Breaking NewsD5 specialNewsPunjabTop News

‘ਅਤਿ-ਆਧੁਨਿਕ ਕੈਂਸਰ ਕੇਅਰ ਸੇਵਾਵਾਂ ਨਵੰਬਰ, 2021 ਤੋਂ ਮੁਹੱਈਆ ਕਰਵਾਈਆਂ ਜਾਣਗੀਆਂ’

ਮੁੱਖ ਸਕੱਤਰ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਨਿਊ ਚੰਡੀਗੜ੍ਹ ਵਿਖੇ ਨਿਰਮਾਣ ਸਥਾਨ ਦਾ ਦੌਰਾ ਕਰਕੇ ਪ੍ਰਗਤੀ ਦੀ ਕੀਤੀ ਸਮੀਖਿਆ
ਕਿਹਾ, 664 ਕਰੋੜ ਰੁਪਏ ਦੀ ਲਾਗਤ ਵਾਲੀ 300 ਬੈੱਡਾਂ ਵਾਲੀ ਇਹ ਅਤਿ-ਆਧੁਨਿਕ ਸਹੂਲਤ ਤੀਜੇ ਦਰਜੇ ਦੇ ਕੇਅਰ ਸੈਂਟਰ ਵਜੋਂ ਉੱਤਰੀ ਖੇਤਰ ਦੇ ਕੈਂਸਰ ਦੇ ਮਰੀਜ਼ਾਂ ਦੀਆਂ ਲੋੜਾਂ ਦੀ ਕਰੇਗੀ ਪੂਰਤੀ 
65,000 ਕੈਂਸਰ ਮਰੀਜ਼ਾਂ ਨੂੰ ਨਕਦ ਰਹਿਤ ਇਲਾਜ ਮੁਹੱਈਆ ਕਰਵਾਇਆ 
ਚੰਡੀਗੜ੍ਹ : ਨਿਊ ਚੰਡੀਗੜ੍ਹ (ਮੋਹਾਲੀ) ਵਿਖੇ ਮੈਡੀਸਿਟੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਭਰੋਸਾ ਦਵਾਇਆ ਕਿ ਇਸ ਅਤਿ-ਆਧੁਨਿਕ ਕੈਂਸਰ ਟਰਸ਼ਰੀ ਕੇਅਰ ਸਹੂਲਤਾਂ ਨੂੰ ਇਸ ਸਾਲ ਨਵੰਬਰ ਤੋਂ ਕਾਰਜਸ਼ੀਲ ਕੀਤਾ ਜਾਵੇਗਾ। ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਇਸ ਵੱਕਾਰੀ ਪ੍ਰੋਜੈਕਟ ਦੇ ਜਲਦ ਉਦਘਾਟਨ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਨਿਰਮਾਣ ਸਥਾਨ ‘ਤੇ ਦੌਰੇ ਦੌਰਾਨ ਸ੍ਰੀਮਤੀ ਮਹਾਜਨ ਨੂੰ ਦੱਸਿਆ ਗਿਆ ਕਿ ਚਿਰਕੋਣੀ ਉਡੀਕ ਵਾਲਾ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਮੁਕੰਮਲ ਹੋਣ ਕੰਢੇ ਹੈ। ਇਸ ਮਹੱਤਵਪੂਰਨ ਸਿਹਤ ਸੰਭਾਲ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ 300 ਬੈੱਡਾਂ ਵਾਲਾ ਇਹ ਅਤਿ-ਆਧੁਨਿਕ ਹਸਪਤਾਲ ਸਮੁੱਚੇ ਉੱਤਰੀ ਖੇਤਰ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ, ਲਈ ਤੀਜੇ ਦਰਜੇ ਦੀਆਂ ਸੇਵਾਵਾਂ ਲਈ ਸੈਂਟਰ ਵਜੋਂ ਕੰਮ ਕਰੇਗਾ।
ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਰੇਡੀਓਥੈਰੇਪੀ, ਰੇਡੀਓਲੌਜੀ, ਸੀਟੀ ਸਕੈਨ, ਐਮਆਰਆਈ, ਅਲਟਰਾਸਾਊਂਡ, ਐਕਸ-ਰੇ, ਮੈਮੋਗ੍ਰਾਫੀ, ਮੈਡੀਕਲ ਓਨਕੋਲੋਜੀ, ਕੀਮੋਥੈਰੇਪੀ, ਡੇ-ਕੇਅਰ ਵਾਰਡ, ਪੈਥੋਲੋਜੀ ਅਤੇ ਲੈਬ ਸਹੂਲਤਾਂ, ਮਾਈਨਰ ਓਟੀ, ਓਪੀਡੀ ਸੇਵਾਵਾਂ ਸ਼ੁਰੂ ਕਰਨ ਤੋਂ ਇਲਾਵਾ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪੈਲੀਏਟਿਵ ਕੇਅਰ ਪ੍ਰੀਵੇਂਟਿਵ ਓਨਕੋਲੋਜੀ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾਂ ਅੱਗੇ ਦੱਸਿਆ ਕਿ ਇਹ ਸਹੂਲਤਾਂ ਇਸੇ ਸਾਲ ਨਵੰਬਰ ਤੋਂ ਮਰੀਜਾਂ ਲਈ ਉਪਲਬਧ ਹੋਣਗੀਆਂ। ਹਸਪਤਾਲ ਦੇ ਨਿਰਮਾਣ ਸਥਾਨ ‘ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਪਣੇ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੁੱਖ ਮੰਤਰੀ ਇਸ ਕੇਂਦਰ ਨੂੰ ਲੋਕਾਂ ਲਈ ਜਲਦ ਤੋਂ ਜਲਦ ਉਪਲਬਧ ਕਰਾਉਣ ਦੀ ਇੱਛਾ ਰੱਖਦੇ ਹਨ।
ਮੁੱਖ ਸਕੱਤਰ ਨੇ ਕਿਹਾ ਕਿ ਪ੍ਰਮਾਣੂ ਊਰਜਾ ਵਿਭਾਗ ਅਧੀਨ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੀ ਇਕ ਇਕਾਈ 663.74 ਕਰੋੜ ਰੁਪਏ ਦੀ ਮਨਜ਼ੂਰਸ਼ੁਦਾ ਲਾਗਤ ਨਾਲ 40,545 ਵਰਗ ਮੀਟਰ ਖੇਤਰ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਲਈ 50 ਏਕੜ ਜ਼ਮੀਨ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਈ ਗਈ ਹੈ। ਸ੍ਰੀਮਤੀ ਮਹਾਜਨ ਨੇ ਕਿਹਾ ਕਿ ਕੈਂਸਰ ਕੇਅਰ ਸੈਂਟਰ ਅਤਿ-ਆਧੁਨਿਕ ਡਾਇਗਨੌਸਟਿਕ ਅਤੇ ਇਲਾਜ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਵਿੱਚ ਟੂ ਲੀਨੀਅਰ ਐਕਸੀਲੇਟਰ, ਬ੍ਰੈਕੀਥੈਰੇਪੀ, ਪੀਈਸੀਟੀ ਸੀਟੀ, ਬੋਨ ਮੈਰੋ ਟ੍ਰਾਂਸਪਲਾਂਟ (ਬੀਐਮਟੀ), ਸੀਟੀ ਸਿਮੂਲੇਟਰ, ਐਮਆਰ ਸਿਮੂਲੇਟਰ, ਇੰਟਰਵੈਂਸ਼ਨਲ ਰੇਡੀਓਲੋਜੀ ਅਤੇ ਸਰਜੀਕਲ ਸਹੂਲਤਾਂ ਦੇ ਨਾਲ ਨਲ ਡੇ-ਕੇਅਰ ਸੈਂਟਰ, ਆਈ.ਸੀ.ਯੂ. ਅਤੇ ਰਿਕਵਰੀ ਯੂਨਿਟਸ ਸ਼ਾਮਲ ਹਨ।