EDITORIAL

ਸਿੱਧੂ ਮੂਸੇਵਾਲਾ ਦਾ ਕਤਲ : ਮਾਨ ਲਈ ਚੁਣੌਤੀ

ਅਮਰਜੀਤ ਸਿੰਘ ਵੜੈਚ (94178-01988)

ਪੰਜਾਬੀ ਦੇ ਵਿਸ਼ਵ ਪ੍ਰਸਿਧ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ 28 ਮਈ ਨੂੰ ਹੋਏ ਕਤਲ ਨੇ ਪੰਜਾਬ ਨੂੰ ਕੰਬਣੀਆਂ ਛੇੜ ਦਿੱਤੀਆਂ ਹਨ। ਇਹ ਇਕ ਮਹਿਜ਼ ਕਿਸੇ ਪ੍ਰਸਿੱਧ ਕਲਾਕਾਰ ਦਾ ਕਤਲ ਹੀ ਨਹੀਂ ਬਲਕਿ ਪੰਜਾਬ ਦੇ ਬਹੁਤ ਸਾਰੇ ਜਵਾਨ ਸੁਪਨਿਆਂ ਦਾ ਵੀ ਕਤਲ ਹੈ ਜੋ ਮੂਸੇਵਾਲਾ ਤੋਂ ਉਤਸ਼ਾਹਿਤ ਹੋ ਕੇ ਗਾਇਕੀ ਅਤੇ ਫ਼ਿਲਮਾਂ ਦੇ ਵਿੱਚ ਜਾਣ ਲਈ ਅੰਗੜਾਈਆਂ ਭਰ ਰਹੇ ਹੋਣਗੇ। ਪਹਿਲਾਂ ਹੀ ਪੰਜਾਬ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਨਸ਼ੇ ਦੇ ਵਪਾਰ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਬੇਸ਼ਰਮ ਰਾਜਨੀਤੀ ਦੀਆਂ ਮਾਰਾਂ ਨਾਲ ਝੰਬਿਆ ਪਿਆ ਹੈ।

ਪੁਲਿਸ ਸਿੱਧੂ ਦੇ ਕਤਲ ਦੀ ਗੁੱਥੀ ਨੂੰ, ਤੱਥਾਂ ਅਨੁਸਾਰ, ਗੈਂਗਸਟਰਾਂ ਨਾਲ ਜੋੜਕੇ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਰਾਜਸੀ ਲੋਕ ਇਸ  ‘ਮੌਕੇ’ ਨੂੰ ਰਾਜਸੀ ਦੁਕਾਨ ‘ਤੇ ਚਲਾਉਣ ਦੀ ਤਾਕ ਵਿੱਚ ਹਨ। ਪੰਜਾਬ ਦੀ ਸੱਤਾ ਧਿਰ ਕਸੂਤੀ ਫ਼ਸੀ ਮਹਿਸੂਸ ਕਰ ਰਹੀ ਹੈ। ਮੁੱਖ-ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਇਜ਼ਹਾਰ ਵੀ ਕੀਤਾ ਹੈ ਅਤੇ ਸਥਿਤੀ ਦੀ ਸੰਵੇਦਨਸ਼ੀਲਤਾ ਨੂੰ ਸਮਝਦਿਆਂ ਮੂਸੇਵਾਲਾ ਦੇ ਪਰਿਵਾਰ ਦੀ ਅਦਾਲਤੀ ਜਾਂਚ ਕਰਾਉਣ ਦੀ ਮੰਗ ਵੀ ਮੰਨ ਲਈ ਹੈ।

ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਮਗਰੋਂ ਤਕਰੀਬਨ ਚਾਰ ਵਰ੍ਹੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਜਿਸ ਨੂੰ ਪੰਜਾਬ ਦੀ ਸ਼ਾਂਤੀ ਭੰਗ ਹੋਣ ਨਾਲ ਜੋੜਕੇ ਸਮਝਿਆ ਜਾ ਸਕੇ। ਬਿੱਲੀ ਭਾਦੇ ਸ਼ਿੱਕਾ ਟੁੱਟਾ- ਦੋ ਵਰ੍ਹੇ ਤਾਂ ਮਹਾਂਮਾਰੀ ‘ਚ ਹੀ ਲੰਘ ਗਏ। ਜਿਉਂ ਹੀ 2021 ਸ਼ੁਰੂ ਹੋਇਆ ਨਾਲ ਦੀ ਨਾਲ ਚਾਰ ਸਾਲਾਂ ਤੋਂ ਠੰਡੇ ਪਏ ਮੁੱਦੇ ਫਿਰ ਚਰਚਾ ‘ਚ ਆਉਣ ਲੱਗੇ। ਹਿੰਸਕ ਘਟਨਾਵਾਂ ਵੀ ਹੋਣ ਲੱਗੀਆਂ ਅਤੇ ਸਾਲ ਖ਼ਤਮ ਹੁੰਦਿਆਂ ਤੱਕ ਮੀਡੀਆ ਵਿੱਚ ਸੁਰਖੀਆਂ ਹੀ ਬਦਲ ਗਈਆਂ।

