NationalTop News

ਅਹਿਮਦਾਬਾਦ ਵਿਖੇ ਹੋਏ ਭਿਆਨਕ ਜਹਾਜ਼ ਹਾਦਸੇ ਨੂੰ ਲੈ ਕੇ ਇੱਕ ਅਮਰੀਕੀ ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਕੀਤੇ ਹੈਰਾਨੀਜਨਕ ਦਾਅਵੇ

ਜੂਨ 2025 ਵਿੱਚ ਅਹਿਮਦਾਬਾਦ ਵਿਖੇ ਹੋਏ ਭਿਆਨਕ ਜਹਾਜ਼ ਹਾਦਸੇ ਨੂੰ ਲੈ ਕੇ ਇੱਕ ਅਮਰੀਕੀ ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਹੈਰਾਨੀਜਨਕ ਦਾਅਵੇ ਕੀਤੇ ਹਨ। ‘ਏਵੀਏਸ਼ਨ ਸੇਫਟੀ ਫਾਊਂਡੇਸ਼ਨ’ ਨੇ ਦੋਸ਼ ਲਾਇਆ ਹੈ ਕਿ ਇਸ ਹਾਦਸੇ ਦੀ ਜਾਂਚ ਦੌਰਾਨ ਘੋਰ ਲਾਪਰਵਾਹੀ ਵਰਤੀ ਗਈ ਅਤੇ ਕਈ ਮਹੱਤਵਪੂਰਨ ਦਸਤਾਵੇਜ਼ ਜਾਂਚਕਰਤਾਵਾਂ ਨੂੰ ਨਹੀਂ ਸੌਂਪੇ ਗਏ। ਜ਼ਿਕਰਯੋਗ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਲਗਭਗ 260 ਲੋਕਾਂ ਦੀ ਮੌਤ ਹੋ ਗਈ ਸੀ। ਫਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਐਡ ਪੀਅਰਸਨ ਨੇ ਜਾਂਚ ਟੀਮ ਨੂੰ ਭੇਜੀ ਇੱਕ ਈਮੇਲ ਵਿੱਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਜਿਹੇ ਗੁਪਤ ਦਸਤਾਵੇਜ਼ ਮਿਲੇ ਹਨ ਜੋ ਇਸ਼ਾਰਾ ਕਰਦੇ ਹਨ ਕਿ ਜਹਾਜ਼ ਵਿੱਚ ਬਿਜਲੀ ਦੀ ਖਰਾਬੀ (Electrical Failure) ਹੀ ਹਾਦਸੇ ਦਾ ਮੁੱਖ ਕਾਰਨ ਸੀ।

ਏਜੰਸੀ ਦੇ ਦਾਅਵੇ ਅਨੁਸਾਰ, ਹਾਦਸਾਗ੍ਰਸਤ ਬੋਇੰਗ 787 ਡ੍ਰੀਮਲਾਈਨਰ (ਰਜਿਸਟ੍ਰੇਸ਼ਨ VT-ANB) ਦਾ ਤਕਨੀਕੀ ਇਤਿਹਾਸ ਕਾਫੀ ਖਰਾਬ ਰਿਹਾ ਸੀ। ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਇਹ ਜਹਾਜ਼ ਲੰਬੇ ਸਮੇਂ ਤੋਂ ਬਿਜਲੀ ਪ੍ਰਣਾਲੀ ਦੀਆਂ ਸਮੱਸਿਆਵਾਂ, ਸ਼ਾਰਟ ਸਰਕਟ, ਵਾਇਰਿੰਗ ਵਿੱਚ ਨੁਕਸ ਅਤੇ ਧੂੰਆਂ ਨਿਕਲਣ ਵਰਗੀਆਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ।

ਪੀਅਰਸਨ ਨੇ ਖੁਲਾਸਾ ਕੀਤਾ ਕਿ ਬਿਜਲੀ ਦੀਆਂ ਇਨ੍ਹਾਂ ਖਰਾਬੀਆਂ ਕਾਰਨ ਇਸ ਜਹਾਜ਼ ਨੂੰ ਕਈ ਵਾਰ ਉਡਾਣ ਭਰਨ ਤੋਂ ਰੋਕ ਕੇ ਜ਼ਮੀਨ ‘ਤੇ ਵੀ ਰੱਖਿਆ ਗਿਆ ਸੀ।ਇਸ ਤੋਂ ਵੀ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜਹਾਜ਼ ਦੇ ਖੱਬੇ ਇੰਜਣ ਨੂੰ ਬਿਜਲੀ ਸਪਲਾਈ ਕਰਨ ਵਾਲੇ ‘P100 ਪਾਵਰ ਪੈਨਲ’ ਨੂੰ ਕਈ ਵਾਰ ਬਦਲਿਆ ਗਿਆ ਸੀ, ਪਰ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਗਿਆ। ਅਮਰੀਕੀ ਏਜੰਸੀ ਦਾ ਕਹਿਣਾ ਹੈ ਕਿ ਜਹਾਜ਼ ਨੂੰ ਵੱਡੇ ਪੱਧਰ ‘ਤੇ ਡਿਜ਼ਾਈਨ ਸੋਧਾਂ ਅਤੇ ਸਾਫਟਵੇਅਰ ਸੁਰੱਖਿਆ ਅੱਪਡੇਟ ਦੀ ਲੋੜ ਸੀ, ਜਿਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਜਾਂਚ ਦਸਤਾਵੇਜ਼ਾਂ ਨੂੰ ਛੁਪਾਉਣ ਦੇ ਇਨ੍ਹਾਂ ਇਲਜ਼ਾਮਾਂ ਨੇ ਹੁਣ ਭਾਰਤੀ ਹਵਾਬਾਜ਼ੀ ਸੁਰੱਖਿਆ ਅਤੇ ਜਾਂਚ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।”,

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button