NewsBreaking NewsD5 specialPoliticsPunjab

ਅਕਾਲੀ ਦਲ ਨੇ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਬਹੁ-ਕਰੋੜੀ ਬੀਜ ਘੁਟਾਲੇ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਬਹੁ-ਕਰੋੜੀ ਬੀਜ ਘੁਟਾਲੇ ਲਈ ਜ਼ਿੰਮੇਵਾਰ ਸਾਰੇ ਦੋਸ਼ੀਆਂ ਦੀ ਤੁਰੰਤ ਗਿਰਫ਼ਤਾਰੀ ਦੀ ਮੰਗ ਕੀਤੀ ਅਤੇ ਕਿਹਾ ਕਿ ਕਿਸੇ ਕੇਦਂਰੀ ਏਜੰਸੀ ਜਾਂ ਹਾਈ ਕੋਰਟ ਦੀ ਨਿਗਰਾਨੀ ਵਾਲੀ ਇੱਕ ਸੁਤੰਤਰ ਜਾਂਚ ਹੀ ਉਸ ਅੰਨਦਾਤਾ ਨੂੰ ਇਨਸਾਫ ਦੇ ਸਕਦੀ ਹੈ, ਜਿਸ ਦੀ ਰੋਜ਼ੀਰੋਟੀ ਨੂੰ ਦਾਅ ਉੱਤੇ ਲਾ ਦਿੱਤਾ ਗਿਆ ਹੈ।ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਸਾਂਸਦਾਂ, ਸਾਬਕਾ ਸਾਂਸਦਾਂ, ਵਿਧਾਇਕਾਂ, ਹਲਕਾ ਪ੍ਰਤੀਨਿਧੀਆਂ ਅਤ ਸੀਨੀਅਰ ਆਗੂਆਂ ਦੀ ਅਗਵਾਈ ਵਿਚ ਅੱਗੇ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਤਕ ਪਹੁੰਚਾਉਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਦਿਆਂ ਅਕਾਲੀ ਦਲ ਨੇ ਮੰਗ ਕੀਤੀ ਕਿ ਜਿਹਨਾਂ ਨੂੰ ਕਿਸਾਨਾਂ ਨੂੰ ਠੱਗਿਆ ਗਿਆ ਹੈ, ਉਹਨਾਂ ਦੀ ਜ਼ਿਲ੍ਹਵਾਰ ਪਹਿਚਾਣ ਕਰਕੇ ਉਹਨਾਂ ਨੂੰ ਵਿੱਤੀ ਮੁਆਵਜ਼ਾ ਦੇਣਾ ਚਾਹੀਦਾ ਹੈ।

ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਕੋਰ ਕਮੇਟੀ ਵੱਲੋਂ ਲਏ ਫੈਸਲੇ ਤੋਂ ਬਾਅਦ ਪਾਰਟੀ ਆਗੂਆਂ ਨੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਮੰਗ ਪੱਤਰ ਦੇਣ ਦਾ ਇਹ ਕਦਮ ਚੁੱਕਿਆ। ਉਹਨਾਂ ਸਰਕਾਰ ਵੱਲੋਂ ਇਸ ਕੇਸ ਦੀ ਵਿਜੀਲੈਂਸ ਤੋਂ ਜਾਂਚ ਕਰਵਾ ਕੇ ਮਾਮਲੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਰ ਵਿਖੇ ਮੀਡੀਆ ਨੂੰ ਸੰਬੋਧਂਨ ਕਰਦਿਆਂ ਕਿਹਾ ਕਿ ਵਿਜੀਲੈਂਸ ਵਿਭਾਗ ਕੋਲੋਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਖ਼ਿਲਾਫ ਕਾਰਵਾਈ ਕਾਰਵਾਈ ਕਰਨ ਦੀ ਉਮੀਦ ਨਹੀਂ ਹੈ, ਜੋ ਕਿ ਇਸ ਕੇਸ ਦੇ ਮੁੱਖ ਦੋਸ਼ੀ ਦੀ ਪੁਸ਼ਤਪਨਾਹੀ ਕਰਨ ਅਤੇ ਦੋਸ਼ੀ ਦੀ ਕੰਪਨੀ ਕਰਨਾਲ ਐਗਰੀ ਸੀਡਜ਼ ਦਾ ਇੱਕ ਬੇਨਾਮੀ ਭਾਈਵਾਲ ਹੋਣ ਦਾ ਦੋਸ਼ੀ ਹੈ।

