ਅਮਰਜੀਤ ਸਿੰਘ ਵੜੈਚ (94178-01988)
ਕੱਲ੍ਹ ਸੰਗਰੂਰ ਦੀ ਲੋਕਸਭਾ ਸੀਟ ਲਈ ਪਈਆਂ ਵੋਟਾਂ ‘ਚ ਅੰਦਾਜ਼ਿਆਂ ਤੋਂ ਕਿਤੇ ਘੱਟ ਹੋਈ 45.36 ਪ੍ਰਤੀਸ਼ਤ ਵੋਟਿੰਗ ਨੇ ਹੈਰਾਨ ਕਰ ਦਿੱਤਾ ਹੈ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਲੋਕਾਂ ਵੱਲੋਂ ਹੁੰਗਾਰਾ ਕਿਉਂ ਨਹੀਂ ਮਿਲਿਆ ਜਦੋਂ ਕਿ ਸਿਰਫ਼ ਚਾਰ ਮਹੀਨੇ ਪਹਿਲਾਂ 16ਵੀਂ ਵਿਧਾਨ ਸਭਾ ਲਈ 20 ਫ਼ਰਵਰੀ ਨੂੰ ਪਈਆਂ ਵੋਟਾਂ ‘ਚ ਸੰਗਰੂਰ ਦੇ ਲੋਕਾਂ ਨੇ ਵੱਡੇ ਪੱਧਰ ‘ਤੇ ਵੋਟਾਂ ਪਾਈਆਂ ਜਿਸ ਦਾ ਲਾਭ ‘ਆਪ’ ਨੂੰ ਹੋਇਆ। ਸੰਗਰੂਰ ‘ਚ ਘੱਟ ਮੱਤਦਾਨ ਹੋਣ ਦਾ ਨੁਕਸਾਨ ਵੀ ਸੱਤ੍ਹਾ ਧਿਰ ਨੂੰ ਹੋ ਸਕਦਾ ਹੈ ; ਇਹ ਨੁਕਸਾਨ ਸੀਟ ਜਿੱਤ ਕੇ ਵੀ ਵੋਟ ਘੱਟ ਮਿਲਣ ਦੇ ਰੂਪ ਵਿੱਚ ਹੋਵੇਗਾ।
2014 ਵਿੱਚ ਹੋਈਆਂ ਸੰਗਰੂਰ ਲੋਕਸਭਾ ਚੋਣਾਂ ‘ਚ ਭਗਵੰਤ ਮਾਨ ਨੇ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ 10 ਹਜ਼ਾਰ ਤੋਂ ਵੱਧ ਅਤੇ ਫਿਰ 2019 ‘ਚ ਕਾਂਗਰਸ ਦੇ ਕੇਵਲ ਸਿੰਘ ਢਿਲੋਂ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। 2014 ‘ਚ ‘ਆਪ’ ਕੋਲ ਚਾਰ ਸੰਸਦ ਮੈਂਬਰ (ਸੰਗਰੂਰ,ਫ਼ਤਿਹਗੜ੍ਹ ਸਾਹਿਬ, ਪਟਿਆਲ਼ਾ ਅਤੇ ਫ਼ਰੀਦਕੋਟ) ਸਨ ਪਰ 2019 ‘ਚ ਸਿਰਫ਼ ਇਕੱਲੀ ਸੰਗਰੂਰ ਸੀਟ ਹੀ ਮਾਨ ਬਚਾ ਸਕੇ। ਉਥੇ ਵੀ ਮਾਨ ਨੂੰ 2014 ਦੇ ਮੁਕਾਬਲੇ 11 ਫ਼ੀਸਦ ਤੋਂ ਘੱਟ ਮਿਲੇ।
ਇਸੇ ਵਰ੍ਹੇ ਵਿਧਾਨ ਸਭਾਂ ਚੋਣਾਂ ‘ਚ ‘ਆਪ’ ਸੰਗਰੂਰ ਲੋਕਸਭਾ ‘ਚ ਪੈਂਦੀਆਂ ਨੌਂ ਸੀਟਾਂ ( ਸੰਗਰੂਰ, ਦਿੜ੍ਹਬਾ, ਬਰਨਾਲਾ, ਧੂਰੀ, ਮਹਿਲਕਲਾਂ, ਮਲੇਰਕੋਟਲਾ, ਸੁਨਾਮ, ਭਦੌੜ ਅਤੇ ਲਹਿਰਾਗਾਗਾ) ਕੁਲ ਛੇ ਲੱਖ 43 ਹਜ਼ਾਰ 354 ਵੋਟਾਂ ਨਾਲ ਜਿੱਤਿਆ ਸੀ ਜੋ ਕਿ ਪਈਆਂ ਵੋਟਾਂ ਦਾ 41 ਫ਼ੀਸਦ ਹਿੱਸਾ ਬਣਦਾ ਹੈ। ਹੁਣ ਕੱਲ੍ਹ ਤਾਂ ਵੋਟਾਂ ਹੀ 50 ਫ਼ੀਸਦ ਤੋਂ ਘੱਟ ਪਈਆਂ ਹਨ ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਹੋਣ ਦਾ ਡਰ ‘ਆਪ’ ਨੂੰ ਹੀ ਹੈ।