ਪਿਛਲੇ ਵਰ੍ਹੇ ਫਰਵਰੀ ਵਿੱਚ ਫ਼ਰੀਦਕੋਟ ਦੇ ਇਕ ਕਾਂਗਰਸੀ ਨੇਤਾ ਗੁਰਲਾਲ ਸਿੰਘ  (35) ਨੂੰ ਦਿਨ-ਦਿਹਾੜੇ ਹੀ ਮਾਰ ਦਿੱਤਾ ਗਿਆ। ਪਿਛਲੇ ਛੇ ਮਹੀਨਿਆਂ ਵਿੱਚ ਹੀ ਕਈ ਦੁਰਘਟਨਾਵਾਂ ਵਾਪਰ ਗਈਆਂ ; ਪਿਛਲੇ ਵਰ੍ਹੇ 8 ਅਗਸਤ ਨੂੰ ਮੋਹਾਲੀ ਵਿੱਚ ਅਕਾਲੀ ਨੇਤਾ ਵਿੱਕੀ ਮਿਡੂਖੇੜਾ ਦਾ ਚਿੱਟੇ ਦਿਨ ਕਤਲ ਹੋਇਆ, ਲੁਧਿਆਣਾ ਦ‌ੀ ਅਦਾਲਤ ਵਿੱਚ ਬੰਬ ਫਟਿਆ ਅਤੇ 18 ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ‘ਚ ਬੇਅਦਬੀ ਦੀ ਮੰਦਭਾਗੀ ਘਟਨਾ ਵਾਪਰੀ।

ਇਸ ਵਰ੍ਹੇ ਨਕੋਦਰ ‘ਚ ਇੱਕ ਕਬੱਡੀ ਦੇ ਮੈਚ ਵਿੱਚ ਗੋਲੀ ਚੱਲੀ ਅਤੇ ਇਕ ਨਾਮਵਰ ਕੌਮਾਂਤਰੀ  ਕਬੱਡੀ ਦਾ ਖਿਡਾਰੀ ਸੰਦੀਪ ਅੰਬੀਆਂ(40) ਕਤਲ ਕਰ ਦਿੱਤਾ ਗਿਆ, ਕਰਨਾਲ ‘ਚੋਂ ਚਾਰ ਕਥਿਤ ਅੱਤਵਾਦੀ ਫੜੇ ਜਿਨ੍ਹਾਂ ਦਾ ਸਬੰਧ ਫਿਰੋਜ਼ਪੁਰ ਨਾਲ ਦੱਸਿਆ ਗਿਆ, ਬੁੜੈਲ ਜੇਲ੍ਹ, ਚੰਡੀਗੜ੍ਹ ਦੀ ਕੰਧ ਨਾਲ ਵਿਸਫੋਟਕ ਸਮੱਗਰੀ ਫੜੀ ਗਈ, ਪਟਿਆਲੇ ਵਿੱਚ ਧਾਰਮਿਕ ਫ਼ਸਾਦ ਹੋਇਆ, ਪੰਜਾਬ ਪੁਲਿਸ ਦੇ ਇੰਟੈਲੀਜੈਂਸ ਮੁੱਖ ਦਫ਼ਤਰ, ਮੋਹਾਲੀ ‘ਤੇ ਰਾਕਟ ਹਮਲਾ ਕੀਤਾ ਗਿਆ ‘ਤੇ ਹੁਣ ਸਿੱਧੂ ਮੂਸੇਵਾਲਾ ਦਾ ਖ਼ੌਫਨਾਕ ਕਤਲ।

ਇਸੇ ਵਰ੍ਹੇ ਹੀ ਪਟਿਆਲਾ ‘ਚ ਇਕ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਕਤਲ ਕਰ ਦਿੱਤਾ ਗਿਆ, ਪੁਲਿਸ ਅਨੁਸਾਰ ਇਹ  ਕਤਲ ਨਿੱਜੀ ਰੰਜਿਸ਼ ਕਾਰਨ ਹੋਇਆ ਸ‌ੀ। ਕੱਲ੍ਹ ਰਾਤੀ ਪਟਿਆਲਾ ਦੇ ਭੁਨਰਹੇੜੀ ਕਸਬੇ ਵਿੱਚ ਇਕ ਬੰਦਾ ਸ਼ਰੇਆਮ ਦੋ ਮਾਵਾਂ ਧੀਆਂ ਨੂੰ ਗਲ੍ਹੇ ਤੋਂ ਵੱਢ ਕੇ ਭੱਜ ਗਿਆ ਅਤੇ ਇਕ ਰੇਹੜੀ ਵਾਲੇ ਨੂੰ ਜੋ ਬਚਾਉਣ ਲਈ ਅੱਗੇ ਆਇਆ, ਵੀ ਜ਼ਖ਼ਮੀ ਕਰ ਗਿਆ। ਇਸ ਤੋਂ ਇਲਾਵਾ ਸਰਹੱਦੋਂ ਪਾਰ ਤੋਂ ਡਰੋਨਾਂ ਰਾਹੀਂ ਹਥਿਆਰ ਇਧਰ ਭੇਜੇ ਜਾ ਰਹੇ ਹਨ। ਕਈ ਥਾਵਾਂ ਤੋਂ ਨਜਾਇਜ਼ ਅਸਲਾ ਅਤੇ ਨਸ਼ੇ ਫੜੇ ਗਏ ਹਨ।