ਉਹਨਾਂ ਕਿਹਾ ਕਿ ਇਸ ਕੰਪਨੀ ਜਿਸ ਦਾ ਮਾਲਕ ਲੱਕੀ ਢਿੱਲੋਂ ਹੈ, ਨੇ ਬਰੀਡਰ ਬੀਜਾਂ ਪੀਆਰ -128 ਅਤੇ ਪੀਆਰ-129 ਦਾ ਨਕਲੀ ਉਤਪਾਦਨ ਕਰਕੇ ਇੱਕ ਵੱਡਾ ਬੀਜ ਘੁਟਾਲਾ ਕੀਤਾ ਹੈ। ਇੱਥੋਂ ਤਕ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵੀ ਬਾਅਦ ਵਿਚ ਇਹ ਬੀਜ ਬਹੁਤ ਥੋੜ੍ਹੀ ਮਾਤਰਾ ਵਿਚ ਕਿਸਾਨਾਂ ਨੂੰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਰੰਧਾਵਾ ਨੇ ਇਸ ਕੰਪਨੀ ਦੀਆਂ ਬਿਲ ਬੁੱਕਾਂ ਵਿਖਾ ਕੇ ਕਰਨਾਲ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਦੀ ਤਰਫ਼ਦਾਰੀ ਕੀਤੀ ਹੈ, ਉਸ ਤੋਂ ਸਾਬਿਤ ਹੋ ਗਿਆ ਕਿ ਦੋਵੇਂ ਅੰਦਰਖਾਤੇ ਆਪਸ ਵਿਚ ਮਿਲੇ ਹੋਏ ਹਨ। ਉਹਨਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਵਿਜੀਲੈਂਸ ਵਿਭਾਗ ਦੁਆਰਾ ਕੀਤੀ ਜਾਂਚ ਕੋਈ ਮਾਅਨੇ ਨਹੀਂ ਰੱਖਦੀ।

ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਸਾਂਸਦ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਸ ਬੀਜ ਘੁਟਾਲੇ ਦੇ ਦੋਸ਼ੀ ਕਿਸਾਨਾਂ ਦੀ ਜ਼ਿੰਦਗੀਆਂ ਨਾਲ ਖੇਡੇ ਹਨ। ਜੇਕਰ ਜਲਦੀ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਹੋਰ ਬਹੁਤ ਸਾਰੇ ਕਿਸਾਨ ਆਰਥਿਕ ਤਬਾਹੀ ਅਤੇ ਸੰਭਾਵੀ ਖੁਦਕੁਸ਼ੀਆਂ ਵੱਲ ਧੱਕੇ ਜਾ ਸਕਦੇ ਹਨ। ਰੋਪੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਕਲੀ ਬੀਜਾਂ ਦੇ ਉਤਪਾਦਕ ਲੱਕੀ ਢਿੱਲੋਂ ਦੀ ਹਿਰਾਸਤੀ ਪੁੱਛਗਿੱਛ ਹੀ ਇਸ ਸਮੁੱਚੇ ਘੁਟਾਲੇ ਦੀਆਂ ਪਰਤਾਂ ਖੋਲ੍ਹ ਸਕਦੀ ਹੈ, ਕਿਉਂਕਿ ਸਾਰੇ ਵੱਡੇ ਘਪਲੇਬਾਜ਼ਾਂ ਨੂੰ ਸਬੂਤ ਮਿਟਾਉਣ ਅਤੇ ਝੂਠੇ ਰਿਕਾਰਡ ਤਿਆਰ ਕਰਨ ਲਈ 15 ਦਿਨ ਤੋਂ ਵੱਧ ਦਾ ਸਮਾਂ ਦੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇੱਕ ਸੁਤੰਤਰ ਜਾਂਚ ਹੀ ਇਹ ਪਰਦਾਫਾਸ਼ ਕਰੇਗੀ ਕਿ ਦੋਸ਼ੀ ਨੇ ਵੱਡੀ ਮਾਤਰਾ ਵਿਚ ਨਕਲੀ ਬੀਜਾਂ ਦਾ ਉਤਪਾਦਨ ਕਿਵੇਂ ਕੀਤਾ।