ਇਸੇ ਸਾਲ ਫਰਵਰੀ ਵਿਚਲਾ ਉਤਸ਼ਾਹ ਇਸ ਕਰਕੇ ਵੀ ਘਟਿਆ ਹੈ ਕਿ ਉਸ ਵਕਤ ਲੋਕ ਪੰਜਾਬ ‘ਚ ਬਦਲਾ ਚਾਹੁੰਦੇ ਸਨ ਕਿਉਂਕਿ ਲੋਕਾਂ ਦਾ ਅਕਾਲੀਆਂ ਅਤੇ ਕਾਂਗਰਸ ਤੋਂ ਭਰੋਸਾ ਉੱਠ ਚੁੱਕਿਆ ਸੀ। ‘ਆਪ’ ਦੀ 10 ਮਾਰਚ ਵਾਲੀ ਜਿੱਤ ਲੋਕਾਂ ਦਾ ਰਵਾਇਤੀ ਪਾਰਟੀਆਂ ਪ੍ਰਤੀ ਗੁੱਸਾ ਸੀ ਪਰ ਉਹ ‘ਆਪ’ ਦੀ ਜਿੱਤ ਨਹੀਂ ਸੀ ; ‘ਆਪ’ ਦੀ ਕਾਰਗੁਜ਼ਾਰੀ ਤਾਂ ਪੰਜਾਬੀ 2027 ਵਿੱਚ ਦੱਸਣਗੇ ਪਰ ਸੰਗਰੂਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਨਤੀਜੇ ਰਾਜ ਵਿੱਚਲੀ ਸਿਆਸਤ ਲਈ ਅਤੇ ਖ਼ਾਸਕਰ ‘ਆਪ’ ਦੀ ਸਰਕਾਰ ਦੀ ਦਿਸ਼ਾ ਤਹਿ ਕਰਨ ਲਈ ਬਹੁਤ ਕੁਝ ਦੇ ਜਾਣਗੇ।
ਇਹ ਤਾਂ ਪੱਕਾ ਹੈ ਕਿ ਸਾਰੀਆਂ ਹੀ ਪਾਰਟੀਆਂ ਅਤੇ ਖ਼ਾਸਕਰ ‘ਆਪ’ ਆਪਣੇ ਵੋਟਰਾਂ ਨੂੰ ਵੋਟਿੰਗ ਕਰਨ ਲਈ ਤਿਆਰ ਕਰਨ ਵਿੱਚ ਫੇਲ੍ਹ ਹੋਈਆਂ ਹਨ ਇਸੇ ਕਾਰਨ ਹੀ ਘੱਟ ਵੋਟਾਂ ਪਈਆਂ ਹਨ। ਗਰਮੀ ਤਾਂ ਕੱਲ੍ਹ ਬਹੁਤੀ ਨਹੀਂ ਸੀ ਹਾਂ ਮਜ਼ਦੂਰ ਝੋਨੇ ਦਾ ਸੀਜ਼ਨ ਹੋਣ ਕਰਕੇ ਘੱਟ ਵੋਟ ਪਾਉਣ ਆਏ ਹੋਣਗੇ ਕਿਉਂਕਿ ਉਨ੍ਹਾਂ ਨੂੰ ਆਪਣੀ ਦਿਹਾੜੀ ਮਾਰਨੀ ਪੈਣੀ ਸੀ। ਸੰਗਰੂਰ ਵਿੱਚ ਨਵੀਂ ਸਰਕਾਰ ਬਣਨ ਤੋਂ ਮਗਰੋਂ ਹੁਣ ਤੱਕ ਕਈ ਕਿਸਮ ਦੇ ਵਿਰੋਧ-ਪ੍ਰਦਰਸ਼ਨ ਚਲਦੇ ਰਹੇ ਹਨ ; ਲੋਕ ਟੈਂਕੀਆਂ ਉਪਰ ਵੀ ਚੜ੍ਹੇ ‘ਇਹ ਸਥਿਤੀ ਕੈਪਟਨ ਅਤੇ ਚੰਨੀ ਸਰਕਾਰ ਵੇਲੇ ਵਰਗੀ ਸੀ ਜੋ ਹੁਣ ਵੀ ਬਣੀ ਹੋਈ ਹੈ। ਲੋਕ ‘ਆਪ’ ਦੀਆਂ ਗਰੰਟੀਆਂ ਪੂਰੀਆਂ ਨਾ ਕਰਨ ਕਰਕੇ ਵੀ ਖ਼ਫਾ ਹਨ ਅਤੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਮਗਰੋਂ ਮਾਨ ਸਰਕਾਰ ‘ਤੇ ਕਈ ਸਵਾਲ ਉੱਠੇ ਹਨ।
ਖ਼ੈਰ ! ਸੰਗਰੂਰ ਦੇ ਨਤੀਜੇ ਮਾਨ ਸਰਕਾਰ ਲਈ ਕਈ ਚੁਣੌਤੀਆਂ ਲੈਕੇ ਆਉਣ ਵਾਲੇ ਹਨ। ਇਹ ਵੀ ਚਰਚਾ ਹੈ ਕਿ ਪਾਰਟੀ ਵਿੱਚ ਚਲ ਰਹੀ ਘੁਸਰ-ਮੁਸਰ ਸਿਰਫ ਸੰਗਰੂਰ ਦਾ ਹੀ ਇੰਤਜ਼ਾਰ ਕਰ ਰਹੀ ਸੀ। ਪੰਜਾਬ ਦੀ ‘ਆਪ’ ਦੀ ਸਰਕਾਰ ਅਤੇ ਸਿਆਸਤ ਕੀ ਮੋੜ ਲੈਂਦੀ ਹੈ ਇਸ ਦਾ ਪਤਾ ਹੁਣ 26 ਜੂਨ ਨੂੰ ਹੀ ਪਤਾ ਲੱਗੇਗਾ ਪਰ ਇਕ ਗੱਲ ਸਪੱਸਟ ਹੈ ਕਿ ਇਸ ਵਿੱਚ ਹਲਚਲ ਤਾਂ ਹੋਵੇਗੀ ਹੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.