ਨਸ਼ੇ ਦੇ ਵਪਾਰੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੌਤ ਦੇ ਹੋਕੇ ਦਿੰਦੇ ਫਿਰਦੇ ਹਨ ਅਤੇ ਰੋਜ਼ ਦਿਹਾੜੇ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹਨ। ਉਪਰੋਕਤ ਦਰਦਨਾਕ ਘਟਨਾਵਾਂ ਤੋਂ ਦੋ ਗੱਲਾਂ ਬੜੀਆਂ ਸਪੱਸ਼ਟ ਹੁੰਦੀਆਂ ਹਨ ਕਿ ਲੋਕਾਂ ਵਿੱਚੋਂ ਪੁਲਿਸ ਦਾ ਡਰ ਖ਼ਤਮ ਹੋ ਚੁੱਕਿਆ ਹੈ ਅਤੇ ਦੂਜਾ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਸਿਰਫ਼ ਆਪਣੀ ਕੁਰਸੀ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ। ਇਹੋ ਜਿਹੀਆਂ ਘਟਨਾਵਾਂ ਆਮ ਨਾਗਰਿਕ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਦੀਆਂ ਹਨ ਅਤੇ ਲੋਕ ਸੂਰਜ ਡੁੱਬਣ ਤੋਂ ਬਾਅਦ ਘਰੋਂ ਨਿਕਲਣ ਤੋਂ ਡਰਨ ਲੱਗਦੇ ਹਨ।

ਮਾਨ ਸਰਕਾਰ ਲਈ ਇਹ ਇਕ ਪਰਖ ਦਾ ਸਮਾਂ ਹੈ। ਸੂਬੇ ‘ਚ ਅਮਨ ਸ਼ਾਂਤੀ ਰਹਿਣੀ ਬਹੁਤ ਜ਼ਰੁਰ‌ੀ ਹੈ। ਪਿਛਲੇ ਸਮੇਂ ਵਿੱਚ ਕਈ ਵੀਵੀਪੀਆਈਜ਼ ਦੀ ਸੁਰੱਖਿਆ ਘਟਾ ਦੇਣ ਦਾ ਮਾਮਲਾ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ ਜਿਸ ਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਹੈ। ਸ੍ਰੀ ਦਰਬਾਰ ਸਾਹਿਬ ‘ਤੇ 1984 ‘ਚ ਹੋਏ ਫੌਜੀ ਹਮਲੇ ‘ਬਲਿਊ ਸਟਾਰ’ ਦੀ 37 ਵੀਂ ਬਰਸੀ ‘ਤੇ ‘ਘੱਲੂਘਾਰਾ ਹਫ਼ਤਾ’ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਮੌਕੇ ‘ਤੇ ਵੀ ਕੁਝ ਸਮਾਜ ਵਿਰੋਧੀ ਸ਼ਕਤੀਆਂ ਹਾਲਾਤ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ਼ ਕਰ ਸਕਦੀਆਂ ਹਨ।

ਸੂਬੇ ਦੇ ਵਿਗੜੇ ਤਾਣੇ-ਬਾਣੇ ਨੂੰ ਸੁਲਝਾਉਣ ਲਈ ਸਰਕਾਰ ਨੂੰ ਬੜੀ ਸੁਹਿਰਦਤਾ ਨਾਲ ਕੰਮ ਕਰਨ ਦੀ ਲੋੜ ਹੈ। ਇਸ ਵਕਤ ਵਿਰੋਧੀ ਧਿਰਾਂ ਤੋਂ ਇਹ ਆਸ ਕੀਤੀ ਜਾ ਰਹੀ ਹੈ ਕਿ ਉਹ ਰਾਜ ਨੂੰ ਲੀਹਾਂ ‘ਤੇ ਲਿਆਉਣ ਲਈ ਸੱਤਾ ਧਿਰ ਦਾ ਸਾਥ ਦੇਣ। ਸਿੱਧੂ ਮੂਸੇਵਾਲੇ ਦੇ ਕਤਲ ‘ਤੇ ਹੋ ਰਹੀ ਸ਼ਬਦੀ ਜੰਗ ਪੰਜਾਬ ਦੇ ਮਾਹੋਲ ਵਿੱਚ ਹੋਰ ਕੁੜੱਤਣ ਤਾਂ ਭਰ ਸਕਦੀ ਹੈ ਪਰ ਸ਼ਾਂਤੀ ਨਹੀਂ ਪੈਦਾ ਕਰ ਸਕਦੀ ਹੈ। ਰਾਜਨੀਤੀ ਕਰਨ ਦਾ ਬੜਾ ਸਮਾਂ ਮਿਲ ਜਾਣਾ ਹੈ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button