ਉਹਨਾਂ ਕਿਹਾ ਕਿ ਇਸ ਘੁਟਾਲੇ ਦੀਆਂ ਜੜ੍ਹਾਂ ਅੰਤਰਰਾਜੀ ਹੋਣ ਕਰਕੇ ਇਸ ਦੀ ਇੱਕ ਉੱਚ-ਪੱਧਰੀ ਜਾਂਚ ਕਰਵਾਉਣੀ ਬਹੁਤ ਜਰੂਰੀ ਹੈ।ਲੁਧਿਆਣਾ ਵਿਖੇ ਬੋਲਦਿਆਂ ਸੀਨੀਅਰ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਦੋਸ਼ੀ ਦਾ ਦੁਆਰਾ ਇਸ ਮਾਮਲੇ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦਾ ਧਿਆਨ ਕਿਸਾਨਾਂ ਦੇ ਕੀਤੇ ਨੁਕਸਾਨ ਵੱਲ ਹੈ, ਜਿਹਨਾਂ ਨੂੰ ਘਪਲੇਬਾਜ਼ਾਂ ਨੇ 70 ਰੁਪਏ ਪ੍ਰਤੀ ਕਿਲੋ ਵਾਲਾ ਬੀਜ 200 ਰੁਪਏ ਪ੍ਰਤੀ ਕਿਲੋ ਵੇਚ ਕੇ ਦੋਵੇਂ ਹੱਥੀਂ ਲੁੱਟਿਆ ਹੈ।

ਮੁਹਾਲੀ ਵਿਖੇ ਇਸ ਮੁੱਦੇ ਉਤੇ ਬੋਲਦਿਆਂ ਪਾਰਟੀ ਆਗੂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਬੇਸ਼ੱਕ ਇਸ ਬਾਰੇ 11 ਮਈ ਨੂੰ ਐਫਆਈਆਰ ਦਰਜ ਹੋ ਗਈ ਸੀ, ਪਰ ਸੂਬੇ ਦੀ ਪੁਲਿਸ ਨੇ ਸ਼ੱਕੀਆਂ ਖ਼ਿਲਾਫ ਕਾਰਵਾਈ ਤੋਂ ਪੈਰ ਪਿੱਛੇ ਖਿੱਚ ਲਏ ਅਤੇ ਘੁਟਾਲੇ ਦੇ ਮੁੱਖ ਦੋਸ਼ੀ ਨੂੰ ਪ੍ਰੈਸ ਕਾਨਫਰੰਸ ਕਰਨ ਤੋਂ ਵੀ ਨਹੀਂ ਰੋਕਿਆ। ਉਹਨਾਂ ਕਿਹਾ ਕਿ ਇਹ ਸਭ ਸਿਆਸੀ ਆਕਾਵਾਂ ਦੀ ਸ਼ਹਿ ਉੱਤੇ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਸਰਕਾਰ ਸੂਬੇ ਦੀ ਅਰਥ ਵਿਵਸਥਾ ਦੀ ਜੀਵਨ ਰੇਖਾ ਵਜੋਂ ਜਾਣੇ ਜਾਂਦੇ ਕਿਸਾਨਾਂ ਦੀ ਕੀਮਤ ਉਤੇ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ।