ਉਹਨਾਂ ਦੱਸਿਆ ਕਿ ਇਲੈਕਟ੍ਰਾਨਿਕ ਮੈਡੀਕਲ ਰਿਕਾਰਡਾਂ ਦੀ ਸਹੂਲਤ ਵਾਲਾ ਇਹ ਹਸਪਤਾਲ ਪੂਰੀ ਤਰ੍ਹਾਂ ਆਈਟੀ ਅਧਾਰਤ ਹੋਵੇਗਾ। ਉਹਨਾਂ ਅੱਗੇ ਦੱਸਿਆ ਕਿ ਇਹ ਦੇਸ਼ ਭਰ ਵਿੱਚ ਸਥਿਤ ਸਾਰੇ ਟਾਟਾ ਮੈਮੋਰੀਅਲ ਸੈਂਟਰਾਂ ਨਾਲ ਵੀ ਜੁੜਿਆ ਹੋਵੇਗਾ। ਇਹ ਇਸ ਖੇਤਰ ਦੇ ਮਰੀਜ਼ਾਂ ਨੂੰ ਡਿਸੀਜ਼ ਮੈਨੇਜਮੈਂਟ ਗੁਰੱਪਸ (ਡੀਐਮਜੀ) ਅਧੀਨ ਵੱਖ-ਵੱਖ ਕਿਸਮਾਂ ਦੀਆਂ ਕੈਂਸਰ ਬਿਮਾਰੀਆਂ ਦੇ ਪ੍ਰਬੰਧਨ ਲਈ ਆਨਲਾਈਨ ਸੁਪਰ-ਸਪੈਸ਼ਲਿਟੀ ਕੰਸਲਟੇਸ਼ਨ ਲੈਣ ਵਿੱਚ ਸਹਾਇਤਾ ਕਰੇਗਾ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਲਈ ਰਿਹਾਇਸ਼ੀ ਹੋਸਟਲ ਅਤੇ ਫੈਕਲਟੀ ਲਈ ਰਿਹਾਇਸ਼ ਦੀ ਸਹੂਲਤ ਤੋਂ ਇਲਾਵਾ, ਹਸਪਤਾਲ ਵਿੱਚ ਵਿਸ਼ੇਸ਼ ਤੌਰ ‘ਤੇ ਬਣਾਈ ਗਈ ਧਰਮਸ਼ਾਲਾ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਠਹਿਰਨ ਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਦੇ ਮਾਲਵਾ ਖੇਤਰ ਵਿੱਚ ਸੰਗਰੂਰ ਅਤੇ ਬਠਿੰਡਾ ਵਿਖੇ ਦੋ ਅਤਿ ਆਧੁਨਿਕ ਕੈਂਸਰ ਹਸਪਤਾਲ ਪਹਿਲਾਂ ਹੀ ਕਾਰਜਸ਼ੀਲ ਹਨ। ਸੰਗਰੂਰ ਦੇ ਹੋਮੀ ਭਾਭਾ ਕੈਂਸਰ ਹਸਪਤਾਲ ਵਿੱਚ ਹੁਣ ਤੱਕ 23,000 ਤੋਂ ਵੱਧ ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਜਦਕਿ ਬਠਿੰਡਾ ਦੇ ਐਡਵਾਂਸ ਕੈਂਸਰ ਡਾਇਗਨੋਸਿਸ, ਟ੍ਰੀਟਮੈਂਟ ਐਂਡ ਰਿਸਰਚ ਸੈਂਟਰ ਵਿੱਚ ਹੁਣ ਤੱਕ 2500 ਤੋਂ ਵੱਧ ਕੈਂਸਰ ਦੇ ਮਰੀਜਾਂ ਦਾ ਇਲਾਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੈਂਸਰ ਦੇ ਇਲਾਜ ਦੀਆਂ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਫਾਜ਼ਿਲਕਾ ਵਿੱਚ ਇੱਕ ਤੀਜੇ ਦਰਜੇ ਦਾ ਕੈਂਸਰ ਕੇਅਰ ਸੈਂਟਰ ਵੀ ਸਥਾਪਤ ਕੀਤਾ ਜਾ ਰਿਹਾ ਹੈ। ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਇਸ ਸੈਂਟਰ ਸਬੰਧੀ ਮੁੱਖ ਸਿਵਲ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਅਗਲੇ ਸਾਲ ਇਸ ਦੇ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸੂਬੇ ਦੇ ਵੱਖ -ਵੱਖ ਕੈਂਸਰ ਹਸਪਤਾਲਾਂ ਵਿੱਚ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ 65,000 ਤੋਂ ਵੱਧ ਕੈਂਸਰ ਮਰੀਜ਼ਾਂ ਨੂੰ ਨਕਦ ਰਹਿਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਇਹ ਪ੍ਰੋਜੈਕਟ ਮੁਕੰਮਲ ਹੋਣ ‘ਤੇ ਨਾ ਸਿਰਫ ਇਸ ਖੇਤਰ ਲਈ ਸਿਹਤ ਸਹੂਲਤਾਂ ਨੂੰ ਪਹੁੰਚਯੋਗ ਬਣਾਏਗਾ ਬਲਕਿ ਮੈਡੀਕਲ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਵਿੱਚ ਵੀ ਸਹਾਇਤਾ ਕਰੇਗਾ ਕਿਉਂਕਿ ਸੂਬਾ ਸਰਕਾਰ ਵੱਖ-ਵੱਖ ਪਹਿਲਕਦਮੀਆਂ ਰਾਹੀਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਨੂੰ ਮੈਡੀਕਲ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਮੈਡੀਸਿਟੀ ਨਿਊ ਚੰਡੀਗੜ੍ਹ ਵਿੱਚ ਪੀਜੀਆਈ, ਚੰਡੀਗੜ੍ਹ ਦੇ ਨਜ਼ਦੀਕੀ ਖੇਤਰ ਵਿੱਚ 250 ਏਕੜ ਵਿੱਚ ਫੈਲੀ ਹੋਈ ਹੈ ਜਿਸ ਵਿੱਚ ਮਲਟੀ-ਸਪੈਸ਼ਲਿਟੀ ਅਤੇ ਸੁਪਰ-ਸਪੈਸ਼ਲਿਟੀ ਹਸਪਤਾਲ, ਮੈਡੀਕਲ ਖੋਜ ਸੰਸਥਾਵਾਂ ਅਤੇ ਡਾਕਟਰਾਂ ਅਤੇ ਹੋਰ ਸਟਾਫ਼ ਲਈ ਰਿਹਾਇਸ਼ ਸਹੂਲਤਾਂ ਸ਼ਾਮਲ ਹਨ। ਇਸ ਦੌਰੇ ਦੌਰਾਨ ਮੁੱਖ ਸਕੱਤਰ ਨਾਲ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ, ਡਾਇਰੈਕਟਰ ਟਾਟਾ ਮੈਮੋਰੀਅਲ ਸੈਂਟਰ, ਮੁੰਬਈ ਡਾ. ਆਰ.ਏ. ਬਡਵੇ, ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ, ਡਾਇਰੈਕਟਰ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਨਿਊ ਚੰਡੀਗੜ੍ਹ ਡਾ. ਰਾਕੇਸ਼ ਕਪੂਰ, ਅਫ਼ਸਰ ਇੰਚਾਰਜ ਐਚ.ਬੀ.ਸੀ.ਐਚ. ਐਂਡ ਆਰ.ਸੀ., ਨਿਊ ਚੰਡੀਗੜ੍ਹ ਡਾ. ਆਸ਼ੀਸ਼ ਗੁਲੀਆ ਮੌਜੂਦ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button