਲਾਂ ਕਰ ਲੈਂਦੇ ਹਨ ਜੋ ਫ਼ੀਸ ਨਾਲ਼ੋਂ ਕਈ ਗੁਣਾਂ ਮਹਿੰਗੇ ਹੁੰਦੇ ਹਨ । ਫਿਰ ਤੁਸੀਂ ਫ਼ੀਸ ਨਾ ਦਿਓਗੇ ਤਾ ਫ਼ਿਰ ਕੀ ਕਰੋਂਗੇ ।

ਹੁਣ ‘ਮਾਨ-ਸਰਕਾਰ’ ਵੱਲ ਲੋਕਾਂ ਦੀਆਂ ਨਿਗਾਹਾਂ ਹਨ ਜਿਸ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਅਜਿਹਾ ਮਾਹੌਲ ਤਿਆਰ ਕਰ ਦਿਤਾ ਜਾਵੇਗਾ ਕਿ ਲੋਕ ਬਾਹਰੋਂ ਵਾਪਸ ਪੰਜਾਬ ਆਉਣ ਲੱਗ ਜਾਣਗੇ ; ਉਹ ਦਿਨ ਤਾਂ ਹਾਲੇ ਬਹੁਤ ਦੂਰ ਹੈ ਮਾਨ ਸਾਹਿਬ, ਹਾਲੇ ਤਾਂ ਜੇਕਰ ਤੁਸੀਂ ਨਕਲੀ ਏਜੰਟਾਂ ‘ਤੇ ਨਕੇਲ ਹੀ ਪਾ ਲਵੋ ਤਾਂ ਪੰਜਾਬ ਤਹਾਡਾ ਰਿਣੀ ਰਹੇਗਾ । ਸਰਕਾਰ ਦੇ ਨਾਲ਼-ਨਾਲ ਲੋਕਾਂ ਨੂੰ ਵੀ ਸੁਚੇਤ ਹੋਣ ਅਤੇ ਦੂਜਿਆਂ ਨੂੰ ਸੁਚੇਤ ਕਰਨ ਦੀ ਸਖ਼ਤ ਜ਼ਰੂਰਤ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button