ਇਸ ਦੌਰਾਨ ਮੰਗ ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੀ ਇੱਕ ਸੁਤੰਤਰ ਜਾਂਚ ਕਰਵਾਈ ਜਾਵੇ, ਜਿਸ ਤਹਿਤ ਪਿਛਲੇ ਤਿੰਨ ਸਾਲਾਂ ਦੌਰਾਨ 3600 ਕਰੋੜ ਰੁਪਏ ਦਾ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਅਤੇ 2000 ਕਰੋੜ ਰੁਪਏ ਦਾ ਘੁਟਾਲਾ ਨਜਾਇਜ਼ ਸ਼ਰਾਬ ਦੀ ਵਿਕਰੀ ਅਤੇ ਕਾਂਗਰਸੀ ਵਿਧਾਇਕਾਂ ਦੇ ਖਾਸ ਬੰਦਿਆਂ ਦੀਆਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਵਿਚੋਂ ਵੇਚੀ ਗਈ ਸ਼ਰਾਬ ਅਤੇ ਈਐਨਏ ਰਾਹੀਂ ਕੀਤਾ ਗਿਆ। ਮੰਗ ਪੱਤਰ ਵਿਚ ਇਹ ਵੀ ਦੱਸਿਆ ਕਿ ਸਰਕਾਰ ਨੇ ਕਾਂਗਰਸੀਆਂ ਦੀ ਅਗਵਾਈ ਵਾਲੇ ਮਾਈਨਿੰਗ ਠੇਕੇਦਾਰਾਂ ਨੂੰ ਮਹੀਨਾਵਾਰ ਟੈਕਸ ਵਜੋਂ 26 ਕਰੋੜ ਰੁਪਏ ਦੀ ਬਜਾਇ 4.85 ਕਰੋੜ ਜਮ੍ਹਾਂ ਕਰਾਉਣ ਦੀ ਆਗਿਆ ਦੇ ਕੇ ਬੇਲੋੜੀ ਛੋਟ ਦਿੱਤੀ ਹੈ। ਮੰਗ ਪੱਤਰ ਵਿਚ ਕੇਂਦਰ ਵੱਲੋਂ ਸੂਬੇ ਨੂੰ ਭੇਜੀ ਗਈ ਖੁਰਾਕ ਰਾਹਤ ਸਮੱਗਰੀ ਵਿਚ ਹੋਏ ਘਪਲੇ ਦੀ ਵੀ ਜਾਂਚ ਦੀ ਮੰਗ ਕੀਤੀ।

ਅਕਾਲੀ ਆਗੂਆਂ ਨੇ ਕਾਂਗਰਸ ਸਰਕਾਰ ਦੇ ਕਿਸਾਨਾਂ ਲਈ ਮੁਫਤ ਬਿਜਲੀ ਦੀ ਸਹੂਲਤ ਖ਼ਤਮ ਕਰਨ ਦੇ ਫੈਸਲੇ ਦੀ ਵੀ ਨਿਖੇਧੀ ਕੀਤੀ, ਜੋ ਕਿ ਉਹਨਾਂ ਨੂੰ 1997 ਵਿਚ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਗਈ ਸੀ। ਉੇਹਨਾਂ ਕਿਹਾ ਕਿ ਸਰਕਾਰ ਦੀ ਬਦਲੇ ਵਿਚ ਸਿੱਧਾ ਲਾਭ ਤਬਾਦਲਾ (ਡੀਬੀਟੀ) ਦੇਣ ਦੀ ਪੇਸ਼ਕਸ਼ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਸਰਕਾਰ ਸਮਾਜ ਦੇ ਸਾਰੇ ਵਰਗਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਚੁੱਕੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਖ਼ਤਮ ਕਰਨ ਦਾ ਡਟ ਕੇ ਵਿਰੋਧ ਕਰਨਗੇ।

ਅੰਮ੍ਰਿਤਸਰ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਵੀਰ ਸਿੰਘ ਲੋਪੋਕੇ, ਗੁਲਜ਼ਾਰ ਸਿੰਘ ਰਣੀਕੇ ਅਤੇ ਬੋਨੀ ਅਜਨਾਲਾ ਸਮੇਤ ਇਹ ਮੰਗ ਪੱਤਰ ਦਿੱਤਾ। ਗੁਰਦਾਸਪੁਰ ਵਿਚ ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿਂੰਘ ਲੋਧੀਨੰਗਲ, ਅਤੇ ਰਵੀਕਰਨ ਕਾਹਲੋਂ ਨੇ ਅਕਾਲੀ ਵਫ਼ਦ ਦੀ ਅਗਵਾਈ ਕੀਤੀ। ਫਿਰੋਜ਼ਪੁਰ ਵਿਚ ਅਵਤਾਰ ਸਿੰਘ ਜ਼ੀਰਾ, ਵਰਿੰਂਦਰ ਸਿੰਘ ਮਾਨ ਅਤੇ ਜੋਗਿੰਦਰ ਜਿੰਦੂ ਨੇ ਵਫ਼ਦ ਦੀ ਅਗਵਾਈ ਕੀਤੀ। ਕਪੂਰਥਲਾ ਵਿਚ ਡਾਕਟਰ ਉਪਿੰਦਰਜੀਤ ਕੌਰ ਅਤੇ ਬੀਬੀ ਜਗੀਰ ਕੌਰ ਨੇ ਵਫ਼ਦ ਦੀ ਅਗਵਾਈ ਕੀਤੀ। ਲੁਧਿਆਣਾ ਵਿਚ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਇਆਲੀ ਅਤੇ ਰਣਜੀਤ ਸਿੰਘ ਢਿੱਲੋਂ ਨੇ ਮੰਗ ਪੱਤਰ ਦਿੱਤਾ। ਮੋਗਾ ਵਿਚ ਤੀਰਥ ਸਿੰਘ ਮੱਲਾਹ, ਬਰਜਿੰਦਰ ਸਿੰਘ ਬਰਾੜ ਅਤੇ ਭੁਪਿੰਦਰ ਸਿੰਘ ਸਾਹੋਕੇ ਨੇ ਵਫ਼ਦ ਦੀ ਅਗਵਾਈ ਕੀਤੀ। ਜਲੰਧਰ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਟੀਨੂੰ, ਬਲਦੇਵ ਸਿੰਘ ਖਹਿਰਾ ਅਤੇ ਸਰਬਜੀਤ ਸਿੰਘ ਮੱਕੜ ਨੇ ਟੀਮ ਦੀ ਅਗਵਾਈ ਕੀਤੀ। ਪਟਿਆਲਾ ਵਿਚ ਸੁਰਜੀਤ ਸਿੰਘ ਰੱਖੜਾ ਅਤੇ ਹਰਪਾਲ ਜੁਨੇਜਾ ਨੇ ਵਫ਼ਦ ਦੀ ਅਗਵਾਈ ਕੀਤੀ।

ਬਠਿੰਡਾ ਵਿਚ ਸਿਕੰਦਰ ਸਿੰਘ ਮਲੂਕਾ, ਜਗਦੀਪ ਨਕਈ, ਸਰੂਪ ਸਿੰਗਲਾ, ਅਮਿਤ ਰਤਨ ਅਤੇ ਦਰਸ਼ਨ ਸਿੰਘ ਕੋਟਫੱਤਾ ਨੇ ਮੰਗ ਪੱਤਰ ਦਿੱਤਾ। ਮਾਨਸਾ ਵਿਚ ਬਲਵਿੰਦਰ ਸਿੰਘ ਭੂੰਦੜ, ਦਿਲਰਾਜ ਭੂੰਦੜ ਅਤੇ ਡਾਕਟਰ ਨਿਸ਼ਾਨ ਸਿੰਘ ਨੇ ਮੰਗ ਪੱਤਰ ਦਿੱਤਾ। ਮੁਕਤਸਰ ਵਿਚ ਕੰਵਰਜੀਤ ਸਿੰਘ ਬਰਕੰਦੀ ਨੇ ਵਫ਼ਦ ਦੀ ਅਗਵਾਈ ਕੀਤੀ। ਫਰੀਦਕੋਟ ਵਿਚ ਪਰਮਬੰਸ ਸਿੰਘ ਰੋਮਾਣਾ, ਮੰਤਰ ਸਿੰਘ ਬਰਾੜ ਅਤੇ ਸੂਬੇ ਸਿੰਘ ਬਾਦਲ ਨੇ ਵਫ਼ਦ ਦੀ ਅਗਵਾਈ ਕੀਤੀ।ਬਰਨਾਲਾ ਵਿਚ ਕੁਲਵੰਤ ਸਿੰਘ ਕੀਤੂ, ਬਲਬੀਰ ਸਿੰਘ ਘੁੰਨਸ ਅਤੇ ਸਤਨਾਮ ਸਿੰਘ ਰਾਹੀ ਨੇ ਮੰਗ ਪੱਤਰ ਦਿੱਤਾ।

ਹੁਸ਼ਿਆਰਪੁਰ ਵਿਚ ਸੋਹਣ ਸਿੰਘ ਠੰਡਲ, ਮਹਿੰਦਰ ਕੌਰ ਜੋਸ਼, ਅਰਵਿੰਦਰ ਰਸੂਲਪੁਰ, ਜਤਿੰਦਰ ਸਿੰਘ ਲਾਲੀ ਬਾਜਵਾ, ਸਰਬਜੋਤ ਸਿੰਘ ਸਾਬੀ ਅਤੇ ਸੁਰਿੰਦਰ ਸਿੰਘ ਨੇ ਮੰਗ ਪੱਤਰ ਦਿੱਤਾ। ਰੋਪੜ ਵਿਚ ਡਾਕਟਰ ਦਲਜੀਤ ਸਿੰਘ ਚੀਮਾ, ਹਰਮੋਹਨ ਸੰਧੂ, ਪਰਮਜੀਤ ਸਿੰਘ ਮੱਕੜ ਅਤੇ ਪਰਮਜੀਤ ਸਿੰਘ ਲਖਵਾਲ ਨੇ ਮੰਗ ਪੱਤਰ ਦਿੱਤਾ। ਤਰਨ ਤਾਰਨ ਵਿਚ ਵਿਰਸਾ ਸਿੰਘ ਵਲਟੋਹਾ, ਹਰਮੀਤ ਸੰਧੂ, ਇਕਬਾਲ ਸਿੰਘ ਅਤੇ ਅਲਵਿੰਦਰ ਪੱਖੋਕੇ ਨੇ ਮੰਗ ਪੱਤਰ ਦਿੱਤਾ। ਨਵਾਂਸ਼ਹਿਰ ਵਿਚ ਡਾਕਟਰ ਸੁਖਵਿੰਦਰ ਸੁੱਖੀ, ਜਰਨੈਲ ਸਿੰਘ ਵਾਹਿਦ ਅਤੇ ਬੁੱਧ ਸਿੰਘ ਬਾਲਾਕੀ ਨੇ ਵਫ਼ਦ ਦੀ ਅਗਵਾਈ ਕੀਤੀ। ਮੁਹਾਲੀ ਵਿਚ ਐਨਕੇ ਸ਼ਰਮਾ ਨੇ ਪਾਰਟੀ ਵਫ਼ਦ ਦੀ ਅਗਵਾਈ ਕੀਤੀ। ਫਤਿਹਗੜ੍ਹ ਸਾਹਿਬ ਵਿਚ ਦਰਬਾਰਾ ਸਿੰਘ ਗੁਰੂ, ਗੁਰਪ੍ਰੀਤ ਸਿੰਘ ਰਾਜੂਖੰਨਾ ਅਤੇ ਦੀਦਾਰ ਭੱਟੀ ਨੇ ਵਫ਼ਦ ਦੀ ਅਗਵਾਈ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button